ਨਗਰ ਕੀਰਤਨ ਦੌਰਾਨ ਸਕੂਲੀ ਬੱਚਿਆਂ ਨੇ ਵਾਤਾਵਰਨ ਦੀ ਰੱਖਿਆ ਲਈ ਚਲਾਈ ਜਾਗਰੂਕਤਾ ਮੁਹਿੰਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ ਵਾਤਾਵਰਨ ਦੀ ਰੱਖਿਆ ਦਾ ਸੁਨੇਹਾ ਦੇਣ ਵਾਸਤੇ ਯਾਦ ਰੱਖਿਆ ਜਾਵੇਗਾ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਤਕ ਸਜਾਏ ਗਏ ਨਗਰ ਕੀਰਤਨ ਵਿਚ ਜਿਥੇ ਪਹਿਲੀ ਵਾਰ ਆਤਿਸ਼ਬਾਜ਼ੀ ਬਿਲਕੁਲ ਵੀ ਨਜ਼ਰ ਨਹੀਂ ਆਈ ਉਥੇ ਹੀ ਸਕੂਲੀ ਬੱਚਿਆਂ ਨੇ ਵਾਤਾਵਰਨ ਦੀ ਰੱਖਿਆ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਰਾਹੀਂ ਸੰਗਤਾਂ ਨੂੰ ਜਾਗਰੂਕ ਕਰਨ ਦੀ ਅਦੁੱਤੀ ਕੋਸ਼ਿਸ਼ ਕੀਤੀ। ਦਰਅਸਲ 7 ਨਵੰਬਰ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਦਿੱਲੀ ਵਿਚਾਲੇ ਦੇ ਹਵਾ ਪ੍ਰਦੂਸ਼ਣ ਨੂੰ ਸਾਹਮਣੇ ਰੱਖ ਕੇ ਗੁਰਪੁਰਬਾਂ ’ਤੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ‘‘ਗੁਰੂ ਹਰਿਰਾਇ ਸਾਹਿਬ ਵਾਤਾਵਰਨ ਬਚਾਓ ਮੁਹਿੰਮ’’ ਨਗਰ ਕੀਰਤਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।

ਸਕੂਲੀ ਬੱਚਿਆਂ ਨੇ ਆਪਣੇ ਹੱਥਾਂ ਵਿਚ ਫੜੀਆਂ ਤਖ਼ਤੀਆਂ ’ਤੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਹਰਿਆਲੀ ਵੱਲ ਧਿਆਨ ਦੇਣ ਲਈ ਦਿੱਲ ਖਿੱਚਵੇ ਨਾਹਰੇ ਲਿਖੇ ਹੋਏ ਸੀ। ਜਿਨ੍ਹਾਂ ਵਿਚ ‘‘ਸਾਡੀ ਧਰਤੀ, ਅਸੀਂ ਹੀ ਬਚਾਈਐ ; ਬਿਨਾਂ ਪਟਾਕੇ ਖੁਸ਼ੀਆਂ ਮਨਾਈਅੈ’’, ‘‘ਨਹੀਂ ਮਿਲੇਗਾ ਜੀਵਨ ਦੁਬਾਰਾ, ਪ੍ਰਦੂਸ਼ਣ ਮੁਕਤ ਹੋਵੇ ਵਾਤਾਵਰਣ ਹਮਾਰਾ’’ ਅਤੇ ‘‘ਸੰਸਾਰ ਵਿਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਦਰਖਤਾਂ ਨੂੰ ਵੱਡ ਕੇ ਕਾਗਜ ਬਣਾਉਣ ਉਪਰੰਤ ਉਸਤੇ ‘ਦਰਖਤ ਬਚਾਓ’ ਲਿਖਦਾ ਹੈ’’ ਪ੍ਰਮੁੱਖ ਨਾਹਰੇ ਸਨ। ਇਥੇ ਜਿਕਰਯੋਗ ਹੈ ਕਿ ਕਮੇਟੀ ਵੱਲੋਂ ਨਗਰ ਕੀਰਤਨਾਂ ਦੌਰਾਨ ਨਿਵੇਕਲੇ ਸੁਧਾਰ ਲਾਗੂ ਕਰਨ ਦਾ ਕਾਰਜ ਪਿੱਛਲੇ 2 ਸਾਲਾਂ ਤੋਂ ਸ਼ੁਰੂ ਕੀਤਾ ਗਿਆ ਹੈ ਜਿਸਦੇ ਤਹਿਤ ਪਹਿਲੇ ਪਾਲਕੀ ਸਾਹਿਬ ਨੂੰ ਨਗਰ ਕੀਰਤਨ ਵਿਚ ਸਭ ਤੋਂ ਅੱਗੇ ਅਤੇ ਫਿਰ ਨਗਰ ਕੀਰਤਨ ਰੂਟ ’ਤੇ ਇੱਕਤ੍ਰ ਹੁੰਦੇ ਕੂੜੇ ਨੂੰ ਚੁੱਕਣ ਵਾਸਤੇ ਛੋਟੀ ਗੱਡੀਆਂ ਅਤੇ ਟ੍ਰਿੱਪਰਾਂ ਰਾਹੀਂ ਨਾਲ ਦੇ ਨਾਲ ਕੂੜਾ ਚੁੱਕਣ ਦੀ ਸ਼ੁਰੂਆਤ ਬੀਤੇ ਵਰ੍ਹਿਆਂ ਦੌਰਾਨ ਕੀਤੀ ਗਈ ਸੀ।

