ਇਸਤਾਂਬੁਲ – ਨਵੇਂ ਸਾਲ ਦੀ ਪਾਰਟੀ ਦੌਰਾਨ ਇਸਤਾਂਬੁਲ ਦੀ ਇੱਕ ਨਾਈਟ ਕਲੱਬ ਵਿੱਚ ਹੱਥਿਆਰਾਂ ਨਾਲ ਲੈਸ ਇੱਕ ਹਮਲਾਵਰ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 35 ਲੋਕ ਮਾਰੇ ਗਏ ਹਨ ਅਤੇ 50 ਦੇ ਕਰੀਬ ਜਖਮੀ ਹੋਏ ਹਨ।
ਰੇਨਾ ਨਾਮ ਦੀ ਇਸ ਨਾਈਟ ਕਲੱਬ ਵਿੱਚ ਜਿਸ ਸਮੇਂ ਹਮਲਾ ਹੋਇਆ, ਉਸ ਵਕਤ ਉੱਥੇ ਸੈਂਕੜੇ ਲੋਕ ਮੌਜੂਦ ਸਨ। ਹਮਲਾਵਰ ਬਾਰੇ ਇਹ ਖ਼ਬਰ ਹੈ ਕਿ ਉਹ ਸਾਂਤਾ ਦੀ ਡਰੈਸ ਪਹਿਨ ਕੇ ਆਇਆ ਸੀ। ਉਸ ਨੇ ਨਾਈਟ ਕਲੱਬ ਵਿੱਚ ਜਾਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਅਧਿਕਾਰੀਆਂ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੇਵਲ ਇੱਕ ਹੀ ਵਿਅਕਤੀ ਸੀ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਦੇ ਡੇਢ ਵਜੇ ਦੇ ਕਰੀਬ ਹੋਈ।
ਇਸਤਾਂਬੁਲ ਵਿੱਚ ਅੱਤਵਾਦੀ ਹਮਲੇ ਹੋਣ ਦੇ ਸ਼ੱਕ ਕਾਰਣ ਪਹਿਲਾਂ ਹੀ ਹਾਈ ਅਲੱਰਟ ਜਾਰੀ ਕੀਤਾ ਹੋਇਆ ਸੀ ਅਤੇ 17000 ਦੇ ਕਰੀਬ ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਲਗਾਇਆ ਹੋਇਆ ਸੀ।