ਜਦ ਗੁਰੂ ਗੋਬਿੰਦ ਸਿੰਘ ਜੀ ਦਾ 300-ਸਾਲਾ ਪ੍ਰਕਾਸ਼ ਦਿਵਸ ਮਨਾਇਆ ਗਿਆ

ਸਿੱਖ ਪੰਥ ਵਲੋਂ ਵਿਸ਼ਵ ਭਰ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350-ਵਾਂ ਪ੍ਰਕਾਸ਼ ਪੁਰਬ ਜਨਵਰੀ 2017 ਦੇ ਪਹਿਲੇ ਹਫ਼ਤੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਨ ਕੀਤਾ ਹੈ ਕਿ ਦੇਸ਼ਭਰ ਵਿਚ ਇਹ ਗੁਰਪੁਰਬ ਸਰਕਾਰੀ ਪੱਧਰ ਤੇ ਮਨਾਇਆ ਜਾਏਗਾ। ਤਖ਼ਤ ਸ੍ਰੀ ਪਟਨ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਸਮਰਥਨ ਨਾਲ ਬਿਹਾਰ ਤੇ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕਾਰਜ ਪਹਿਲਾਂ ਹੀ ਸ਼ੁਰੂ ਹੋ ਚੁਕੇ ਹਨ। ਪਟਨਾ ਸਾਹਿਬ ਤੋਂ ਇਸ ਮੰਤਵ ਲਈ ‘ਜਾਗ੍ਰਿਤੀ ਯਾਤਰਾ’ ਸ਼ੁਰੂ ਕੀਤੀ ਗਈ ਹੈ, ਜੋ ਕਈ ਸੂਬਿਆਂ ਵਿਚੋਂ ਗੁਜ਼ਰ ਕੇ 24 ਨਵੰਬਰ ਤੋਂ ਚਾਰ ਦਸੰਬਰ ਤਕ ਪੰਜਾਬ ਤੋਂ ਹਾਰਿਆਣਾ ਵਿਚੋਂ ਲੰਘੇਗੀ।

ਗੁਰੂ ਸਾਹਿਬਾਨ ਤੇ ਹੋਰ ਇਤਿਹਾਸਿਕ ਸ਼ਤਾਬਦੀਆਂ ਮਨਾਉਣ ਦੀ ਸ਼ੁਰੂਆਤ 17 ਜਨਵਰੀ,1967 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300-ਸਾਲਾ ਪ੍ਰਕਾਸ਼ ਦਿਵਸ ਮਨਾਉਣ ਤੋਂ ਹੋਈ ਸੀ। ਪੰਜਾਬ ਦਾ ਭਾਸ਼ਾ ਦੇ ਆਧਾਰ ਉਤੇ ਹਾਲੇ ਪੁਨਰਗਠਨ ਨਹੀਂ ਹੋਇਆ ਸੀ। ਪੰਜਾਬ ਦੇ ਤਤਕਾਲੀ ਮੁਖ ਮੰਤਰੀ ਕਾਮਰੇਡ ਰਾਮ ਕਿਸ਼ਨ ਨੇ ਇਹ ਤੈ-ਸ਼ਤਾਬਦੀ ਮਨਾਉਣ ਲਈ ਸੁਝਾਅ ਮੰਗਣ ਵਾਸਤੇ ਜੁਲਾਈ 1965 ਵਿਚ ਸਟੇਟ ਲਾਇਬ੍ਰੇਰੀ ਪਟਿਆਲਾ ਵਿਖੇ ਇਕ ਕਨਵੈਨਸ਼ਨ ਬੁਲਾਈ। ਇਸ ਵਿਚ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਲੀਡਰ, ਲੇਖਕ, ਵਿਦਵਾਨ, ਕਲਾਕਾਰ ਤੇ ਜਾਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰਾਂ ਦੇ ਸੰਪਾਦਕ ਬੁਲਾਏ ਗਏ। ਪ੍ਰਸਿੱਧ ਚਿਤਰਕਾਰ ਸੋਭਾ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਇਹ ਲੇਖਕ ਜੋ ਉਸ ਸਮੇਂ ਅੰਦਰੇਟੇ ਹੀ ਰਹਿ ਕੇ ਚਿੱਤਰਕਾਰੀ ਸਿਖ  ਰਿਹਾ ਸੀ, ਉਸਤਾਦ ਚਿੱਤਰਕਾਰ ਨਾਲ ਆ ਕੇ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਇਆ ਸੀ। ਬੜੀ ਭਰਵੀ ਤੇ ਉਸਾਰੂ ਬਹਿਸ ਹੋਈ ਤੇ ਬੜੇ ਸੁਝਾਅ ਆਏ।ਇਹ ਤ੍ਰੈ-ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਉਣ ਦਾ ਫੈਸਲਾ ਹੋਇਆ। ਰੋਜ਼ਾਨਾ ਮਿਲਾਪ, ਦਿੱਲੀ ਦੇ ਸੰਪਾਦਕ ਰਨਬੀਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਵਨੀ ਲਿਖਣ ਤੇ ਚਿਤਰਕਾਰ ਸੋਭਾ ਸਿੰਘ ਨੂੰ ਗੁਰੂ ਜੀ ਦਾ ਚਿੱਤਰ ਬਣਾਉਣ ਦੀ ਜ਼ਿਮੇਵਾਰੀ ਸੌਂਪੀ ਗਈ। ਸ੍ਰੀ ਰਨਬੀਰ ਨੇ ਉਰਦੂ ਵਿਚ ਗੁਰੂ ਜੀ ਦੀ ਜੀਵਨੀ “ਯੁੱਗ ਪੁਰਸ਼ – ਗੁਰੂ ਗੋਬਿੰਦ ਸਿੰਘ” ਲਿਖੀ ਜੋ ਪਿਛੋਂ ਸਾਰੀਆਂ ਪ੍ਰਮੁਖ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ।ਚਿੱਤਰਕਾਰ ਸੋਭਾ ਸਿੰਘ ਗੁਰੁ ਜੀ ਦਾ ਇਕ ਆਦਮ ਕੱਦ ਚਿਤਰ ਬਣਾਉਣ ਵਿਚ ਰੁਝ ਗਏ।

ਅਗਲੇ ਹੀ ਮਹੀਨੇ 15 ਅਗਸਤ ਨੂੰ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਫਤਹਿ ਸਿੰਘ ਨੇ ਭਾਰਤ ਸਰਕਾਰ ਨੂੰ ਅਲਟੀਮੇਟਿਮ ਦਿੱਤਾ ਕਿ ਜੇ ਕਰ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਸਥਾਪਨਾ ਨਾ ਕੀਤੀੌ ਗਈ, ਤਾਂ ਉਹ 10 ਸਤੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਗੇ ਅਤੇ ਕੁਝ ਦਿਨਾਂ ਬਾਅਦ ਆਤਮ ਦਾਹ ਕਰ ਲੈਣ ਗੇ। ਪਾਕਿਸਤਾਨ ਨੇ 6 ਸਤੰਬਰ ਨੂੰ ਭਾਰਤ ‘ਤੇ ਹਮਲਾ ਕਰ ਦਿਤਾ। ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਨੇ ਇਸ ਹਮਲੇ ਦੇ ਮਦੇ-ਨਜ਼ਰ ਸੰਤ ਫਤਹਿ ਸਿੰਘ ਨੂੰ ਮਰਨ ਵਰਤ ਮੁਲਤਵੀ ਕਰਨ ਦੀ ਅਪੀਲ ਕੀਤੀ ਤੇ ਪੰਜਾਬੀ ਸੂਬੇ ਦੀ ਮੰਗ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿਤਾ। ਸੰਤ ਜੀ ਨੇ ਅਪੀਲ ਪਰਵਾਨ ਕਰ ਲਈ ਤੇ ਪੰਜਾਬੀਆਂ ਨੂੰ ਸਰਕਾਰ ਤੇ ਫੌਜ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਅਪੀਲ ਕੀਤੀ।

ਕਾਂਗਰਸ ਵਰਕਿੰਗ ਕਮੇਟੀ ਨੇ ਤਤਕਾਲੀ ਪਾਰਟੀ ਪ੍ਰਧਾਨ ਕੇ. ਕਾਮਰਾਜ ਦੀ ਪ੍ਰਧਾਨਗੀ ਹੇਠ 9 ਮਾਰਚ 1966 ਨੂੰ ਹੋਈ ਇਕੱਤ੍ਰਤਾ ਵਿਚ ਭਾਰਤ ਸਰਕਾਰ ਨੰ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬਾ ਸਥਾਪਤ ਕਰਨ ਦੀ ਸਿਫਾਰਸ਼ ਕੀਤੀ। 15 ਮਾਰਚ ਨੂੰ ਲੋਕ ਸਭਾ ਸਪੀਕਰ ਹੁਕਮ ਸਿੰਘ ਦੀ ਅਗਵਾਈ ਵਿਚ ਬਣੀ ਪਾਰਲੀਮੈਂਟ ਮੈਬਰਾਂ ਦੀ ਸਬ-ਕਮੇਟੀ ਨੇ ਪੰਜਾਬੀ ਰਿਜਨ ਨੂੰ ਪੰਜਾਬੀ ਸੂਬਾ, ਹਿੰਦੀ ਰਿਜਨ ਵਲੇ ਇਲਾਕੇ ਨੂੰ ਹਰਿਆਣਾ ਨਾਂਅ ਦਾ ਨਵਾਂ ਸੂਬਾ ਤੇ ਪਹਾੜੀ ਇਲਾਕੇ ਹਿਮਾਚਲ ਵਿਚ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ। ਪਹਿਲੀ ਨਵੰਬਰ ਨੂੰ ਪੰਜਾਬੀ ਸੂਬਾ ਤੇ ਹਰਿਆਣਾ ਦਾ ਨਵਾਂ ਸੂਬਾ ਹੋਂਦ ਵਿਚ ਆ ਗਏ, ਜ਼ਿਲਾ ਕਾਂਗੜਾ, ਹਮੀਰਪੁਰ, ਕੁਲੂ, ਲਾਹੌਲ ਸਪਿਤੀ, ਸ਼ਿਮਲਾ ਤੇ ਸੋਲਨ ਸਮੇਤ ਪਹਾੜੀ ਇਲਾਕੇ ਹਿਮਾਚਲ ਵਿਚ ਸ਼ਾਮਲ ਕਰ ਦਿੱਤੇ ਗਏ। ਗਿ. ਗੁਰਮੁਖ ਸਿੰਘ ਮੁਸਾਫ਼ਿਰ ਪੰਜਾਬ ਤੇ ਭਗਵਤ ਦਿਆਲ ਸ਼ਰਮਾ ਹਰਿਆਣਾ ਦੇ ਪਹਿਲੇ ਮੁਖ ਮੰਤਰੀ ਬਣੇ। ਚੰਡੀਗੜ੍ਹ ਨੂੰ ਕੇਂਦਰੀ ਪ੍ਰਬੰਧਕ ਇਲਾਕਾ ਬਣਾ ਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਇਸ ਦੇ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ।

