ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਪਹਿਲੇ ਗ੍ਰਿਫ਼ਤਾਰ, ਫਿਰ ਨਜ਼ਰਬੰਦ ਕਰਨਾ ਸਿੱਖ ਕੌਮ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਸੈਟਰ ਦੀਆਂ ਮੁਤੱਸਵੀ ਹਕੂਮਤਾਂ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਪਹਿਲੇ ਹੀ ਸਿੱਖ ਕੌਮ ਦੀਆਂ ਮਰਿਯਾਦਾਵਾਂ, ਨਿਯਮਾਂ, ਅਸੂਲਾਂ ਨੂੰ ਪਿੱਠ ਦੇ ਕੇ ਵੱਡੇ ਪੱਧਰ ਤੇ ਅਜਿਹੇ ਅਮਲ ਹੋ ਰਹੇ ਹਨ, ਜਿਸ ਨਾਲ ਸਿੱਖ ਕੌਮ ਦੇ ਮਨ ਅਤੇ ਆਤਮਾ ਵਲੂੰਧਰੇ ਪਏ ਹਨ । ਬੀਤੇ ਲੰਮੇਂ ਸਮੇਂ ਤੋਂ ਨਾ ਸਿੱਖ ਕੌਮ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਜ਼ਾ ਪੂਰੀ ਕਰ ਚੁੱਕੇ ਨੌਜ਼ਵਾਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਡੇ ਰੁਤਬੇ ਨੂੰ ਨਜ਼ਰ ਅੰਦਾਜ ਕਰਕੇ ਉਥੇ ਅਜਿਹੇ ਅਮਲ ਹੋ ਰਹੇ ਹਨ, ਜਿਸ ਨਾਲ ਸਮੁੱਚੀਆਂ ਸਿੱਖੀ ਮਰਿਯਾਦਾਵਾਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਣ ਤੱਕ 80 ਵਾਰੀ ਹੋ ਚੁੱਕੇ ਅਪਮਾਨ ਤੇ ਬੇਅਦਬੀਆਂ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਜਿਸ ਦੀ ਬਦੌਲਤ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਬੈਠੇ ਸਿੱਖਾਂ ਦੇ ਮਨਾਂ ਵਿਚ ਮੋਦੀ ਤੇ ਬਾਦਲ-ਬੀਜੇਪੀ ਪੰਜਾਬ ਦੀ ਹਕੂਮਤ ਵਿਰੁੱਧ ਵੱਡਾ ਰੋਹ ਖੜ੍ਹਾ ਹੈ । ਲੇਕਿਨ ਹੁਣ ਸੈਟਰ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਸਿੱਖ ਕੌਮ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਅੱਜ ਸਵੇਰੇ ਪਹਿਲੇ ਗ੍ਰਿਫ਼ਤਾਰ ਕਰਕੇ ਸਿਵਲ ਲਾਇਨ ਫਿਰੋਜ਼ਪੁਰ ਰੱਖਿਆ ਗਿਆ, ਉਪਰੰਤ ਹੁਣ ਉਹਨਾਂ ਦੇ ਪਿੰਡ ਸਾਇਦੇ ਕੇ ਰਹੇਲਾ ਵਿਖੇ ਉਹਨਾਂ ਦੇ ਗ੍ਰਹਿ ਘਰ ਵਿਚ ਹੀ ਨਜ਼ਰਬੰਦ ਕੀਤਾ ਹੋਇਆ ਹੈ । ਜੋ ਸਿੱਖ ਕੌਮ ਲਈ ਅਸਹਿ ਹੈ ਅਤੇ ਸਿੱਖ ਕੌਮ ਅਜਿਹੀਆ ਕਾਰਵਾਈਆ ਦੀ ਬਦੌਲਤ ਕਿਸੇ ਸਮੇਂ ਵੀ ਰੋਹ ਵਿਚ ਆ ਕੇ ਕੋਈ ਵੱਡਾ ਐਕਸ਼ਨ ਕਰ ਸਕਦੀ ਹੈ । ਜਿਸ ਦੇ ਜਿੰਮੇਵਾਰ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਸੈਟਰ ਦੀ ਮੋਦੀ ਹਕੂਮਤ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਪੰਜਾਬ ਦਾ ਗ੍ਰਹਿ ਵਿਭਾਗ ਹੈ, ਨੂੰ ਬਹੁਤ ਹੀ ਸਖ਼ਤ ਭਰੇ ਸ਼ਬਦਾਂ ਅਤੇ ਰੋਹ ਭਰੇ ਸ਼ਬਦਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਉਹਨਾਂ ਦੇ ਗ੍ਰਹਿ ਵਿਖੇ ਨਜ਼ਰਬੰਦ ਕਰਨ ਅਤੇ 10 ਨਵੰਬਰ 2016 ਨੂੰ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਦੇ ਕੌਮੀ ਪ੍ਰੋਗਰਾਮ ਲਈ ਸਰਬੱਤ ਖ਼ਾਲਸਾ ਕਮੇਟੀ ਵੱਲੋ ਦਿੱਤੀ ਗਈ ਲਿਖਤੀ ਦਰਖਾਸਤ ਨੂੰ ਡੀ.ਸੀ. ਬਠਿੰਡਾ ਤੇ ਪੰਜਾਬ ਸਰਕਾਰ ਵੱਲੋ ਮੰਦਭਾਵਨਾ ਅਧੀਨ ਪ੍ਰਵਾਨਗੀ ਨਾ ਦੇਣ ਸੰਬੰਧੀ ਈਮੇਲ ਰਾਹੀ ਭੇਜੇ ਗਏ ਇਕ ਪੱਤਰ ਵਿਚ ਪ੍ਰਗਟਾਏ । ਉਹਨਾਂ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਵਾਲੇ ਬਾਦਲ ਸਰਕਾਰ ਦੇ ਇਹ ਅਮਲ ਹਨ ਕਿ ਜਦੋਂ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋ ਲੰਮੇਂ ਸਮੇਂ ਬਾਅਦ ਉਸ ਸਮੇਂ ਦੀ ਹਕੂਮਤ ਨੇ ਰਿਹਾਅ ਕੀਤੇ ਸਨ ਅਤੇ ਜਿਸ ਖੁਸ਼ੀ ਵਿਚ ਸਿੱਖ ਕੌਮ ਦੀਪਮਾਲਾ ਕਰਕੇ ਜਾਂ ਦੀਵੇ ਬਾਲ ਕੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਦਾ ਇਜ਼ਹਾਰ ਕਰਦੀ ਹੈ ਅਤੇ ਜਿਨ੍ਹਾਂ ਦਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਦੀ ਆਜ਼ਾਦੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ, ਉਸ ਤਖ਼ਤ ਦੇ ਜਥੇਦਾਰ ਨੂੰ ਹੀ ਅੱਜ ਦੇ ਦਿਨ ਗ੍ਰਿਫ਼ਤਾਰ ਕਰਕੇ ਅਤੇ ਨਜ਼ਰਬੰਦ ਕਰਕੇ ਬਾਦਲ ਦੀ ਪੰਜਾਬ ਹਕੂਮਤ ਨੇ ਖੁਦ ਹੀ ਸਿੱਖ ਵਿਰੋਧੀ ਹੋਣ ਦਾ ਸਿੱਖ ਕੌਮ ਨੂੰ ਸਬੂਤ ਦੇ ਦਿੱਤਾ ਹੈ । ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਅਸਹਿ ਅਮਲ ਹਨ । ਹੁਕਮਰਾਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਵਿਧਾਨ ਦੀ ਧਾਰਾ 19 ਅਤੇ 21 ਸਾਨੂੰ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਫਿਰਕਿਆ ਨੂੰ ਬਿਨ੍ਹਾਂ ਕਿਸੇ ਡਰ-ਭੈ ਜਾਂ ਵਿਤਕਰੇ ਦੇ ਆਜ਼ਾਦੀ ਨਾਲ ਜਿਊਂਣ, ਵਿਚਾਰਾਂ ਕਰਨ ਅਤੇ ਆਪਣੇ ਸਮਾਗਮ ਕਰਨ ਆਦਿ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ । ਹੁਕਮਰਾਨਾਂ ਵੱਲੋਂ ਸਾਡੇ ਇਹਨਾਂ ਵਿਧਾਨਿਕ ਹੱਕਾਂ ਨੂੰ ਕੁੱਚਲਣ ਅਤੇ ਸਾਨੂੰ ਸਰਬੱਤ ਖ਼ਾਲਸੇ ਦੀ ਪ੍ਰਵਾਨਗੀ ਨਾ ਦੇਕੇ ਸਿੱਖੀ ਮਰਿਯਾਦਾਵਾਂ ਦੇ ਨਾਲ-ਨਾਲ ਕਾਨੂੰਨ ਦੀਆਂ ਵੀ ਧੱਜੀਆ ਉਡਾਈਆ ਹਨ । ਜਿਸ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ । ਕਿਉਂਕਿ ਇਹ ਔਰੰਗਜੇਬੀ ਅਤੇ ਨਾਦਰਸ਼ਾਹੀ ਪੰਜਾਬ ਦੀ ਬਾਦਲ ਹਕੂਮਤ ਦੇ ਅਮਲ ਹਨ । ਜਿਸ ਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਨਿਕਲਣਗੇ । ਇਸ ਲਈ ਇਸ ਪੱਤਰ ਰਾਹੀ ਸ. ਮਾਨ ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਹਕੂਮਤ ਨੂੰ ਉਚੇਚੇ ਤੌਰ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਖ਼ਬਰਦਾਰ ਕਰਦੇ ਹੋਏ ਅਜਿਹੇ ਸਿੱਖ ਵਿਰੋਧੀ ਅਮਲਾਂ ਤੋ ਤੁਰੰਤ ਤੋਬਾ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਤੁਰੰਤ ਰਿਹਾਅ ਕਰਨ, ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸੇ ਦੀ ਤੁਰੰਤ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਾਡਾ ਈਮੇਲ ਪੱਤਰ ਮਿਲਣ ਉਪਰੰਤ ਸ. ਸੁਖਬੀਰ ਸਿੰਘ ਬਾਦਲ ਜਿਥੇ ਫਿਰੋਜ਼ਪੁਰ ਦੀ ਪੁਲਿਸ ਜਿਸ ਵੱਲੋ ਭਾਈ ਧਿਆਨ ਸਿੰਘ ਮੰਡ ਨੂੰ ਉਹਨਾਂ ਦੇ ਘਰ ਨਜ਼ਰਬੰਦ ਕੀਤਾ ਹੋਇਆ ਹੈ, ਨੂੰ ਖ਼ਤਮ ਕਰਨ ਅਤੇ ਸਰਬੱਤ ਖ਼ਾਲਸੇ ਦੀ ਪ੍ਰਸ਼ਾਸ਼ਨ ਵੱਲੋ ਪ੍ਰਵਾਨਗੀ ਦੇਣ ਦੀ ਕਾਨੂੰਨੀ ਅਤੇ ਇਖ਼ਲਾਕੀ ਤੇ ਸਮਾਜਿਕ ਜਿੰਮੇਵਾਰੀ ਪੂਰਨ ਕਰਨਗੇ ਤਾਂ ਕਿ ਪੰਜਾਬ ਦਾ ਮਾਹੌਲ ਅਮਨਮਈ ਤੇ ਜਮਹੂਰੀਅਤ ਪੱਖੀ ਬਣਿਆ ਰਹੇ । ਸ. ਮਾਨ ਨੇ ਵਿਦੇਸ਼ਾਂ ਅਤੇ ਦੇਸ਼ ਵਿਚ ਬੈਠੇ ਸਿੱਖਾਂ ਨੂੰ ਅਪੀਲ ਵੀ ਕੀਤੀ ਕਿ ਸ. ਸੁਖਬੀਰ ਸਿੰਘ ਬਾਦਲ ਦੀ ਈਮੇਲ contact@shiromaniakalidal.org.in  ਅਤੇ ਫੋਨ ਨੰਬਰ 0172 – 2746383 ਉਤੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਹਕੂਮਤੀ ਸਿੱਖ ਵਿਰੋਧੀ ਕਾਰਵਾਈਆ ਨੂੰ ਰੋਕਣ ਲਈ ਆਪਣੀ ਰਾਏ ਦਰਜ ਕਰਵਾਉਣ ਅਤੇ ਸਿੰਘ ਸਾਹਿਬਾਨ ਦੀ ਨਜ਼ਰਬੰਦੀ ਨੂੰ ਖ਼ਤਮ ਕਰਨ ਅਤੇ ਸਰਬੱਤ ਖ਼ਾਲਸੇ ਵਿਚ ਕਿਸੇ ਤਰ੍ਹਾਂ ਦੀ ਸਰਕਾਰੀ ਰੁਕਾਵਟ ਨੂੰ ਪ੍ਰਵਾਨ ਨਾ ਕਰਨ ਦੇ ਸੰਦੇਸ਼ ਭੇਜਣ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>