ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾ ਹੁੰਦੀਆਂ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਕੁਝ ਨੇਤਾ ਜੇਕਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟਾਂ ਨਾ ਦਿੱਤੀਆਂ ਜਾਣ ਤਾਂ ਉਹ ਆਪੋ ਆਪਣੀਆਂ ਪਾਰਟੀਆਂ ਤੋਂ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਜਾਂਦੇ ਹਨ। ਭਾਵੇਂ ਉਹ ਉਸ ਪਾਰਟੀ ਦੇ ਵੱਡੇ ਨੇਤਾ ਹੀ ਕਿਉਂ ਨਾ ਹੋਣ। ਚੋਣਾਂ ਤੋਂ ਬਾਅਦ ਜਦੋਂ ਅਗਲੀਆਂ ਚੋਣਾਂ ਆਉਂਦੀਆਂ ਹਨ ਤਾਂ ਫਿਰ ਉਹ ਵਾਪਸ ਆ ਜਾਂਦੇ ਹਨ। ਸਾਰੀਆਂ ਪਾਰਟੀਆਂ ਦੇ ਕਿਰਦਾਰ ਵਿਚ ਵੀ ਨੁਕਸ ਪੈਦਾ ਹੋ ਗਏ ਹਨ, ਉਹ ਉਨ੍ਹਾਂ ਨੇਤਾਵਾਂ ਨੂੰ ਦੁਆਰਾ ਵਾਪਸ ਲੈ ਲੈਂਦੇ ਹਨ। ਚੋਣਾਂ ਮੌਕੇ ਹਮੇਸ਼ਾ ਇਹੋ ਦਲ ਬਦਲੀ ਦਾ ਦੌਰ ਚਲਦਾ ਰਹਿੰਦਾ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਜਿਹੇ ਨੇਤਾ ਅਸੂਲਾਂ ਦੀ ਸਿਆਸਤ ਨਹੀਂ ਕਰਦੇ ਸਗੋਂ ਮੌਕਾਪ੍ਰਸਤੀ ਦੀ ਸਿਆਸਤ ਕਰਦੇ ਹਨ। ਪਾਰਟੀਆਂ ਨਾਲ ਕੋਈ ਵਫ਼ਾਦਾਰੀ ਨਹੀਂ ਸਿਰਫ ਕੁਰਸੀ ਦੀ ਭੁੱਖ ਹੁੰਦੀ ਹੈ। ਇਹ ਗੱਲ ਤਾਂ ਠੀਕ ਹੈ ਕਿ ਸਿਆਸਤ ਵਿਚ ਸਾਰੇ ਵਿਅਕਤੀ ਸਿਆਸੀ ਤਾਕਤ ਲੈਣ ਲਈ ਹੀ ਆਉਂਦੇ ਹਨ ਪ੍ਰੰਤੂ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸਾਰੇ ਨੇਤਾ ਨਾ ਤਾਂ ਵਿਧਾਨਕਾਰ ਅਤੇ ਨਾ ਹੀ ਲੋਕ ਸਭਾ ਦੇ ਮੈਂਬਰ ਬਣ ਸਕਦੇ ਹਨ। ਉਨ੍ਹਾਂ ਨੂੰ ਕਿਸੇ ਨਾ ਕਿਸੇ ਅਹੁਦੇ ਉਪਰ ਤਾਂ ਸੰਤੁਸ਼ਟੀ ਹੋਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਦੇ ਨੇਤਾ ਸ਼ਾਰਟ ਕੱਟ ਮਾਰਕੇ ਸਿਆਸਤ ਦੀ ਪਹਿਲੀ ਪੌੜੀ ਤੋਂ ਸਿੱਧਾ ਅਖ਼ੀਰਲੀ ਪੌੜੀ ਤੇ ਪਹੁੰਚਣਾ ਚਾਹੁੰਦੇ ਹਨ। ਸਿਆਸੀ ਪਾਰਟੀਆਂ ਵਿਚ ਵਰਕਰ ਬਣਕੇ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਸਾਰੇ ਹੀ ਨੇਤਾ ਬਣਕੇ ਰਹਿਣਾ ਪਸੰਦ ਕਰਦੇ ਹਨ।
ਜਦੋਂ ਦੇਸ਼ ਅਜ਼ਾਦ ਹੋਇਆ ਸੀ ਉਸ ਸਮੇਂ ਤਾਂ ਸਿਆਸਤਦਾਨ ਅਸੂਲਾਂ ਦੀ ਸਿਆਸਤ ਕਰਦੇ ਸਨ, ਸਮਾਜ ਸੇਵਾ ਉਨ੍ਹਾਂ ਦਾ ਮੁੱਖ ਮੰਤਵ ਹੁੰਦਾ ਸੀ, ਸਿਆਸਤ ਦੂਜੇ ਨੰਬਰ ਤੇ ਹੁੰਦੀ ਸੀ ਪ੍ਰੰਤੂ ਸਮੇਂ ਦੀ ਤੇਜੀ ਨਾਲ ਸਿਆਸੀ ਨੇਤਾਵਾਂ ਦੇ ਕਿਰਦਾਰ ਵਿਚ ਵੀ ਤਬਦੀਲੀ ਆ ਗਈ। ਕੁਨਬਾਪਰਬਰੀ ਦਾ ਨਾਮ ਨਿਸ਼ਾਨ ਨਹੀਂ ਹੁੰਦਾ ਸੀ। ਇਸ ਸਮੇਂ ਤਾਂ ਸਿਆਸਤ ਪਰਿਵਾਰਿਕ ਹੀ ਬਣ ਗਈ ਹੈ। ਜੇਕਰ ਪਿਤਾ ਸਿਆਸਤਦਾਨ ਹੈ ਤਾਂ ਪੁੱਤਰ ਉਸਦਾ ਸਿਆਸਤ ਵਿਚ ਵਾਰਿਸ ਜ਼ਰੂਰ ਬਣੇਗਾ। ਹੋਰ ਕਿਸੇ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਸਮਾਜ ਸੇਵਾ ਦੀ ਪ੍ਰਵਿਰਤੀ ਖ਼ਤਮ ਹੋ ਗਈ ਹੈ। ਸਿਆਸੀ ਸਟੰਟਬਾਜ਼ੀ ਪਹਿਲੇ ਸਥਾਨ ਤੇ ਆ ਗਈ ਹੈ। ਜੇ ਇਸ ਨੂੰ ਸਮਾਜਿਕ ਤਾਣੇ ਬਾਣੇ ਵਿਚ ਗਿਰਾਵਟ ਕਹਿ ਲਿਆ ਜਾਵੇ ਤਾਂ ਵੀ ਅਤਕਥਨੀ ਨਹੀਂ। ਪੰਜਾਬ ਵਿਚ ਮੁੱਖ ਤੌਰ ਤੇ 2 ਸਥਾਈ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਹਨ, ਜਿਹੜੀਆਂ ਪੰਜਾਬ ਵਿਚ ਬਦਲਵੀ ਸਰਕਾਰ ਬਣਾਉਂਦੀਆਂ ਰਹਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਸਹਿਯੋਗੀ ਪਾਰਟੀਆਂ ਹਨ। ਇਸ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਉਭਰਕੇ ਸਾਹਮਣੇ ਆਈ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਵਿਚ ਬਗਾਵਤੀ ਸੁਰਾਂ ਵਿਧਾਨ ਸਭਾ ਦੀਆਂ ਚੋਣਾਂ ਲਈ ਟਿਕਟਾਂ ਨਾ ਮਿਲਣ ਕਰਕੇ ਉਠਕੇ ਭਾਂਬੜ ਬਣ ਰਹੀਆਂ ਹਨ। ਸ਼ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਬਹੁਤੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਕਰਕੇ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਨੇਤਾਵਾਂ ਵਿਚ ਅਸੰਤੁਸ਼ਟਤਾ ਨਜ਼ਰ ਆ ਰਹੀ ਹੈ। ਕਈ ਨੇਤਾਵਾਂ ਨੇ ਤਾਂ ਟਿਕਟਾਂ ਨਾ ਮਿਲਣ ਕਰਕੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿਕੇ ਦੂਜੀਆਂ ਪਾਰਟੀਆਂ ਦੀ ਡੋਰ ਪਕੜ ਲਈ ਹੈ। ਆਮ ਆਦਮੀ ਪਾਰਟੀ ਜਿਹੜੀ ਬਹੁਤ ਤੇਜ਼ੀ ਨਾਲ ਉਭਰਕੇ ਆਈ ਸੀ, ਸਭ ਤੋਂ ਪਹਿਲਾਂ ਤਾਂ ਉਹ ਹੀ ਦੋਫਾੜ ਹੋ ਗਈ। ਉਸਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਹੀ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਉਸਨੇ ਆਪਣੀ ਵੱਖਰੀ ਪਾਰਟੀ ਬਣਾ ਲਈ। ਉਸਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸਿਆਸਤ ਦਾ ਬਿਲਕੁਲ ਹੀ ਅਨਾੜੀ ਗੁਰਪ੍ਰੀਤ ਸਿੰਘ ਘੁੱਗੀ ਨੂੰ ਜਿਹੜਾ ਹੁਣ ਵੜੈਚ ਬਣ ਗਿਆ ਹੈ, ਨਵਾਂ ਪ੍ਰਧਾਨ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਹਨ, ਉਨ੍ਹਾਂ ਦੇ ਵਿਰੁਧ ਉਸਦੇ ਵਾਲੰਟੀਅਰਜ਼ ਵਿਚ ਵੀ ਬਗ਼ਾਬਤੀ ਸੁਰਾਂ ਭਾਰੂ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਵਿਚੋਂ ਆਏ ਸੁਖਪਾਲ ਸਿੰਘ ਖਹਿਰਾ, ਅਮਨ ਅਰੋੜਾ, ਅਨੂ ਰੰਧਾਵਾ , ਅਕਾਲੀ ਦਲ ਵਿਚੋਂ ਕੁਲਦੀਪ ਕੌਰ ਟੌਹੜਾ, ਉਪਕਾਰ ਸਿੰਘ ਸੰਧੂ ਨੂੰ ਲੋਕ ਸਭਾ ਦੀ ਅੰਮ੍ਰਿਤਸਰ ਤੋਂ, ਸਰਬਜੀਤ ਕੌਰ ਪਤਨੀ ਸਵਰਗਵਾਸੀ ਕੈਪਟਨ ਕੰਵਲਜੀਤ ਸਿੰਘ ਅਤੇ ਹੋਰ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਹਨ ਜਦੋਂ ਕਿ ਉਹ ਇਹ ਕਹਿ ਰਹੇ ਸਨ ਕਿ ਸਿਰਫ ਵਾਲੰਟੀਅਰਜ਼ ਨੂੰ ਪਹਿਲ ਦਿੱਤੀ ਜਾਵੇਗੀ। ਵਾਲੰਟੀਅਰ ਆਪਣੇ ਆਪ ਨੂੰ ਅਣਡਿੱਠ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕੁੱਝ ਟਿਕਟਾਂ ਦੇਣ ਤੋਂ ਬਾਅਦ ਬਦਲ ਦਿੱਤੀਆਂ ਹਨ। ਜਿਨ੍ਹਾਂ ਦੀਆਂ ਟਿਕਟਾਂ ਬਦਲ ਦਿੱਤੀਆਂ ਉਹ ਵੀ ਦੂਜੀਆਂ ਪਾਰਟੀਆਂ ਵਿਚ ਧੜਾ ਧੜ ਸ਼ਾਮਲ ਹੋ ਰਹੇ ਹਨ। ਆਇਆ ਰਾਮ ਤੇ ਗਇਆ ਰਾਮ ਦਾ ਸਿਲਸਿਲਾ ਚਲ ਰਿਹਾ ਹੈ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਨੇ ਵੀ ਆਪਣੇ ਪੁਰਾਣੇ 6 ਵਿਧਾਨਕਾਰਾਂ ਦੇ ਚੋਣ ਹਲਕੇ ਬਦਲ ਦਿੱਤੇ ਹਨ, 8 ਵਿਧਾਨਕਾਰਾਂ ਅਤੇ ਦਰਜਨ ਹਾਰੇ ਹੋਏ ਉਮੀਦਵਾਰਾਂ ਦੇ ਟਿਕਟ ਕੱਟ ਦਿੱਤੇ ਹਨ, ਕੁਝ ਕੁ ਹੋਰ ਦੇ ਹਲਕੇ ਬਦਲ ਦਿੱਤੇ ਹਨ ਅਤੇ 23 ਨਵੇਂ ਉਮੀਦਵਾਰ ਉਤਾਰੇ ਹਨ। ਇਨ੍ਹਾਂ ਵਿਚੋਂ ਬਹੁਤੇ ਨੌਜਵਾਨ ਹਨ। ਜਾਣੀ ਕਿ ਟਿਕਟਾਂ ਦੀ ਵੰਡ ਵਿਚ ਸੁਖਬੀਰ ਸਿੰਘ ਬਾਦਲ ਬਰੀਗੇਡ ਭਾਰੂ ਰਹੀ ਹੈ।
ਅਕਾਲੀ ਦਲ ਨੇ ਕਾਂਗਰਸ ਪਾਰਟੀ ਵਿਚੋਂ ਆਏ ਨੇਤਾਵਾਂ, ਈਸ਼ਰ ਸਿੰਘ ਮੇਹਰਬਾਨ ਪਾਇਲ, ਕਬੀਰ ਦਾਸ ਨਾਭਾ, ਸੁਰਿੰਦਰਪਾਲ ਸਿੰਘ ਸਿਬੀਆ ਬਰਨਾਲਾ ਅਤੇ ਸੁਰਿੰਦਰ ਮੱਲ ਨੂੰ ਕਰਤਾਰਪੁਰ ਤੋਂ ਵੀ ਟਿਕਟਾਂ ਦੇ ਦਿੱਤੀਆਂ ਹਨ। ਅਕਾਲੀ ਦਲ ਦੇ ਵਿਧਾਨਕਾਰਾਂ ਅਤੇ ਸਾਬਕ ਵਿਧਾਨਕਾਰਾਂ ਪ੍ਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਸਰਵਣ ਸਿੰਘ ਫਿਲੌਰ, ਅਭਿਨਾਸ਼ ਚੰਦਰ, ਰਾਜਵਿੰਦਰ ਕੌਰ ਭਾਗੀਕੇ, ਮਹੇਸ਼ਇੰਦਰ ਸਿੰਘ ਨਿਹਾਲਸਿੰਘਵਾਲਾ, ਦੇਸ ਰਾਜ ਧੁੱਗਾ, ਗੁਰਤੇਜ ਸਿੰਘ ਘੜਿਆਣਾ ਅਤੇ ਭਾਰਤੀ ਜਨਤਾ ਪਾਰਟੀ ਦੀ ਡਾ.ਨਵਜੋਤ ਕੌਰ ਸਿੱਧੂ, ਗੋਬਿੰਦ ਸਿੰਘ ਕਾਂਝਲਾ ਅਤੇ ਹਰਮੇਲ ਸਿੰਘ ਟੌਹੜਾ ਨੇ ਅਸਤੀਫੇ ਦੇ ਦਿੱਤੇ ਹਨ। ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਵੀ ਭਾਰਤੀ ਜਨਤਾ ਪਾਰਟੀ ਤੋਂ ਤਿਆਗ ਪੱਤਰ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਸਿਆਸਤਦਾਨਾ ਦਾ ਕਿਰਦਾਰ ਵੀ ਕਮਾਲ ਦਾ ਹੈ ਕਿ ਕਿਸੇ ਪਾਰਟੀ ਨਾਲ ਪੱਕੇ ਤੌਰ ਤੇ ਜੁੜੇ ਨਹੀਂ ਰਹਿੰਦੇ ਸਗੋਂ ਜਿਥੋਂ ਟਿਕਟ ਮਿਲਦੀ ਹੈ, ਉਧਰ ਨੂੰ ਹੀ ਪਾਸਾ ਪਲਟ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਦਾ ਹੀ ਲੈ ਲਓ, ਉਸਦਾ ਪਿਤਾ ਸ੍ਰ.