ਵਾਸ਼ਿੰਗਟਨ – ਅਮਰੀਕਾ ਵਿੱਚ ਮੁਸਲਿਮ ਦੇਸ਼ਾਂ ਤੋਂ ਲੋਕਾਂ ਦੇ ਆਉਣ ਤੇ ਰਾਸ਼ਟਰਪਤੀ ਟਰੰਪ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਤੇ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਅਮਰੀਕਾ ਵਿੱਚ ਫਸੇ ਸ਼ਰਨਾਰਥੀਆਂ ਦੇ ਲਈ ਇਹ ਫੈਂਸਲਾ ਇੱਕ ਵੱਡੀ ਰਾਹਤ ਲੈ ਕੇ ਆਇਆ ਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਫੈਂਸਲੇ ਦੀ ਸਾਰੇ ਪਾਸਿਆਂ ਤੋਂ ਆਲੋਚਨਾ ਹੋ ਰਹੀ ਹੈ। ਅੰਤਰਰਾਸ਼ਟਰੀ ਪੱਧਰ ਤੇ ਟਰੰਪ ਵੱਲੋਂ ਲਏ ਗਏ ਇਸ ਨਿਰਣੇ ਦਾ ਵਿਰੋਧ ਹੋ ਰਿਹਾ ਹੈ।
ਫੈਡਰਲ ਜੱਜ ਨੇ ਸ਼ਨਿਚਰਵਾਰ ਸ਼ਾਮ ਨੂੰ ਰਾਸ਼ਟਰਪਤੀ ਟਰੰਪ ਦੇ ਆਦੇਸ਼ ਤੇ ਰੋਕ ਲਗਾਉਂਦੇ ਹੋਏ ਇਹ ਹੁਕਮ ਦਿੱਤੇ ਹਨ ਕਿ ਅਮਰੀਕਾ ਦੇ ਏਅਰਪੋਰਟਾਂ ਤੇ ਫਸੇ ਹੋਏ ਸ਼ਰਨਾਰਥੀਆਂ ਅਤੇ ਦੂਸਰੇ ਲੋਕਾਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਨਾ ਭੇਜਿਆ ਜਾਵੇ। ਜੱਜ ਨੇ ਅਜੇ ਟਰੰਪ ਦੇ ਆਦੇਸ਼ ਦੀ ਸੰਵਿਧਾਨਿਕਤਾ ਤੇ ਤੇ ਕੋਈ ਵੀ ਫੈਂਸਲਾ ਨਹੀਂ ਸੁਣਾਇਆ। ਸ਼ੁਕਰਵਾਰ ਨੂੰ ਟਰੰਪ ਵੱਲੋਂ ਜਿਵੇਂ ਹੀ 7 ਮੁਸਲਿਮ ਦੇਸ਼ਾਂ ਤੇ ਬੈਨ ਲਗਾਉਣ ਦੇ ਆਦੇਸ਼ ਤੇ ਦਸਤਖਤ ਕੀਤੇ ਸਨ ਤਾਂ ਅਮਰੀਕੀ ਏਅਰਪੋਰਟਾਂ ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਆਦੇਸ਼ ਦੇ ਖਿਲਾਫ਼ ਕੁਝ ਵਕੀਲ ਨਿਊਯਾਰਕ ਸਿਟੀ ਦੀ ਅਦਾਲਤ ਵਿੱਚ ਗਏ, ਜਿੱਥੇ ਇਸ ਮਾਮਲੇ ਦੀ ਤਤਕਾਲ ਸੁਣਵਾਈ ਹੋਈ ਅਤੇ ਜੱਜ ਨੇ ਆਪਣਾ ਫੈਂਸਲਾ ਸੁਣਾਇਆ।
ਫੈਡਰਲ ਡਿਸਟ੍ਰਿਕਟ ਜੱਜ ਐਨ. ਐਮ. ਡੋਨਲੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਨਾਲ ਉਨ੍ਹਾਂ ਦਾ ਨੁਕਸਾਨ ਹੋਵੇਗਾ। ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਸੀ। ਜਿਵੇਂ ਹੀ ਲੋਕਾਂ ਨੂੰ ਅਦਾਲਤ ਦੇ ਫੈਂਸਲੇ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਨਾਅਰੇਬਾਜ਼ੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।