ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਦੇ 350ਵੇਂ ਪ੍ਰਕਾਸ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ ਦੇ ਉਪਲਕਸ਼ ਮਿਤੀ 1 ਜਨਵਰੀ 2017 ਨੂੰ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਕੇ ਦਿੱਲੀ ਦੇ ਅਨੇਕਾਂ ਬਜ਼ਾਰਾਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸ਼ੁਭਾਸ਼ ਨਗਰ ਮੋੜ, ਤਿਲਕ ਨਗਰ ਤੇ ਜੇਲ ਰੋਡ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ ਬਲਾਕ ਫਤਿਹ ਨਗਰ ਵਿਖੇ ਪੁੱਜਾ।

ਇਸ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਸਮੂੰਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਵੇਂ ਪਾਤਿਸ਼ਾਹ ਦੇ 350ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਪੁਰਾਤਨ ਕਾਲ ਤੋਂ ਹੀ ਭਾਰਤੀ ਸਮਾਜ ਵਿੱਚ ਵਰਨਵੰਡ ਤੁਰੀ ਆ ਰਹੀ ਸੀ ਤੇ ਇਹ ਵਰਨਵੰਡ ਇੰਨੀ ਵੱਧ ਗਈ ਸੀ ਕਿ ਵਿਦੇਸ਼ੀ ਹਮਲਾਵਰ ਕਦੇ ਪਠਾਨ ਤੇ ਕਦੇ ਮੁਗਲ ਬੇਝਿਜਕ ਹਿੰਦੁਸਤਾਨ ’ਤੇ ਹਮਲੇ ਕਰਦੇ ਤੇ ਲੁੱਟ-ਮਾਰ ਦੇ ਨਾਲ-ਨਾਲ ਔਰਤਾਂ ਦੀ ਬੇਪਤੀ ਵੀ ਕਰਦੇ। ਦਸਮ ਪਾਤਿਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਭ ਜਾਤੀਆਂ ਨੂੰ ਇੱਕੋ ਖੰਡੇ ਬਾਟੇ ਵਿੱਚ ਅੰਮ੍ਰਿਤ ਛਕਾਇਆ ਤੇ ਵਰਨ ਵੰਡ ਦਾ ਭੇਦ ਮਿਟਾ ਦਿੱਤਾ ਅਤੇ ਜ਼ੁਲਮ ਨੂੰ ਮਿਟਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖੀ।

ਕਮੇਟੀ ਦੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤਾਂ ਨੂੰ 350ਵੇਂ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦੇ ਹੋਇਆ ਕਿਹਾ ਕਿ ਗੁਰੂ ਜੀ ਨੇ ਦੱਬੀ ਕੁਚਲੀ ਤੇ ਸਾਹ ਸੱਤ ਹੀਨ ਹੋ ਚੁੱਕੀ ਪਰਜਾ ਵਿੱਚ ਨਵੀਂ ਰੂਹ ਪਾਈ ਤੇ ਨੌਜਵਾਨਾਂ ਵਿੱਚ ਬੀਰ ਰਸ ਵਧਾਉਣ ਤੇ ਜ਼ਾਲਮਾਂ ਨਾਲ ਟਾਕਰਾ ਕਰਨ ਲਈ ਸ਼ਸਤਰ ਚਲਾਉਣੇ, ਘੋੜ ਸਵਾਰੀ, ਨੇਜ਼ਾ ਬਾਜ਼ੀ ਦੇ ਨਾਲ-ਨਾਲ ਹੀ ਹਰ ਤਰ੍ਹਾਂ ਦੇ ਸਸ਼ਤਰ ਚਲਾਉਣ ਦੀ ਸਿਖਲਾਈ ਦਿੱਤੀ। ਗੁਰੂ ਜੀ ਦਾ ਸਾਰਾ ਜੀਵਨ ਜ਼ਾਲਮ ਤੇ ਜ਼ੁਲਮਾਂ ਨੂੰ ਖਤਮ ਕਰਨ ਵਿੱਚ ਹੀ ਬੀਤਿਆ। ਉਨ੍ਹਾਂ ਨੇ ਕਿਸੇ ਵੀ ਸਮੇਂ ਕਿਸੇ ਵੀ ਪੜਾਅ ’ਤੇ ਜ਼ਾਲਮ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਆਪਣਾ ਸਰਬੰਸ ਵਾਰਕੇ ਵੀ ਹਿੰਦੋਸਤਾਨ ਦੀ ਜਨਤਾ ਨੂੰ ਜ਼ਾਲਮ ਤੋਂ ਬਚਾਉਣ ਲਈ ਵੀ ਕੋਈ ਗੁਰੇਜ਼ ਨਹੀਂ ਕੀਤਾ।

