ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ ਸ਼ਹਿਦ ਦੀ ਮੱਖੀ – ਸ੍ਰੀ ਅਰਜਨ ਰਾਮ ਮੇਘਵਾਲ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੰਯੁਕਤ ਮਧੂ ਮੱਖੀ ਪਾਲਣ ਦੇ ਵਿਕਾਸ ਕੇਂਦਰ ਦਾ ਉਦਘਾਟਨ ਭਾਰਤ ਸਰਕਾਰ ਦੇ ਵਿੱਤ ਅਤੇ ਕਾਰਪੋਰੇਟ ਮਾਮਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਅਰਜਨ ਰਾਮ ਮੇਘਵਾਲ ਨੇ ਕੀਤਾ ਗਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ ਮਧੂ ਮੱਖੀ ਪਾਲਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਮੇਘਵਾਲ ਨੇ ਕਿਹਾ ਕਿ ਸ਼ਹਿਦ ਦੀ ਮੱਖੀ ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ। ਉਹਨਾਂ ਯੂਨੀਵਰਸਿਟੀ ਦੇ ਵਿਗਿਆਨੀਆਂ, ਮਧੂ ਮੱਖੀ ਪਾਲਕਾਂ ਅਤੇ ਹੋਰ ਅਦਾਰਿਆਂ ਤੋਂ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਮਾਣਯੋਗ ਪ੍ਰਧਾਨ ਮੰਤਰੀ ਦੇ ਮਿਸ਼ਨ ਅਨੁਸਾਰ ਅਸੀਂ ਕਿਸਾਨ ਦੀ ਆਮਦਨ 2022 ਤੱਕ ਦੁੱਗਣੀ ਕਰਨੀ ਹੈ ਤਾਂ ਸਾਨੂੰ ਸ਼ਹਿਦ ਵਰਗੇ ਪਦਾਰਥ ਨੂੰ ਜੀ ਐਸ ਟੀ ਤੋਂ ਮੁਕਤ ਕਰਨਾ ਹੀ ਪਵੇਗਾ। ਇਸ ਸਬੰਧੀ ਸਰਕਾਰ ਪਹਿਲਾਂ ਹੀ ਵਿਚਾਰ ਕਰ ਰਹੀ ਹੈ। ਉਹਨਾਂ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆਂ ਭਵਿੱਖ ਵਿੱਚ ਇਸ ਸੈਂਟਰ ਲਈ ਹੋਰ ਆਰਥਿਕ ਮਦਦ ਦਿੰਦੇ ਰਹਿਣ ਦਾ ਭਰੋਸਾ ਦਿਵਾਇਆ।

