ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਪੰਥਕ ਸੇਵਾ ਦਲ ਦੀ ਧਾਰਮਿਕ ਪਾਰਟੀ ਵਜੋਂ ਮਾਨਤਾ ਖਾਰਿਜ ਕਰਦੇ ਹੋਏ ਪੰਥਕ ਸੇਵਾ ਦਲ ਨੂੰ ਰਾਖਵਾਂ ਚੋਣ ਨਿਸ਼ਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਲਈ ਨਾ ਦੇਣ ਦੀ ਅਪੀਲ ਕੀਤੀ ਹੈ। ਸਾਬਕਾ ਵਿਧਾਇਕ ਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਅੱਜ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਬਾਬਤ ਚੋਣ ਬੋਰਡ ਨੂੰ ਲਿਖੇ ਗਏ ਪੱਤਰ ਦੀ ਕਾਪੀ ਜਾਰੀ ਕੀਤੀ। ਪੰਥਕ ਸੇਵਾ ਦਲ ਵੱਲੋਂ ਐਸ.ਡੀ.ਐਮ. ਦਫ਼ਤਰ ਰਾਮਪੁਰਾ ਵਿਖੇ ਸੋਸਾਇਟੀ ਐਕਟ ਦੇ ਤਹਿਤ ਜਮ੍ਹਾਂ ਕਰਵਾਏ ਗਏ ਕਾਗਜ਼ਾਤਾਂ ਨੂੰ ਲਹਿਰਾਉਂਦੇ ਹੋਏ ਕਾਲਕਾ ਨੇ ਦਲ ਦੇ ਨਿਯਮ-ਕਾਇਦਿਆਂ ਵਿੱਚ ਮੈਂਬਰ ਬਣਨ ਦੇ ਨਿਯਮ 2 (ਅ) ਤਹਿਤ ਦਿੱਤੀ ਗਈ ਮੁੱਢਲੀ ਸ਼ਰਤ ਦਾ ਵੀ ਹਵਾਲਾ ਦਿੱਤਾ।
ਕਾਲਕਾ ਨੇ ਕਿਹਾ ਕਿ ਪੰਥਕ ਸੇਵਾ ਦਲ ਦਾ ਮੈਂਬਰ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਜੋ ਕਿਸੇ ਹੋਰ ਸਿਆਸੀ ਜਥੇਬੰਦੀ ਜੋ ਕਿ ਭਾਰਤੀ ਚੋਣ ਕਮਿਸ਼ਨ ਜਾਂ ਦਿੱਲੀ ਗੁਰਦੁਆਰਾ ਚੋਣ ਬੋਰਡ ਦੇ ਤਹਿਤ ਰਜਿਸਟਰਡ ਹੋਏ ਨਾਲ ਨਾ ਜੁੜਿਆ ਹੋਵੇ, ਉਹ ਮੈਂਬਰ ਬਣ ਸਕਦਾ ਹੈ। ਕਾਲਕਾਜੀ ਤੋਂ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਵਿਧਾਇਕ ਅਵਤਾਰ ਸਿੰਘ ਕਾਲਕਾ ਵੱਲੋਂ ਆਪਣੀ ਪਾਰਟੀ ਤੋਂ ਬਿਨ੍ਹਾਂ ਅਸਤੀਫਾ ਦਿੱਤੇ ਪੰਥਕ ਸੇਵਾ ਦਲ ਵਿੱਚ ਸ਼ਾਮਿਲ ਹੋਣ ’ਤੇ ਕਾਲਕਾ ਨੇ ਸਵਾਲੀਆ ਨਿਸ਼ਾਨ ਲਗਾਇਆ।
ਕਾਲਕਾ ਨੇ ਪੁੱਛਿਆ ਕਿ ਕਿਵੇਂ ਸੋਸਾਇਟੀ ਦੇ ਨਿਯਮ ਅਨੁਸਾਰ ਅਵਤਾਰ ਸਿੰਘ ਕਾਲਕਾ ਬਿਨ੍ਹਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤੇ ਪੰਥਕ ਸੇਵਾ ਦਲ ਦੇ ਇੱਕ ਦਿਨ ਵਿੱਚ ਹੀ ਮੈਂਬਰ, ਕੋਰ-ਕਮੇਟੀ ਮੈਂਬਰ ਅਤੇ ਕਨਵੀਨਰ ਥਾਪੇ ਗਏ ? ਜਦਕਿ ਨਿਯਮ 2 (ਭ) ਤਹਿਤ ਕਿਸੇ ਮੈਂਬਰ ਨੂੰ ਅੰਤਿ੍ਰੰਗ ਬੋਰਡ ਦਾ ਮੈਂਬਰ ਬਣਨ ਵਾਸਤੇ ਪੰਥਕ ਸੇਵਾ ਦਲ ਲਈ 4 ਮਹੀਨੇ ਤੱਕ ਸਰਗਰਮ ਮੈਂਬਰ ਦੇ ਤੌਰ ’ਤੇ ਸੇਵਾ ਕਰਨ ਦਾ ਜ਼ਰੂਰੀ ਸਿਧਾਂਤ ਮੌਜ਼ੂਦ ਸੀ।
