ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇੱਕ ਕਿਸਮ ਨਾਲ ਇਹ ਇਨਸਾਨ ਦੀ ਫਿਤਰਤ ਦਾ ਹਿੱਸਾ ਹੁੰਦਾ ਹੈ। ਸ਼ੌਕ ਦੀ ਪੂਰਤੀ ਇਨਸਾਨ ਕਿਸੇ ਮਕਸਦ ਨਾਲ ਨਹੀਂ ਕਰਦਾ। ਸ਼ੌਕ ਦੀ ਪੂਰਤੀ ਲਈ ਉਹ ਹਰ ਇੱਛਾ ਨੂੰ ਤਿਆਗ ਸਕਦਾ ਹੈ। ਅਜਿਹਾ ਹੀ ਇੱਕ ਵਿਅਕਤੀ ਹੈ, ਕਮਰਜੀਤ ਸਿੰਘ ਸੇਖੋਂ ਜਿਹੜਾ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਨਿੱਜੀ ਹਿੱਤਾਂ ਨੂੰ ਵੀ ਕੁਰਬਾਨ ਕਰ ਸਕਦਾ ਹੈ। ਉਹ ਦਸਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਵਿਚ ਬਤੌਰ ਕਲਰਕ ਭਰਤੀ ਹੋਇਆ ਸੀ। ਉਸ ਤੋਂ ਬਾਅਦ ਉਸਨੇ ਪੱਤਰ ਵਿਵਹਾਰ ਰਾਹੀਂ ਬੀ.ਏ. ਤੱਕ ਦੀ ਪੜ੍ਹਾਈ ਕੀਤੀ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨੌਕਰੀ ਦੌਰਾਨ ਹੀ ਉਸਨੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਕਿ ਡਿਪਟੀ ਕਮਿਸ਼ਨਰ ਦਫਤਰਾਂ ਦੇ ਮੁਲਾਜ਼ਮਾ ਨੂੰ ਭ੍ਰਿਸ਼ਟਾਚਾਰ ਵਿਚ ਲੁਪਤ ਗਿਣਿਆਂ ਜਾਂਦਾ ਹੈ। ਉਸ ਦੇ ਦਿਲ ਤੇ ਗ਼ਰੀਬ ਲੋਕਾਂ ਦੇ ਲੁਟੇ ਜਾਣ ਦਾ ਗਹਿਰਾ ਪ੍ਰਭਾਵ ਪੈ ਗਿਆ। ਉਸਤੋਂ ਲੋਕਾਂ ਨਾਲ ਹੋ ਰਿਹਾ ਅਨਿਆਂ ਬਰਦਾਸ਼ਤ ਨਾ ਹੋਇਆ। ਉਸਨੇ ਆਪਣੀ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਤੇ ਪਹਿਰਾ ਦਿੱਤਾ। ਇਸ ਸਮੇਂ ਦੌਰਾਨ ਉਸਨੂੰ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵਿਰਾਸਤ ਦੀਆਂ ਪੁਰਾਤਤਵ ਨਾਲ ਸੰਬੰਧਤ ਵਸਤਾਂ ਇਕੱਤਰ ਕਰਨ ਦਾ ਸ਼ੌਕ ਪੈਦਾ ਹੋ ਗਿਆ ਕਿਉਂਕਿ ਜਿਥੇ ਉਹ ਪਟਿਆਲੇ ਰਹਿ ਰਿਹਾ ਸੀ, ਉਸ ਨੂੰ ਵਿਰਾਸਤੀ ਪੁਰਾਤਤਵ ਵਸਤਾਂ ਦਾ ਕੇਂਦਰੀ ਧੁਰਾ ਅਤੇ ਭੰਡਾਰ ਕਿਹਾ ਜਾਂਦਾ ਹੈ। ਇਥੇ ਇੱਕ ਮੈਡਲ ਗੈਲਰੀ, ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ, ਵਿਰਾਸਤੀ ਗੇਟ ਅਤੇ ਇਤਿਹਾਸਕ ਗੁਰਦੁਆਰੇ, ਮੰਦਰ, ਗਿਰਜਾ ਘਰ ਅਤੇ ਮਸੀਤਾਂ ਹਨ, ਜਿਥੇ ਪਟਿਆਲਾ ਰਿਆਸਤ ਨਾਲ ਸੰਬੰਧਤ ਬਹੁਤ ਸਾਰੀਆਂ ਇਤਿਹਾਸਕ ਅਤੇ ਪੁਰਾਤਤਵ ਨਾਲ ਸੰਬੰਧ ਰੱਖਣ ਵਾਲੀਆਂ ਅਦਭੁਤ ਵਸਤਾਂ ਪਈਆਂ ਹਨ। ਉਨ੍ਹਾਂ ਵਿਚ ਵਿਲੱਖਣ ਮੀਨਾਕਾਰੀ ਹੋਈ ਹੋਈ ਹੈ। ਉਨ੍ਹਾਂ ਵਸਤਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਨੇ ਹੀ ਉਸ ਵਿਚ ਪੁਰਾਤਨ ਵਸਤਾਂ ਨਾਲ ਮੋਹ ਪੈਦਾ ਕਰ ਦਿੱਤਾ। ਆਪਣੇ ਸ਼ੌਕ ਦੀ ਪੂਰਤੀ ਲਈ ਉਹ ਭਾਰਤ ਦੇ ਕੋਨੇ ਕੋਨੇ ਵਿਚ ਘੁੰਮਿਆਂ ਅਤੇ ਪੁਰਾਤਨ ਵਸਤਾਂ ਇਕੱਤਰ ਕੀਤੀਆਂ। ਜਦੋਂ ਉਸਨੇ ਮਹਿਸੂਸ ਕੀਤਾ ਕਿ ਨੌਕਰੀ ਦੀਆਂ ਜ਼ਿੰਮੇਵਾਰੀਆਂ ਨਾਲ ਉਹ ਆਪਣੇ ਸ਼ੌਕ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਉਸਨੇ 6 ਸਾਲ ਪਹਿਲਾਂ ਹੀ ਸੇਵਾ ਮੁਕਤੀ 2013 ਵਿਚ ਅਗਾਊਂ ਲੈ ਲਈ। ਉਸਨੇ ਆਪਣੇ ਘਰ ਵਿਚ ਹੀ ਇੱਕ ਅਜਾਇਬ ਘਰ ਬਣਾਇਆ ਹੋਇਆ ਹੈ, ਜਿਸ ਵਿਚ ਬਹੁਤ ਹੀ ਰੇਅਰ ਅਜਿਹੀਆਂ ਵਸਤਾਂ ਜਿਹੜੀਆਂ ਹੋਰ ਕਿਤੇ ਨਹੀਂ ਮਿਲਦੀਆਂ ਉਹ ਅਦਭੁਤ, ਬੇਸ਼ਕੀਮਤੀ ਅਤੇ ਅਨੋਖ਼ੀਆਂ ਵਸਤਾਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੁਰਾਤਤਵ ਦੇ ਪ੍ਰੇਮੀ ਦੂਰੋਂ ਦੂਰੋਂ ਵੇਖਣ ਲਈ ਆਉਂਦੇ ਹਨ। ਭਾਵੇਂ ਉਸਦਾ ਅਜਾਇਬ ਘਰ ਸਰਕਾਰੀ ਅਜਾਇਬ ਘਰਾਂ ਜਿੰਨੇ ਥਾਂ ਵਿਚ ਨਹੀਂ ਹੈ ਪ੍ਰੰਤੂ ਉਸਦੇ ਦਿਲ ਵਿਚ ਬਹੁਤ ਵੱਡੀ ਥਾਂ ਹੈ। ਥੋੜ੍ਹੀ ਜਗ੍ਹਾ ਹੋਣ ਦੇ ਬਾਵਜੂਦ ਉਸਨੇ ਸਾਰੀਆਂ ਵਸਤਾਂ ਨੂੰ ਬੜੇ ਸਲੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ।

