ਡੀਐਸਜੀਪੀਸੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦੌਰਾਨ ਦਿੱਲੀ ਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਵਿਚ ਗੁਰਬਾਣੀ ਦੇ ਚਲੇ ਪ੍ਰਵਾਹ ਦਾ ਅਨੰਦ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਠਾਇਆ। ਮੁਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾੱਲ ਵਿਚ ਹੋਇਆ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਕਵੀਆਂ ਨੇ ਗੁਰਮਤਿ ਦੀ ਰੌਸ਼ਨੀ ਵਿਚ ਸੰਗਤਾਂ ਨੂੰ ਜੀਵਨ ਜੀਣ ਦੀ ਪ੍ਰੇਰਣਾ ਕੀਤੀ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਜੀ. ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਧਰਮਾਂ ਦੇ ਭੇਦ ਨੂੰ ਮਿਟਾ ਕੇ ਮਨੁੱਖਤਾ ਨੂੰ ਏਕਤਾ ਵਿਚ ਪਿਰੋਣ ਦਾ ਕਾਰਜ ਕੀਤਾ ਸੀ। ਜਿਸਦੇ ਸਿੱਟੇ ਵੱਜੋਂ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਮੌਕੇ ਹਿੰਦੂ-ਮੁਸਲਿਮ ਦੋਨੋਂ ਧਿਰਾ ਵੱਲੋਂ ਆਪਣਾ ਰਹਿਬਰ ਦਸਣ ਦੇ ਕੀਤੇ ਗਏ ਦਾਅਵਿਆਂ ਦਾ ਵੀ ਹਵਾਲਾ ਦਿੱਤਾ। ਜੀ. ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਕਿਰਤ ਕਰਨ ਦਾ ਸੱਦਾ ਦਿੱਤਾ ਸੀ ਜਿਸ ਕਰਕੇ ਕੋਈ ਵੀ ਸਿੱਖ ਆਪ ਨੂੰ ਭੀਖ ਮੰਗਦਾ ਨਜ਼ਰ ਨਹੀਂ ਆਵੇਗਾ।

ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਵੱਖ ਵੱਖ ਬਾਣੀਆਂ ਦੀ ਕਰਾਈ ਗਈ ਕਥਾ ਦੀ ਗੱਲ ਕਰਦੇ ਹੋਏ ਜੀ. ਕੇ. ਨੇ ਕਮੇਟੀ ਵੱਲੋਂ ਕਿੱਤਾ ਮੁਖੀ ਕੋਰਸਾ ਰਾਹੀਂ ਬੇਰੁਜਗਾਰਾਂ ਨੂੰ ਆਪਣੇ ਪੈਰਾ ’ਤੇ ਖੜੇ ਕਰਨ ਵਾਸਤੇ 2 ਨਵੀਂ ਆਈ. ਟੀ. ਆਈ. ਬਦਰਪੁਰ ਅਤੇ ਮੰਗੋਲਪੁਰੀ ਵਿਖੇ ਕਮੇਟੀ ਵੱਲੋਂ ਖੋਲੀ ਜਾਣ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਗੁਰਪੁਰਬ ਮੌਕੇ ਆਤਿਸ਼ਬਾਜ਼ੀ ਨਾ ਕਰਨ ਦੀ ਕਮੇਟੀ ਦੀ ਅਪੀਲ ’ਤੇ ਸੰਗਤਾਂ ਵੱਲੋਂ ਵਿਖਾਏ ਗਏ ਹਾਂ-ਪੱਖੀ ਹੁੰਗਾਰੇ ਲਈ ਧੰਨਵਾਦ ਕੀਤਾ।ਨੋਟਬੰਦੀ ਕਰਕੇ ਬੈਂਕਾਂ ਦੇ ਬਾਹਰ ਮਜਬੂਰੀ ਵੱਜੋਂ ਖੜੇ ਸ਼ਹਿਰੀਆਂ ਦੀ ਮਦਦ ਜਲਪਾਨ ਰਾਹੀਂ ਕਰਨ ਦੀ ਸਿੱਖਾਂ ਨੂੰ ਅਪੀਲ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਸਾਡੀ ਮਦਦ ਇਸ ਗੱਲ ਦਾ ਪ੍ਰਤੀਕ ਹੋਵੇਗੀ ਕਿ ਜਿਸ ਸ਼ਹਿਰ ਵਿਚ ਸਾਨੂੰ 1984 ਵਿਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸ਼ਹਿਰ ਦੀਆਂ ਗੱਲੀਆਂ ਵਿਚ ਸਿੱਖ ਅੱਜ ਵੀ ਸਮਾਜ ਦੇ ਭਲੇ ਲਈ ਕਾਬਲੀਅਤ ਅਤੇ ਤਾਕਤ ਦੇ ਬਲ ’ਤੇ ਅਡੋਲ ਖੜੇ ਹਨ।

