ਨਵੀਂ ਦਿੱਲੀ – ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (A.D.R) ਅਤੇ ਨੈਸ਼ਨਲ ਇਲੈਕਸ਼ਨ ਵਾਚ (N.E.W.) ਦੀ ਰਿਪੋਰਟ ਅਨੁਸਾਰ ਭਾਜਪਾ ਨੂੰ 613 ਲੋਕਾਂ ਜਾਂ ਸੰਗਠਨਾਂ ਤੋਂ ਸੱਭ ਤੋਂ ਵੱਧ 76.85 ਕਰੋੜ ਰੁਪੈ ਦਾ ਚੰਦਾ ਮਿਲਿਆ। ਕਾਂਗਰਸ ਨੂੰ 918 ਲੋਕਾਂ ਜਾਂ ਸੰਗਠਨਾਂ ਤੋਂ 20.42 ਕਰੋੜ ਰੁਪੈ ਦਾ ਚੰਦਾ ਪ੍ਰਾਪਤ ਹੋਇਆ। ਰਾਸ਼ਟਰੀ ਰਾਜਨੀਤਕ ਦਲਾਂ ਨੂੰ 2015-16 ਦੇ ਦੌਰਾਨ ਵੀਹ ਹਜ਼ਾਰ ਰੁਪੈ ਤੋਂ ਵੱਧ ਦੀ ਰਾਸ਼ੀ ਵਿੱਚ 100 ਕਰੋੜ ਰੁਪੈ ਤੋਂ ਅਧਿਕ ਧੰਨ ਚੰਦੇ ਦੇ ਰੂਪ ਵਿੱਚ ਮਿਲਿਆ।
ਰਾਜਨੀਤਕ ਦਲਾਂ ਨੂੰ ਚੰਦੇ ਦੇ ਰੂਪ ਵਿੱਚ ਮਿਲੀ ਵੀਹ ਹਜ਼ਾਰ ਰੁਪੈ ਤੋਂ ਘੱਟ ਰਕਮ ਨੂੰ ਕਿਸੇ ਵੀ ਜਾਂਚ-ਪੜਤਾਲ ਦੀ ਜਰੂਰਤ ਨਹੀਂ ਹੁੰਦੀ। ਇਸ ਤੈਅ ਰਾਸ਼ੀ ਤੋਂ ਵੱਧ ਧੰਨ ਦੇਣ ਵਾਲੇ ਸਰੋਤਾਂ ਦੀ ਜਾਣਕਾਰੀ ਸਰਵਜਨਿਕ ਕਰਨੀ ਪੈਂਦੀ ਹੈ। ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਬੇਨਾਮੀ ਚੰਦੇ ਦੀ ਇਹ ਲਿਮਿਟ 20000 ਹਜ਼ਾਰ ਤੋਂ ਘਟਾ ਕੇ 2000 ਰੁਪੈ ਕਰ ਦਿੱਤੀ ਜਾਵੇ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (A.D.R) ਅਤੇ ਨੈਸ਼ਨਲ ਇਲੈਕਸ਼ਨ ਵਾਚ (N.E.W.) ਦੁਆਰਾ ਸੰਯੁਕਤ ਤੌਰ ਤੇ ਤਿਆਰ ਕੀਤੀ ਰਿਪੋਰਟ ਅਨੁਸਾਰ ਰਾਸ਼ਟਰੀ ਪਾਰਟੀਆਂ ਨੂੰ 1744 ਲੋਕਾਂ ਜਾਂ ਸੰਗਠਨਾਂ ਨੇ 20000 ਹਜ਼ਾਰ ਰੁਪੈ ਤੋਂ ਵੱਧ ਦਾ ਚੰਦਾ ਦਿੱਤਾ ਅਤੇ ਇਸ ਦੀ ਕੁਲ ਰਾਸ਼ੀ 102.02 ਕਰੋੜ ਰੁਪੈ ਬਣਦੀ ਹੈ। ਇਸ ਰਿਪੋਰਟ ਅਨੁਸਾਰ ਭਾਜਪਾ ਦੁਆਰਾ ਐਲਾਨਿਆ ਗਿਆ ਚੰਦਾ ਕਾਂਗਰਸ, ਭਾਕਪਾ, ਮਾਕਪਾ, ਅਤੇ ਤ੍ਰਿਣਮੂਲ ਕਾਂਗਰਸ ਦੁਆਰਾ ਸਰਵਜਨਿਕ ਕੀਤੇ ਗਏ ਚੰਦੇ ਤੋਂ ਕੁਲ ਰਾਸ਼ੀ ਦਾ ਤਿੰਨ ਗੁਣਾ ਤੋਂ ਵੀ ਵੱਧ ਹੈ।
ਚੋਣ ਕਮਿਸ਼ਨ ਦਾ ਇਹ ਵੀ ਕਹਿਣਾ ਹੈ ਕਿ ਕੁਝ ਰਾਜਨੀਤਕ ਦਲ ਸਿਰਫ਼ ਕਾਗਜਾਂ ਤੱਕ ਹੀ ਸੀਮਤ ਹਨ। ਇਨ੍ਹਾਂ ਦਾ ਮੁੱਖ ਕੰਮ ਚੰਦਾ ਲੈ ਕੇ ਲੋਕਾਂ ਦੇ ਕਾਲੇ ਧੰਨ ਨੂੰ ਚਿੱਟਾ ਕਰਨਾ ਹੈ।