ਕੇਜਰੀਵਾਲ ਸਿੱਖ ਕੌਮ ਦੀ ਸਰਦਾਰੀ ਨੂੰ ਖ਼ਤਮ ਕਰਕੇ ਟੋਪੀ ‘ਤੇ ਝਾੜੂ ਫੜਾਕੇ ਆਰ.ਐਸ.ਐਸ. ਦੇ ਸਿੱਖ ਵਿਰੋਧੀ ਅਮਲਾਂ ਨੂੰ ਹੀ ਪੂਰਿਆਂ ਕਰ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – ਮੁਗਲ ਹਕੂਮਤਾਂ ਦੇ ਸਮੇਂ ਮੁਗਲ ਹੁਕਮਰਾਨ ਕੇਵਲ ਹਿੰਦੂਆਂ ਉਤੇ ਹੀ ਜ਼ਬਰ-ਜੁਲਮ ਨਹੀਂ ਸਨ ਕਰਦੇ, ਬਲਕਿ ਸਿੱਖਾਂ, ਰੰਘਰੇਟਿਆਂ ਅਤੇ ਹੋਰ ਕੌਮਾਂ ਉਤੇ ਵੀ ਗੈਰ-ਇਨਸਾਨੀਅਤ ਢੰਗਾਂ ਦੇ ਅਮਲ ਕਰਕੇ ਕੱਟੜਤਾ ਵਾਲੀ ਸੋਚ ਨੂੰ ਮਜ਼ਬੂਤ ਕਰਦੇ ਸਨ। ਉਸ ਸਮੇਂ ਸਿੱਖ ਕੌਮ ਨੂੰ ਕਲਗੀ ਲਗਾਉਣ, ਘੋੜੇ ਰੱਖਣ, ਸ਼ਸਤਰ ਰੱਖਣ, ਉੱਚੇ ਚਬੂਤਰੇ ਤੇ ਬੈਠਣ ਆਦਿ ਦੀ ਸਖ਼ਤ ਮਨਾਹੀ ਸੀ। ਤਾਂ ਕਿ ਮੁਗਲਾਂ ਤੋਂ ਤਾਕਤਵਰ ਕੋਈ ਕੌਮ ਜਾਂ ਵਰਗ ਨਾ ਕਹਾ ਸਕੇ। ਸਾਡੇ ਗੁਰੂ ਸਾਹਿਬਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਹਕੂਮਤ ਦੇ ਬਰਾਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਨ ਤੇ ਆਪਣਾ ਕੌਮੀ ਤਖ਼ਤ ਕਾਇਮ ਕਰਨ ਦੇ ਨਾਲ-ਨਾਲ ਸਿੱਖਾਂ ਨੂੰ ਘੋੜੇ ਅਤੇ ਸ਼ਸਤਰ ਦੇਣ, ਦੇ ਹੁਕਮ ਕੀਤੇ ਅਤੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਦੀ ਬਖਸ਼ਿਸ਼ ਕੀਤੀ। ਗੁਰੂ ਸਾਹਿਬਾਨ ਨੇ ਆਪਣੇ ਸੀਸ ਤੇ ਕੌਮੀ ਬਾਦਸ਼ਾਹੀ ਦੀ ਪ੍ਰਤੀਕ ਕਲਗੀ ਵੀ ਧਾਰਨ ਕੀਤੀ ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬਾਦਸ਼ਾਹੀ ਨੂੰ ਹੋਰ ਪ੍ਰਤੱਖ ਕਰਦੇ ਹੋਏ ਬਾਜ ਰੱਖਿਆ । ਇਹ ਸਾਰੀਆਂ ਵਸਤਾਂ ਤੇ ਅਮਲ ਸਿੱਖ ਕੌਮ ਦੀ ਵਿਲੱਖਣ, ਅਣਖੀਲੀ ਤੇ ਗੈਰਤ ਵਾਲੀ ਪਹਿਚਾਣ ਨੂੰ ਜਿਤਾਉਦੀ ਹੈ, ਉਸ ਤੋਂ ਪਹਿਲੇ ਅਸੀਂ ਸਭ ਸ਼ੂਦਰ ਹੀ ਕਹਾਉਂਦੇ ਸੀ। ਮੈਂ ਅਤੇ ਮੇਰਾ ਪਰਿਵਾਰ ਵੀ ਸ਼ੂਦਰਾਂ ਦੀ ਸ੍ਰੇਣੀ ਵਿੱਚ ਸੀ। ਲੇਕਿਨ ਗੁਰੂ ਸਾਹਿਬਾਨ ਨੇ ਅਪਾਰ ਬਖਸ਼ਿਸ਼ ਕਰਕੇ ਵੱਡੀਆਂ ਕੁਰਬਾਨੀਆਂ ਅਤੇ ਕੌਮੀ ਸੰਘਰਸ਼ ਕਰਕੇ ਸਿੱਖ ਕੌਮ ਨੂੰ ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਕਰਦੇ ਹੋਏ ਕੇਵਲ ਆਤਮਿਕ ਤਾਕਤ ਦੀ ਬਖਸ਼ਿਸ਼ ਹੀ ਨਹੀਂ ਕੀਤੀ, ਬਲਕਿ ਬਾਹਰੀ ਰੂਪ ਵਿਚ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਰਦਾਰੀ ਨੂੰ ਕਾਇਮ ਕੀਤਾ। ਪਰ ਸ੍ਰੀ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਨੇ ਸਿੱਖ ਕੌਮ ਦੀ ਸਰਦਾਰੀ ਨੂੰ ਇਕ ਸਾਜਿਸ਼ ਰਾਹੀ ਖ਼ਤਮ ਕਰਨ ਹਿੱਤ ਆਰ.ਐਸ.ਐ. ਦੇ ਗੁਪਤ ਹੁਕਮਾਂ ਉਤੇ ਪੰਜਾਬ ਵਿਚ ਸਿੱਖ ਨੌਜ਼ਵਾਨਾਂ ਨੂੰ ਟੋਪੀ ਪਹਿਨਣ ਵੱਲ ਲਗਾ ਦਿੱਤਾ ਅਤੇ ਜਿਸ ਹੱਥ ਵਿਚ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆ ਵਿਰੁੱਧ ਇਨਸਾਫ਼ ਦੀ ਤਲਵਾਰ ਗੁਰੂ ਸਾਹਿਬ ਨੇ ਫੜਾਈ ਸੀ, ਉਸ ਹੱਥ ਝਾੜੂ ਫੜਾਕੇ ਸਾਨੂੰ ਫਿਰ ਸਰਦਾਰੀ ਤੋ ਸ਼ੂਦਰਾਂ (ਗੁਲਾਮੀ) ਵਾਲੀ ਸੋਚ ਵੱਲ ਧਕੇਲਣ ਦੇ ਮਨਸੂਬੇ ਘੜੇ ਜਾ ਰਹੇ ਹਨ। ਇਸ ਡੂੰਘੀ ਸਾਜ਼ਿਸ ਨੂੰ ਸਿੱਖ ਕੌਮ ਦੀ ਨੌਜੁਆਨੀ ਨੂੰ ਅਤੇ ਸਿੱਖ ਪਰਿਵਾਰਾਂ ਨੂੰ ਅਤਿ ਗੰਭੀਰਤਾ ਨਾਲ ਸਮਝਣ ਅਤੇ ਆਪਣੇ ਗੁਰੂ ਸਾਹਿਬਾਨ ਦੀ ਸੋਚ ਵੱਲ ਮੁੜਨ ਦੀ ਅੱਜ ਸਖ਼ਤ ਲੋੜ ਹੈ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ, ਬੀਜੇਪੀ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਆਪੋ-ਆਪਣੇ ਵੱਖੋ-ਵੱਖਰੇ ਰਾਹਾਂ ਰਾਹੀ ਸਿੱਖ ਕੌਮ ਦੀ ਵਿਲੱਖਣ ਤੇ ਅਣਖੀਲੀ ਪਹਿਚਾਣ ਨੂੰ ਠੇਸ ਪਹੁੰਚਾਉਣ, ਜਿਸ ਮਜ਼ਲੂਮ ਨੂੰ ਗੁਰੂ ਸਾਹਿਬਾਨ ਨੇ ਸਿੰਘ (ਸ਼ੇਰ) ਬਣਾਇਆ ਸੀ, ਉਸ ਨੂੰ ਇਹਨਾਂ ਉਪਰੋਕਤ ਜਮਾਤਾਂ ਵੱਲੋਂ ਹਿੰਦੂਤਵ ਕੱਟੜਵਾਦੀ ਸੋਚ ਅਧੀਨ ਫਿਰ ਤੋ ਗੁਲਾਮੀਅਤ ਵੱਲ ਧਕੇਲਣ ਵਾਲੇ ਅਮਲਾਂ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਹੋਏ ਅਤੇ ਸਿੱਖ ਨੌਜ਼ਵਾਨੀ ਨੂੰ ਇਹਨਾਂ ਬਹਿਰੂਪੀਆਂ ਦੇ ਮੰਦਭਾਵਨਾ ਭਰੇ ਅਮਲਾਂ ਵਿਚ ਗ੍ਰਸਤ ਹੋਣ ਦੀ ਬਜਾਇ ਆਪਣੀ ਕੌਮੀ ਸੋਚ ਉਤੇ ਪਹਿਰਾ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਨੂੰ ਸਿਆਸੀ ਤਾਕਤ ਬਖਸ਼ਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਅਫ਼ਗਾਨਿਸਤਾਨ ਜਾਂ ਪਾਕਿਸਤਾਨ ਦੀਆਂ ਸਰਹੱਦਾਂ ਰਾਹੀਂ ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਹੈਰੋਈਨ, ਸਮੈਕ, ਗਾਂਜਾ, ਅਫ਼ੀਮ, ਭੁੱਕੀ ਆਦਿ ਪੰਜਾਬ ਵਿਚ ਲੰਮੇ ਸਮੇਂ ਤੋ ਦਾਖਲ ਹੋ ਰਹੀਆਂ ਹਨ, ਇਹ ਵੀ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਕੱਟੜਵਾਦੀ ਸੋਚ ਵਾਲੇ ਆਗੂਆਂ ਦੀ ਇਕ ਗਿਣੀ-ਮਿਥੀ ਸਾਜਿਸ਼ ਹੈ। ਤਾਂ ਕਿ ਪੰਜਾਬ ਦੀ ਨੌਜੁਆਨੀ ਤਾਲੀਮ ਪੱਖੋਂ ਉੱਚ ਤਾਲੀਮ ਪ੍ਰਾਪਤ ਨਾ ਕਰ ਸਕੇ ਅਤੇ ਆਪਣੇ ਹੱਕ-ਹਕੂਕਾਂ ਪ੍ਰਤੀ ਜਾਗਰੂਕ ਨਾ ਹੋ ਸਕੇ ਅਤੇ ਇਸੇ ਤਰ੍ਹਾਂ ਨਸ਼ੀਲੀਆਂ ਵਸਤਾਂ ਵਿਚ ਗ੍ਰਸਤ ਹੋ ਕੇ ਕੇਵਲ ਇਹਨਾਂ ਦੀਆਂ ਸਰਹੱਦਾਂ ਦੀ ਰਾਖੀ ਕਰਨ ਅਤੇ ਬਲੀ ਦਾ ਬੱਕਰਾ ਸਿੱਖ ਕੌਮ ਨੂੰ ਇਹ ਹੁਕਮਰਾਨ ਬਣਾਉਦੇ ਰਹਿਣ। ਉਹਨਾਂ ਕਿਹਾ ਕਿ ਸਰਹੱਦਾਂ ਉਤੇ 5-6 ਸੁਰੱਖਿਆ ਦੀਆਂ ਤੈਹਾਂ, ਕੰਡਿਆਲੀ ਤਾਰ, ਚਕਾਚੌਥ ਕਰਨ ਵਾਲੀ ਰੌਸ਼ਨੀ, ਬੀ.ਐਸ.ਐਫ, ਫ਼ੌਜ, ਪੁਲਿਸ, ਖੂਫੀਆ ਏਜੰਸੀਆ ਦੀ ਨਜ਼ਰ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਆ ਰਹੀਆਂ ਹਨ ਤਾਂ ਇਹ ਸੈਟਰ ਦੇ ਹੁਕਮਰਾਨਾਂ ਤੇ ਅਫ਼ਸਰਸ਼ਾਹੀ ਦੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬੀਆਂ ਅਤੇ ਸਿੱਖਾਂ ਦੇ ਉੱਚੇ-ਸੁੱਚੇ ਇਖ਼ਲਾਕ ਅਤੇ ਸਿੱਖ ਕੌਮ ਦੀ ਸਰਦਾਰੀ ਨੂੰ ਕਾਇਮ ਰੱਖਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਅਮਲਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਸਮੁੱਚੇ ਪੰਜਾਬੀਆਂ ਨੂੰ ਜੋਰਦਾਰ ਅਪੀਲ ਕਰਦਾ ਹੈ ਕਿ ਦਿੱਲੀ ਅਤੇ ਨਾਗਪੁਰ ਤੋਂ ਹੁਕਮ ਲੈਣ ਵਾਲੀਆਂ ਜਮਾਤਾਂ ਤੇ ਉਹਨਾਂ ਤੋਂ ਆਦੇਸ਼ ਲੈਕੇ ਅਮਲ ਕਰਨ ਵਾਲੇ ਇਹਨਾਂ ਆਗੂਆਂ ਨੂੰ ਅਲਵਿਦਾ ਕਹਿਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਨੂੰ ਆਪਣੀ ਵੋਟ-ਪਰਚੀ ਰਾਹੀ ਸਿਆਸੀ ਤਾਕਤ ਦੇਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬੀਆਂ ਅਤੇ ਸਿੱਖ ਕੌਮ ਨਾਲ ਇਹ ਬਚਨ ਕਰਦਾ ਹੈ ਕਿ ਉਹ ਪੰਜਾਬ ਦੀ ਹਰ ਸਮਾਜਿਕ, ਰਾਜਨੀਤਿਕ, ਕਾਨੂੰਨੀ, ਧਾਰਮਿਕ ਖਾਮੀਆਂ ਨੂੰ ਦੂਰ ਕਰਕੇ ਇੱਥੇ ਸਦਾ ਲਈ ਅਜਿਹਾ ਰਾਜ ਪ੍ਰਬੰਧ ਕਾਇਮ ਕਰੇਗਾ, ਜਿਸ ਵਿਚ ਸਭ ਕੌਮਾਂ, ਵਰਗਾਂ ਨੂੰ ਬਰਾਬਰਤਾ ਦੀ ਸੋਚ ਤੇ ਅਧਾਰਿਤ ਅਧਿਕਾਰ ਤੇ ਹੱਕ-ਹਕੂਕ ਪ੍ਰਾਪਤ ਹੋਣਗੇ ਅਤੇ ਅਮਨ-ਚੈਨ ਤੇ ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇਗਾ ਤੇ ਸਿੱਖ ਨੌਜ਼ਵਾਨੀ ਜੋ ਫੇਸਬੁੱਕ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਾਡੀ ਸਰਦਾਰੀ ਨੂੰ ਖ਼ਤਮ ਕਰਨ ਵਾਲੇ ਸ੍ਰੀ ਕੇਜਰੀਵਾਲ ਜਾਂ ਦੂਸਰੀਆਂ ਜਮਾਤਾਂ ਵੱਲ ਉਲਾਰੂ ਹੋ ਗਈ ਹੈ, ਉਹ ਵਾਪਸ ਆਪਣੀ ਸਰਦਾਰੀ ਨੂੰ ਕਾਇਮ ਰੱਖਣ ਅਤੇ ਆਪਣੇ ਹੱਥ ਵਿਚ ਝਾੜੂ ਫੜਨ ਦੀ ਬਜਾਇ ਇਨਸਾਫ਼ ਦੇਣ ਵਾਲੀ ਤਲਵਾਰ ਨੂੰ ਫੜਨ ਤਾਂ ਇਹ ਕੌਮ ਅਤੇ ਸਮਾਜ ਲਈ ਹੋਰ ਵੀ ਬੇਹਤਰ ਹੋਵੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>