ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ – ਸ. ਜਸਵੰਤ ਸਿੰਘ ਕੰਵਲ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰੂਬਰੂ ਅਤੇ ਸਨਮਾਨ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉੱਘੇ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਨੇ ਆਖਿਆ ਕਿ ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ। ਇਸ ਮੌਕੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ. ਬਲਵੀਰ ਸਿੰਘ ਕੰਵਲ ਯੂ.ਕੇ. ਅਤੇ ਸ. ਭੁਪਿੰਦਰ ਸਿੰਘ ਮੱਲੀ ਕੈਨੇਡਾ ਨਾਲ ਰੂਬਰੂ ਹੋਇਆ। ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਦੋਨੋਂ ਸਾਹਿਤਕਾਰ ਅਤੇ ਸਾਹਿਤਕ ਕਰਮੀ ਆਪਣੀ ਥਾਂ ਤੇ ਸਦੀਵੀ ਸਾਹਿਤਕ ਮੁੱਲਾਂ ਨੂੰ ਸੰਭਾਲਣ ਵਾਲੇ ਅਤੇ ਸਾਡੇ ਤੱਕ ਪਹੁੰਚਾਉਣ ਵਾਲੇ ਸਾਹਿਤਕਾਰ ਹਨ। ਪੰਜਾਬੀ ਸਾਹਿਤ ਅਕਾਡਮੀ ਇਨ੍ਹਾਂ ਨਾਲ ਸੰਵਾਦ ਰਚਾ ਕੇ ਲਾਹਾ ਲੈਣਾ ਚਾਹੁੰਦੀ ਹੈ। ਆਪਣੀ ਜੀਵਨ ਗਾਥਾ ਕਹਿੰਦਿਆਂ ਭੁਪਿੰਦਰ ਸਿੰਘ ਮੱਲੀ ਹੋਰਾਂ ਨੇ ਦਸਿਆ ਕਿ ਪੰਜਾਬੀ ਕਦੇ ਵੀ ਫਿਰਕੂ ਨਹੀਂ ਰਹੇ ਸਗੋਂ ਕੈਨੇਡਾ ਦੀ ਧਰਤੀ ਦੇ ਬਾਸ਼ਿੰਦੇ ਆਪਣੀ ਮੂਲ ਬਾਸ਼ਿੰਦਿਆਂ ਦੀ ਧ੍ਰੋਹਰ ਨੂੰ ਨਹੀਂ ਪਛਾਣਦੇ। ਉਨਾਂ ਨਾਲ ਸਵੀਡਨ ਤੋਂ ਆਏ ਸਾਹਿਤਕਾਰ ਸ੍ਰੀ ਨਿੰਦਰ ਗਿੱਲ, ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਅਤੇ ਸ. ਕਰਮਜੀਤ ਸਿੰਘ ਔਜਲਾ ਨੇ ਪ੍ਰਸ਼ਨ ਸਾਂਝੇ ਕੀਤੇ ਜਿਨ੍ਹਾਂ ਦਾ ਉਨ੍ਹਾਂ ਢੁੱਕਵਾਂ ਜਵਾਬ ਦਿੱਤਾ। ਇਸੇ ਤਰ੍ਹਾਂ ਸ. ਬਲਵੀਰ ਸਿੰਘ ਕੰਵਲ ਨੇ ਆਪਣੀ ਖੋਜ ਯਾਤਰਾ ਅਤੇ ਜੀਵਨ ਪੰਧ ਬਾਰੇ, ਆਪਣੀਆਂ ਪੁਸਤਕਾਂ ਬਾਰੇ ਸੰਖੇਪ ਚਰਚਾ ਕੀਤੀ। ਇਨ੍ਹਾਂ ਦੀ ਗੱਲ ਨੂੰ ਹੋਰ ਵਿਸਥਾਰ ਦੇਣ ਲਈ ਵੀ ਡਾ. ਸਿਰਸਾ ਨੇ ਉਨ੍ਹਾਂ ਦੀ ਖੋਜ ਵਿਧੀ ਪ੍ਰਸ਼ਨ ਪੁੱਛੇ ਜਿਸ ਨਾਲ ਉਹ ਹੋਰ ਵਧੇਰੇ ਵਿਸਥਾਰ ਨਾਲ ਗੱਲਾਂ ਕਰਨ ਦੇ ਸਮਰੱਥ ਹੋ ਸਕੇ। ਇਸ ਮੌਕੇ  ਬਲਵੀਰ ਸਿੰਘ ਕੰਵਲ ਰਚਿਤ ‘ਪੰਜਾਬ ਦੇ ਸੰਗੀਤ ਘਰਾਣੇ ਨਾਂ ਦੀ ਪੁਸਤਕ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਪੰਜਾਬ ਦੇ ਸੰਗੀਤ ਸਬੰਧੀ ਬੜੇ ਖੋਜ ਭਰਪੂਰ ਲੇਖ ਹਨ। ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਟਿਪਣੀ ਕੀਤੀ ਕਿ ਇਹ ਸੰਗੀਤ ਹੀ ਹੈ ਜਿਹੜੇ ਮਨੁੱਖ ਨੂੰ ਦਰਿੰਦਾ ਬਣਨ ਤੋਂ ਬਚਾਉਂਦਾ ਹੈ। ਉਪਰੋਕਤ ਦੋਨੋਂ ਸੰਗੀਤ ਪ੍ਰੇਮੀਆਂ ਅਤੇ ਸੰਗੀਤ ਖੋਜੀਆਂ ਸਮੇਤ ਹਰਬੀਰ ਸਿੰਘ ਭੰਵਰ ਦੀਆਂ ਸ਼ਖ਼ਸੀਅਤਾਂ ਸਾਡੇ ਸਮਾਜ ਨੂੰ ਸਦੇਸ਼ ਦੇ ਰਹੀਆਂ ਹਨ ਕਿ ਸਾਡੇ ਪੁਰਾਤਨ ਸੰਗੀਤ ਘਰਾਣਿਆਂ ਤੋਂ ਦੂਰੀ ਅਤੇ ਲਾਹਪ੍ਰਵਾਹੀ ਸਾਨੂੰ ਰਸਾਤਲ ਤੱਕ ਪਹੁੰਚਾ ਦੇਵੇਗੀ।

ਦੂਜੇ ਸੈਸ਼ਨ ਵਿਚ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸ. ਜਸਵੰਤ ਸਿੰਘ ਕੰਵਲ, ਉਨ੍ਹਾਂ ਦੇ ਬੇਟੇ ਸਰਬਜੀਤ, ਦਾਮਾਦ ਡਾ. ਗੁਰਦੇਵ ਸਿੰਘ ਹੀਰਾ ਅਤੇ ਜਗਰਾਉਂ ਦੇ ਸਾਹਿਤਕਾਰਾਂ ਨੇ ਸ. ਹਰਬੀਰ ਸਿੰਘ ਭੰਵਰ ਦਾ ਅਕਾਡਮੀ ਦੇ ਅਹੁਦੇਦਾਰਾਂ ਅਤੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਸਨਮਾਨ ਕੀਤਾ। ਸ. ਹਰਬੀਰ ਸਿੰਘ ਭੰਵਰ ਬਾਰੇ ਸ. ਕਰਮਜੀਤ ਸਿੰਘ ਔਜਲਾ ਨੇ ਦਸਿਆ ਕਿ ਇਹ ਬੜੇ ਮਾਂਜੇ ਸੰਵਰੇ ਪੱਤਰਕਾਰ ਅਤੇ ਨਿਧੜਕ ਕਿਸਮ ਦੇ ਲੇਖਕ ਹਨ। ਇਨ੍ਹਾਂ ਦੀਆਂ ਵਾਰਤਕ ਲਿਖਤਾਂ ਪਾਠਕਾਂ ਵਿਚ ਬੜੀਆਂ ਮਕਬੂਲ ਹੋਈਆਂ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਪ੍ਰੇਮ ਸਿੰਘ ਬਜਾਜ, ਅਜੀਤ ਪਿਆਸਾ, ਇੰਦਰਜੀਤਪਾਲ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਦਲਵੀਰ ਲੁਧਿਆਣਵੀ, ਦਲਜੀਤ ਸਿੰਘ ਸ਼ਾਹੀ, ਸਤੀਸ਼ ਗੁਲਾਟੀ, ਭੁਪਿੰਦਰ ਸਿੰਘ ਚੌਕੀਮਾਨ, ਕੈਲਾਸ਼ ਭੰਵਰ, ਸੁਖਦੇਵ ਸਿੰਘ ਬੜਾ ਪਿੰਡ, ਜਸਕੀਰਤ ਸਿੰਘ, ਜੈਪਾਲ, ਭਗਵਾਨ ਢਿੱਲੋਂ, ਪੀ. ਕੇ. ਛਾਬੜਾ, ਬਲਵਿੰਦਰ ਸਿੰਘ ਗਲੈਕਸੀ, ਰਵਿੰਦਰ ਰਵੀ, ਮੀਤ ਅਨਮੋਲ, ਪ੍ਰਭਜੋਤ ਸੋਹੀ, ਗੁਰਚਰਨ ਬੱਦੋਵਾਲ, ਤਰਲੋਚਨ ਝਾਂਡੇ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>