ਅੰਮ੍ਰਿਤਸਰ : ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਮੁੱਖ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੀਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਤਿਨਾਮੁ ਵਾਹਿਗਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਦੇ ਕੇ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਝ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਦਾ ਜਨਮ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਹੀ ਸੰਸਾਰਕ ਜੀਵਨ ਹਰ ਪੱਖੋਂ ਅਚੰਭਿਤ ਕਰਨ ਵਾਲਾ ਹੈ। ਸੰਸਾਰ ਦੇ ਇਤਿਹਾਸ ਵਿੱਚ ਕਿਸੇ ਵੀ ਨੌਂ ਸਾਲ ਦੀ ਉਮਰ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਦੂਜੇ ਧਰਮ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਨਹੀਂ ਕਿਹਾ। ਇਹ ਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਹਾਸਲ ਹੈ। ਗੁਰੂ ਸਾਹਿਬ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣਾ ਬਲੀਦਾਨ ਦਿੱਤਾ। ਉਹ ਸਦੀਵ ਕਾਲ ਲਈ ਸਰਬ ਧਰਮ ਰੱਖਿਅਕ ਤਥਾ ‘ਧਰਮ ਦੀ ਚਾਦਰ’ ਬਣ ਗਏ। ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜੋ ਧਰਮ ਦੀ ਖਾਤਰ ਆਪਣਾ ਪਿਤਾ, ਮਾਤਾ ਤੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰਵਾਕੇ ਸਰਬੰਸਦਾਨੀ ਬਣੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁੱਜਸਮੇ ਅਤੇ ਮਰਦ-ਏ-ਮੈਦਾਨ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਤਿ ਅਤੇ ਸਤਾਹ ਦੇ ਮੁਜੱਸਮੇ ਅਤੇ ਸਾਹਿਬ-ਏ-ਕਮਾਲ ਸਨ। ਪ੍ਰਧਾਨ ਸਾਹਿਬ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦਸਮ ਪਿਤਾ ਦੀਆਂ ਸਿਖਿਆਵਾਂ ਤੇ ਚੱਲਦੇ ਹੋਏ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ। ਅੱਜ ਸਮੁੱਚੇ ਵਿਸ਼ਵ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਨਵਤਾ ਪ੍ਰਤੀ ਦੇਣ ਸਭ ਤੋਂ ਵੱਡੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੇ ਨਸ਼ਿਆਂ ਜਿਹੀ ਨਾ-ਮੁਰਾਦ ਲੱਤ ਨੂੰ ਛੱਡ ਕੇ ਅੰਮ੍ਰਿਤ ਛਕ ਗੁਰੂ ਵਾਲੇ ਬਨਣਾ ਚਾਹੀਦਾ ਹੈ।
6-ਚੋਪੇਨਗਰ ਕੀਰਤਨ ਦੀ ਰਵਾਨਗੀ ਸਮੇਂ ਭਾਈ ਪ੍ਰਤਾਪ ਸਿੰਘ ਜੀ ਤੇ ਭਾਈ ਧਰਮਬੀਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਦਰਸ਼ਨ-ਦੀਦਾਰੇ ਕਰਵਾਉਣ ਲਈ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਬੱਸ ਵੀ ਨਾਲ ਰਵਾਨਾ ਹੋਈ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਬੈਂਡ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਇਆਂ ਸ਼ਮੂਲੀਅਤ ਕੀਤੀ।
ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਰੰਭ ਹੋ ਕੇ ਗੁਰਦੁਆਰਾ ਕੀਰਤਪੁਰ ਸਾਹਿਬ, ਗੁਰਦੁਆਰਾ ਭੱਠਾ ਸਾਹਿਬ ਰੋਪੜ, ਕੁਰਾਲੀ, ਮੋਰਿੰਡਾ, ਬੱਸੀ ਪਠਾਣਾ, ਨੰਦਪੁਰ, ਕਲੌੜ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ, ਵਿਖੇ ਕਰੇਗਾ। ੨੧ ਦਸੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਰਾਜਪੁਰਾ, ਸ਼ੰਭੂ ਬਾਰਡਰ, ਘਨੌਰ ਰੋਡ, ਮਰਦਾਂਪੁਰ, ਸੰਧਾਰਸੀ, ਨਨਹੇੜਾ, ਪਿੱਪਲ ਮੰਗੋਲੀ, ਕਾਮੀ ਕਲਾਂ, ਘਨੌਰ ਸ਼ਹਿਰ, ਘਨੌਰੀ ਖੇੜਾ, ਮਨਜੋਲੀ-ਮਾੜੂ ਖੱਬੇ ਹੱਥ, ਸਰਾਲਾ ਹੈਡ ਪੁਲ, ਕਪੂਰੀ, ਲੋਹ ਸਿੰਬਲੀ, ਗੁਰਦੁਆਰਾ ਬਾਦਸ਼ਾਹੀ ਬਾਗ, ਮਾਨਵ ਚੌਂਕ, ਮਟੇੜੀ ਅੱਡਾ ਤੋਂ ਖੱਬੇ ਹੱਥ, ਭਾਨੂ ਖੇੜੀ, ਲਖਨੌਰ ਸਾਹਿਬ, ਜਲਬੈੜਾ ਰੋਡ ਤੋਂ ਖੱਬੇ ਹੱਥ ਬਹਿਬਲਪੁਰ ਸੋਂਡਾ, ਸੈਕਟਰ ੮, ਅਗਰਸੈਨ ਚੌਂਕ, ਕਾਲਕਾ ਮੋੜ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਬਾਲਾ (ਹਰਿਆਣਾ) ਵਿਖੇ ਕਰੇਗਾ। ੨੨ ਦਸੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ (ਹਰਿਆਣਾ) ਤੋਂ ਹੁੰਦਾ ਹੋਇਆ ਵਾਇਆ ਜਗਾਧਰੀ ਤੋਂ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ (ਹਰਿਆਣਾ) ਵਿਖੇ ਹੋਵੇਗਾ। ੨੩ ਦਸੰਬਰ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ ਤੋਂ ਰਵਾਨਾ ਹੋ ਕੇ ਜਗਾਧਰੀ, ਯਮੁਨਾ ਨਗਰ, ਸਿਰਸਾਵਾਂ, ਸਹਾਰਨਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਨਾਨਕਪੁਰਾ ਆਸ਼ਰਮ ਹਰਿਦੁਆਰ (ਉੱਤਰਾਖੰਡ) ਵਿਖੇ ਹੋਵੇਗਾ। ੨੪ ਦਸੰਬਰ ਨੂੰ ਹਰਿਦੁਆਰ ਉੱਤਰਾਖੰਡ ਤੋਂ ਰਵਾਨਾ ਹੋ ਕੇ ਨਜ਼ੀਬਾਬਾਦ, ਕੋਤਵਾਲੀ, ਜੱਸਪੁਰ, ਨਗੀਨਾ, ਧਾਮਪੁਰ, ਅਫ਼ਜ਼ਲਗੜ੍ਹ ਤੇ ਕਾਸ਼ੀਪੁਰ ਤੋ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਨਾਨਕ ਮਤਾ ਸਾਹਿਬ, ਜ਼ਿਲ੍ਹਾ ਊਧਮਪੁਰ ਉੱਤਰਾਖੰਡ ਵਿਖੇ ਹੋਵੇਗਾ। ੨੫ ਦਸੰਬਰ ਨੂੰ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਰਵਾਨਾ ਹੋ ਕੇ ਪੀਲੀ ਭੀਤ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਦਮਦਮਾ ਸਾਹਿਬ ਗੋਮਤੀਪੁਰ, ਪੂਰਨਪੁਰ, ਜ਼ਿਲ੍ਹਾ ਪੀਲੀਭੀਤ ਉੱਤਰ ਪ੍ਰਦੇਸ਼ ਵਿਖੇ ਹੋਵੇਗਾ। ੨੬ ਦਸੰਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਗੋਮਤੀਪੁਲ ਤੋਂ ਰਵਾਨਾ ਹੋ ਕੇ ਪੂਰਨਪੁਰ, ਨਿਰੰਜਨਪੁਰ, ਕਠਾਰ, ਗੋਲਾ, ਲਖੀਮਪੁਰ ਖੀਰੀ ਤੇ ਸੀਤਾਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਖਨਊ , ਉੱਤਰ ਪ੍ਰਦੇਸ਼ ਵਿਖੇ ਹੋਵੇਗਾ। ੨੭ ਦਸੰਬਰ ਨੂੰ ਲਖਨਊ ਤੋਂ ਰਵਾਨਾ ਹੋ ਕੇ ਬਾਰਾਬੰਕੀ, ਫੈਜ਼ਾਬਾਦ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਅਯੁੱਧਿਆ ਜ਼ਿਲ੍ਹਾ ਫੈਜ਼ਾਬਾਦ (ਉੱਤਰ ਪ੍ਰਦੇਸ਼) ਵਿਖੇ ਹੋਵੇਗਾ। ੨੮ ਦਸੰਬਰ ਨੂੰ ਅਯੁੱਧਿਆ ਤੋਂ ਰਵਾਨਾ ਹੋ ਕੇ ਫੈਜ਼ਪੁਰ, ਸੁਲਤਾਨਪੁਰ, ਪ੍ਰਤਾਪ ਗੜ੍ਹ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਿੰਘ ਸਭਾ ਇਲਾਹਬਾਦ (ਉੱਤਰ ਪ੍ਰਦੇਸ਼) ਵਿਖੇ ਹੋਵੇਗਾ। ੨੯ ਦਸੰਬਰ ਨੂੰ ਇਲਾਹਬਾਦ ਤੋਂ ਰਵਾਨਾ ਹੋ ਕੇ ਹਨੂੰਮਾਨ ਗੰਜ, ਹੰਡੀਆ, ਗੋਪੀ ਗੰਜ, ਅਰਾਈ ਤੋਂ ਸੱਜੇ ਹੱਥ ਮਿਰਜਾਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੁਰੂ ਬਾਗ, ਵਾਰਾਨਸੀ (ਬਨਾਰਸ) ਉੱਤਰ ਪ੍ਰਦੇਸ਼ ਵਿਖੇ ਹੋਵੇਗਾ। ੩੦ ਦਸੰਬਰ ਨੂੰ ਵਾਰਾਨਸੀ (ਬਨਾਰਸ) ਤੋਂ ਰਵਾਨਾ ਹੋ ਕੇ ਕੁਦਰਾ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸਾਸਾ ਰਾਮ (ਬਿਹਾਰ) ਵਿਖੇ ਹੋਵੇਗਾ। ੩੧ ਦਸੰਬਰ ਨੂੰ ਸਾਸਾ ਰਾਮ ਤੋਂ ਰਵਾਨਾ ਹੋ ਕੇ ਆਰਾ, ਦਾਨਾਪੁਰ,ਬੀਹਟਾ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਸੰਪੰਨ ਹੋਵੇਗਾ।