ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਥਕ ਕਨਵੈਨਸ਼ਨ ’ਚ ਆਇਆ ਸਿੱਖ ਸੰਗਤਾਂ ਦਾ ਹੜ੍ਹ

ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪੱਛਮੀ ਦਿੱਲੀ ਦੇ ਚੌਖੰਡੀ ਇਲਾਕੇ ’ਚ ਪੰਥਕ ਕਨਵੈਨਸ਼ਨ ਆਯੋਜਿਤ ਕੀਤੀ ਗਈ,ਜਿਸ ਵਿਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਦੇ ਸਮੂਹ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੱਕ ’ਚ ਭੁਗਤਨ ਦਾ ਸੱਦਾ ਦੇਣ ਦੇ ਨਾਲ ਹੀ  ਬਾਦਲ ਦਲ ਦੇ  ਝੂਠ ਤੇ ਕੁਫਰ ਦਾ ਪਰਦਾਫਾਸ਼ ਕੀਤਾ ਜਦ ਕਿ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਤਰਸੇਮ ਸਿੰਘ ਖਾਲਸਾ ਨੇ ਪੰਥਕ ਵਿਚਾਰਾਂ ਸਾਂਝੀਆਂ ਕਰਦੇ ਹੋਏ  ਬਾਦਲ ਦਲ ਦੀਆਂ ਸਿੱਖੀ ਵਿਰੋਧੀ ਏਜੰਡੇ ਤੋਂ ਸੰਗਤਾਂ ਨੂੰ ਸੁਚੇਤ ਕੀਤਾ। ਪੱਛਮੀ ਦਿੱਲੀ ਦੇ ਚੋਣ ਹਲਕਿਆਂ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੰਭਾਵਿਤ ਉਮੀਦਵਾਰਾਂ,ਯੂਥ ਵਿੰਗ ਅਤੇ ਸੀਨੀਅਰ ਆਗੂਆਂ ਸਮੇਤ ਬਹੁਤ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰ ਕੇ,ਜਿੱਥੇ ਇਸ ਨੂੰ ਬੇਹੱਦ ਪ੍ਰਭਾਵਸ਼ਾਲੀ ਪੰਥਕ ਕਨਵੈਨਸ਼ਨ ਬਣਾ ਦਿੱਤਾ,ਉਥੇ ਹੀ ਸਿੱਖ ਸੰਗਤਾਂ ਦੇ ਭਾਰੀ ਇਕੱਠ ਨੇ  ਇਹ ਸੁਨੇਹਾ ਵੀ ਦੇ ਦਿੱਤਾ ਕਿ ਹੁਣ ਦਿੱਲੀ ਦੇ ਜਾਗਰੂਕ ਸਿੱਖ ਬਾਦਲ ਦਲ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਹਨ। ਕਨਵੈਨਸ਼ਨ ਦੌਰਾਨ ਸ. ਸਰਨਾ ਨੇ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਸਮੇਤ ਬਾਦਲ ਦਲ ਮੁਖੀਆਂ ’ਤੇ ਵਰਦਿਆਂ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਚਲ ਚੁੱਕਾ ਹੈ ਕਿ ਬਾਦਲ ਦਲ ਨੇ ਪਿੱਛਲੀਆਂ ਗੁਰਦੁਆਰਾ ਚੋਣਾਂ ਦੌਰਾਨ ਸਾਡੇ ਖ਼ਿਲਾਫ਼ ਕਿੰਨਾ ਝੂਠ ਤੇ ਕੁਫਰ ਤੋਲਿਆ ਸੀ,ਇਹੀ ਨਹੀਂ ਸਗੋਂ ਦਿੱਲੀ ਕਮੇਟੀ ਦੇ ਪਿਛਲੇ 4 ਸਾਲ ਦੇ ਕਾਰਜਕਾਲ ਦੌਰਾਨ ਗੋਲਕ ਦੀ ਲੁੱਟ-ਖਸੁੱਟ ਕਰਨ ਤੋਂ ਇਲਾਵਾ ਬਾਦਲ ਦਲ ਨੇ ਹਰ ਚੀਜ਼ ਨੂੰ ਮਿੱਟੀ ਬਣਾ ਕੇ ਰੱਖ ਦਿੱਤਾ ਹੈ। ਸ. ਸਰਨਾ ਨੇ ਕਿਹਾ ਕਿ ਗੋਲਕ ਲੁੱਟ ਕੇ ਜਹਾਜਾਂ ਦੀ ਸੈਰਾਂ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਕਸੂਰਵਾਰ ਬਾਦਲ ਦਲ ਨੂੰ ਕਰਾਰਾ ਸਬਕ ਸਿਖਾਉਣ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਾਰੇ 46 ਹਲਕਿਆਂ ’ਚ ਬਾਦਲ ਦਲ ਦੇ  ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਵਾਈਆਂ ਜਾਣ। ਸਰਨਾ ਨੇ ਇਹ ਵੀ ਕਿਹਾ ਕਿ ਸਾਨੂੰ ਪੂਰੀ ਉਮੀਦ ਸੀ ਕਿ ਤੈਅ ਸਮੇਂ ਮੁਤਾਬਿਕ 29 ਜਨਵਰੀ 2017 ਨੂੰ ਗੁਰਦੁਆਰਾ ਚੋਣਾਂ ਹੋ ਜਾਣਗੀਆਂ ਪਰ ਬਾਦਲ ਦਲ ਵੱਲੋਂ ਅਦਾਲਤ ’ਚ ਮੁਕਦਮੇਂ ਪਾ ਕੇ ਚੋਣਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਲਮਕਾਉਣ ਵਾਸਤੇ ਹਰ ਹੱਥਕੰਡਾ ਵਰਤਿਆ ਜਾ ਰਿਹੈ ਹੈ।ਸਰਨਾ ਨੇ ਦਾਅਵਾ ਕੀਤਾ ਕਿ ਚੋਣਾਂ ਲਮਕਾਉਣ ਦੇ ਬਾਦਲ ਦਲ ਦੇ ਹੱਥਕੰਡੇ ਸਫਲ ਨਹੀਂ ਹੋਣਗੇ ਅਤੇ ਗੁਰਦੁਆਰਾ ਚੋਣਾਂ ਨਿਸ਼ਚਤ ਰੂਪ ’ਚ ਫਰਵਰੀ ਮਹੀਨੇ ’ਚ ਹੋ ਜਾਣਗੀਆਂ। ਸਰਨਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਬਾਦਲ ਦਲ ਸਾਡੇ ਖ਼ਿਲਾਫ਼ ਬਾਲਾ ਸਾਹਿਬ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਵੇਚਣ,ਅਕਾਲ ਤਖਤ ਨੂੰ ਚੁਨੌਤੀ ਅਤੇ ਵਿਦਿਅਕ ਅਦਾਰਿਆਂ ਦਾ ਮਿਆਰ ਡਿੱਗਣ ਦੇ ਵੱਡੇ ਦੋਸ਼ ਲਗਾਏ ਸਨ ਪਰ 4 ਸਾਲ ਦੇ ਕਾਰਜਕਾਲ ਦੌਰਾਨ ਮੌਜੂਦਾ ਕਮੇਟੀ ਪ੍ਰਬੰਧਕ ਸਾਡੇ ਖ਼ਿਲਾਫ਼ 1ਪੈਸੇ ਦਾ ਭ੍ਰਿਸ਼ਟਾਚਾਰ ਸਾਭਤ ਨਹੀਂ ਕਰ ਸਕੇ ਅਤੇ ਨਾ ਹੀ ਸਾਡੇ ਖਿਲਾਫ ਕੋਈ ਹੋਰ ਦੋਸ਼ ਸਾਬਤ ਕਰ ਸਕੇ ਹਨ। ਸਰਨਾ ਨੇ ਜੀ.ਕੇ. ਦੇ ਕੰਮਕਾਜ ਨੂੰ ਲੈ ਕੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਸਾਨੂੰ ਕਿਸੇ ਦੇ ਚੰਗੇ ਜਾਂ ਮਹਿੰਗੇ ਕਪੜਿਆਂ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਇਹ ਤਾਂ ਹੀ ਸ਼ੋਭਦੇ ਹਨ ਜੇਕਰ ਇਹ ਕਪੜੇ ਗੁਰੂ ਦੀ ਗੋਲਕ ਵਿਚੋਂ ਨਹੀਂ ਬਲਕਿ ਆਪਣੀ ਕਿਰਤ ਕਮਾਈ ਵਿਚੋਂ ਖਰਚ ਕਰਕੇ ਖਰੀਦੇ ਜਾਣ।ਬਾਦਲ ਦਲ ਮੁਖੀਆਂ ਦੇ ਇਸ਼ਾਰੇ ’ਤੇ ਅਕਾਲ ਤਖਤ ਪਾਸੋਂ ਸੌਦਾ ਸਾਧ ਨੂੰ ਦਿਵਾਈ ਗਈ ਮੁਆਫੀ ਦਾ ਜ਼ਿਕਰ ਕਰਦੇ ਹੋਏ ਸਰਨਾ ਨੇ ਕਿਹਾ ਕਿ ਜਿਹੜੇ ਲੋਕ ਵੋਟਾਂ ਖਾਤਿਰ ਆਪਣੇ ਗੁਰੂ ਨੂੰ ਹੀ ਦਾਅ ’ਤੇ ਲਗਾ ਦਿੰਦੇ ਹਨ ਅਜਿਹੇ ਲੋਕਾਂ ਕੋਲੋਂ ਸਿੱਖਾਂ ਦੀ ਭਲਾਈ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਸਰਨਾ ਨੇ ਇਹ ਵੀ ਆਖਿਆ ਕਿ ਪਿਛਲੀਆਂ ਚੋਣਾਂ ’ਚ ਸਿੱਖਿਆ ਖੇਤਰ ਦੇ ਮਾਮਲੇ ’ਚ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਨ ਪਰ ਇਨ੍ਹਾਂ ਤਾਂ ਪਹਿਲਾਂ ਤੋਂ ਚਲ ਰਹੇ ਤਕਨੀਕੀ ਅਦਾਰੇ ਬੰਦ ਕਰਵਾ ਕੇ ਸਿੱਖ ਬੱਚਿਆਂ ਭਵਿੱਖ ਹੀ ਤਬਾਹ ਕਰ ਦਿੱਤਾ। ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਕਿ ਗੁਲਕ ਲੁਟ ਲੁਟ ਕੇ ਕੰਗਾਲ ਹੋਈ ਕਮੇਟੀ ਨੂੰ ਬੈਂਕ ਵਿਚੋਂ ਕਰਜ਼ਾ ਲੈਣ ਦੀ ਨੌਬਤ ਆਈ ਹੋਵੇ। ਸਰਨਾ ਨੇ ਦਿੱਲੀ ਦੀਆਂ ਸੰਗਤਾਂ ਨੂੰ ਮੁੜ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਜਨਤਾ ਵੱਲੋਂ ਬਾਦਲ ਦਲ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਬਾਹਰੋ ਹੀ ਵਾਪਸ ਮੋੜਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਗੁਰਦੁਆਰਾ ਚੋਣਾਂ ਦੌਰਾਨ ਦਿੱਲੀ ਵਿਚ ਵੀ ਬਾਦਲ ਦਲ ਦੇ ਉਮੀਦਵਾਰ ਨੂੰ ਬੈਰੰਗ ਹੀ ਮੋੜ ਦਿੱਤਾ ਜਾਵੇ। ਭਾਰੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਗੁਰਦਰਸ਼ਨ ਸਿੰਘ ਨੇ ਬਹੁਤ ਹੀ ਬਾਰੀਕੀ ਨਾਲ ਤੱਥਾਂ ਸਮੇਤ ਹਵਾਲੇ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਸਿੱਖੀ ਵਿਰੋਧੀ ਤਾਕਤਾਂ ਦੇ ਨਾਲ ਰਲ ਕੇ ਬਾਦਲ ਦਲ ਮੁਖੀਆਂ ਵੱਲੋਂ ਸਿੱਖੀ ਦੀ ਰਵਾਇਤਾਂ ਤੇ ਸਿੱਧਾਂਤਾਂ ’ਤੇ ਮਾਰੂ ਹਮਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਬਾਦਲ ਦੇ ਰਾਜ ਵਿਚ ਸਿੱਖੀ ਦਾ ਭਾਰੀ ਨੁਕਸਾਨ ਅਤੇ ਗੁਰੂ ਦੀ ਬੇਅਦਬੀ ਕਿਉਂ ਹੋ ਰਹੀ ਹੈ। ਇਸ ਤੋਂ ਪਹਿਲਾਂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ ਦੀ ਇੱਕ ਆਵਾਜ਼ ’ਤੇ ਹੋਇਆ ਸੰਗਤਾਂ ਦਾ ਭਾਰੀ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਪਿਛਲੀ ਵਾਰ ਜਿਨ੍ਹਾ ਨੂੰ ਗੁਰਦੁਆਰਾ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਨ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਹੀਂ ਨਿਭਾਇਆ। ਸ. ਖਾਲਸਾ ਨੇ ਕਿਹਾ ਕਿ ਦੁਨੀਆਂ ਦੀਆਂ ਨਜ਼ਰਾ ਦਿੱਲੀ ਦੀਆਂ ਸੰਗਤਾਂ ’ਤੇ ਲੱਗੀਆਂ ਹੋਈਆਂ ਕਿ ਗੁਰਦੁਆਰਾ ਚੋਣਾਂ ਦੌਰਾਨ ਦਿੱਲੀ ਦੀ ਸੰਗਤ ਕਿੰਨੇ ਵੱਡੇ ਫਰਕ ਨਾਲ ਬਾਦਲ ਦਲ ਦਾ ਸਫਾਇਆ ਕਰੇਗੀ। ਆਖਿਰ ਵਿਚ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵੱਲੋਂ ਇਸ ਕਨਵੈਨਸ਼ਨ ਨੂੰ ਸਫਲ ਬਣਾਉਣ ’ਚ ਯੋਗਦਾਨ ਪਾਉਣ ਵਾਲੇ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ। ਕਨਵੈਨਸ਼ਨ ਦੌਰਾਨ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਦਿੱਲੀ ਕਮੇਟੀ ਪ੍ਰਬੰਧ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਸਾਲ 2019 ’ਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>