ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨੀ ਨੂੰ ਗੁਰਸਿੱਖੀ ਨਾਲ ਜੋੜਣ ਲਈ ਪਰਿਵਾਰਕ ਤੇ ਪੰਥਕ ਏਕਤਾ ਬਹੁਤ ਜ਼ਰੂਰੀ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ – ਮੀਰੀ ਪੀਰੀ ਦੇ ਮਾਲਕ ‘ਛਠਮ ਪੀਰ’ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਰੂਹਾਨੀਆਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਉਪਰੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ।ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਤੇ ਭਾਈ ਰਣਜੀਤ ਸਿੰਘ ਗੌਹਰ-ਏ ਮਸਕੀਨ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਮੁਬਾਰਕਬਾਦ ਦਿੱਤੀ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਪਾਵਨ-ਪਵਿੱਤਰ ਇਤਿਹਾਸਕ ਦਿਹਾੜੇ ਜਿਥੇ ਮੀਰੀ-ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਵੱਖ-ਵੱਖ ਰਾਜਾਂ ਦੇ ੫੨ ਕੈਦੀ ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ, ਉਸ ਦੀ ਖੁਸ਼ੀ ਵਿੱਚ ਸਮੁੱਚੀ ਲੁਕਾਈ ਵੱਲੋਂ ਇਨ੍ਹਾਂ ਨੂੰ ਦਾਤਾ ਬੰਦੀ-ਛੋੜ ਕਹਿ ਆਪਣੇ ਘਰਾਂ ਵਿੱਚ ਦੀਪ ਜਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਉੱਥੇ ਹੀ ਸਿੱਖ ਕੌਮ ਨੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ।ਇਹ ਸਭ ਕੁਝ ਗੁਰੂ ਸਾਹਿਬਾਨ ਦੀਆਂ ਅਪਾਰ ਬਖ਼ਸ਼ਿਸ਼ਾਂ, ਰਹਿਮਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖ਼ਸ਼ੀ ਜੀਵਨ-ਜਾਚ ਤੇ ਮਹਾਨ ਫ਼ਲਸਫੇ ਦਾ ਹੀ ਪ੍ਰਗਟ ਰੂਪ ਹੈ।ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸਰਵ-ਉੱਚ ਅਸਥਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਮਾਣੇ ਸੇਵਾਦਾਰ ਵਜੋਂ ਸੇਵਾ ਨਿਭਾਉਂਦਿਆਂ ਅੱਜ ਬੰਦੀ-ਛੋੜ ਦਿਵਸ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਤੋਂ ਸਤਿਕਾਰ ਭੇਟ ਕਰਨ ਲਈ ਪੁੱਜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਇਸ ਸੰਦੇਸ਼ ਰਾਹੀਂ ਸਾਂਝ ਪਾਉਂਦਿਆਂ ਅਪੀਲ ਕਰਦਾ ਹਾਂ ਕਿ ਅੱਜ ਜਿੱਥੇ ਨੌਜਵਾਨ ਬੱਚੇ-ਬੱਚੀਆਂ ਪੱਛਮੀ ਸੱਭਿਅਤਾ ਵਿਚ ਗਲਤਾਨ ਹੋ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀਆਂ ਹਨ, ਉਹ ਅਤਿਅੰਤ ਚਿੰਤਾਜਨਕ ਹੈ।ਉਹਨਾਂ ਨੂੰ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਮਾਤਾ ਭਾਗ ਕੌਰ ਅਤੇ ਹੋਰ ਸ਼ਹੀਦ ਸਿੰਘ-ਸਿੰਘਣੀਆਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਿਆਂ ਨਸ਼ਿਆਂ, ਪਤਿਤਪੁਣੇ ਅਤੇ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਛੱਡ ਕੇ ਸਿੱਖੀ ਸਰੂਪ ਵਿੱਚ ਦਸਮੇਸ਼ ਪਿਤਾ ਦੇ ਵਾਰਿਸ ਬਣ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਅਜੋਕੇ ਸਮੇਂ ਵਿੱਚ ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨੀ ਨੂੰ ਮੁੜ ਗੁਰਸਿੱਖੀ ਜੀਵਨ ਵਿੱਚ ਪ੍ਰੇਰਤ ਕਰਨ ਲਈ ਅੱਜ ਪਰਿਵਾਰਕ ਅਤੇ ਪੰਥਕ ਏਕਤਾ ਦੀ ਬੇਹੱਦ ਜ਼ਰੂਰਤ ਹੈ।