ਜੀ. ਕੇ . ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਰਬਤ ਦੇ ਭਲੇ ਦਾ ਜੋ ਸਿਧਾਂਤ ਸਾਨੂੰ ਦਿੱਤਾ ਸੀ ਉਸ ’ਤੇ ਪਹਿਰਾ ਦਿੰਦੇ ਹੋਏ ਕਮੇਟੀ ਹਰ ਸਮਾਜਿਕ ਸਰੋਕਾਰ ਤੇ ਉਸਾਰੂ ਕਾਰਜ ਕਰਨਾ ਆਪਣਾ ਫ਼ਰਜ਼ ਸਮਝਦੀ ਹੈ। ਵਾਤਾਵਰਨ ਦੀ ਰੱਖਿਆ ਲਈ ਜਾਗਰੂਕਤਾ ਮੁਹਿੰਮ ਨੂੰ ਜਰੂਰੀ ਦੱਸਦੇ ਹੋਏ ਜੀ. ਕੇ. ਨੇ ਸਕੂਲੀ ਬੱਚਿਆਂ ਵੱਲੋਂ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਜਾਗਰੁਕ ਕਰਨ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਦਾ ਨਤੀਜਾ ਛੇਤੀ ਹੀ ਸਾਹਮਣੇ ਆਉਣ ਦਾ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ 7 ਨਵੰਬਰ ਨੂੰ ਇਸ ਸਬੰਧੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਪ੍ਰਭਾਤ ਫ਼ੇਰੀਆਂ ਦੌਰਾਨ ਪਟਾਖੇ ਵਜਾਉਣ ਤੋਂ ਸੰਗਤਾਂ ਨੇ ਜੋ ਪਰਹੇਜ ਕੀਤਾ ਹੈ ਉਹ ਸਥਾਨਿਕ ਕਾੱਲੋਨੀਆਂ ਦੇ ਨਗਰ ਕੀਰਤਨਾਂ ਦੌਰਾਨ ਵੀ ਬਰਕਰਾਰ ਰਹੇਗਾ। ਜੀ. ਕੇ. ਨੇ ਇੰਡੀਆ ਗੇਟ ਸਕੂਲ ਵੱਲੋਂ ਇਸ ਸਬੰਧੀ ਨਗਰ ਕੀਰਤਨ ’ਚ ਬਸ ਤੇ ਚਲਾਈ ਗਈ ‘‘ਦਸਤਖ਼ਤ ਮੁਹਿੰਮ’’ ਨੂੰ ਵਾਤਾਵਰਨ ਦੀ ਰੱਖਿਆ ’ਤੇ ਪਹਿਰਾ ਦੇਣ ਲਈ ਸੰਗਤਾਂ ਦੀ ਵੱਚਨਬੱਧਤਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਜੀ. ਕੇ. ਨੇ ਦਿੱਲੀ ਹਾਈ ਕੋਰਟ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਅੱਜ ਅਤੇ ਗੁਰਪੁਰਬ ਮੌਕੇ ਚਲਾਉਣ ਦੀ ਮਿਲੀ ਮਨਜੂਰੀ ਦਾ ਸਵਾਗਤ ਕੀਤਾ।

ਇਸ ਮੌਕੇ ਸਕੂਲੀ ਬੱਚਿਆਂ ਦੇ ਨਾਲ ਹੀ ਨਿਹੰਗ ਸਿੰਘ, ਗੱਤਕਾ ਆਖਾੜੇ, ਬੈਂਡ, ਝਾੜੂ ਜਥੇ ਅਤੇ ਸ਼ਬਦ ਚੌਂਕੀ ਜਥਿਆਂ ਨੇ ਹਾਜ਼ਰੀ ਭਰੀ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਡ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਰਵਿੰਦਰ ਸਿੰਘ ਲਵਲੀ, ਗੁਰਦੇਵ ਸਿੰਘ ਭੋਲਾ, ਗੁਰਮੀਤ ਸਿੰਘ ਮੀਤਾ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਗੁਰਵਿੰਦਰ ਪਾਲ ਸਿੰਘ, ਹਰਵਿੰਦਰ ਸਿੰਘ ਕੇ।ਪੀ।, ਜਤਿੰਦਰ ਪਾਲ ਸਿੰਘ ਗੋਲਡੀ, ਬੀਬੀ ਧੀਰਜ ਕੌਰ, ਅਮਰਜੀਤ ਸਿੰਘ ਪਿੰਕੀ, ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ ਤੇ ਜਤਿੰਦਰ ਸਿੰਘ ਸ਼ਿਆਲੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>