ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ – ਉਜਾਗਰ ਸਿੰਘ

ਸੰਸਾਰ ਵਿਚ ਪੰਜਾਬੀਆਂ ਦੇ ਰਾਜਦੂਤ ਵਜੋਂ ਜਾਣੇ ਜਾਂਦੇ ਅੰਤਰ ਰਾਸ਼ਟਰੀ ਪੱਤਰਕਾਰ ਪਟਿਆਲੇ ਜਿਲ੍ਹੇ ਦੇ ਮਜਾਲ ਖੁਰਦ ਪਿੰਡ ਦੇ ਜੰਮਪਲ ਨਰਪਾਲ ਸਿੰਘ ਸ਼ੇਰਗਿਲ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਇੰਡੀਅਨਜ਼ ਅਬਰੌਡ ਪੁਸਤਕ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਸੰਸਾਰ ਵਿਚ ਪੰਜਾਬੀਆਂ ਦੀਆਂ ਹਰ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਪ੍ਰਕਾਸ਼ਤ ਕੀਤੀ ਜਾਂਦੀ ਰੰਗਦਾਰ ਸਚਿਤਰ ਪੁਸਤਕ ‘‘ਇੰਡੀਅਨਜ਼ ਅਬਰੌਡ’’ ਦੀ 19ਵੀਂ ਐਡੀਸ਼ਨ ਦਾ 300 ਪੰਨਿਆਂ ਦਾ ਵੱਡ ਆਕਾਰੀ ਰੰਗਦਾਰ 2017 ਦਾ ਅੰਕ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਮਰਪਤ ਕੀਤਾ ਗਿਆ ਹੈ। ਇਹ ਪੁਸਤਕ 10 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰਕਾਸ਼ ਉਤਸਵ ਸੰਬੰਧੀ ਆਯੋਜਤ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ, ਫਲਸਫੇ ਅਤੇ ਜਨਮ-ਅਸਥਾਨ ਦੇ ਨਾਲ ਨਾਲ ਅਤੇ ਪਰਵਾਸੀਆਂ ਵੱਲੋਂ ਅਪਣਾਏ ਦੇਸ਼ਾਂ ਵਿਚ ਵਿਕਸਤ ਹੋ ਚੁੱਕੇ ਉਨ੍ਹਾਂ ਦੇ ਕਾਰੋਬਾਰ, ਵਿਓਪਾਰ ਅਤੇ ਅਸਮਾਨ ਛੂਹ ਰਹੇ ਕੇਸਰੀ ਨਿਸ਼ਾਨਾਂ ਦਾ ਭਰਪੂਰ ਵਰਣਨ ਹੈ। ਪੁਸਤਕ ਵਿਚ ਹਜ਼ਾਰਾਂ ਮੈਂਬਰਾਂ ਵਾਲੀਆਂ 118 ਭਾਰਤੀ ਸੰਸਥਾਵਾਂ, ਸੈਂਕੜੇ ਭਾਰਤੀ ਮੂਲ ਦੀਆਂ ਪੰਜਾਬੀ ਤੇ ਅੰਤਰਰਾਸ਼ਟਰੀ ਸਖ਼ਸ਼ੀਅਤਾਂ, ਵਿਦਵਾਨਾ, ਚਿੱਤਰਕਾਰਾਂ, ਸਾਂਸਦਾਂ, ਮੰਤਰੀਆਂ ਅਤੇ ਮੇਅਰਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂ ਸੰਸਾਰ ਵਿਚ ਰੌਸ਼ਨ ਕੀਤਾ ਹੈ। ਸਿੱਖ ਧਰਮ ਦਾ ਕੌਮਾਂਤਰੀ ਵਿਕਾਸ, ਵਿਦੇਸ਼ਾਂ ਵਿਚ ਗੁਰਦੁਆਰਾ ਪ੍ਰਬੰਧ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕੰਮ, ਵਿਦੇਸ਼ਾਂ ਵਿਚ ਸਿੱਖ ਦਸਤਾਰ ਦੇ ਪੱਖ ਵਿੱਚ ਮੁਹਿੰਮ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਹਿਤਕ ਪੱਖ ਜਿਸ ਵਿਚ 52 ਕਵੀਆਂ, ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਸਿੱਖਾਂ ਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ, ਪੰਜਾਬੀਆਂ ਅਤੇ ਸਿੱਖਾਂ ਦੇ ਪ੍ਰਭਾਵਸ਼ਾਲੀ ਪਰਵਾਸ, ਗੁਰੂ ਗੋਬਿੰਦ ਸਿੰਘ ਵੇਲੇ ਮੀਡੀਆ ਦੀ ਭੂਮਿਕਾ ਦੇ ਨਾਲ ਨਾਲ ਆਪੋ ਆਪਣੇ ਖ਼ੇਤਰਾਂ ਦੇ ਮਾਹਿਰ ਲੇਖਕ ਵਿਦਵਾਨਾ ਦੇ ਜਾਣਕਾਰੀ ਭਰਪੂਰ ਲੇਖ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅਤੇ ਉਨ੍ਹਾਂ ਦੀ ਜਨਮ ਭੂਮੀ, ਇਸ ਪੁਸਤਕ ਵਿਚ ਪੰਜਾਬੀਆਂ ਨੇ ਸਮੁੱਚੇ ਸੰਸਾਰ ਵਿਚ ਜੋ ਪ੍ਰਾਪਤੀਆਂ ਅਤੇ ਵਿਲੱਖਣ ਕਾਰਜ ਕੀਤੇ ਹਨ, ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ‘‘ਇੰਡੀਅਨਜ਼ ਅਬਰੌਡ’’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਨ ਦਾ ਉਪਰਾਲਾ ਨਰਪਾਲ ਸਿੰਘ ਸ਼ੇਰਗਿਲ ਨੇ 1985 ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਵਿਚੋਂ ਖੋਜ ਕਰਕੇ ਲਗਪਗ 2000 ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀ ਸੂਚੀ ਅੰਤਰਰਾਸ਼ਟਰੀ ਡਾਇਰੈਕਟਰੀ ਦੇ ਰੂਪ ਵਿਚ ਤਿਆਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਉਪਰ ਬਰਤਾਨੀਆਂ ਵਿਚ ਜ਼ਾਰੀ ਕੀਤੀ ਸੀ। ਇਸ ਅੰਤਰਰਾਸ਼ਟਰੀ ਡ੍ਯਾਇਰੈਕਟਰੀ ਦਾ ਦੂਜਾ ਐਡੀਸ਼ਨ ਸਤੰਬਰ 1995 ਵਿਚ ਅੰਮ੍ਰਿਤਸਰ ਵਿਖੇ ਹੋਏ ਵਿਸ਼ਵ ਸਿੱਖ ਸਮੇਲਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਅਮਰੀਕਾ ਦੇ ਸਿੰਘ ਸਾਹਿਬ ਹਰਭਜਨ ਸਿੰਘ ਯੋਗੀ ਦੀ ਹਾਜ਼ਰੀ ਵਿਚ ਜ਼ਾਰੀ ਕੀਤੀ ਗਈ ਸੀ। ਇਸ ਮੌਕੇ ਨਰਪਾਲ ਸਿੰਘ ਸ਼ੇਰਗਿਲ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਅਸੀਸ ਵੀ ਦਿੱਤੀ ਸੀ। ਸਿੱਖ ਧਰਮ ਦੇ ਮਹਾਨ ਗੁਰੂਆਂ ਅਤੇ ਧਾਰਮਿਕ ਹਸਤੀਆਂ ਅਤੇ ਮਹੱਤਵਪੂਰਨ ਪੁਰਬਾਂ ਦੇ ਮੌਕਿਆਂ ਤੇ ਉਹ ਆਪਣੀ ਇਸ ਪੁਸਤਕ ਦਾ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਤੋਂ ਕਦੀਂ ਵੀ ਨਹੀਂ ਖੁੰਝਦਾ। ਇਸ ਕਰਕੇ ਉਹ ਇੱਕ ਸੁਲਝਿਆ ਹੋਇਆ, ਸੰਜੀਦਾ ਅਤੇ ਸਿੱਖ ਧਰਮ ਨੂੰ ਸਮਰਪਤ ਇਨਸਾਨ ਦੇ ਤੌਰ ਤੇ ਸਥਾਪਤ ਪੱਤਰਕਾਰ ਤੇ ਲੇਖਕ ਸਾਬਤ ਹੋ ਰਿਹਾ ਹੈ। ਉਸਨੇ 2005 ਵਿਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ 300ਵੇਂ ਦਿਵਸ (ਤੀਜੀ ਸ਼ਤਾਬਦੀ) ਤੇ 26 ਦਸੰਬਰ 2004 ਨੂੰ ਫਤਿਹਗੜ੍ਹ ਸਾਹਿਬ ਵਿਖੇ ਤਖ਼ਤ ਪਟਨਾ ਸਾਹਿਬ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬਾਨ, ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਕਾਸ਼ ਸਿੰਘ ਬਾਦਲ ਵੱਲੋਂ ਜ਼ਾਰੀ ਕੀਤਾ ਗਿਆ ਸੀ। 2008 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾ ਗੱਦੀ ਸਮਾਗਮ ਤੇ ਵਿਸ਼ੇਸ਼ ਅੰਕ ਤਿਆਰ ਕੀਤਾ ਗਿਆ, ਜਿਹੜਾ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਿਖੇ ਜ਼ਾਰੀ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ ਵਾਲੀ ਪੁਸਤਕ ਵਿਚ ਖੋਜ ਭਰਪੂਰ ਪੰਜਾਬੀ ਅਤੇ ਅੰਗਰੇਜ਼ੀ ਵਿਚ ਲੇਖ ਸੰਸਾਰ ਭਰ ਵਿਚ ਛਪਣ ਵਾਲੇ ਲੇਖਕਾਂ ਦੇ ਪ੍ਰਕਾਸ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਅਤੇ ਫਲਸਫੇ ਅਤੇ ਬਰਤਾਨੀਆਂ ਵਿਚ ਲਗਪਗ 200 ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਬਰਤਾਨੀਆਂ ਵਿਚ ਪਹਿਲੇ ਸਿੱਖ ਪ੍ਰਿੰਸੀਪਲ ਅਤੇ ਲੇਖਕ ਡਾ.