ਗੁਰੂ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਨਗਰ ਕੀਰਤਨ ਵਿਚ ਸੰਗਤਾਂ ਸ਼ਬਦੀ ਜੱਥੇ, ਸਕੂਲਾਂ ਦੇ ਬੱਚੇ, ਬੈਂਡ ਗਤਕਾ ਅਖਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿਚ ਪਾਲਕੀ ਦੇ ਪਿੱਛੇ ਚਲੇ ।ਇਸ ਮੌਕੇ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ , ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਕਮੇਟੀ ਮੈਂਬਰ ਹਰਮੀਤ ਸਿੰਘ ਕਾਲਕਾ, ਰਵਿੰਦਰ ਸਿੰਘ ਖੁਰਾਣਾ, ਕੁਲਮੋਹਨ ਸਿੰਘ, ਤਨਵੰਤ ਸਿੰਘ, ਚਮਨ ਸਿੰਘ ਸਹਿਬ ਪੁਰਾ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਗੁਰਵਿੰਦਰ ਪਾਲ ਸਿੰਘ, ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਵਿਕਰਮ ਸਿੰਘ, ਕਮੇਟੀ ਦੇ ਮੀਡੀਆ ਸਲਾਹਕਾਰ ਸ੍ਰ. ਪਰਮਿੰਦਰਪਾਲ ਸਿੰਘ ਮੋਤੀ ਨਗਰ ਸਮੇਤ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਨਗਰ ਕੀਰਤਨ ਵਿੱਚ ਸਮੂਹ ਖਾਲਸਾ ਸਕੂਲਾਂ, ਕਾਲਜਾਂ ਦੇ ਬੱਚਿਆਂ ਨੇ ਬੈਂਡ ਵਾਜਿਆਂ ਸਮੇਤ ਭਾਗ ਲਿਆ ਤੇ ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜਿਆਂ ਨੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ। ਸੇਵਕ ਜੱਥਿਆਂ, ਝਾੜੂ ਸੇਵਕ ਜਥੇ, ਛਬੀਲ ਵਾਲੇ ਜਥੇ ਤੋਂ ਇਲਾਵਾ ਐਂਬੂਲੈਂਸ ਬ੍ਰੀਗੇਡ ਨੇ ਵੀ ਬਾਖੂਬੀ ਸੇਵਾ ਨਿਭਾਈ। ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਖੜੀਆਂ ਸਨ ਤੇ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਵਾਗਤ ਲਈ ਸਵਾਗਤੀ ਗੇਟ ਬਨਾਏ ਗਏ ਸਨ ਤੇ ਹਰ ਥਾਂ ਗੁਰੂ ਕਾ ਲੰਗਰ ਅਤੁੱਟ ਵਰਤਿਆ।ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ350ਵਾਂ ਪ੍ਰਕਾਸ਼ ਪੁਰਬ ਮੌਕੇ ਮਿਤੀ 5 ਜਨਵਰੀ 2017 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ।ਇਸ ਮੌਕੇ ਆਯੋਜਿਤ ਗੁਰਮਤਿ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜੱਥੇ ਕੀਰਤਨ/ਢਾਡੀ ਪ੍ਰਸੰਗ ਰਾਹੀਂ ਤੇ ਕਥਾਵਾਚਕ ਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>