ਇਸ ਮੌਕੇ ਵਿਸੇਸ਼ ਮਾਣਯੋਗ ਮਹਿਮਾਨ ਵਜੋਂ ਸ਼ਾਮਿਲ ਹੋਏ ਭਾਰਤ ਸਰਕਾਰ ਦੇ ਸਮਾਜਿਕ ਭਲਾਈ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਪੰਜਾਬ ਦੇ ਮਧੂ ਮੱਖੀ ਪਾਲਕਾਂ ਨੂੰ ਹਿੰਦੁਸਤਾਨ ਵਿੱਚ ਮੁਕਾਬਲਤਨ ਵੱਧ ਸ਼ਹਿਦ ਪੈਦਾ ਕਰਨ ਲਈ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਜਿੰਨੀ ਇਸ ਦੀ ਬਾਹਰਲੇ ਦੇਸ਼ਾਂ ਵਿੱਚ ਮੰਗ ਹੈ ਉਸ ਅਨੁਸਾਰ ਇਸ ਕਿੱਤੇ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਪਹਿਲਾਂ ਹੀ ਛੋਟੇ ਅਤੇ ਬੇਜ਼ਮੀਨੇ  ਕਿਸਾਨਾਂ ਲਈ ਰੁਜ਼ਗਾਰ ਦਾ ਵਸੀਲਾ ਬਣ ਰਹੇ ਇਸ ਕਿੱਤੇ ਲਈ ਸੁਚੇਤ ਹੈ ਅਤੇ ਭਵਿੱਖ ਵਿੱਚ ਮੰਡੀਕਰਨ, ਪ੍ਰੋਸੈਸਿੰਗ ਅਤੇ ਹੋਰ ਸਬੰਧਿਤ ਕਾਰਜਾਂ ਲਈ ਮਹੱਤਵਪੂਰਨ ਫੈਸਲੇ ਲਵੇਗੀ। ਉਹਨਾਂ 25 ਦਸੰਬਰ ਨੂੰ ਬਠਿੰਡਾ ਵਿਖੇ ਪਰਾਲੀ ਤੋਂ ਬਾਇਓ ਫਿਊਲ ਤਿਆਰ ਕਰਨ ਲਈ ਲਗਾਏ ਜਾ ਰਹੇ ਪੰਜਾਬ ਵਿੱਚ ਪਹਿਲੇ ਕਾਰਖਾਨੇ ਦੀ ਜਾਣਕਾਰੀ ਵੀ ਸਾਂਝੀ ਕੀਤੀ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜ ਅਤੇ ਪਸਾਰ ਖੇਤਰਾਂ ਵਿੱਚ ਉਪਲਬੱਧੀਆਂ ਦਾ ਜ਼ਿਕਰ ਕੀਤਾ। ਸ਼ਹਿਦ ਮੱਖੀ ਪਾਲਣ ਵਰਗੇ ਖੇਤੀ ਸਹਾਇਕ ਧੰਦੇ ਬਾਰੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਿਖਲਾਈਆਂ, ਸਾਹਿਤ ਅਤੇ ਹੋਰ ਅਗਵਾਈ ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ ਅਤੇ ਕੇਂਦਰ ਵੱਲੋਂ ਇਸ ਖੇਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਦਿੱਤੇ ਗਏ ਇਸ ਸੈਂਟਰ ਲਈ ਉਹਨਾਂ ਸ੍ਰੀ ਅਰਜਨ ਰਾਮ ਮੇਘਵਾਲ, ਵਿਜੇ ਕੁਮਾਰ ਸਾਂਪਲਾ, ਸ਼੍ਰੀ ਐਸ ਕੇ ਮਲਹੋਤਰਾ, ਬਾਗਬਾਨੀ ਕਮਿਸ਼ਨਰ ਡਾ: ਗੁਰਕੰਵਲ ਸਿੰਘ ਦਾ ਇਸ ਕਾਰਜ ਨੂੰ ਪੂਰਾ ਕਰਨ ਲਈ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ।
ਭਾਰਤ ਸਰਕਾਰ ਦੇ ਖੇਤੀ ਅਤੇ ਬਾਗਬਾਨੀ ਕਮਿਸ਼ਨਰ ਸ੍ਰੀ ਐਸ ਕੇ ਮਲਹੋਤਰਾ ਨੇ ਕਿਹਾ ਕਿ ਪੋਲੀਨੇਸ਼ਨ ਸਿੰਥਿਸਿਸ ਦੀ ਬੇਹਤਰੀ ਨਾਲ ਸ਼ਹਿਦ ਹੀ ਵੱਧ ਨਹੀਂ ਮਿਲਦਾ ਬਲਕਿ ਖੇਤੀ ਵਿੱਚ ਬੀਜਾਂ ਦਾ ਜਮਾਅ ਵੀ ਚੰਗਾ ਹੁੰਦਾ ਹੈ ਜਿਸ ਨਾਲ ਪੈਦਾਵਾਰ ਵਧਦੀ ਹੈ, ਇਹੀ ਭਾਰਤ ਸਰਕਾਰ ਮੁੱਖ ਉਦੇਸ਼ ਹੈ। ਉਹਨਾਂ ਚੰਗੇ ਪ੍ਰਬੰਧ ਦੀਆਂ ਬੇਹਤਰੀਨ ਤਕਨੀਕਾਂ ਡਾਇਓਗਨਿਸਟਿਕ ਲੈਬ ਅਤੇ ਪ੍ਰੋਸੈਸਿੰਗ ਪਲਾਂਟ ਦੀਆਂ ਲੋੜਾਂ ਵੱਲ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਪੀਏਯੂ ਵਿੱਚ ਅਜਿਹੇ ਸੈਂਟਰ ਦੇ ਸਥਾਪਤ ਹੋਣ ਨਾਲ ਲਾਜ਼ਮੀ ਹੀ ਇਸ ਦਿਸ਼ਾ ਵਿੱਚ ਕੰਮ ਹੋਵੇਗਾ। ਭਾਰਤ ਸਰਕਾਰ ਦਾ ਟੀਚਾ ਹੈ ਕਿ ਹਰ ਜ਼ਿਲ੍ਹੇ ਨੂੰ ਇੱਕ ਅਜਿਹਾ ਵਿਸ਼ੇਸ਼ ਸੈਂਟਰ  ਜ਼ਰੂਰ ਦਿੱਤਾ ਜਾਵੇ।