ਅਜੀਬ ਗੱਲ ਹੈ ਕਿ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਘਰ ਫੂਕ ਤਮਾਸ਼ਾ ਵੇਖ ਰਿਹਾ ਹੈ। ਹਰ ਵਿਜਟਰ ਨੂੰ ਕਾਫੀ ਜਾਂ ਚਾਹ ਨਾਲ ਉਸਦੀ ਖ਼ਾਤਰਦਾਰੀ ਕਰਦਾ ਹੈ। ਉਸਦੇ ਅਜਾਇਬ ਘਰ ਵਿਚ ਭਾਰਤ ਦੀਆਂ 49 ਰਿਆਸਤਾਂ, 31 ਦਿੱਲੀ ਦੇ ਸੁਲਤਾਨਾਂ, ਮੁਗਲ ਬਾਦਸ਼ਾਹਾਂ ਬਾਬਰ ਅਤੇ ਅਕਬਰ, ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਦੇ ਸਿੱਕੇ ਹਨ। ਇਸ ਤੋਂ ਇਲਾਵਾ 13 ਰਿਆਸਤਾਂ ਦੇ ਸਟੈਂਪ ਪੇਪਰ, ਦੋ ਰਿਆਸਤਾਂ ਦੀਆਂ ਹੁੰਡੀਆਂ, 21 ਰਿਆਸਤਾਂ ਦੀਆਂ ਪੋਸਟਲ ਸਟੈਂਪ ਅਤੇ ਦੁਨੀਆਂ ਦੇ 144 ਦੇਸਾਂ ਦੀਆਂ ਕਰੰਸੀਆਂ ਦੇ ਸਿੱਕੇ ਅਤੇ ਨੋਟ ਹਨ। ਉਸ ਦੇ ਅਜਾਇਬ ਘਰ ਵਿਚ ਅਜਿਹੇ ਸਿੱਕੇ, ਨੋਟ ਅਤੇ ਮੈਡਲ ਹਨ ਜਿਹੜੇ ਇਥੋਂ ਤੱਕ ਕਿ ਉਨ੍ਹਾਂ ਰਿਆਸਤਾਂ ਦੇ ਵਾਰਸਾਂ ਕੋਲ ਵੀ ਨਹੀਂ ਹਨ। ਇਸੇ ਤਰ੍ਹਾਂ ਬ੍ਰਿਟਿਸ਼ ਰਾਜ ਦੇ ਸਮੇਂ ਦੇ 100 ਮੈਡਲ ਵੀ ਮੌਜੂਦ ਹਨ, ਇਹ ਮੈਡਲ ਉਸਨੇ ਬੜੀ ਘਾਲਣਾ ਨਾਲ ਇਕੱਤਰ ਕੀਤੇ ਹਨ। ਪੰਜਾਬ ਦੇ ਸਭਿਆਚਾਰਕ ਵਿਰਸੇ ਨਾਲ ਸੰਬੰਧਤ ਬਹੁਤ ਸਾਰਾ ਸਾਮਾਨ ਜਿਸ ਵਿਚ ਪੁਰਾਤਨ ਬਰਤਨ, ਕੰਗਣੀ ਵਾਲੇ ਵਿਲੱਖਣ ਦਿਖ ਵਾਲੇ ਗਲਾਸ, ਸੁਰਮੇਦਾਨੀਆਂ, ਜਿੰਦਰੇ, ਸਿਆਹੀ ਦੀਆਂ ਦਵਾਤਾਂ, ਵੱਟੇ ਅੱਧੀ ਛਟਾਂਕ ਤੋਂ ਲੈ ਕੇ ਪੰਜ ਸੇਰ ਤੱਕ, ਸੁਰਮਚੂ ਆਦਿ ਉਸਦੇ ਅਜਾਇਬ ਘਰ ਦਾ ਸ਼ਿੰਗਾਰ ਹਨ। ਕਮਰਜੀਤ ਸਿੰਘ ਸੇਖੋਂ ਭਾਵੇਂ ਇਕੱਲਾ ਕਹਿਰਾ ਹੀ ਇਹ ਸਾਰਾ ਕੰਮ ਕਰ ਰਿਹਾ ਹੈ ਪ੍ਰੰਤੂ ਉਸਨੂੰ ਇੱਕ ਸੰਸਥਾ ਕਿਹਾ ਜਾ ਸਕਦਾ ਹੈ। ਜਿਸ ਵਿਅਕਤੀ ਕੋਲ ਵੀ ਉਸਨੂੰ ਪਤਾ ਲੱਗਦਾ ਹੈ ਕਿ ਕੋਈ ਵਿਰਾਸਤੀ ਵਸਤ ਪਈ ਹੈ, ਉਹ ਉਸਨੂੰ ਹਰ ਹਾਲਤ ਵਿਚ ਹਾਸਲ ਕਰਦਾ ਹੈ, ਭਾਵੇਂ ਉਸਨੂੰ ਇਸਦਾ ਕਿਤਨਾ ਹੀ ਮੁੱਲ ਤਾਰਨਾ ਪਵੇ। ਉਹ ਆਰਥਕ ਤੌਰ ਤੇ ਵੀ ਬਹੁਤਾ ਅਮੀਰ ਨਹੀਂ ਪ੍ਰੰਤੂ ਦਿਲ ਦਾ ਉਸ ਜਿਤਨਾ ਅਮੀਰ ਵਿਅਕਤੀ ਲੱਭਣਾ ਮੁਸ਼ਕਲ ਹੈ। ਉਸਦੇ ਸਿੱਕਿਆਂ ਦੇ ਸੰਗ੍ਰਹਿ ਵਿਚ ਗਵਾਲੀਅਰ, ਹੈਦਰਾਬਾਦ, ਇੰਦੌਰ, ਜੈਸਲਮੇਰ, ਬਹਾਵਲਪੁਰ, ਬੂੰਦੀ, ਅਵਧ, ਅਹਮਦ ਨਗਰ, ਅਲਵਰ, ਬੜੌਦਾ, ਕੁਛ-ਭੁਜ, ਮੈਸੂਰ, ਤਰਾਵਨਕੋਰ ਅਤੇ ਜੰਮੂ ਰਿਅਸਤਾਂ ਅਤੇ ਮੁਹੰਮਦ ਗੌਰੀ, ਕੁਤਬਦੀਨ ਐਬਕ, ਰਜੀਆ ਜਲਾਲਉਦੀਨ, ਗਿਆਸਉਦੀਨ ਤੁਗਲਕ, ਫੀਰੋਜ ਸ਼ਾਹ, ਅਬੂ ਬਕਰ ਸ਼ਾਹ ਤੁਗਲਕ, ਅਲਾਉਦੀਨ ਸਿਕੰਦਰ ਸ਼ਾਹ, ਫਰੀਦਉਦੀਨ ਸ਼ੇਰ ਸ਼ਾਹ ਸੂਰੀ, ਬੈਹਲੋਲ ਲੋਧੀ, ਖ਼ਿਜ਼ਰ ਖ਼ਾਨ ਅਤੇ ਆਲਮ ਸ਼ਾਹ ਸੁਲਤਾਨਾ ਦੇ ਸਿੱਕੇ ਵੀ ਸਾਂਭ ਕੇ ਰੱਖੇ ਹੋਏ ਹਨ। ਇਸ ਤੋਂ ਇਲਾਵਾ ਮੁਗ਼ਲ ਬਾਦਸ਼ਾਹਾਂ ਬਾਬਰ, ਹਮਾਂਯੂ, ਜਲਾਲਉਦੀਨ ਮੁਹੰਮਦ ਅਕਬਰ ਜਹਾਂਗੀਰ, ਸ਼ਾਹ ਜਹਾਂ, ਔਰੰਗਜੇਬ ਆਲਮਗੀਰ, ਮੁਹੰਮਦ ਸ਼ਾਹ, ਅਹਮਦ ਸ਼ਾਹ ਅਜ਼ੀਜ਼ਉਦੀਨ ਆਲਮਗੀਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਵੀ ਮੌਜੂਦ ਹਨ। ਇੰਗਲੈਂਡ ਵਿਚੋਂ ਵੀ ਉਹ ਕੁਝ ਵਿਰਾਸਤੀ ਚੀਜਾਂ ਲੈ ਕੇ ਆਇਆ ਹੈ।

ਕਰਮਜੀਤ ਸਿੰਘ ਸੇਖੋਂ ਦਾ ਜੱਦੀ ਪਿੰਡ ਮਾਨਸਾ ਜਿਲ੍ਹੇ ਵਿਚ ਬੌੜਵਾਲ ਹੈ। ਮਾਨਸਾ ਨੂੰ ਪੰਜਾਬ ਦਾ ਪਛੜਿਆ ਇਲਾਕਾ ਗਿਣਿਆਂ ਜਾਂਦਾ ਹੈ ਪ੍ਰੰਤੂ ਉਹ ਵਿਕਸਤ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਤੋਂ ਵੀ ਵੱਧ ਕੰਮ ਕਰਕੇ ਬਾਕੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਉਸਦਾ ਜਨਮ ਪਿਤਾ ਸ੍ਰ.