ਪੰਥਕ ਸੇਵਾ ਦਲ ਦੀ ਰਜਿਸਟਰੇਸ਼ਨ ਵੇਲੇ ਹੋਏ ਨਿਯਮਾਂ ਦੀ ਉਲੰਘਣਾਂ ਦਾ ਕਾਲਕਾ ਨੇ ਦਿੱਲੀ ਗੁਰਦੁਆਰਾ ਚੋਣ ਨਿਯਮ 1974 ਦੇ ਨਿਯਮ 14 (3) (ਭ ਅਤੇ ਧ) ਤਹਿਤ ਖਾਮੀਆਂ ਦਾ ਖੁਲਾਸਾ ਕੀਤਾ। ਕਾਲਕਾ ਨੇ ਜਾਣਕਾਰੀ ਦਿੱਤੀ ਕਿ ਐਕਟ ਅਨੁਸਾਰ ਧਾਰਮਿਕ ਪਾਰਟੀ ਦੇ ਤੌਰ ’ਤੇ ਰਜਿਸਟਰਡ ਹੋਣ ਵਾਲੀ ਸੋਸਾਇਟੀ ਵਿੱਚ ਘੱਟ ਤੋਂ ਘੱਟ 5 ਮੈਂਬਰ ਉਹ ਲੋਕ ਬਣ ਸਕਦੇ ਹਨ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਦੌਰਾਨ ਵੱਖ-ਵੱਖ 5 ਵਾਰਡਾਂ ਤੋਂ ਚੋਣ ਲੜੀ ਹੋਵੇ ਅਤੇ 2 ਵੱਖ ਮੈਂਬਰ ਦਿੱਲੀ ਕਮੇਟੀ ਦੇ ਮੌਜ਼ੂਦਾ ਮੈਂਬਰ ਹੋਣੇ ਚਾਹੀਦੇ ਹਨ। ਇਹ 7 ਮੈਂਬਰ ਸੋਸਾਇਟੀ ਦੇ ਸੰਸਥਾਪਕ ਮੈਂਬਰ ਹੋਣੇ ਵੀ ਜ਼ਰੂਰੀ ਹਨ।
ਕਾਲਕਾ ਨੇ ਦੱਸਿਆ ਕਿ ਪੰਥਕ ਸੇਵਾ ਦਲ ਵੱਲੋਂ ਰਜਿਸਟਰਡ ਕਰਵਾਈ ਗਈ ਸੋਸਾਇਟੀ ਵਿੱਚ ਸਾਡੀ ਜਾਣਕਾਰੀ ਅਨੁਸਾਰ ਸਿਫਰ ਕਰਤਾਰ ਸਿੰਘ ਕੋਛੜ ਅਤੇ ਜਗਦੇਵ ਸਿੰਘ ਨੇ ਹੀ ਪਿਛਲੀਆਂ ਚੋਣਾਂ ਸਰਨਾ ਧੜੇ ਤੋਂ ਲੜੀਆਂ ਸਨ, ਜਿਸ ਤੋਂ ਬਾਅਦ ਜਗਦੇਵ ਸਿੰਘ ਵੱਲੋਂ ਸਰਨਾ ਧੜੇ ਤੋਂ ਅਸਤੀਫਾ ਦਿੱਤੇ ਬਿਨ੍ਹਾਂ ਪੰਥਕ ਸੇਵਾ ਦਲ ਦਾ ਸੰਸਥਪਾਕ ਮੈਂਬਰ ਬਣਨ ਦੀ ਗੱਲ ਸਾਹਮਣੇ ਆ ਰਹੀ ਹੈ। ਕਾਲਕਾ ਨੇ ਕਿਹਾ ਕਿ ਪੰਥਕ ਸੇਵਾ ਦਲ ਇਸ ਆਧਾਰ ’ਤੇ ਦਿੱਲੀ ਗੁਰਦੁਆਰਾ ਐਕਟ ਦੇ ਤਹਿਤ ਧਾਰਮਿਕ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਦਾ ਅਧਿਕਾਰ ਖੋਹ ਚੁੱਕਿਆ ਹੈ। ਇਸ ਕਰਕੇ ਦਿੱਲੀ ਸਰਕਾਰ ਵੱਲੋਂ ਉਸ ਨੂੰ ਰਾਖਵਾਂ ਚੋਣ ਨਿਸ਼ਾਨ ਨਾ ਦਿੱਤਾ ਜਾਵੇ। ਇਸ ਲਈ ਗੁਰਦੁਆਰਾ ਚੋਣ ਡਾਇਰੈਕਟ ਸੂਰਵੀਰ ਸਿੰਘ ਨੂੰ ਅਸੀਂ ਪੱਤਰ ਭੇਜਿਆ ਹੈ।
ਦਲ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਜੋਲੀ ਨੇ ਦਾਅਵਾ ਕੀਤਾ ਕਿ ਕਿਸੇ ਸੂਰਤ ਵਿੱਚ ਵੀ ਪੰਥਕ ਸੇਵਾ ਦਲ ਨੂੰ ਦਿੱਲੀ ਕਮੇਟੀ ਚੋਣਾਂ ਲੜਾਉਣ ਦੀ ਦਿੱਲੀ ਸਰਕਾਰ ਨੇ ਜੇਕਰ ਕੋਸ਼ਿਸ਼ ਕੀਤੀ ਤਾਂ ਅਸੀਂ ਸਿਆਸੀ ਅਤੇ ਕਾਨੂੰਨੀ ਤਰੀਕੇ ਨਾਲ ਇਸ ਨੂੰ ਰੋਕਣ ਲਈ ਪੂਰੀ ਤਾਕਤ ਲਗਾਵਾਂਗੇ।