ਪੰਜਾਬ ਦੇ ਬਾਗਬਾਨੀ ਨਿਰਦੇਸ਼ਕ ਡਾ: ਗੁਰਕੰਵਲ ਸਿੰਘ ਨੇ ਸ਼ਹਿਦ ਮੱਖੀ ਪਾਲਣ ਦੇ ਵਿਭਿੰਨ ਮੁੱਦਿਆਂ ਤੇ ਗੱਲ ਕਰਦਿਆਂ ਕਿਹਾ ਕਿ ਸਿਖਲਾਈਆਂ ਦੇ ਨਾਲ-ਨਾਲ ਇਹ ਵਿਭਾਗ ਯੂਨੀਵਰਸਿਟੀ ਨਾਲ ਮਿਲ ਕੇ ਇਨ੍ਹਾਂ ਮੱਖੀ ਪਾਲਕਾਂ ਨੂੰ ਵਿਦੇਸ਼ਾਂ ਵਿੱਚ ਵੀ ਨਵੀਂ ਜਾਣਕਾਰੀ ਲਈ ਭੇਜਦਾ ਰਹਿੰਦਾ ਹੈ ਜਿਸ ਨਾਲ ਐਪੀ ਥਰੈਪੀ ਸਾਡੇ ਕੋਲ ਆਈ ਹੈ ਜੋ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਜਨ-ਸਿਹਤ ਲਈ ਵੀ ਲਾਭਕਾਰੀ ਹੈ।

ਇਸ ਮੌਕੇ ਮਧੂ ਮੱਖੀ ਪਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਨੇ ਯੂਨੀਵਰਸਿਟੀ ਵੱਲੋਂ ਭਰਪੂਰ ਤਕਨੀਕੀ ਅਗਵਾਈ ਦੇ ਨਾਲ-ਨਾਲ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਸਮੁੱਚੀ ਸਟੇਜ ਦੀ ਕਾਰਵਾਈ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਚਲਾਉਂਦਿਆਂ ਪੀਏਯੂ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਿਚਲੇ ਤਾਲਮੇਲ ਲਈ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸ੍ਰੀ ਅਰਜਨ ਰਾਮ ਮੇਘਵਾਲ, ਸ੍ਰੀ ਵਿਜੇ ਸਾਂਪਲਾ, ਆਏ ਮਹਿਮਾਨਾਂ ਅਤੇ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਮਧੂ ਮੱਖੀ ਪਾਲਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਵਿਜੇ ਸਾਂਪਲਾ ਅਤੇ ਸ੍ਰੀ ਐਸ ਕੇ ਮਲਹੋਤਰਾ ਨੇ ਯੂਨੀਵਰਸਿਟੀ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

This entry was posted in ਖੇਤੀਬਾੜੀ.

One Response to ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ ਸ਼ਹਿਦ ਦੀ ਮੱਖੀ – ਸ੍ਰੀ ਅਰਜਨ ਰਾਮ ਮੇਘਵਾਲ

  1. Baldevsingh says:

    First of all we have to choose floriculture, afterthat we will be able to get the best quality of honey.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>