ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੇ ਨਗਰ ਕੀਰਤਨ ਤੋਂ ਪਹਿਲੇ ਹੀ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਜ਼ਬਰ-ਜੁਲਮ ਦੀ ਇੰਤਾਹ : ਮਾਨ

ਫ਼ਤਹਿਗੜ੍ਹ ਸਾਹਿਬ – ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਜੋ ਆਪਣੇ ਆਪ ਨੂੰ ਪੰਥਕ ਅਤੇ ਧਰਮੀ ਕਹਾਉਦੀ ਹੈ, ਉਸ ਵੱਲੋਂ ਸਰਬੱਤ ਖ਼ਾਲਸਾ ਰਾਹੀ ਚੁਣੇ ਗਏ ਜਥੇਦਾਰ ਸਾਹਿਬਾਨ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਸ. ਸਿਮਰਨਜੀਤ ਸਿੰਘ ਮਾਨ (ਦਾਸ) ਨੂੰ ਹਾਊਸ ਅਰੈਸਟ ਕਰਨ, ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਬੀਤੀ ਰਾਤ 1 ਤੋਂ 3 ਵਜੇ ਤੱਕ ਸਮੁੱਚੇ ਪੰਜਾਬ ਵਿਚ ਉਹਨਾਂ ਦੇ ਘਰਾਂ ਤੇ ਛਾਪੇ ਮਾਰਕੇ ਵੱਡੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਕਰਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਮੌਜੂਦਾ ਪੰਜਾਬ ਦੇ ਹੁਕਮਰਾਨ ਅਤੇ ਬਾਦਲ ਦਲੀਏ ਬੇਸ਼ੱਕ ਮੁਖੋਟੇ ਧਰਮੀ ਪਹਿਨੀ ਫਿਰਦੇ ਹਨ, ਪਰ ਇਹਨਾ ਦੇ ਅਮਲ ਤੇ ਇਹਨਾਂ ਵੱਲੋਂ ਕੀਤੇ ਜਾਣ ਵਾਲੇ ਜ਼ਬਰ-ਜੁਲਮ ਗੈਰ-ਧਰਮੀ ਅਤੇ ਗੈਰ-ਇਨਸਾਨੀਅਤ ਹਨ। ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਜੋ ਸਿੱਖ ਆਗੂਆਂ ਨੂੰ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੁੰਦੇ ਹੋਏ ਕੌਮ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ੍ਰੀ ਜੋਤੀ ਸਰੂਪ ਤੱਕ ਜਾਣ ਵਾਲੇ ਨਗਰ ਕੀਰਤਨ ਦੇ ਦਰਸ਼ਨ ਕਰਨ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਸ਼ਹੀਦੀ ਅਰਦਾਸ ਵਿਚ ਸ਼ਾਮਿਲ ਹੋਣ ਤੋਂ ਜ਼ਬਰੀ ਰੋਕਣ ਦੇ ਅਮਲ ਅਸਹਿ ਅਤੇ ਅਕਹਿ ਹਨ। ਪੰਜਾਬ ਦੀ ਬਾਦਲ ਬੀਜੇਪੀ ਹਕੂਮਤ ਦੇ ਇਹਨਾਂ ਗੈਰ-ਧਰਮੀ, ਗੈਰ-ਸਮਾਜਿਕ ਅਤੇ ਜ਼ਬਰ-ਜੁਲਮ ਦੀ ਇੰਤਾਹ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ-ਬੀਜੇਪੀ ਦੇ ਗੈਰ-ਕਾਨੂੰਨੀ ਅਤੇ ਗੈਰ-ਧਰਮੀ ਅਮਲਾਂ ਅਧੀਨ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਡੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ ਖੱਖ ਦੇ ਘਰ ਪੁਲਿਸ ਨੇ ਜ਼ਬਰੀ ਦਾਖਲ ਹੋ ਕੇ ਰਾਤ ਨੂੰ 1 ਵਜੇ ਬਿਨ੍ਹਾਂ ਸਰਚ ਵਾਰੰਟਾਂ ਤੋਂ ਬੀਬੀਆਂ ਦੇ ਘਰ ਹੁੰਦੇ ਹੋਏ ਤਲਾਸ਼ੀ ਲਈ ਅਤੇ ਉਹਨਾਂ ਦੇ ਡੰਗਰਾਂ ਅਤੇ ਪਾਲਤੂ ਕੁੱਤਿਆਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਬਾਹਰੋ ਕੁੰਡੇ ਲਗਾਕੇ ਪੁਲਿਸ ਨੇ ਬਹੁਤ ਹੀ ਘਟੀਆ ਤਰੀਕੇ ਨਾਲ ਸਮੁੱਚੇ ਖੱਖ ਪਰਿਵਾਰ ਨੂੰ ਜ਼ਲੀਲ ਕੀਤਾ। ਜਿਸ ਸੰਬੰਧੀ ਪਾਰਟੀ ਸਖ਼ਤ ਨੋਟਿਸ ਲੈਂਦੀ ਹੋਈ ਸੰਬੰਧਤ ਜ਼ਿਲ੍ਹਾ ਪੁਲਿਸ ਦੇ ਐਸ. ਐਸ. ਪੀ. ਨੂੰ ਇਸ ਸੰਬੰਧੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ । ਜੇਕਰ ਪੁਲਿਸ ਅਫ਼ਸਰਾਨ ਨੇ ਇਹ ਅਮਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਪੰਜਾਬ ਦੀ ਬਾਦਲ ਹਕੂਮਤ ਅਤੇ ਜ਼ਿਲ੍ਹਾ ਹੁਸਿਆਰਪੁਰ ਦੀ ਪੁਲਿਸ ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਜਿਸ ਦੇ ਨਤੀਜਿਆ ਲਈ ਬਾਦਲ ਹਕੂਮਤ ਤੇ ਪੁਲਿਸ ਅਧਿਕਾਰੀ ਜਿੰਮੇਵਾਰ ਹੋਣਗੇ। ਇਸੇ ਤਰ੍ਹਾਂ ਪੱਟੀ ਦੇ ਸ. ਸਿਕੰਦਰ ਸਿੰਘ ਵਰਾਣਾ, ਅੰਮ੍ਰਿਤਸਰ ਦੇ ਪ੍ਰਧਾਨ ਸ. ਅਮਰੀਕ ਸਿੰਘ ਨੰਗਲ, ਗੁਰਵਤਨ ਸਿੰਘ ਮੁਕੇਰੀਆ, ਗੁਰਬਿੰਦਰ ਸਿੰਘ ਜੌਲੀ ਗੁਰਦਾਸਪੁਰ, ਸਤਨਾਮ ਸਿੰਘ ਪਠਾਨਕੋਟ, ਹਰਬੰਸ ਸਿੰਘ ਪੈਲੀ ਨਵਾਂਸ਼ਹਿਰ, ਮਨਜੀਤ ਸਿੰਘ ਮੱਲ੍ਹਾ ਮੋਗਾ, ਹਰਪਾਲ ਸਿੰਘ ਕੁੱਸਾ ਮੋਗਾ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਮਨਜੀਤ ਸਿੰਘ ਰੇਰੂ ਜਲੰਧਰ, ਰਜਿੰਦਰ ਸਿੰਘ ਫ਼ੌਜੀ ਕਪੂਰਥਲਾ, ਸੂਬੇਦਾਰ ਮੇਜਰ ਸਿੰਘ ਜਲੰਧਰ, ਜਗਜੀਤ ਸਿੰਘ ਰਾਜਪੁਰਾ, ਰਜਿੰਦਰ ਸਿੰਘ ਜਵਾਹਰਕੇ ਮਾਨਸਾ, ਬਲਵਿੰਦਰ ਸਿੰਘ ਮੰਡੇਰ ਮਾਨਸਾ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ ਆਦਿ ਆਗੂਆਂ ਨੂੰ ਜਿਥੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਥੇ ਸੈਕੜਿਆਂ ਦੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਦੇ ਘਰਾਂ ਤੇ ਪੁਲਿਸ ਵੱਲੋਂ ਅੱਧੀ ਰਾਤ ਨੂੰ ਛਾਪੇ ਵੀ ਮਾਰੇ ਗਏ ਹਨ ।

ਸ. ਮਾਨ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹਨਾਂ ਦੇ ਤਾਨਾਸ਼ਾਹੀ ਰਾਜ ਵਿਚ ਹਰ ਪੱਧਰ ਤੇ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ । ਵਿਰੋਧੀ ਜਮਾਤਾਂ ਜਿਨ੍ਹਾਂ ਦੀ ਮਜ਼ਬੂਤੀ ਜਮਹੂਰੀਅਤ ਕਦਰਾ-ਕੀਮਤਾਂ ਦੀ ਨਿਸ਼ਾਨੀ ਹੁੰਦੀ ਹੈ, ਉਹਨਾਂ ਵਿਰੋਧੀ ਜਮਾਤਾਂ ਦੇ ਲੋਕ ਪੱਖੀ ਉਦਮਾਂ ਅਤੇ ਉਹਨਾਂ ਦੀਆਂ ਕਾਰਗੁਜਾਰੀਆਂ ਅਤੇ ਸਰਗਰਮੀਆਂ ਉਤੇ ਬਾਦਲ ਹਕੂਮਤ ਨੇ ਜ਼ਬਰੀ ਰੋਕ ਲਗਾਕੇ ਆਪਣੀ ਹਕੂਮਤ ਦੀ ਅਸਫ਼ਲਤਾ ਨੂੰ ਪ੍ਰਤੱਖ ਕਰ ਦਿੱਤਾ ਹੈ । ਇਸ ਲਈ ਆਉਣ ਵਾਲੀਆ 2017 ਪੰਜਾਬ ਦੀਆਂ ਚੋਣਾਂ ਵਿਚ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਤੇ ਕੌਮੀ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਬਣੇ ਪੰਥਕ ਫਰੰਟ ਵੱਲੋਂ ਜੋ ਆਉਣ ਵਾਲੇ ਕੱਲ੍ਹ ਮਿਤੀ 28 ਦਸੰਬਰ 2016 ਨੂੰ ਜਲੰਧਰ ਵਿਖੇ ਸੱਚੇ-ਸੁੱਚੇ, ਇਖ਼ਲਾਕੀ ਤੇ ਸਮਾਜਿਕ ਗੁਣਾਂ ਦੇ ਮਾਲਕ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਐਲਾਨ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਸੀਟਾਂ ਦਾ ਵੀ ਜਿਨ੍ਹਾਂ ਉਮੀਦਵਾਰਾਂ ਨੂੰ ਐਲਾਨਿਆ ਜਾਵੇਗਾ, ਉਹਨਾਂ ਨੂੰ ਆਪਣੀਆਂ ਵੋਟਾਂ ਪਾ ਕੇ ਅਤੇ ਸਹਿਯੋਗ ਕਰਕੇ ਹਕੂਮਤ ਤੇ ਬਿਠਾਉਣ ਵਿਚ ਯੋਗਦਾਨ ਪਾਉਣ। ਤਾਂ ਕਿ ਪੰਜਾਬ ਵਿਚ ਸਰਬੱਤ ਦੇ ਭਲੇ ਦੀ ਸੋਚ ਅਧੀਨ ਹਲੀਮੀ ਰਾਜ ਦੀ ਸਥਾਪਨਾ ਕੀਤੀ ਜਾ ਸਕੇ ਅਤੇ ਸਭਨਾਂ ਵਰਗਾਂ ਦੀ ਬਰਾਬਰਤਾ ਦੇ ਅਧਾਰ ਤੇ ਬਿਹਤਰੀ ਹੋ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>