ਚਿੱਤਰਕਾਰ ਸੋਭਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਬਹੁਤ ਵੱਡੇ ਸਾਈਜ਼ ਦਾ ਚਿੱਤਰ ਬਣਾਇਆ ਜਿਸ ਉਤੇ 13 ਜਨਵਰੀ, 1967 ਤਕ ਕੰਮ ਕਰਦੇ ਰਹੇ, 16 ਜਨਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ ਤੇ ਹਰਿਆਣਾ ਸਰਕਾਰਾਂ ਵਲੋਂ ਸਾਂਝੇ ਤੌਰ ‘ਤੇ ਤੈ-ਸ਼ਤਾਬਦੀ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਜਾਣਾ ਸੀ। ਉਹ 14 ਜਨਵਰੀ ਸਵੇਰੇ ਇਹ ਚਿੱਤਰ ਲੈਕੇ ਚੰਡੀਗੜ੍ਹ ਗਏ। ਉਨ੍ਹਾਂ ਦੀ ਪਤਨੀ ਬੀਬੀ ਇੰਦਰ ਕੌਰ ਪਿਛਲੇ ਦੋ ਤਿੰਨ ਦਿਨਾਂ ਤੋਂ ਬੀਮਾਰ ਸਨ, ਜਾਣ ਵੇਲੇ ਉਨ੍ਹਾਂ ਦੀ ਦੇਖ ਭਾਲ ਲਈ ਮੇਰੀ ਡਿਊਟੀ ਲਗਾ ਗਏ। ਉਨ੍ਹਾਂ ਦੇ ਤੁਰਨ ਤੋਂ ਘੰਟਾ ਕੁ ਪਿਛੋਂ ਬੀਬੀ ਜੀ ਦੀ ਤਬੀਅਤ ਬਹਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਏ। ਚਿੱਤਰਕਾਰ ਦਾ ਇਕ ਹੋਰ ਸ਼ਾਗਿਰਦ ਸੁਰਜੀਤ ਸਿੰਘ ਪੰਜਾਬੀ ਪਾਲਮਪੁਰ ਤੋਂ ਡਾਕਟਰ ਨੂੰ ਲੈਕੇ ਆਇਆ। ਡਾਕਟਰ ਨੇ ਚੈਕ-ਅੱਪ ਕਰਕੇ ਕਿਹਾ, “ਹੁਣ ਦਵਾ ਨਹੀਂ ਦੁਆ ਦੀ ਲੋੜ ਹੈ।” ਸੁਰਜੀਤ  ਨੇ ਪਾਲਮਪੁਰ ਜਾ ਕੇ ਟੈਲੀਫੋਨ ਕਰਕੇ ਚਿੱਤਰਕਾਰ ਸੋਭਾ ਸਿੰਘ ਨੂੰ ਬੀਬੀ ਜੀ ਦੀ ਸਿਹਤ ਬਾਰੇ ਦੱਸ ਕੇ ਇਕ ਦਮ ਵਾਪਸ ਮੁੜਨ ਲਈ ਕਿਹਾ ਪਰ ਉਨ੍ਹਾਂ ਮਜਬੂਰੀ ਦੱਸੀ। ਬੀਬੀ ਜੀ ਕੌਮਾ ਵਿਚ ਚਲੇ ਗਏ। ਮੈਂ ਸਾਰੀ ਰਾਤ ਉਨ੍ਹਾਂ ਦੇ ਸਰਹਾਣੇ ਬੈਠਾ ਰਿਹਾ। ਰਾਤ 11 ਕੁ ਵਜੇ ਉਨ੍ਹਾਂ ਨੂੰ ਹੋਸ਼ ਆਈ ਤੇ ਪਾਣੀ ਮੰਗਿਆ। ਮੈ ਪਾਣੀ ਦਿੱਤਾ, ਦੋ ਘੁੱਟ ਭਰ ਕੇ ਹੀ ਪੀਤਾ ਤੇ ਫਿਰ ਕੌਮਾ ਵਿਚ ਚਲੇ ਗਏ। ਅੱਧੀ ਕੁ ਰਾਤ ਤੋਂ ਬਾਅਦ ਉਹ ਸਦੀਵੀ ਨੀਂਦ ਸੌਂ ਗਏ, ਸਰੀਰ  ਠੰਡਾ ਹੋ ਗਿਆ।

ਸੁਰਜੀਤ ਸਿੰਘ ਨੇ ਸਵੇਰੇ ਸਵੇਰੇ ਪਾਲਮਪੁਰ ਜਾ ਕੇ ਫਿਰ ਚਿੱਤਰਕਾਰ ਨੂੰ ਸਾਰੀ ਗੱਲ ਦਸੀ, ਉਨਹਾਂ ਕਿਹਾ ਤਸਵੀਰ ਦੇ ਰੰਗ ਹਾਲੇ ਗਿੱਲੇ ਹਨ, ਖਰਾਬ ਹੋਣ ਦਾ ਡਰ ਹੈ, ਉਸ ਦਿਨ ਇਸ ਚਿੱਤਰ ਨੂਂ ਇਕ ਖੁਲ੍ਹੇ ਟਰੱਕ ਵਿਚ ਸਜਾ ਕੇ ਨਗਰ ਕੀਰਤਨ ਵਿਚ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਆ ਸਕਦੇ, ਅਸੀਂ ਬੀਬੀ ਜੀ ਦਾ ਦਾਹ ਸਸਕਾਰ ਕਰ ਦੇਈਏ। ਅੰਤਮ ਸਸਕਾਰ ਦਾ ਇਹ ਦੁੱਖਦਾਈ ਕਾਰਜ ਵੀ ਮੈਂ ਨਿਭਾਇਆ। ਉਧਰ  ਪੰਜਾਬ ਤੇ ਹਰਿਆਣਾ ਵਲੋਂ ਚੰਡੀਗੜ੍ਹ ਵਿਚ ਗੁੂਰੂ ਗੋਬਿੰਦ ਸਿੰਘ ਹੀ ਦੇ ਚਿੱਤਰਕਾਰ ਸੋਭਾ ਸਿੰਘ ਵਲੋਂ ਬਣਾਏ ਚਿੱਤਰ ਨੂੰ ਖੁਲ੍ਹੇ ਟਰੱਕ ਵਿਚ ਸ਼ੁਸ਼ੋਭਿਤ ਕਰਕੇ ਨਗਰ ਕੀਰਤਨ ਸਜਾਇਅਾ ਜਾ ਰਿਹਾ ਸੀ, ਇਧਰ ਮੈਂ ਉਨ੍ਹਾਂ ਦੀ ਪਤਨੀ, ਆਪਣੀ ਗੁਰੂ-ਮਾਂ ਦੀ ਚਿਤਾ ਨੂੰ ਅਗਨੀ ਦਿਖਾ ਰਿਹਾ ਸੀ। ਚਿੱਤਰਕਾਰ 300-ਸਾਲਾ ਪ੍ਰਕਾਸ਼ ਪੁਰਬ ਵਾਲੇ ਦਿਨ ਸ਼ਾਮ ਨੂੰ ਅੰਦਰੇਟੇ ਪਹੁੰਚੇ ਤੇ ਬੱਸ ਤੋਂ ਉਤਰ ਕੇ ਸਿੱਧੇ ਹੀ ਸ਼ਮਸ਼ਾਨ ਘਾਟ ਜਾ ਕੇ ਰਾਖ ਬਣੀ ਆਪਣੀ ਪਤਨੀ ਨੂੰ ਦੋ ਹੰਝੂ ਵਹਾ ਕੇ ਸ਼ਰਧਾਂਜਲ਼ੀ ਦੇ ਕੇ ਹੀ ਘਰ ਆਏ। ਕਲਾ ਤੇ ਆਪਣੇ ਪੇਸ਼ੇ ਪ੍ਰਤੀ ਉਨ੍ਹਾਂ ਦੀ ਇਤਨੀ ਪ੍ਰਤੀਬੱਧਤਾ ਦੇਖ ਕੇ ਮੇਰੇ ਦਿਲ ਵਿਚ ਉਨ੍ਹਾਂ ਦਾ ਸਤਿਕਾਰ ਹੋਰ ਵੱਧ ਗਿਆ।

ਗੁਰੂ ਗੋਬਿੰਦ ਸਿੰਘ ਜੀ ਦੇ ਉਸ ਚਿੱਤਰ ਨਾਲ ਪੰਜਾਬ ਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਵਿਚ ਨਗਰ ਕੀਤਰਨ ਸਜਾਏ ਗਏ, ਪਿਛੋਂ ਇਹ ਚਿੱਤਰ ਚੰਡੀਗੜ੍ਹ ਦੇ ਮਿਊਜ਼ੀਮ ਵਿਚ ਰੱਖਿਆ ਗਿਆ, ਜਿੱਥੇ ਅਜ ਵੀ ਸ਼ੁਸ਼ੋਭਿਤ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>