ਅੱਜ ਸਿੱਖ ਤਿਆਗ ਦੀ ਭਾਵਨਾ ਨੂੰ ਭੁੱਲ ਕੇ ਆਪਸੀ ਗੁਟ-ਬੰਦੀਆਂ ਅਤੇ ਨਿੱਜੀ ਰੰਜਸ਼ਾਂ ਵਿੱਚ ਪੈ ਗਿਆ ਹੈ, ਜੋ ਭਾਰੀ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਜੋ ਕਿ ਅਤਿਅੰਤ ਮੰਦਭਾਗਾ ਅਤੇ ਦੁੱਖਦਾਇਕ ਹੈ।ਦੇਸ਼-ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪੋ-ਆਪਣੇ ਗੁਰੂ-ਘਰਾਂ ਅੰਦਰ ਦਿਨ-ਰਾਤ ਇਕ ਸੇਵਾਦਾਰ ਦਾ ਰਹਿਣਾ ਯਕੀਨੀ ਬਣਾਉਣ ਅਤੇ ਇਹਨਾਂ ਘਟਨਾਵਾਂ ਪ੍ਰਤੀ ਵੱਖ-ਵੱਖ ਬਿਆਨਬਾਜ਼ੀਆਂ ਅਤੇ ਦੂਸ਼ਣ-ਬਾਜ਼ੀਆਂ ਕਰਨ ਤੋਂ ਗੁਰੇਜ਼ ਕਰਦਿਆਂ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਅਜਿਹੀਆਂ ਕਾਰਵਾਈਆਂ ਨੂੰ ਸਰਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਲਾਮਬੰਦ ਹੋ ਕੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ।ਸਮੇਂ ਦੀਆਂ ਸਰਕਾਰਾਂ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਬੇ-ਨਕਾਬ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਮੁੜ ਨਾ ਵਾਪਰਣ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਦੇ ਜੁਝਾਰੂ ਨੌਜਵਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਵੀ ਸਮੁੱਚੇ ਸੰਸਾਰ ਅੰਦਰ ਜਿਥੇ ਵੀ ਕੋਈ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤਾਂ ਆਈਆਂ ਉਥੇ ਦਸਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਨੇ ਡੱਟ ਕੇ ਬਿਨਾਂ ਭੇਦ-ਭਾਵ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਤੇ ਕਰ ਰਹੀਆਂ ਹਨ।ਉਥੇ ਹੀ ਅੱਜ ਉਹਨਾਂ ਵਰਗੇ ਹੋਰ ਕਈ ਜੁਝਾਰੂ ਮਰਜੀਵੜੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਕਾਲ ਕੋਠੜੀਆਂ ਵਿਚ ਕੈਦ ਹਨ।ਰਾਜ ਸਰਕਾਰ, ਕੇਂਦਰੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਰਿਹਾਈ ਲਈ ਸਿੱਖ ਪੰਥ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਤੁਰੰਤ ਸਿੱਖ ਬੰਦੀਆਂ ਨੂੰ ਜੇਲ੍ਹਾਂ ਵਿਚੋਂ ਰਿਹਾ ਕਰਵਾਵੇ ਅਤੇ ਬਾਣੀ ਤੇ ਬਾਣੇ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਦੇ ਠੋਸ ਉਪਰਾਲੇ ਕਰੇ ਤਾਂ ਹੀ ਅੱਜ ਦਾ ਇਹ ਮਹਾਨ ਬੰਦੀ-ਛੋੜ ਦਿਵਸ ਨੂੰ ਮਨਾਉਣ ਦਾ ਮਨੋਰਥ ਸਾਰਥਕ ਹੋ ਸਕੇਗਾ।

ਇਸ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦਾ ਇਹ ਮਹਾਨ ਦਿਹਾੜਾ ਸਾਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਦੇ ਰੂਬਰੂ ਕਰਵਾਉਂਦਾ ਹੈ।ਇਸੇ ਤਹਿਤ ਹੀ ਅਸੀ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ।ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਾਨੂੰ ਗੁਰੂ ਕ੍ਰਿਰਪਾ ਦੇ ਉਸ ਪਹਿਲੂ ਜੋੜਦਾ ਹੈ ਜਦੋਂ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੀ ਕੈਦ ਵਿਚੋਂ ੫੨ ਰਾਜਿਆਂ ਨੂੰ ਮੁਕਤ ਕਰਵਾ ਕੇ ਇਤਿਹਾਸ ਅੰਦਰ ਇਕ ਨਵਾਂ ਅਧਿਆਏ ਸਿਰਜਿਆ ਸੀ।ਇਸ ਕਰਕੇ ਹੀ ਅਸੀਂ ਪਾਤਸ਼ਾਹ ਜੀ ਨੂੰ ਬੰਦੀ ਛੋੜ ਦਾਤਾ ਕਹਿ ਕੇ ਸਤਿਕਾਰਦੇ ਹਾਂ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਨਾਲ ਭਰਿਆ ਪਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਨਿੱਜੀ ਗਰਜਾਂ ਦੇ ਗੁਲਾਮ ਹੋ ਕੇ ਅਸੀਂ ਕੋਮੀ ਹਿੱਤਾਂ ਨੂੰ ਅਣਡਿੱਠ ਕਰਦੇ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਸਿੱਖ ਨੇ ਤਾਂ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਕੌਮ ਦੀ ਬਿਹਤਰੀ ਲਈ ਤੱਤਪਰ ਰਹਿਣਾ ਹੈ।ਉਨ੍ਹਾਂ ਕਿਹਾ ਕਿ ਅਤਿਅੰਤ ਵੱਡੀਆਂ ਵੰਗਾਰਾਂ ਅਤੇ ਅਤਿ ਫਸਵੇਂ ਹਾਲਾਤਾਂ ਵਿੱਚ ਵੀ ਸਿੱਖ ਕੌਮ ਨੇ ਆਪਣੀ ਵੱਖਰੀ ਹੋਂਦ ਤੇ ਮਾਣਮੱਤੀ ਹਸਤੀ ਨੂੰ ਬਰਕਰਾਰ ਰੱਖਿਆ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਮਸਲੇ ਵੰਗਾਰਾਂ ਦੇ ਰੂਪ ਵਿੱਚ ਸਿਰ ਕੱਢ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਗੁਰੂ ਹੁਕਮਾਂ ਅਨੁਸਾਰ ਹੀ ਕੀਤਾ ਜਾ ਸਕਦਾ ਹੈ।ਅੱਜ ਅਨੇਕਾਂ ਪੰਥ ਵਿਰੋਧੀ ਸ਼ਕਤੀਆਂ ਸਿੱਖ ਪੰਥ ਦੀ ਸਾਖ ਨੂੰ ਢਾਹ ਲਗਾਉਣ ਲਈ ਯਤਨਸ਼ੀਲ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਜਦੋਂ-ਜਦੋਂ ਵੀ ਬਿਪਤਾ ਬਣੀ ਹੈ ਇਸ ਨੇ ਉਦੋਂ ਹੀ ਸੰਗਠਤ ਹੋ ਕੇ ਵਿਰੋਧੀ ਚਾਲਾਂ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਹਰ ਮਸਲੇ ਤੇ ਸੇਧ ਗੁਰਬਾਣੀ ਦੇ ਉਪਦੇਸ਼ ਤੋਂ ਲੈਣੀ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਗੁਰਬਾਣੀ ਉਪਦੇਸ਼ ਅਤੇ ਸਿੱਖ ਰਹੁਰੀਤਾਂ ਤੇ ਦ੍ਰਿੜ ਰਹਿ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ। ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਦਿਆਂ ਇਸ ਤੋਂ ਪ੍ਰੇਰਣਾ ਲਈਏ।ਉਨ੍ਹਾਂ ਅੰਤ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਬੰਦੀ ਛੋੜ ਦਿਵਸ ਦੀ ਹਾਰਦਿਕ ਮੁਬਾਰਕਬਾਦ ਦਿੱਤੀ।

ਇਸ ਮੌਕੇ ਸ. ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਰਣਜੀਤ ਸਿੰਘ, ਸ. ਪ੍ਰਤਾਪ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ. ਸਕੱਤਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਤਰਵਿੰਦਰ ਸਿੰਘ ਮੀਤ ਸਕੱਤਰ, ਬਾਬਾ ਅਵਤਾਰ ਸਿੰਘ ਬਿਧੀ ਚੰਦ ਸੰਪ੍ਰਦਾ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਮੱਖਣ ਸਿੰਘ ਤਰਨਾ ਦਲ,  ਨਿਹੰਗ ਸਿੰਘ ਜਥੇਬੰਦੀਆਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਕਮੇਟੀ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>