ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਪਟਨਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਤੱਕ ਜਾਗ੍ਰਿਤੀ ਯਾਤਰਾ ਕੱਢੀ ਜਾਵੇਗੀ

ਅੰਮ੍ਰਿਤਸਰ : ਸਾਹਿਬੇ ਕਮਾਲ, ਸਰਬੰਸ ਦਾਨੀ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਜਾਗ੍ਰਿਤੀ ਯਾਤਰਾ ਕੱਢੀ ਜਾ ਰਹੀ ਹੈ ਜੋ   ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਸ ਪਟਨਾ ਸਾਹਿਬ ਜਾ ਕੇ ਸਮਾਪਤ ਹੋਵੇਗੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਪੁੱਜਣ ਤੇ ਇਸ ਜਾਗ੍ਰਿਤੀ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸਥਾਨਾ ਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰਿਹਾਇਸ਼ ਆਦਿ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਸਮੁੱਚੇ ਅੰਤ੍ਰਿੰਗ ਕਮੇਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਸਬੰਧੀ ਕੱਢੀ ਜਾ ਰਹੀ ਜਾਗ੍ਰਿਤੀ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪੜਾਵਾਂ ਤੇ ਸਵਾਗਤੀ ਗੇਟ ਬਨਾਉਣ, ਉਨ੍ਹਾਂ ਨੂੰ ਜੀ ਆਇਆਂ ਕਹਿਣ ਅਤੇ ਲੰਗਰ ਲਗਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਗਤਾਂ ਇਸ ਜਾਗ੍ਰਿਤੀ ਯਾਤਰਾ ਵਿੱਚ ਹੁੰਮ ਹੁਮਾ ਕੇ ਸ਼ਾਮਿਲ ਹੋਣ ਤੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋਣ ਤੇ ਦਸਮ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਸ੍ਰ: ਗੁਰਵਿੰਦਰ ਸਿੰਘ ਮੈਂਬਰ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਅਤੇ ਚੇਅਰਮੈਨ ਸ਼ਤਾਬਦੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਸ਼ਾਲ ਜਾਗ੍ਰਿਤੀ ਯਾਤਰਾ ਦੇ ਰੂਟ ਇਸ ਤਰ੍ਹਾਂ ਹੋਣਗੇ :

ਇਸ ਜਾਗ੍ਰਿਤੀ ਯਾਤਰਾ ਦਾ ਆਰੰਭ ੨੨ ਨਵੰਬਰ ੨੦੧੬ ਨੂੰ ਸਰਸਾ ਤੋਂ ਚੱਲ ਕੇ ਸਰਦੂਲਗੜ੍ਹ ਅਤੇ ਰਾਤ ਦਾ ਵਿਸ਼ਰਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਵੇਗਾ। ਇਸੇ ਤਰ੍ਹਾਂ ੨੩ ਨਵੰਬਰ ਨੂੰ ਸਵੇਰੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਤੋਂ ਚੱਲ ਕੇ ਬਠਿੰਡਾ, ਮਲੋਟ ਅਤੇ ਸ੍ਰੀ ਮੁਕਤਸਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। ੨੪ ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ, ਕੋਟਕਪੂਰਾ, ਬਰਗਾੜੀ, ਬਰਨਾਲਾ ਤੋਂ ਹੋ ਕੇ ਰਾਏਕੋਟ ਵਿਖੇ ਰਾਤ ਦਾ ਵਿਸ਼ਰਾਮ, ੨੫ ਨਵੰਬਰ ਨੁੰ ਰਾਏਕੋਟ ਤੋਂ ਚੱਲ ਕੇ ਮਲੇਰ ਕੋਟਲਾ, ਨਾਭਾ, ਪਟਿਆਲਾ ਤੋਂ ਹੋ ਕੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਰਾਤ ਦਾ ਵਿਸ਼ਰਾਮ, ੨੬ ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਸ਼ਹਿਰ ‘ਚੋਂ ਹੁੰਦਾ ਹੋਇਆ ਖਰੜ, ਕੁਰਾਲੀ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ, ੨੭ ਨਵੰਬਰ ਗੁ: ਸ੍ਰੀ ਭੱਠਾ ਸਾਹਿਬ ਰੋਪੜ ਤੋਂ ਚੱਲ ਕੇ ਵਾਇਆ ਕੀਰਤਪੁਰ ਦੁਪਹਿਰ ੧੨:੦੦ ਵਜੇ ਤੀਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚਕੇ ਰਾਤ ਦਾ ਵਿਸ਼ਰਾਮ ਓਥੇ ਹੀ ਕਰੇਗਾ। ਇਸੇ ਤਰ੍ਹਾਂ ੨੮ ਨਵੰਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਵਾਇਆ ਗੜ੍ਹਸ਼ੰਕਰ, ਮਾਹਲਪੁਰ, ਹੁਸ਼ਿਆਰਪੁਰ ਤੋਂ ਰਾਮਪੁਰ ਖੇੜਾ (ਗੜ੍ਹਦੀਵਾਲ) ਵਿਖੇ ਰਾਤ ਦਾ ਵਿਸ਼ਰਾਮ, ੨੯ ਨਵੰਬਰ ਨੂੰ ਰਾਮਪੁਰ ਖੇੜਾ ਤੋਂ ਚੱਲ ਕੇ ਵਾਇਆ ਦਸੂਹਾ, ਟਾਂਡਾ ਤੋਂ ਹੋ ਕੇ ਸ੍ਰੀ ਹਰਿਗੋਬਿੰਦਪੁਰ ਵਿਖੇ ਰਾਤ ਦਾ ਵਿਸ਼ਰਾਮ, ੩੦ ਨਵੰਬਰ ਨੁੰ ਸ੍ਰੀ ਹਰਿਗੋਬਿੰਦਪੁਰ ਤੋਂ ਚੱਲ ਕੇ ਵਾਇਆ ਘੁਮਾਣ, ਮਹਿਤਾ ਚੌਂਕ, ਬੋਪਾਰਾਇ, ਨਵਾਂ ਪਿੰਡ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ, ਨਿਊ ਅੰਮ੍ਰਿਤਸਰ, ਚਮਰੰਗ ਰੋਡ, ਸੁਲਤਾਨਵਿੰਡ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ੧ ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਵਾਇਆ ਸ੍ਰੀ ਤਰਨ-ਤਾਰਨ, ਸ੍ਰੀ ਖਡੂਰ ਸਾਹਿਬ ਮੀਆਂ ਵਿੰਡ ਖਲਚੀਆਂ ਤੋਂ ਹੋ ਕੇ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ, ੨ ਦਸੰਬਰ ਨੂੰ ਬਾਬਾ ਬਕਾਲਾ ਤੋਂ ਚੱਲ ਕੇ ਕਰਤਾਰਪੁਰ, ਜਲੰਧਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਅਸਥਾਨਾ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਆਲਮਗੀਰ (ਲੁਧਿਆਣਾ) ਵਿਖੇ ਰਾਤ ਦਾ ਵਿਸ਼ਰਾਮ, ੩ ਦਸੰਬਰ ਨੂੰ ਗੁਰਦੁਆਰਾ ਸਾਹਿਬ ਆਲਮਗੀਰ (ਲੁਧਿਆਣਾ) ਤੋਂ ਚੱਲ ਕੇ ਮੰਜੀ ਸਾਹਿਬ ਕੋਟਾਂ, ਖੰਨਾ, ਸਰਹੰਦ, ਰਾਜਪੁਰਾ, ਤੋਂ ਹੋ ਕੇ ਅੰਬਾਲਾ (ਹਰਿਆਣਾ) ਵਿਖੇ ਰਾਤ ਦਾ ਵਿਸ਼ਰਾਮ, ੪ ਦਸੰਬਰ ਨੂੰ ਅੰਬਾਲਾ (ਹਰਿਆਣਾ) ਤੋਂ ਚੱਲ ਕੇ ਸ਼ਾਹਬਾਦ, ਪਿੱਪਲੀ, ਤਰਾਵੜੀ, ਕਰਨਾਲ, ਪਾਣੀਪਤ ਵਿਖੇ ਰਾਤ ਦਾ ਵਿਸ਼ਰਾਮ ਅਤੇ ੫ ਦਸੰਬਰ ਨੁੰ ਪਾਣੀਪਤ ਤੋਂ ਚੱਲ ਕੇ ਗਨੌਰ, ਮੂਰਥਲ, ਕਰਨਾਲ ਬਾਈਪਾਸ ਮਜਨੂੰ ਟਿੱਲਾ, ਦਿੱਲੀ ਵਿਖੇ ਪੁੱਜੇਗਾ ਤੇ ਇਸ ਉਪਰੰਤ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਵਾਪਸ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>