ਰਾਮ ਸਿੰਘ ਸੇਖੋਂ ਅਤੇ ਮਾਤਾ ਸ਼੍ਰੀਮਤੀ ਜਸਵੰਤ ਕੌਰ ਸੇਖੋਂ ਦੇ ਘਰ 4 ਫਰਵਰੀ 1962 ਨੂੰ ਪਟਿਆਲਾ ਵਿਖੇ ਹੀ ਹੋਇਆ ਸੀ। ਇਸ ਪਿੰਡ ਵਿਚ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਨਾਨਕੇ ਸਨ। ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਦਾ ਵਡਮੁਲਾ ਯੋਗਦਾਨ ਹੈ। ਆਪਨੇ ਜਨਰੇਸ਼ਨ ਵੈਲਫ਼ੇਅਰ ਫਾਊਂਡੇਸ਼ਨ ਨਾਮ ਦੀ ਸਵੈਸੇਵੀ ਸੰਸਥਾ ਬਣਾਈ ਹੋਈ ਹੈ ਜਿਹੜੀ ਸਮੁਚੇ ਪੰਜਾਬ ਵਿਚ ਮੁਫਤ ਮੈਡੀਕਲ ਕੈਂਪ ਲਗਵਾਉਂਦੀ ਹੈ ਅਤੇ ਵਾਤਵਰਨ ਨੂੰ ਸਾਫ ਸੁਥਰਾ ਰੱਖਣ ਲਈ ਮੁਫਤ ਫਲਦਾਰ, ਸਜਾਵਟੀ ਅਤੇ ਛਾਂਦਾਰ ਪੌਦੇ ਵੰਡਦੀ ਹੈ। ਇਸ ਸੰਸਥਾ ਲਈ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ। ਸਮਾਗਮਾ ਦੇ ਸਪੌਂਸਰ ਲੱਭੇ ਜਾਂਦੇ ਹਨ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹਰ ਪੰਚਵੀਂ ਵਾਲੇ ਦਿਨ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਡਾਕਟਰਾਂ ਦੀਆਂ ਸੇਵਾਵਾਂ ਮੁਫ਼ਤ ਪ੍ਰਾਈਮ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਹਨ। ਕੋਈ ਮੈਂਬਰਸ਼ਿਪ ਫੀਸ ਨਹੀਂ ਹੈ। ਇਸ ਤੋਂ ਇਲਾਵਾ ਉਹ ਸਿਵਲ ਡਿਫੈਂਸ ਦਾ ਚੀਫ ਵਾਰਡਨ ਵੀ ਰਿਹਾ ਹੈ। ਉਸਦੇ ਇੱਕ ਲੜਕਾ ਅਤੇ ਲੜਕੀ ਹਨ। ਲੜਕੀ ਇੰਗਲੈਂਡ ਅਤੇ ਲੜਕਾ ਆਸਟਰੇਲੀਆ ਵਿਚ ਰਹਿੰਦੇ ਹਨ। ਕਮਰਜੀਤ ਸਿੰਘ ਸੇਖੋਂ ਆਪਣੀ ਪਤਨੀ ਨਾਲ ਪਟਿਆਲਾ ਵਿਖੇ ਰਹਿੰਦੇ ਹਨ। ਅਜਿਹੇ ਖ਼ਰਚੀਲੇ ਸ਼ੌਕ ਦੀ ਪੂਰਤੀ ਵਿਚ ਉਸਦੀ ਪਤਨੀ ਦਾ ਸਹਿਯੋਗ ਵੀ ਵਿਲੱਖਣ ਹੈ ਕਿਉਂਕਿ ਉਹ ਹੁਣ ਸੇਵਾ ਮੁਕਤ ਹੈ। ਉਸਦੀ ਪਤਨੀ ਨੌਕਰੀ ਕਰਦੀ ਹੈ ਜਿਸਦੀ ਤਨਖ਼ਾਹਖ਼ ਨਾਲ ਸਾਰਾ ਸ਼ੌਕ ਪੂਰਾ ਹੁੰਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>