ਜੀ. ਕੇ. ਨੇ ਕਮੇਟੀ ਵੱਲੋਂ ਲਾਲ ਕਿਲੇ ਤੇ ਕੁਤੁਬ ਮੀਨਾਰ ਤੋਂ ਬਾਅਦ ਹੁਣ ਇੰਡੀਆ ਗੇਟ ਵਿੱਖੇ 25 ਅਤੇ 26 ਨਵੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਗੱਲ ਕਰਦੇ ਹੋਏ ਵਿਰੋਧੀ ਧਿਰ ਵੱਲੋਂ ਅਜਿਹੇ ਪ੍ਰੋਗਰਾਮਾਂ ਨੂੰ ਫਜੂਲ ਖਰਚਾ ਦੱਸਣ ਦੀ ਕੀਤੀ ਗਈ ਬਿਆਨਬਾਜ਼ੀ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ। ਜੀ. ਕੇ. ਨੇ ਸਾਫ਼ ਕਿਹਾ ਕਿ ਕੌਮ ਦਾ ਮਾਨ ਵਧਾਉਣ ਵਾਲੇ ਕਾਰਜ ਜੇਕਰ ਫਿਜੂਲਖਰਚੀ ਜਾਂ ਭ੍ਰਿਸ਼ਟਾਚਾਰ ਹੈ ਤਾਂ ਅਸੀਂ 200 ਫੀਸਦੀ ਹੋਰ ਵੱਧ ਅਜਿਹੇ ਖਰਚੇ ਕਰਨ ਨੂੰ ਤਿਆਰ ਬਰ ਤਿਆਰ ਹਾਂ।

ਇਸ ਮੌਕੇ ਕਾਰਸੇਵਾ ਵਾਲੇ ਬਾਬਾ ਬੱਚਨ ਸਿੰਘ ਜੀ, ਸਰਬਤ ਦਾ ਭਲਾ ਟ੍ਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਓਬੇਰਾਇ,ਕਮੇਟੀ ਦੇ ਸਕੂਲੀ ਅਧਿਆਪਕਾ ਨੂੰ ਟ੍ਰੇਨਿੰਗ ਦੇ ਰਹੇ ਹੈਲਗਾ ਟੋਡ ਫਾਉਂਡੇਸ਼ਨ ਦੀ ਜੁਆਇਸਲੀਨ ਤੇ ਕੈਥਰੀਨ, ਪਦਮ ਸ੍ਰੀ ਡਾ. ਡੀ. ਐਸ।ਗੰਭੀਰ, ਡਾ. ਜੇ. ਐਸ. ਡੱਲੀ ਅਤੇ ਡਾ. ਐਮ. ਪੀ. ਸਿੰਘ ਦਾ ਵੀ ਸਮਾਜ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨ ਕੀਤਾ ਗਿਆ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਮਾਗਮ ’ਚ 2 ਸਿੱਖ ਵਿਧਾਇਕ ਜਗਦੀਪ ਸਿੰਘ ਅਤੇ ਜਰਨੈਲ ਸਿੰਘ ਦੇ ਨਾਲ ਆਉਣ ’ਤੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਸਟੇਜ ਸਕੱਤਰ਼ਵੱਜੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ, ਹਰਦੇਵ ਸਿੰਘ ਧਨੋਆ, ਗੁਰਮੀਤ ਸਿੰਘ ਮੀਤਾ, ਬੀਬੀ ਧੀਰਜ ਕੌਰ ਅਤੇ ਸਮਰਦੀਪ ਸਿੰਘ ਸੰਨੀ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>