ਪੰਜਾਬੀ ਸੂਬੇ ਦੇ ਅਸਲ ਬਾਨੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹਨ, ਨਾ ਕਿ ਸੰਤ ਫ਼ਤਹਿ ਸਿੰਘ ਜਾਂ ਚੰਨਣ ਸਿੰਘ : ਮਾਨ

ਚੰਡੀਗੜ੍ਹ – “ਵੱਖ-ਵੱਖ ਕੌਮਾਂ ਵਿਚ ਵਿਚਰਣ ਵਾਲੇ ਤੇਜ਼ ਤੇ ਚਲਾਕ ਬੁੱਧੀ ਦੇ ਮਾਲਕ ਆਗੂ ਅਕਸਰ ਹੀ ਕਿਸੇ ਕੌਮੀ ਮਿਸ਼ਨ ਲਈ ਸ਼ਹਾਦਤਾਂ ਅਤੇ ਕੁਰਬਾਨੀਆਂ ਦੇਣ ਵਾਲੇ ਅਸਲੀ ਕੌਮੀ ਹੀਰੋਆਂ ਦੇ ਨਾਮ ਦੀ ਦੁਰਵਰਤੋ ਕਰਕੇ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਮੁੱਲ ਵੱਟਣ ਲਈ ਮੌਕਾਪ੍ਰਸਤੀ ਦੀ ਸੋਚ ਅਧੀਨ ਆਪਣੇ-ਆਪ ਨੂੰ ਕਿਸੇ ਕੌਮ ਦੇ ਅਸਲ ਨਾਇਕ ਕਹਾਉਣ ਅਤੇ ਫਿਰ ਸਿਆਸੀ ਤਾਕਤ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ । ਇਸੇ ਤਰ੍ਹਾਂ ਜਦੋਂ ਪੰਜਾਬੀ ਸੂਬੇ ਦੀ ਲਹਿਰ ਚੱਲੀ ਤਾਂ ਅਨੇਕਾ ਹੀ ਪੰਜਾਬੀਆਂ ਅਤੇ ਸਿੱਖਾਂ ਨੇ ਹੁਕਮਰਾਨਾਂ ਦੇ ਜ਼ਬਰ-ਜੁਲਮ ਝੱਲੇ ਅਤੇ ਆਪਣੀਆਂ ਸ਼ਹਾਦਤਾਂ ਦਿੱਤੀਆ। ਲੇਕਿਨ ਸੰਤ ਫ਼ਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਵਰਗੇ ਪੰਜਾਬੀ ਸੂਬੇ ਦੇ ਬਾਨੀ ਕਹਾਉਣ ਵਿਚ ਬੀਤੇ ਸਮੇਂ ਵਿਚ ਕਾਮਯਾਬ ਰਹੇ । ਜਦੋਂਕਿ ਪੰਜਾਬੀ ਸੂਬੇ ਦੇ ਅਸਲ ਬਾਨੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹਨ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਉਸ ਨੂੰ ਪੂਰਨ ਕੀਤਾ ਅਤੇ ਪੰਜਾਬੀ ਸੂਬੇ ਲਈ ਸ਼ਹਾਦਤ ਦਿੱਤੀ ਅਤੇ ਪੰਜਾਬੀ ਸੂਬੇ ਦੀਆਂ ਅਸਲ ਹੱਦਾਂ ਅਤੇ ਹੱਕਾਂ ਲਈ ਸੰਘਰਸ਼ ਕੀਤਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਕਿਸੇ ਜਿੰਮੀਦਾਰ ਦੀ ਜ਼ਮੀਨ ਦੀ ਗਿਰਦਾਵਰੀ ਹੁੰਦੀ ਹੈ ਤਾਂ ਕੰਮਜੋਰ ਤੋ ਕੰਮਜੋਰ ਜਿੰਮੀਦਾਰ ਵੀ ਉਸ ਸਮੇਂ ਆਪਣੀ ਜ਼ਮੀਨ ਵਿਚ ਹਾਜ਼ਰ ਹੁੰਦਾ ਹੈ ਤਾਂ ਕਿ ਉਸ ਨਾਲ ਮਿਣਤੀ ਸਮੇਂ ਕੋਈ ਵਧੀਕੀ ਨਾ ਕਰ ਸਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਪੰਜਾਬੀ ਸੂਬੇ ਦੇ ਬਾਨੀ ਕਹਾਉਣ ਵਾਲੇ ਸੰਤ ਫ਼ਤਹਿ ਸਿੰਘ, ਸੰਤ ਚੰਨਣ ਸਿੰਘ ਪੰਜਾਬੀ ਸੂਬਾ ਬਣਨ ਸਮੇਂ ਵਲੈਤ ਵਿਚ ਬੈਠੇ ਸਨ ਅਤੇ ਪੰਜਾਬੀ ਸੂਬੇ ਨੂੰ ਪੂਰਨ ਤੌਰ ਤੇ ਪੂਰਨ ਕਰਵਾਉਣ ਲਈ ਉਹਨਾਂ ਨੇ ਕੋਈ ਜਿੰਮੇਵਾਰੀ ਨਾ ਨਿਭਾਈ । ਮਾਸਟਰ ਤਾਰਾ ਸਿੰਘ ਦਾ ਇਹ ਕਹਿਣਾ ਸੀ ਕਿ ਹਿੰਦੂ ਸਾਡੇ ਵੱਡੇ ਭਰਾ ਹਨ, ਬਾਅਦ ਵਿਚ ਸਾਨੂੰ ਇਹ ਸਭ ਕੁਝ ਦੇ ਦੇਣਗੇ, ਪਹਿਲਾ ਅੰਗਰੇਜ਼ਾਂ ਤੋਂ ਆਜ਼ਾਦ ਹੋ ਜਾਈਏ । ਇਹਨਾਂ ਉਤੇ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਇਹ ਬੋਲ “ਪਹਾੜਾ ਸਿੰਘ ਯਾਰ ਫਰੰਗੀਆਂ ਦਾ” ਪੂਰੀ ਢੁੱਕਦੀ ਹੈ । ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਸਿੱਖਾਂ ਦੀਆਂ ਤੋਪਾਂ, ਇੰਨਫੈਟਰੀ ਅਤੇ ਘੋੜ ਸਵਾਰਾਂ ਦੀ ਸਾਰੀ ਜਾਣਕਾਰੀ ਦੇ ਦਿੱਤੀ ਸੀ । ਇਹੀ ਵਜਹ ਹੈ ਕਿ ਪੰਜਾਬੀ ਸੂਬਾ ਬਣਾਉਦੇ ਸਮੇਂ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਨੇ ਪੰਜਾਬ ਦੇ ਸਭ ਕੁਦਰਤੀ ਸਾਧਨ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਹੈੱਡਵਰਕਸ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਕੀਮਤੀ ਪਾਣੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਦਿ ਨੂੰ ਅੱਜ ਤੱਕ ਪੰਜਾਬ ਦੇ ਕੰਟਰੋਲ ਤੋਂ ਸਾਜਿ਼ਸ ਅਧੀਨ ਦੂਰ ਰੱਖਿਆ ਹੋਇਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸੰਤ ਫ਼ਤਹਿ ਸਿੰਘ ਅਤੇ ਸੰਤ ਚੰਨਣ ਸਿੰਘ ਦੇ ਪੈਰੋਕਾਰ ਅਤੇ ਮੌਜੂਦਾ ਮੋਦੀ ਦੀ ਬੀਜੇਪੀ ਹਕੂਮਤ ਅਤੇ ਆਰ.ਐਸ.ਐਸ. ਨਾਲ ਨਿਰੰਤਰ ਰੱਖੀ ਜਾ ਰਹੀ ਡੂੰਘੀ ਦੋਸ਼ਤੀ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਬੀਤੇ ਸਮੇਂ ਵਿਚ ਲੂਲ੍ਹੇ-ਲੰਗੜੇ ਬਣੇ ਪੰਜਾਬ ਦਾ “ਪੰਜਾਬ ਡੇ” ਮਨਾਉਣ ਅਤੇ ਅਜਿਹੇ ਮੌਕਿਆ ‘ਤੇ ਉਹਨਾਂ ਹੀ ਜਮਾਤਾਂ ਨੂੰ ਸੱਦਾ ਦੇਣ, ਜਿਨ੍ਹਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਨਿਰੰਤਰ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ, ਉਹਨਾਂ ਨੂੰ ਬੁਲਾਕੇ ਪੰਜਾਬ ਡੇ ਮਨਾਉਣ ਦੇ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਸਮਾਗਮ ਉਤੇ ਪੰਜਾਬੀਆਂ ਦੇ ਲੱਖਾਂ, ਕਰੋੜਾਂ ਰੁਪਏ ਖ਼ਰਚ ਕਰਨ, ਨੂੰ ਬੇਅਰਥ ਅਤੇ ਸਿੱਖ ਕੌਮ ਅਤੇ ਪੰਜਾਬੀਆਂ ਗੁੰਮਰਾਹ ਕਰਨ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਨ੍ਹਾਂ ਹਿੰਦੂ ਵੀਰਾਂ ਨੇ ਬੀਤੇ ਸਮੇਂ ਵਿਚ ਆਪਣੀ ਬੋਲੀ ਪੰਜਾਬੀ ਦੀ ਥਾਂ ਤੇ ਹਿੰਦੀ ਲਿਖਵਾਈ, ਉਹਨਾਂ ਨੇ ਆਪਣੇ ਜਨਮ ਸਥਾਂਨ ਪੰਜਾਬ ਦੀ ਧਰਤੀ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ । ਜਦੋਂਕਿ ਉਹ ਪੰਜਾਬ ਦੇ ਜੰਮ-ਪਲ ਹਨ ਅਤੇ ਪੰਜਾਬੀ ਹਨ । ਜੋ ਕਿ ਉਹਨਾਂ ਨੂੰ ਆਪਣੇ-ਆਪ ਨੂੰ ਪੰਜਾਬੀ ਕਹਿਣਾ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ । ਉਹਨਾਂ ਕਿਹਾ ਕਿ ਜਦੋਂਕਿ ਹੁਣੇ ਹੀ ਹਰਿਆਣੇ ਵਿਚ ਜਾਟਾਂ ਦਾ ਅੰਦੋਲਨ ਚੱਲਿਆ ਤਾਂ ਉਸ ਸਮੇਂ ਉਥੋ ਦੇ ਜਾਟਾਂ ਨੇ ਸਭ ਤੋ ਪਹਿਲੇ ਪੰਜਾਬੀ ਹਿੰਦੂਆਂ, ਉਹਨਾਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਅਤੇ ਜ਼ਾਇਦਾਦਾਂ ਨੂੰ ਲੁੱਟਣ ਤੇ ਮਾਰਨ ਦਾ ਨਿਸ਼ਾਨਾਂ ਰੱਖਿਆ । ਜਦੋਂਕਿ ਹਰਿਆਣੇ ਵਿਚ ਮੌਜੂਦਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਖੁਦ ਪੰਜਾਬੀ ਤੇ ਪੰਜਾਬ ਦੇ ਜੰਮ-ਪਲ ਹਨ । ਹਰਿਆਣੇ ਵਿਚ ਪੰਜਾਬੀ ਹਿੰਦੂਆਂ ਨਾਲ ਉਹਨਾਂ ਦੀਆਂ ਬਹੂ-ਬੇਟੀਆਂ ਨਾਲ ਹੋਏ ਜ਼ਬਰ-ਜ਼ਨਾਹ ਅਤੇ ਉਹਨਾਂ ਦੀਆਂ ਜ਼ਾਇਦਾਦਾਂ ਨਾਲ ਹੋਏ ਅਨਿਯਾਏ ਤੇ ਜ਼ਬਰ-ਜੁਲਮ ਦੀ ਦਰਦ ਸਾਡੇ ਮਨ ਤੇ ਆਤਮਾ ਵਿਚ ਹੈ । ਇਸ ਲਈ ਬਾਹਰਲੇ ਸੂਬਿਆਂ ਵਿਚ ਬੈਠੇ ਹਿੰਦੂ ਪੰਜਾਬੀ, ਪੰਜਾਬੀ ਮੁਸਲਮਾਨ, ਪੰਜਾਬੀ ਇਸਾਈ ਆਦਿ ਨੂੰ ਇਮਾਨਦਾਰੀ ਨਾਲ ਪੰਜਾਬ ਸੂਬੇ, ਪੰਜਾਬੀ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਇਕ ਤਾਕਤ ਹੋ ਕੇ ਕਰਨੀ ਬਣਦੀ ਹੈ । ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਅੰਗਰੇਜ਼ਾਂ ਦੀ ਹੋਈ ਲੜਾਈ ਨੂੰ “ਜੰਗ ਹੋਇਆ ਹਿੰਦ-ਪੰਜਾਬ ਦਾ” ਕਹਿਕੇ ਪੰਜਾਬ ਅਤੇ ਪੰਜਾਬੀ ਸੂਬੇ ਦੀ ਗੱਲ ਦਾ ਖੁੱਲ੍ਹਕੇ ਆਵਾਜ਼ ਬੁਲੰਦ ਕੀਤੀ ਸੀ । ਇਸ ਲਈ ਇਹਨਾਂ ਸਭਨਾਂ ਨੂੰ ਆਪਣੇ ਜਨਮ ਸਥਾਂਨ ਪੰਜਾਬ ਨੂੰ ਕਦੀ ਵੀ ਆਪਣੀ ਆਤਮਾ ਅਤੇ ਮਨ ਵਿਚੋ ਵਿਸਰਣ ਨਹੀਂ ਦੇਣਾ ਚਾਹੀਦਾ । ਅਸੀਂ ਇਹਨਾਂ ਦੇ ਹਰ ਦੁੱਖ-ਸੁੱਖ ਦੇ ਅੱਜ ਵੀ ਹਾਮੀ ਹਾਂ ਅਤੇ ਹਮੇਸ਼ਾਂ ਰਹਾਂਗੇ ।

ਅੱਜ ਜਦੋਂ ਬਾਦਲ ਦਲ 01 ਨਵੰਬਰ 1966 ਦੇ ਦਿਨ ਨੂੰ, ਜਿਸ ਦਿਨ ਇਸ ਪੰਜਾਬ ਸੂਬੇ ਵਿਚੋ ਹਰਿਆਣਾ ਅਤੇ ਹਿਮਾਚਲ ਕੱਢਕੇ ਪੰਜਾਬ ਸੂਬਾ ਬਣਾਇਆ ਗਿਆ ਸੀ, ਉਸ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਦੇ ਹੋਏ ਅੱਜ ਉਸਦਾ 50ਵਾਂ ਸਾਲਾ ਦਾ ਦਿਨ ਮਨਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ 01 ਨਵੰਬਰ 2016 ਨੂੰ ਪੰਜਾਬ ਸੂਬੇ ਨਾਲ ਖੇਤਰੀ, ਪੰਜਾਬੀ ਬੋਲੀ, ਪੰਜਾਬ ਦੇ ਦਰਿਆਵਾਂ ਤੇ ਪਾਣੀਆ, ਪੰਜਾਬ ਦੇ ਹੈੱਡਵਰਕਸ ਅਤੇ ਦਿੱਲੀ ਜੋ ਪੰਜਾਬ ਦਾ ਇਕ ਸੂਬਾ ਸੀ, ਉਸ ਦੇ ਨਿਜਾਮ ਵਿਚ ਆਪਣਾ ਹਿੱਸਾ ਪ੍ਰਾਪਤ ਕਰਨ ਤੇ ਉਪਰੋਕਤ ਮਸਲਿਆ ਉਤੇ ਹੋਈ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਲਈ “ਸੰਘਰਸ਼ ਦਿਨ” ਵੱਜੋ ਮਨਾਉਦੇ ਹੋਏ ਪੰਜਾਬ ਨਾਲ ਹੋਈਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਣ ਦਾ ਪ੍ਰਣ ਕਰਦਾ ਹੈ । ਇਸ ਦੇ ਨਾਲ ਹੀ ਇਹ ਮੰਗ ਕਰਦਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੀ.ਜੀ.ਆਈ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਖ਼ਾਲਸਾ ਰਾਜ ਦੀ ਰਾਜਧਾਨੀ ਸਿਮਲਾ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆ ਉਤੇ ਪੰਜਾਬ ਦਾ ਮੌਲਿਕ ਅਤੇ ਵਿਧਾਨਿਕ ਹੱਕ ਹੈ, ਉਸ ਨੂੰ ਤੁਰੰਤ ਦਿੱਤੇ ਜਾਣ । ਚੰਡੀਗੜ੍ਹ ਨਿਜਾਮ ਵਿਚ ਅਤੇ ਪੰਜਾਬ ਦੇ ਸਮੁੱਚੇ ਦਫ਼ਤਰਾਂ ਵਿਚ ਅਫ਼ਸਰਾਂ ਅਤੇ ਅਧਿਕਾਰੀਆਂ ਵੱਲੋਂ ਪੰਜਾਬੀ ਬੋਲੀ ਨੂੰ ਅਤੇ ਪੱਤਰਾਂ ਵਿਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ।

ਜੋ ਚੰਡੀਗੜ੍ਹ ਪੰਜਾਬ ਦੇ ਜਿੰਮੀਦਾਰਾਂ ਤੇ ਨਿਵਾਸੀਆਂ ਨੂੰ ਉਜਾੜਕੇ ਬਣਾਇਆ ਗਿਆ ਹੈ ਅਤੇ ਜੋ ਅਸਲੀਅਤ ਵਿਚ ਪੰਜਾਬੀਆਂ ਦੀ ਮਲਕੀਅਤ ਹੈ, ਚੰਡੀਗੜ੍ਹ ਦੇ ਵਿਚ ਨੌਕਰੀਆਂ ਦਿੰਦੇ ਸਮੇਂ ਪੰਜਾਬ ਅਤੇ ਹਰਿਆਣੇ ਦੇ ਨਿਯਤ ਕੀਤੇ ਗਏ ਅਨੁਪਾਤ 60:40 ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ, ਜੋ ਚੰਡੀਗੜ੍ਹ ਦੇ ਅਫ਼ਸਰਾਨ ਹਨ, ਉਹਨਾ ਵਿਚ ਵੀ ਇਹ ਅਨੁਪਾਤ ਕਾਇਮ ਰੱਖਿਆ ਜਾਵੇ । ਜਦੋਂਕਿ ਅੱਜ ਚੰਡੀਗੜ੍ਹ ਵਿਚ ਹਰਿਆਣਾ ਕੈਡਰ ਦੇ ਜਿਆਦਾ ਅਫ਼ਸਰ ਹਨ, ਪੰਜਾਬ ਦੇ ਘੱਟ ਜੋ ਵੱਡਾ ਅਨਿਆਏ ਹੈ । ਇਸ ਦੇ ਨਾਲ ਹੀ ਚੰਡੀਗੜ੍ਹ ਦੇ ਨਿਜਾਮ ਵਿਚ ਮੁੱਖ ਕਮਿਸ਼ਨਰ ਚੰਡੀਗੜ੍ਹ ਵਿਚ ਪੰਜਾਬ ਦਾ ਹੋਣਾ ਚਾਹੀਦਾ ਹੈ ਅਤੇ ਜੋ ਸਲਾਹਕਾਰ ਹੋਵੇ, ਉਹ ਯੂ.ਟੀ. ਕੈਡਰ ਦਾ ਹੋਵੇ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1931 ਦੇ ਅੰਕੜਿਆ ਅਨੁਸਾਰ ਪੰਜਾਬੀ ਬੋਲਦੇ ਇਲਾਕੇ ਵਾਲਾ ਯਮੁਨਾਨਗਰ, ਅੰਬਾਲਾ, ਕੁਰੂਕਛੇਤਰ, ਕਰਨਾਲ, ਫਤਿਆਬਾਦ, ਸਿਰਸਾ, ਹਿਸਾਰ ਜੋ ਹਰਿਆਣੇ ਵਿਚ ਹਨ ਅਤੇ ਨਾਲਾਗੜ੍ਹ, ਊਨਾ, ਹਮੀਰਪੁਰ, ਕਾਗੜਾ, ਲਾਹੌਲ-ਸਪਿਟੀ, ਕਸੌਲੀ, ਕੁੱਲੂ-ਧਰਮਸਾਲਾ, ਚੈਲ ਅਤੇ ਚੰਬਾ ਜੋ ਹਿਮਾਚਲ ਵਿਚ ਹਨ, ਗੰਗਾਨਗਰ, ਹੰਨੂਮਾਨਗੜ੍ਹ, ਬੀਕਾਨੇਰ, ਜੈਸਲਮੇਰ (ਰਾਜਸਥਾਨ) ਆਦਿ ਉਹਨਾਂ ਪੰਜਾਬੀ ਬੋਲਦੇ ਇਲਾਕਿਆ ਨੂੰ ਬਿਨ੍ਹਾਂ ਦੇਰੀ ਕੀਤਿਆ ਪੰਜਾਬ ਦੇ ਅਧਿਕਾਰ ਖੇਤਰ ਵਿਚ ਸਾਮਿਲ ਕੀਤਾ ਜਾਵੇ ਅਤੇ 50 ਸਾਲ ਤੋਂ ਕੀਤੀ ਜਾ ਰਹੀ ਬੇਇਨਸਾਫ਼ੀ ਬੰਦ ਹੋਵੇ । ਉਪਰੋਕਤ ਇਲਾਕਿਆ ਵਿਚ ਜੋ ਪੰਜਾਬ ਦੇ ਹਨ, ਉਹਨਾਂ ਵਿਚ ਲਾਗੂ ਕੀਤੀ ਗਈ ਪੰਜਾਬੀ ਦੀ ਬੋਲੀ ਨੂੰ ਦੂਜੀ ਭਾਸ਼ਾ ਨੂੰ ਖ਼ਤਮ ਕਰਕੇ ਪਹਿਲੀ ਭਾਸ਼ਾ ਤੌਰ ਤੇ ਪ੍ਰਵਾਨ ਕੀਤਾ ਜਾਵੇ ਅਤੇ ਇਹਨਾਂ ਇਲਾਕਿਆ ਵਿਚ ਦਫ਼ਤਰੀ ਭਾਸ਼ਾ ਵੀ ਪੰਜਾਬੀ ਐਲਾਨੀ ਜਾਵੇ । ਅਸੀਂ ਇਸ ਦੇ ਹੱਕ ਵਿਚ ਹਾਂ ਕਿ ਹਰਿਆਣਵੀ ਬੋਲੀ ਦੇ ਇਲਾਕੇ ਡਿਵੀਜ਼ਨ ਮੇਰਠ, ਡਿਵੀਜਨ ਭਾਰਤਪੁਰ, ਅਤੇ ਡਿਵੀਜ਼ਨ ਸਹਾਰਨਪੁਰ ਹਰਿਆਣੇ, ਆਗਰਾ ਸੂਬੇ ਵਿਚ ਸ਼ਾਮਿਲ ਕਰਕੇ ਯਮੁਨਾ ਅਤੇ ਗੰਗਾ ਉਤੇ ਰੀਪੇਰੀਅਨ ਕਾਨੂੰਨ ਲਾਗੂ ਹੋਵੇ ।

ਭਾਖੜਾ ਡੈਮ, ਨੰਗਲ ਡੈਮ, ਨੰਗਲ ਹਾਇਡਲ ਚੈਨਲ, ਹਾਇਡਰੋ ਪਾਵਰ ਸਟੇਸ਼ਨ ਅਤੇ ਹੈੱਡਵਰਕਸ ਜੋ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾ ਉਤੇ ਸਥਿਤ ਹਨ, ਜਿਨ੍ਹਾ ਨੂੰ ਇਕ ਸਾਜਿ਼ਸ ਤਹਿਤ ਪੰਜਾਬ ਦੇ ਕੰਟਰੋਲ ਤੋਂ ਬਾਹਰ ਰੱਖਿਆ ਗਿਆ ਹੈ, ਉਹਨਾਂ ਨੂੰ ਅਤੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਪੂਰਨ ਅਧਿਕਾਰ ਪੰਜਾਬ ਦੇ ਅਧੀਨ ਕੀਤਾ ਜਾਵੇ ।

ਦਿੱਲੀ ਨਿਜਾਮ ਜੋ ਬੀਤੇ ਸਮੇਂ ਵਿਚ ਅਸਲੀਅਤ ਵਿਚ ਪੰਜਾਬ ਦਾ ਇਕ ਜਿ਼ਲ੍ਹਾ ਸੀ ਅਤੇ ਜਿਥੇ ਪੰਜਾਬ ਕੈਡਰ ਦੇ ਅਫ਼ਸਰ ਲੱਗਦੇ ਸਨ, ਹੁਣ ਉਹ ਦਿੱਲੀ ਨਿਜਾਮ ਥੱਲ੍ਹੇ ਹੈ, ਜਿਥੇ ਪੰਜਾਬ ਹਾਈਕੋਰਟ ਜਿਸ ਨੂੰ ਅੱਜ ਪੰਜਾਬ-ਹਰਿਆਣਾ ਹਾਈਕੋਰਟ ਕਿਹਾ ਜਾਂਦਾ ਹੈ, ਉਸ ਦੇ ਅਧਿਕਾਰ ਥੱਲ੍ਹੇ 31 ਅਕਤੂਬਰ 1966 ਤੱਕ ਆਉਦੇ ਸਨ । ਸਿਆਸੀ ਮੰਦਭਾਵਨਾ ਅਧੀਨ ਪੰਜਾਬ ਹਾਈਕੋਰਟ ਦੇ ਇਸ ਅਧਿਕਾਰ ਨੂੰ ਖ਼ਤਮ ਕਰਨਾ ਵੀ ਪੰਜਾਬੀਆਂ ਨਾਲ ਵੱਡਾ ਅਨਿਆਏ ਹੈ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਦੇ ਨਿਜਾਮ ਵਿਚ ਵੀ ਪੰਜਾਬੀ ਬੋਲੀ ਨੂੰ ਦਫ਼ਤਰੀ ਬੋਲੀ ਪ੍ਰਵਾਨ ਕੀਤਾ ਜਾਵੇ ।

ਜੋ ਪੰਜਾਬੀ ਸੂਬੇ ਅਤੇ ਧਰਮ ਯੁੱਧ ਮੋਰਚੇ ਦੇ ਸ਼ਹੀਦ ਹਨ ਜਾਂ ਜਿਨ੍ਹਾਂ ਨੇ ਇਸ ਸੰਘਰਸ਼ ਦੌਰਾਨ ਜੇਲ੍ਹਾਂ ਕੱਟੀਆਂ ਹਨ, ਬਾਦਲ ਅਕਾਲੀ ਦਲ ਉਹਨਾਂ ਸਭ ਕੁਰਬਾਨੀਆ ਅਤੇ ਸ਼ਹੀਦਾਂ ਨੂੰ ਭੁੱਲ ਚੁੱਕਾ ਹੈ । ਜਿਵੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਨੇ ਪੰਜਾਬ ਸੂਬੇ ਨਾਲ ਹੋ ਰਹੀਆਂ ਵਧੀਕੀਆਂ ਅਤੇ ਵਿਤਕਰਿਆ ਵਿਰੁੱਧ ਆਪਣੀ 74 ਦਿਨ ਦੀ ਭੁੱਖ ਹੜਤਾਲ ਨੂੰ ਪੂਰਨ ਕਰਕੇ ਸ਼ਹਾਦਤ ਦਿੱਤੀ, ਉਸ ਨੂੰ ਵੀ ਭੁੱਲ ਚੁੱਕੇ ਹਨ । ਜੋ 1973 ਦਾ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਬਾਦਲ ਦਲ ਨੇ ਆਪ ਬਣਾਇਆ ਸੀ, ਉਸ ਨੂੰ ਲਾਗੂ ਕਰਨ ਤੋਂ ਵੀ ਬਾਦਲ ਦਲ ਭੱਜ ਚੁੱਕਿਆ ਹੈ । ਜਿਨ੍ਹਾਂ ਪੰਜਾਬੀਆਂ ਤੇ ਸਿੱਖਾਂ ਨੇ ਪੰਜਾਬੀ ਸੂਬੇ ਲਈ ਸ਼ਹਾਦਤ ਦਿੱਤੀ ਅਤੇ ਧਰਮ ਯੁੱਧ ਮੋਰਚੇ ਦੌਰਾਨ ਅਤੇ ਪੰਜਾਬੀ ਸੂਬੇ ਮੋਰਚੇ ਦੌਰਾਨ ਜੇਲ੍ਹਾਂ ਵਿਚ ਜ਼ਬਰ-ਜੁਲਮ ਝੱਲੇ, ਉਹਨਾਂ ਸ਼ਹੀਦਾਂ ਅਤੇ ਬੰਦੀਆਂ ਨੂੰ ਸਰਕਾਰੀ ਤੌਰ ਤੇ ਪ੍ਰਵਾਨਿਤ ਵੀ ਕੀਤਾ ਜਾਵੇ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਕੇ ਉਹਨਾਂ ਪਰਿਵਾਰਾਂ ਨੂੰ ਸਰਕਾਰੀ ਪੱਧਰ ਤੇ ਸਹੂਲਤਾਂ ਵੀ ਤੁਰੰਤ ਪ੍ਰਦਾਨ ਹੋਣ ।

ਸਿੱਖ ਕੌਮ ਅਤੇ ਪੰਜਾਬੀ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਚੀਨ ਆਦਿ ਨਾਲ ਜੰਗ ਲਗਾਉਣ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਹੈ । ਬਲਕਿ ਦੱਖਣੀ ਏਸੀਆ ਦੇ ਸਮੁੱਚੇ ਖਿੱਤੇ ਵਿਚ ਅਮਨ-ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਦੇ ਹੱਕ ਵਿਚ ਹੈ । ਇਸ ਲਈ ਜੋ ਹਿੰਦ ਦੇ ਮੁਤੱਸਵੀ ਹਿੰਦੂਤਵ ਹੁਕਮਰਾਨ ਜੰਗ ਦੇ ਬਹਾਨੇ ਨਾਲ ਪੰਜਾਬ ਸੂਬੇ ਤੇ ਸਿੱਖ ਕੌਮ ਦਾ ਜਾਨੀ-ਮਾਲੀ ਨੁਕਸਾਨ ਕਰਨਾ ਚਾਹੁੰਦੇ ਹਨ, ਉਸ ਨੂੰ ਅਸੀਂ ਕਦੀ ਵੀ ਪੂਰਨ ਨਹੀਂ ਹੋਣ ਦੇਵਾਂਗੇ ਅਤੇ ਜੰਗ ਦੀ ਕੋਈ ਵੀ ਪੰਜਾਬੀ ਤੇ ਸਿੱਖ ਹਾਮੀ ਨਹੀਂ ਭਰੇਗਾ ਅਤੇ ਨਾ ਹੀ ਸਾਥ ਦੇਵੇਗਾ । ਜੋ ਸਾਡੇ ਲਹਿੰਦੇ ਪੰਜਾਬ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਤ ਮਹਾਨ ਅਸਥਾਂਨ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕੋਈ ਹੋਰ 200 ਦੇ ਕਰੀਬ ਗੁਰੂਘਰ ਹਨ, ਉਹਨਾਂ ਦੇ ਸੰਬੰਧ ਵਿਚ ਸਾਡੀ ਨਿੱਤ ਦੀ ਅਰਦਾਸ ਵਿਚ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਗੱਲ ਕੀਤੀ ਜਾਂਦੀ ਹੈ । ਇਸ ਲਈ ਜੋ ਹਿੰਦੂਤਵ ਹੁਕਮਰਾਨਾਂ ਨੇ ਸਰਹੱਦ ਤੇ 7 ਫੁੱਟ ਉੱਚੀ ਕੰਡਿਆਲੀ ਤਾਰ ਲਗਾਕੇ ਸਾਡੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੇ ਸਿੱਖਾਂ ਦੇ ਆਉਣ-ਜਾਣ ਤੇ ਪਾਬੰਦੀ ਲਗਾਈ ਹੈ, ਉਹ ਅਸਹਿ ਹੈ, ਉਸ ਕੰਡਿਆਲੀ ਤਾਰ ਨੂੰ ਖ਼ਤਮ ਕਰਕੇ ਸਿੱਖਾਂ ਨੂੰ ਆਪਣੀ ਅਰਦਾਸ ਅਨੁਸਾਰ ਲਹਿੰਦੇ ਪੰਜਾਬ ਵਿਚ ਸਥਿਤ ਗੁਰੂਘਰਾਂ ਦੇ ਦਰਸ਼ਨਾਂ ਦੀ ਪੂਰਨ ਖੁੱਲ੍ਹ ਦਿੱਤੀ ਜਾਵੇ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਦੀ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਵਿਚ ਇਹ ਵੀ ਅਤਿ ਗੰਭੀਰਤਾ ਨਾਲ ਮੰਗ ਕਰਦਾ ਹੈ ਕਿ ਪੰਜਾਬ ਸੂਬੇ ਨਾਲ ਸੰਬੰਧਤ ਪੰਜਾਬੀਆਂ ਅਤੇ ਸਿੱਖਾਂ ਜਿਨ੍ਹਾ ਨਾਲ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਬੀਤੇ ਸਮੇਂ ਬਲਿਊ ਸਟਾਰ ਆਪ੍ਰੇਸ਼ਨ ਸਮੇਂ ਜਿਆਦਤੀਆ ਕੀਤੀਆਂ, ਜਿਨ੍ਹਾਂ ਫ਼ੌਜੀਆਂ ਨੇ ਬਲਿਊ ਸਟਾਰ ਦੇ ਰੋਸ ਵੱਜੋ ਬੈਰਕਾਂ ਛੱਡੀਆਂ ਅਤੇ 1980 ਤੋਂ ਲੈਕੇ 1990 ਤੱਕ ਇਸ ਧਰਤੀ ਤੇ ਜੋ ਜ਼ਬਰ-ਜੁਲਮ ਦਾ ਸਿ਼ਕਾਰ ਹੋਏ, ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ, ਜੇਲ੍ਹਾਂ ਵਿਚ ਬੰਦੀ ਬਣਾਏ ਗਏ, ਉਹਨਾਂ ਸਮੁੱਚੇ ਜੇਲ੍ਹਾਂ ਵਿਚ ਬੰਦੀਆਂ ਨੂੰ “ਆਮ ਮੁਆਫ਼ੀ” ਦੇ ਕੇ ਤੁਰੰਤ ਰਿਹਾਅ ਕਰਨ ਦੇ ਐਲਾਨ ਕੀਤੇ ਜਾਣ ਅਤੇ ਜਿਨ੍ਹਾਂ ਪੰਜਾਬੀਆਂ ਅਤੇ ਸਿੱਖਾਂ ਦਾ ਮਾਲੀ, ਜਾਨੀ ਵੱਡਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਬਣਦਾ ਮੁਆਵਜਾ ਦੇ ਕੇ ਤੁਰੰਤ ਮੁੜ ਵਸੇਬਾ ਕੀਤਾ ਜਾਵੇ ਅਤੇ ਜਿਨ੍ਹਾਂ ਸਿੱਖਾਂ ਦੀ ਹਕੂਮਤ ਨੇ ਮੰਦਭਾਵਨਾ ਅਧੀਨ ਕਾਲੀ ਸੂਚੀ ਬਣਾਕੇ ਆਪਣੀ ਜਨਮ ਭੂਮੀ ਵਿਚ ਦਾਖਲ ਹੋਣ ਤੋ ਅਣਮਨੁੱਖੀ ਤਰੀਕੇ ਰੋਕ ਲਗਾਈ ਹੋਈ ਹੈ, ਉਸ ਨੂੰ ਖ਼ਤਮ ਕਰਕੇ ਉਹਨਾਂ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਜਨਮ ਭੂਮੀ ਤੇ ਆਉਣ ਦਾ ਇਖ਼ਲਾਕੀ, ਸਮਾਜਿਕ ਅਧਿਕਾਰ ਪ੍ਰਦਾਨ ਕੀਤਾ ਜਾਵੇ ਅਤੇ ਸਰਹੱਦੀ ਪੰਜਾਬ ਸੂਬੇ ਨਾਲ ਸੰਬੰਧਤ ਸਭ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਇਨਸਾਫ਼ ਦਾ ਪ੍ਰਬੰਧ ਕੀਤਾ ਜਾਵੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>