ਮਾਨ ਵੱਲੋਂ ਰਾਸ਼ਟਰਪਤੀ ਪ੍ਰਣਬ ਨੂੰ ਨੋਟਾਂ ਤੇ ਪਾਬੰਦੀ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਜਬਰ ਜੁਲਮ ਬਾਰੇ ਪੱਤਰ

ਵੱਲ:     ਸ਼੍ਰੀ ਪ੍ਰਣਬ ਮੁਖਰਜੀ,
ਸਦਰ ਏ ਹਿੰਦ,
ਪ੍ਰੈਜੀਡੈਂਟ ਹਾਊਸ, ਨਵੀਂ ਦਿੱਲੀ।

ਸਅਦਅ/5001/2016                                                                           14 ਨਵੰਬਰ 2016

ਵਿਸ਼ਾ:   ਹਿੰਦ ਦੇ ਮੌਜੂਦਾ ਵਜੀਰੇ ਆਜ਼ਮ ਸ਼੍ਰੀ ਮੋਦੀ ਵੱਲੋਂ ਆਪਣੀ ਮੌਤ ਦੇ ਪ੍ਰਗਟਾਏ ਖਦਸ਼ੇ, ਘੱਟ ਗਿਣਤੀਆਂ ਉਤੇ ਹੋ ਰਹੇ ਜਬਰ ਜੁਲਮ, 500 ਅਤੇ 1000 ਦੇ ਨੋਟਾਂ ਦੀ ਪਾਬੰਦੀ ਦੀ ਬਦੌਲਤ ਹਿੰਦ ਵਿਚ ਅਰਾਜਕਤਾ ਫੈਲਣ ਅਤੇ ਕਿਸੇ ਸਮੇਂ ਵੀ ਲਹੂ ਲੁਹਾਣ ਹੋਣ ਵਾਲੇ ਹਾਲਾਤਾਂ ਨੂੰ ਰੋਕਣ ਲਈ ਉਚੇਚਾ ਪ੍ਰਬੰਧ  ਕਰਨ ਸੰਬੰਧੀ।

ਸਤਿਕਾਰਯੋਗ ਸ਼੍ਰੀ ਪ੍ਰਣਬ ਮੁਖਰਜੀ ਜੀਓ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਅੱਜ ਮਿਤੀ 14 ਨਵੰਬਰ 2016 ਦੇ ਅੰਗਰੇਜ਼ੀ ਟ੍ਰਿਬਿਊਨ ਵਿਚ ਪਹਿਲੇ ਪੰਨੇ ‘ਤੇ ਹਿੰਦ ਦੇ ਵਜੀਰੇ ਆਜ਼ਮ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਹ ਡੂੰਘਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਜੋ ਮੈਂ ਕਾਲੇ ਧੰਨ ਨੂੰ ਖਤਮ ਕਰਨ ਲਈ ਅਤੇ ਹਿੰਦੂਤਵ ਸੋਚ ਨੂੰ ਲਾਗੂ ਕਰਨ ਲਈ ਵਡੇਰੇ ਕੰਮ ਕਰ ਰਿਹਾ ਹਾਂ, ਉਹਨਾਂ ਦੀ ਬਦੌਲਤ ਮੇਰੀ ਜਾਨ ਦਾ ਵੱਡਾ ਖਤਰਾ ਬਣ ਚੁੱਕਾ ਹੈ। ਪਰ ਮੈਂ (ਮੋਦੀ) ਆਪਣੇ ਮਿੱਥੇ ਕੰਮਾਂ ਨੂੰ ਹਰ ਕੀਮਤ ‘ਤੇ ਪੂਰਨ ਕਰਾਂਗਾ। ਸ਼੍ਰੀ ਮੋਦੀ ਦੀ ਜਾਨ ਦੇ ਖਤਰੇ ਨੂੰ ਹਿੰਦ ਦੀਆਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਵੀ ਪ੍ਰਤੱਖ ਕੀਤਾ ਹੈ। ਇੱਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਹਿੰਦ ਦੀ ਮੁਦਰਾ ਸਥਿਤੀ ਨੂੰ ਕਾਬ ਕਰਨ ਲਈ ਜੋ 1000 ਅਤੇ 500 ਰੁਪਏ ਦੇ ਨੋਟਾਂ ਉਤੇ ਪਾਬੰਦੀ ਲਗਾ ਕੇ ਹਿੰਦ ਨਿਵਾਸੀਆਂ ਵਿਸ਼ੇਸ਼ ਤੌਰ ‘ਤੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਜੀਵਨ ਨੂੰ ਸ਼੍ਰੀ ਮੋਦੀ ਨੇ ਅਸਤ ਵਿਅਸਤ ਕਰ ਦਿੱਤਾ ਹੈ, ਵਿਦਿੱਆ ਦੇ ਖੇਤਰ ਵਿਚ ਅਤੇ ਫੌਜ ਵਿਚ ਵੀ ਤਾਨਾਸ਼ਾਹੀ ਸੋਚ ਅਧੀਨ ਹਿੰਦੂਤਵ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ। ਵੱਡੇ ਸਨਅਤਕਾਰ ਅਤੇ ਅਮੀਰਾਂ ਦੇ 43 ਹਜ਼ਾਰ ਕਰੋੜ ਰੁਪਏ ਕਰਜਿ਼ਆਂ ਉਤੇ ਮੋਦੀ ਵੱਲੋਂ ਲੀਕ ਮਾਰਨ, ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਮੁਸਲਮਾਨਾਂ ਨੂੰ ਸਾਜਿਸ਼ੀ ਢੰਗ ਨਾਲ ਖਤਮ ਕਰਨ, ਉਹਨਾਂ ਦੀਆਂ ਬੀਬੀਆਂ ਨਾਲ ਜਬਰ ਜਿਨਾਹ ਕਰਨ, 2013 ਵਿਚ 60,000 ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿੱਚੋਂ ਬਤੌਰ ਮੁੱਖ ਮੰਤਰੀ ਹੁੰਦਿਆਂ ਜਬਰੀ ਬੇਘਰ ਅਤੇ ਬੇਜ਼ਮੀਨੇ ਕਰਨ, ਕਸ਼ਮੀਰ ਵਿਚ ਫੌਜ ਵੱਲੋਂ ਜਬਰ ਜ਼ੁਲਮ ਕਰਦੇ ਹੋਏ 110 ਕਸ਼ਮੀਰੀਆਂ ਨੂੰ ਮੌਤ ਦੇ ਘਾਟ ਉਤਾਰਨ, ਵੱਡੀ ਗਿਣਤੀ ਵਿਚ ਕਸ਼ਮੀਰੀਆਂ ਨੂੰ ਅੰਨ੍ਹੇ ਕਰ ਦੇਣ ਅਤੇ ਕੋਈ 9000 ਦੇ ਕਰੀਬ ਕਸ਼ਮੀਰੀਆਂ ਨੂੰ ਡੂੰਘੇ ਜ਼ਖਮੀ ਕਰ ਦੇਣ। ਹੁਣ ਐਨ ਐਫ ਯੂ ਨੂੰ ਤੋੜਨ ਦੀ ਸੋਚ ਉਤੇ ਅਮਲ ਕੀਤਾ ਜਾ ਰਿਹਾ ਹੈ। (ਐਨ ਐਫ ਯੂ ਦਾ ਮਤਲਬ ਹੈ ਕਿ ਭਾਰਤ ਕਦੀ ਵੀ ਕਿਸੇ ਵੀ ਮੁਲਕ ਉਤੇ ਹਮਲਾ ਕਰਨ ਲਈ ਪਹਿਲ ਨਹੀਂ ਕਰੇਗਾ।) ਇਹਨਾਂ ਉਪਰੋਕਤ ਸਾਰੇ ਅਮਲਾਂ ਤੋਂ ਸ਼੍ਰੀ ਮੋਦੀ ਦੀ ਤਾਨਾਸ਼ਾਹੀ ਅਤੇ ਜਾਬਰ ਸੋਚ ਲਾਗੂ ਹੋ ਰਹੀ ਹੈ। ਦੁਨੀਆਂ ਵਿਚ ਜੋ ਤਾਨਾਸ਼ਾਹੀ ਹਾਕਮ ਹੁੰਦੇ ਹਨ, ਜਿਵੇਂ ਸਿ਼ਕਾਗੋ ਵਿਚ ਉੱਥੋਂ ਦੇ ਮਾਫੀਆ ਅਤੇ ਆਗੂਆਂ ਨੇ ਜਬਰ ਜੁਲਮ ਕਰਨ ਦੀ ਬਦੌਲਤ, ਉਹਨਾਂ ਨੂੰ ਆਪਣੀ ਮੌਤ ਦਾ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ, ਉਸੇ ਤਰ੍ਹਾਂ ਸ਼੍ਰੀ ਮੋਦੀ ਵੱਲੋਂ ਉਪਰੋਕਤ ਇੱਥੋਂ ਦੇ ਨਿਵਾਸੀਆਂ ਨਾਲ ਤਾਨਾਸ਼ਾਹੀ ਸੋਚ ਅਧੀਨ ਕੀਤੇ ਜਾਣ ਵਾਲੇ ਜਬਰ ਜੁਲਮ ਅਤੇ ਬੇਇਨਸਾਫੀਆਂ ਦੀ ਬਦੌਲਤ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਹੀ ਸ਼੍ਰੀ ਮੋਦੀ ਨੇ ਦਿੱਲੀ ਤੋਂ ਛਪੀ ਖਬਰ ਅਨੁਸਾਰ ਆਪਣੀ ਮੌਤ ਦੇ ਡਰ ਸੰਬੰਧੀ ਕਿਹਾ ਹੈ ਕਿ ਉਸ ਨੇ ਆਪਣੀ ਮੌਤ ਦੀ ਤਿਆਰੀ ਕੀਤੀ ਹੋਈ ਹੈ।

ਹਿੰਦ ਵਿਚ ਰੋਜ਼ਾਨਾ ਛਪਣ ਵਾਲੇ ਅਖਬਾਰਾਂ ਦੇ ਕਰੋੜਾਂ ਪਾਠਕਾਂ ਅਤੇ ਹਿੰਦ ਨਿਵਾਸੀਆਂ ਨੂੰ ਇਹ ਯਾਦ ਦਿਵਾਉਣਾ ਆਪਣਾ ਫਰਜ਼ ਸਮਝਦੇ ਹਾਂ ਕਿ ਜੂਨ 1984 ਵਿਚ ਜਦੋਂ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਸਰਬ ਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਆਪ੍ਰੇਸ਼ਨ ਕੀਤਾ ਸੀ ਅਤੇ ਜਿਸ ਵਿਚ ਸਿੱਖ ਕੌਮ ਦੇ ਕੌਮੀ ਹੀਰੋ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੰਘ (Assassinate) ਅਸੈਸੀਨੇਟ ਅਤੇ 25,000 ਦੇ ਕਰੀਬ ਨਿਹੱਥੇ ਅਤੇ ਬੇਦੋਸ਼ੇ ਸ਼ਰਧਾਲੂ ਜਿਹਨਾਂ ਵਿਚ ਬੱਚੇ, ਨੌਜਵਾਨ, ਬੀਬੀਆਂ ਅਤੇ ਬਜ਼ੁਰਗ ਸਨ ਅਤੇ ਜੋ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਗਏ ਹਨ, ਉਹਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ, ਤਾਂ ਉਸ ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਵੀ ਆਪਣੀ ਮੌਤ ਦੇ ਖਦਸ਼ੇ ਦਾ ਪ੍ਰਗਟਾਵਾ ਕੀਤਾ ਸੀ। ਜਦੋਂ ਕਿ ਸਿੱਖਾਂ ਨੇ ਅਕਤੂਬਰ 1984 ਵਿਚ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦੇ ਹੋਏ ਮੌਤ ਦੇ ਦਿੱਤੀ ਸੀ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰਾਜੀਵ ਗਾਂਧੀ ਨੇ ਵਜੀਰੇ ਆਜ਼ਮ ਦੀ ਕੁਰਸੀ ‘ਤੇ ਬੈਠਦਿਆਂ ਹੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੇ ਹੁਕਮ ਕਰਕੇ ਹਜ਼ਾਰਾਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ , ਬੀਬੀਆਂ ਦੀ ਬੇਪਤੀ ਕਰਨ ਦੇ ਅਮਲਾਂ ਦੇ ਨਾਲ ਨਾਲ ਸਿੱਖਾਂ ਨੂੰ ਭਾਰਤ ਵਿਚੋਂ ਜਬਰੀ ਹਿਜਰਤ ਕਰਨ ਲਈ ਮਜਬੂਰ ਕੀਤਾ ਸੀ। ਇਹੀ ਵਜ੍ਹਾ ਹੈ ਕਿ ਅੱਜ ਵੱਡੀ ਗਿਣਤੀ ਵਿਚ ਸਿੱਖ ਅਮਰੀਕਾ, ਕੈਨੇਡਾ, ਨਿਊਜੀਲੈਂਡ, ਬਰਤਾਨੀਆਂ ਅਤੇ ਯੂਰਪ ਆਦਿ ਵਿਚ ਹਿਜਰਤ ਕਰ ਗਏ ਹਨ। ਹਿਜਰਤ ਦੀ ਵਜ੍ਹਾ ਵੀ ਸਟੇਟ ਟੈਰਰਰਿਜ਼ਮ (ਸਰਕਾਰੀ ਤਸ਼ੱਦਦ) ਹੈ। ਜਦੋਂ ਰਾਜੀਵ ਗਾਂਧੀ ਦਾ ਕਤਲ ਹੋਇਆ ਸੀ ਇਹ ਕਤਲ ਤਾਮਿਲਾਂ ਵੱਲੋਂ ਕੀਤਾ ਸਾਹਮਣੇ ਆਇਆ ਸੀ। ਉਸ ਸਮੇਂ ਸ਼੍ਰੀ ਚੰਦਰ ਸ਼ੇਖਰ ਭਾਰਤ ਦੇ ਵਜੀਰੇ ਆਜ਼ਮ ਸਨ ਜੋ ਕਿ ਬਹੁਤ ਹੀ ਤਕੜੇ ਅਤੇ ਮਜ਼ਬੂਤ ਇਰਾਦੇ ਵਾਲੇ ਇਨਸਾਨ ਸਨ। ਜਿਹਨਾਂ ਨੇ ਸਮੁੱਚੇ ਭਾਰਤ ਵਿਚ ਤੁਰੰਤ ਫੌਜ ਨੂੰ ਬੈਰਕਾਂ ਤੋਂ ਬਾਹਰ ਆਉਣ ਦੇ ਹੁਕਮ ਕਰਕੇ ਸਮੁੱਚੇ ਭਾਰਤ ਵਿਚ ਫੌਜ ਦੀ ਤਾਇਨਾਤੀ ਕਰ ਦਿੱਤੀ ਸੀ। ਜਿਸ ਕਾਰਨ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਘੱਟ ਗਿਣਤੀ ਕੌਮ ਜਾਂ ਭਾਰਤੀ ਨਿਵਾਸੀ ਨਾਲ ਨਾਂ ਤਾਂ ਕੋਈ ਅਣਸੁਖਾਂਵੀਂ ਘਟਨਾ ਵਾਪਰੀ ਅਤੇ ਨਾਂ ਹੀ ਕੋਈ ਪੱਤਾ ਹਿੱਲਿਆ।

ਹੁਣ ਗੱਲ ਇਹ ਹੈ ਕਿ ਜੋ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ ਮੌਤ ਦਾ ਖਦਸ਼ਾ ਪ੍ਰਗਟ ਕੀਤਾ ਹੈ, ਉਸ ਦੇ ਪਿੱਛੇ ਦੋ ਮੁੱਖ ਕਾਰਨ ਹਨ। ਇਕ ਤਾਂ ਸ਼੍ਰੀ ਮੋਦੀ ਨੇ ਘੱਟ ਗਿਣਤੀ ਕੌਮਾਂ ਮੁਸਲਮਾਨਾਂ ਅਤੇ ਸਿੱਖਾਂ ਉਤੇ ਜਬਰ ਜੁਲਮ ਢਾਏ ਹਨ, ਦੂਸਰਾ ਆਪਣੀ ਮੁਦਰਾ ਸਥਿਤੀ ਦੀ ਨੀਤੀ ਅਧੀਨ 500 ਅਤੇ 1000 ਦੇ ਨੋਟਾਂ ਨੂੰ ਬਿਨ੍ਹਾਂ ਕਿਸੇ ਅਗਾਓਂ ਪ੍ਰਬੰਧ ਦੇ ਬੰਦ ਕਰਕੇ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਦੀ ਸਾਰੀ ਉਮਰ ਦੀ ਕਮਾਈ ਨੂੰ ਖਤਮ ਕਰ ਦਿੱਤਾ ਹੈ, ਫੌਜ ਵਿਚ ਉੱਚ ਅਫਸਰਾਂ ਤੋਂ ਲੈ ਕੇ ਜਵਾਨ ਤੱਕ ਇਕ ਰੈਂਕ ਅਤੇ ਇਕ ਪੈਨਸ਼ਨ ਨੂੰ ਲਾਗੂ ਨਾਂ ਕਰਨ ਅਤੇ ਫੌਜੀਆਂ ਦੀਆਂ ਤਨਖਾਹਾਂ ਸਿਵਲੀਅਨਾਂ ਤੋਂ ਘੱਟ ਹੋਣ ਅਤੇ ਅੱਜ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਵਿਚ ਮੋਦੀ ਪ੍ਰਤੀ ਵੱਡੀ ਨਫ਼ਰਤ ਉਤਪੰਨ ਹੋ ਚੁੱਕੀ ਹੈ। ਇਸ ਲਈ ਸ਼੍ਰੀ ਮੋਦੀ ਵੱਲੋਂ ਆਪਣੀ ਮੌਤ ਦਾ ਪ੍ਰਗਟਾਇਆ ਖਦਸ਼ਾ ਸੱਚ ਵੀ ਹੋ ਸਕਦਾ ਹੈ। ਅੱਹ ਬੀਜੇਪੀ-ਆਰ ਐਸ ਐਸ ਅਤੇ ਫਿਰਕੁ ਸੰਗਠਨਾਂ ਉਤੇ ਪੂਰੀ ਤਰ੍ਹਾਂ ਫੌਜੀ ਅਤੇ ਤਾਨਾਸ਼ਾਹੀ ਰੰਗ ਚੜ੍ਹ ਚੁੱਕਾ ਹੈ। ਕਿਸੇ ਸਮੇਂ ਵੀ ਹਿੰਦ ਵਿਚ ਉਪਰੋਕਤ ਖਦਸਿ਼ਆਂ ਦੇ ਸੰਬੰਧ ਵਿਚ ਵਾਪਰਨ ਵਾਲੀ ਘਟਨਾਂ ਉਪਰੰਤ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਸਿੱਖ, ਮੁਸਲਿਮ, ਇਸਾਈ ਅਤੇ ਰੰਘਰੇਟੇਆਂ ਉੱਤੇ ਜਬਰ ਜੁਲਮ ਢਹਿ ਸਕਦੇ ਹਨ। ਰੱਬ ਨਾਂ ਕਰੇ ਜੇਕਰ ਮੋਦੀ ਵੱਲੋਂ ਪ੍ਰਗਟਾਇਆ ਖਦਸ਼ਾ ਸੱਚ ਹੋ ਗਿਆ ਤਾਂ ਫਿਰ ਇੱਥੇ ਅਰਾਜਕਤਾ (Anarchy) ਫੈਲ ਜਾਵੇਗੀ ਅਤੇ ਹਿੰਦੂਤਵ ਸੰਗਠਨਾਂ ਵੱਲੋਂ ਜੋ ਫੌਜ ਵਿਚ ਹਿੰਦੂਤਵ ਸੋਚ ਨੂੰ ਫੈਲਾਇਆ ਜਾ ਰਿਹਾ ਹੈ, ਇਹ ਹਿੰਦੂਤਵ ਸੰਗਠਨ ਅਤੇ ਫੌਜ ਦੇ ਕੱਟੜਵਾਦੀ ਸੋਚ ਦੇ ਮਾਲਕ ਅਫਸਰ ਤਾਂ ਇੱਥੇ ਲਹੂ ਲੁਹਾਨ ਕਰ ਦੇਣਗੇ। ਕਿਉਂ ਕਿ ਆਪ ਜੀ ਹਿੰਦ ਦੀਆਂ ਤਿੰਨੇ ਫੌਜਾਂ ਥਲ ਸੈਨਾ, ਜਲ ਸੈਨਾਂ ਅਤੇ ਹਵਾਈ ਸੈਨਾ ਦੇ ਕਾਨੂੰਨੀਂ ਤੌਰ ‘ਤੇ ਕਮਾਂਡਰ ਇਨ ਚੀਫ ਹੋ। ਖੁਦਾ ਨਾਂ ਕਰੇ ਕਿ ਸ਼੍ਰੀ ਮੋਦੀ ਸੰਬੰਧੀ ਆਉਣ ਵਾਲੇ ਸਮੇਂ ਵਿਚ ਕੋਈ ਘਟਨਾ ਵਾਪਰ ਗਈ ਤਾਂ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੀਆਂ ਜਿੰਦਗਾਨੀਆਂ ਲਈ ਬਹੁਤ ਵੱਡਾ ਖਤਰਾ ਖੜ੍ਹਾ ਹੋ ਜਾਵੇਗਾ ਅਤੇ ਇੱਥੇ ਲਹੂ ਲੁਹਾਣ ਹੋਣ ਵਾਲੇ ਹਾਲਾਤਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ। ਕਿਸੇ ਸਮੇਂ ਵੀ ਬਦਤਰ ਹਾਲਾਤ ਬਣਨ ਉਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵਿਦੇਸ਼ੀ ਦੁਸ਼ਮਣ ਤਾਕਤਾਂ ਵੀ ਹਮਲਾ ਕਰ ਸਕਦੀਆਂ ਹਨ, ਫਿਰ ਅਜਿਹੇ ਸਮੇਂ ਆਪ ਜੀ ਦੇ ਅਧੀਨ ਕੰਮ ਕਰਨ ਵਾਲੀਆਂ ਤਿੰਨੇ ਫੌਜਾਂ ਵਿਦੇਸ਼ੀ ਹਮਲਾਵਰ ਨੂੰ ਰੋਕਣਗੀਆਂ ਜਾਂ ਫਿਰ ਅੰਦਰੂਨੀ ਪੇਦਾ ਹੋਏ ਵਿਸਫੋਟਕ ਹਾਲਾਤਾਂ ਨੂੰ ਕਾਬੂ ਕਰਨਗੀਆਂ? ਜੋ ਕਿ ਸਾਡੀ ਗਹਿਰੀ ਚਿੰਤਾ ਦਾ ਵਿਸ਼ਾ ਹੈ, ਜਿਸ ਦੀ ਬਦੌਲਤ ਆਪ ਜੀ ਨੂੰ ਇਹ ਹੱਥਲਾ ਪੱਤਰ ਲਿਖ ਰਹੇ ਹਾਂ। ਕਿਸੇ ਅਣਸੁਖਾਵੀਂ ਘਟਨਾ ਹੋ ਜਾਣ ‘ਤੇ ਇੱਥੇ ਮਨੁੱਖਤਾ ਦਾ ਕਤਲੇਆਮ ਨਾ ਹੋਵੇ, ਇਨਸਾਨੀਅਤ ਦਾ ਖੂਨ ਨਾ ਵਹੇ, ਉਸ ਦੀ ਰੋਕਥਾਮ ਲਈ ਆਪ ਜੀ ਨੇ ਕੀ ਸੋਚਿਆ ਹੈ?

ਜਦੋਂ ਆਪ ਜੀ ਨੇ ਸਦਰ ਏ ਹਿੰਦ ਦੇ ਉੱਚ ਰੁਤਬੇ ‘ਤੇ ਬਿਰਾਜਮਾਨ ਹੁੰਦੇ ਸਮੇਂ ਸਹੁੰ ਚੁੱਕਦੇ ਹੋਏ ਇਹ ਪ੍ਰਣ ਕੀਤਾ ਹੈ ਕਿ ਮੈਂ ਇੱਥੇ ਵੱਸਣ ਵਾਲੇ ਹਰ ਨਾਗਰਿਕ ਦੀ ਜਾਨ-ਮਾਲ ਅਤੇ ਆਜ਼ਾਦੀ ਦੀ ਬਰਾਬਰਤਾ ਦੀ ਸੋਚ ਦੇ ਆਧਾਰ ‘ਤੇ ਰੱਖਿਆ ਕਰਾਂਗਾ। ਜੋ ਵਿਧਾਨ ਦੀ ਧਾਰਾ 21 ਅਤੇ 14 ਇਸ ਨੂੰ ਪ੍ਰਤੱਖ ਕਰਦੀਆਂ ਹਨ। ਫਿਰ ਆਪ ਜੀ ਨੇ ਆਪਣੇ ਵੱਲੋਂ ਕੀਤੇ ਵਿਧਾਨਕ ਪ੍ਰਣ ਅਤੇ ਭਾਰਤ ਨਿਵਾਸੀਆਂ ਨਾਲ ਕੀਤੇ ਗਏ ਬਚਨ ਨੂੰ ਪੂਰਾ ਕਰਨ ਲਈ ਉਹਨਾਂ ਦਾ ਟਾਕਰਾ ਕਰਨ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਲਈ ਕੀ ਤਿਆਰੀ ਕੀਤੀ ਹੈ? ਉਸ ਨੂੰ ਜਾਨਣ ਲਈ ਹੀ ਅਸੀਂ ਆਪ ਜੀ ਨੂੰ ਆਪਣੇ ਇਸ ਪੱਤਰ ਰਾਹੀਂ ਆਪਣੇ ਵਿਚਾਰਾਂ ਨੂੰ ਸਾਂਝੇ ਕਰ ਰਹੇ ਹਾਂ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਲਿਖੇ ਗਏ ਇਸ ਪੱਤਰ ਵਿਚ ਪ੍ਰਗਟਾਈਆਂ ਗਈਆਂ ਭਾਵਨਾਵਾਂ ਅਤੇ ਆਊਣ ਵਾਲੇ ਸਮੇਂ ਦੇ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੀਆਂ ਜਿੰਦਗਾਨੀਆਂ ਦੇ ਪੈਦਾ ਹੋਣ ਵਾਲੇ ਖਤਰੇ ਦੇ ਅਤਿ ਸੰਜੀਦਾ ਮੁੱਦੇ ਉਤੇ ਗੌਰ ਕਰਦੇ ਹੋਏ ਅਤੇ ਇਸ ਸਮੇਂ ਦੇ ਮੌਜੂਦਾ ਹਿੰਦੂਤਵ ਹੁਕਮਰਾਨਾਂ ਵੱਲੋਂ ਫੌਜ ਵਿਚ ਵੀ ਹਿੰਦੂ ਪੁੱਠ ਨੂੰ ਤੇਜੀ ਨਾਲ ਚਾੜ੍ਹਨ ਦੇ ਅਮਲਾਂ ਨੂੰ ਮੁੱਖ ਰੱਖਦੇ ਹੋਏ, ਕਿਸੇ ਸਮੇਂ ਇੱਥੇ ਦੇ ਵਿਸਫੋਟਕ ਹਾਲਾਤ ਬਣਨ ਉਤੇ ਇੱਥੇ ਵੱਸਣ ਵਾਲੀਆਂ ਗੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਕੌਮਾਂ ਦੇ ਜਾਨ ਮਾਲ ਅਤੇ ਉਹਨਾਂ ਦੀ ਆਜ਼ਾਦੀ ਦੀ ਸੰਪੁਰਨ ਰੂਪ ਵਿਚ ਰੱਖਿਆ ਦਾ ਉਚੇਚਾ ਪ੍ਰਬੰਧ ਕਰਨ ਦੇ ਨਾਲ ਨਾਲ ਸਾਨੂੰ ਵੀ ਆਪਣੇ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਪ੍ਰਬੰਧਾਂ ਤੋਂ ਜਾਣੂੰ ਕਰਾਉਣ ਦੀ ਕ੍ਰਿਪਾਲਤਾ ਕਰੋਗੇ। ਤਾਂ ਕਿ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਮਨ ਆਤਮਾ ਵਿਚ ਹੁਕਮਰਾਨਾਂ ਵੱਲੋਂ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਉਤਪੰਨ ਹੋ ਚੁੱਕੇ ਡਰ, ਭੈਅ ਨੂੰ ਅਮਲੀ ਰੂਪ ਵਿਚ ਖਤਮ ਕੀਤਾ ਜਾ ਸਕੇ ਅਤੇ ਆਪ ਜੀ ਆਪਣੇ ਵੱਲੋਂ ਸਹੁੰ ਚੁੱਕਦੇ ਹੋਏ ਇੱਥੋਂ ਦੇ ਨਿਵਾਸੀਆਂ ਨਾਲ ਕੀਤੇ ਗਏ ਵਿਧਾਨਿਕ ਪ੍ਰਣ ਨੂੰ ਵੀ ਅਮਲੀ ਰੂਪ ਵਿਚ ਪੂਰਨ ਕਰਨ ਦਾ ਘੱਟ ਗਿਣਤੀ ਕੋਮਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਦੀ ਸਦਾ ਲਈ ਹਰ ਪੱਖੋਂ ਹਿਫਾਜਤ ਕਰਨ ਦੀ ਵਿਧਾਨਕ ਜਿੰਮੇਵਾਰੀ ਨਿਭਾਅ ਸਕੋ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇੱਥੇ ਵੱਸਣ ਵਾਲੀਆਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਆਪ ਜੀ ਦੀਆਂ ਤਹਿ ਦਿਲੋਂ ਧੰਨਵਾਦੀ ਹੋਣਗੀਆਂ।

ਗੁਰੂ ਘਰ ਅਤੇ ਪੰਥ ਦਾ ਦਾਸ,
(ਸਿਮਰਨਜੀਤ ਸਿੰਘ ਮਾਨ)

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>