ਸੁਜਿੰਦਰ ਸਿੰਘ ਸੰਘਾ, ਗੁਰੂ ਗੋਬਿੰਦ ਸਿੰਘ ਦੀ ਵਿਰਾਸਤ-ਪਟਨਾ ਸਾਹਿਬ ਬਾਰੇ ਕੱਲਕੱਤਾ ਦੇ ਇਤਿਹਾਸਕਾਰ ਜਗਮੋਹਨ ਸਿੰਘ ਗਿੱਲ, ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਅਤੇ ਸਿੱਖ ਦਸਤਾਰ ਦੀ ਸ਼ਾਨ ਬਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਅਤੇ ਸੰਪਾਦਕ ਸਿਮਰਜੀਤ ਸਿੰਘ, ਸਿੱਖ ਧਰਮ ਦੇ ਸੰਸਾਰ ਭਰ ਵਿੱਚ ਪ੍ਰਭਾਵਸ਼ਾਲੀ ਵਿਕਾਸ ਅਤੇ ਗੁਰਦੁਆਰਿਆਂ ਦੀ ਸਥਾਪਤੀ ਬਾਰੇ ਸੰਪਾਦਕ ਅਤੇ ਪ੍ਰਕਾਸ਼ਕ ਨਰਪਾਲ ਸਿੰਘ ਸ਼ੇਰਗਿਲ, ਬਰਤਾਨੀਆਂ ਅਤੇ ਯੂਰਪ ਵਿੱਚ ਪੰਜਾਬੀ ਪਰਵਾਸ ਬਾਰੇ ਗਲਪਕਾਰ ਸ਼ਿਵਚਰਨ ਸਿੰਘ ਗਿੱਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰ ਦੀ ਬਹਾਲੀ ਬਾਰੇ ਲੇਖ ਸ਼ਾਮਲ ਹਨ।

ਨਰਪਾਲ ਸਿੰਘ ਸ਼ੇਰਗਿਲ ਜਿਥੇ ਆਪਣੇ ਪੱਤਰਕਾਰੀ ਦੇ ਖੇਤਰ ਵਿਚ ਸਿੱਖਾਂ ਅਤੇ ਪੰਜਾਬੀਆਂ ਨਾਲ ਸੰਬੰਧਤ ਸੰਜੀਦਾ ਵਿਸ਼ਿਆਂ ਬਾਰੇ ਚ¦ਤ ਅਤੇ ਦਰਪੇਸ਼ ਗੁੰਝਲਦਾਰ ਮਸਲਿਆਂ ਉਪਰ ਦਲੀਲ ਨਾਲ ਲੇਖ ਲਿਖਕੇ ਪੰਜਾਬੀਆਂ ਨੂੰ ਸੁਚੇਤ ਰਹਿ ਕੇ ਸਮਾਜ ਵਿਚ ਵਿਚਰਣ ਲਈ ਸਲਾਹ ਦਿੰਦਾ ਹੈ, ਉਸਦੇ ਨਾਲ ਹੀ ਆਪਣੇ ਪਰਿਵਾਰ ਦੀ ਸਰਪਰਸਤੀ ਕਰਦਿਆਂ ਆਪਣਾ ਕਾਰੋਬਾਰ ਵੀ ਸੁਚੱਜੇ ਢੰਗ ਨਾਲ ਕਰ ਰਿਹਾ ਹੈ। ਦੁਨੀਆਂ ਦੇ ਲਗਪਗ 15 ਅਖ਼ਬਾਰਾਂ ਵਿਚ ਉਸਦੇ ਲੇਖ ਪ੍ਰਕਾਸ਼ਤ ਹੁੰਦੇ ਹਨ। ਇਨ੍ਹਾਂ ਲੇਖਾਂ ਰਾਹੀਂ ਉਹ ਪੰਜਾਬੀਆਂ ਦੀਆਂ ਕਾਰੋਬਾਰੀ ਖੇਤਰ ਵਿਚ ਪੁੱਟੀਆਂ ਪੁਲਾਂਘਾਂ ਦੀਆਂ ਮਹਿਕਾਂ ਸ਼ਬਦਾਂ ਦੀਆਂ ਲੜੀਆਂ ਵਿੱਚ ਪਰੋ ਕੇ ਖਿਲਾਰਦਾ ਰਹਿੰਦਾ ਹੈ। ਉਹ ਸਿੱਖੀ ਦੀ ਸ਼ਾਨ ਨੂੰ ਹੋਰ ਉਚੇਰਾ ਚੁੱਕਣ ਦੇ ਮਕਸਦ ਨਾਲ ਬੇਰੋਕ ਤੇ ਬੇਟੋਕ ਹੋ ਕੇ ਆਪਣਾ  ਰਸਤਾ ਆਪ ਬਣਉਂਦਾ ਹੋਇਆ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਸ ਤੋਂ ਇਲਾਵਾ ਰੇਡੀਓ ਅਤੇ ਟੈਲੀਵਿਜ਼ਨ ਉਪਰ ਵਿਚਾਰ ਚਰਚਾਵਾਂ ਵਿਚ ਹਮੇਸ਼ਾ ਹਿੱਸਾ ਲੈਂਦਾ ਰਹਿੰਦਾ ਹੈ, ਜਿਸ ਤੋਂ ਪੰਜਾਬੀਆਂ ਦਾ ਹਮਦਰਦ ਹੋਣ ਦਾ ਸਬੂਤ ਮਿਲਦਾ ਹੈ। ਇਕੱਲੇ ਇਕੱਹਰੇ ਵਿਅਕਤੀ ਵੱਲੋਂ ਇੱਕ ਸੰਸਥਾ ਜਿਤਨਾ ਕੰਮ ਕਰਨ ਨੂੰ ਵੇਖਕੇ ਹੈਰਾਨੀ ਤਾਂ ਹੁੰਦੀ ਹੀ ਹੈ ਪ੍ਰੰਤੂ ਸਰਕਾਰਾਂ ਅਤੇ ਸੰਸਥਾਵਾਂ ਦੀ ਕਾਰਗੁਜ਼ਾਰੀ ਤੇ ਵੀ ਸੰਦੇਹ ਪੈਦਾ ਹੁੰਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪ੍ਰਤੀ ਅਣਵੇਖੀ ਕਿਉਂ ਕਰ ਰਹੇ ਹਨ? ਇਸ ਉਮਰ ਵਿਚ ਵੀ ਨਰਪਾਲ ਸਿੰਘ ਸ਼ੇਰਗਿਲ ਇੱਕ ਖੋਜੀ ਦੀ ਤਰ੍ਹਾਂ ਹਰ ਸਾਲ 300 ਪੰਨਿਆਂ ਦੀ ਵੱਡ ਆਕਾਰੀ ਪੁਸਤਕ ਪ੍ਰਕਾਸ਼ਤ ਕਰਕੇ ਇੱਕ ਪੀ.ਐਚ.ਡੀ. ਦੇ ਵਿਦਿਆਰਥੀ ਜਿੰਨਾ ਕੰਮ ਕਰ ਰਿਹਾ ਹੈ। ਜਦੋਂ ਕਿ ਵਿਦਿਆਰਥੀ ਤਾਂ ਸਾਰੇ ਜੀਵਨ ਵਿੱਚ ਸਿਰਫ ਇੱਕ ਥੀਸਜ਼ ਲਿਖਦਾ ਹੈ। ਉਹ ਹਰ ਸਾਲ ਇਹ ਕੰਮ ਕਰਦਾ ਹੈ। ਭਾਵੇਂ ਉਹ ਇੰਗਲੈਂਡ ਵਿੱਚ ਰਹਿੰਦਾ ਹੈ ਪ੍ਰੰਤੂ ਪੰਜਾਬ ਨਾਲ ਆਪਣੀਆਂ ਲਿਖਤਾਂ ਅਤੇ ਇਸ ਪੁਸਤਕ ਦੇ ਜ਼ਰੀਏ ਹਮੇਸ਼ਾ ਜੁੜਿਆ ਰਹਿੰਦਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਹ ਪੰਜਾਬ ਦੇ ਸਭ ਤੋਂ ਪਛੜੇ ਬਾਂਗਰ ਦੇ ਇਲਾਕੇ ਦਾ ਜੰਮਪਲ ਹੁੰਦਿਆਂ ਹੋਇਆਂ ਵੀ ਬਹੁਤ ਅਗਾਂਹਵਧੂ ਸੋਚ ਦਾ ਮਾਲਕ ਹੈ। ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੂੰ ਆਪਸ ਵਿਚ ਦੂਰ ਦੁਰਾਡੇ ਇਲਾਕਿਆਂ ਵਿਚ ਵਸਦਿਆਂ ਨੂੰ ਜੋੜਨ ਦਾ ਕੰਮ ਕਰਕੇ ਪੰਜਾਬ ਦਾ ਹਿਤੈਸ਼ੀ ਸਾਬਤ ਹੋ ਰਿਹਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>