ਭਗਵੰਤ ਸਿੰਘ ਪਟਿਆਲ੍ਹਾ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਅਤੇ ਦਰਬਾਰਾ ਸਿੰਘ ਮੁੱਖ ਮੰਤਰੀ ਦੇ ਮੌਕੇ ਪੰਜਾਬ ਦਾ ਐਡਵੋਕੇਟ ਜਨਰਲ ਰਿਹਾ। ਆਪ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਲੋਕ ਸਭਾ ਅੰਮ੍ਰਿਤਸਰ ਤੋਂ ਰਿਹਾ। ਰਾਜ ਸਭਾ ਦਾ ਮੈਂਬਰ ਵੀ ਰਿਹਾ ਅਸਤੀਫਾ ਦੇ ਗਿਆ। ਉਸਦੀ ਪਤਨੀ ਬੀ.ਜੇ.ਪੀ. ਦੀ ਵਿਧਾਨਕਾਰ ਅਤੇ ਮੁੱਖ ਸੰਸਦੀ ਸਕੱਤਰ ਰਹੀ, ਹੁਣ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਨਾਲ ਸੌਦੇਬਾਜੀ ਕਰਦਾ ਰਿਹਾ, ਹੁਣ ਕਾਂਗਰਸ ਪਾਰਟੀ ਵਿਚ ਹੈ। ਇਸੇ ਤਰ੍ਹਾਂ ਰਾਜ ਗਾਇਕ ਦਾ ਦਰਜਾ ਪ੍ਰਾਪਤ ਹੰਸ ਰਾਜ ਹੰਸ ਅਕਾਲੀ ਦਲ ਦੇ ਟਿਕਟ ਤੇ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜਿਆ, ਹਾਰ ਗਿਆ। ਫਿਰ ਕਾਂਗਰਸ ਵਿਚ ਸ਼ਾਮਲ ਹੋ ਗਿਆ। ਰਾਜ ਸਭਾ ਦੀ ਟਿਕਟ ਨਾ ਮਿਲੀ ਨਰਾਜ਼ ਹੋ ਗਿਆ। ਹੁਣ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਿਆ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਿਆਸਤਦਾਨ ਤਾਕਤ ਤੋਂ ਬਿਨਾਂ ਰਹਿ ਨਹੀਂ ਸਕਦੇ ਪਾਰਟੀਆਂ ਦੇ ਅਸੂਲਾਂ ਤੇ ਪਹਿਰਾ ਨਹੀਂ ਦੇ ਸਕਦੇ।
ਕਾਂਗਰਸ ਪਾਰਟੀ ਵਿਚ ਵੀ ਟਿਕਟਾਂ ਦੇ ਐਲਾਨ ਤੋਂ ਬਾਅਦ ਕਲੇਸ਼ ਪੈ ਗਿਆ ਹੈ ਕਿਉਂਕਿ ਦੂਜੀਆਂ ਪਾਰਟੀਆਂ ਵਿਚੋਂ ਆਏ ਉਮੀਦਵਾਰਾਂ ਨੂੰ ਟਿਕਟਾਂ ਮਿਲਣ ਦਾ ਵਿਰੋਧ ਹੋਣਾ ਕੁਦਰਤੀ ਹੈ ਪ੍ਰੰਤੂ ਇਸ ਵਾਰ ਕਾਂਗਰਸ ਪਾਰਟੀ ਬਹੁਤ ਹੀ ਸੰਜੀਦਗੀ ਤੋਂ ਕੰਮ ਲੈ ਰਹੀ ਲੱਗਦੀ ਹੈ। ਅਕਾਲੀ ਦਲ ਦੇ ਲੋਕ ਸਭਾ ਦੇ ਫੀਰੋਜਪੁਰ ਤੋਂ ਮੈਂਬਰ ਦਾ ਲੜਕਾ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ ਅਤੇ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸਤ ਪਾਲ ਗੋਸਾਈਂ ਨੇ ਤਾਂ ਕਮਾਲ ਹੀ ਕਰ ਦਿੱਤੀ ਸਵੇਰੇ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਗਿਆ ਅਤੇ ਦੂਸਰੇ ਦਿਨ ਵਾਪਸ ਭਾਰਤੀ ਜਨਤਾ ਪਾਰਟੀ ਵਿਚ ਆ ਗਿਆ। ਇਸ ਵਾਰ ਸਿਆਸਤਦਾਨਾ ਦੇ ਕਿਰਦਾਰ ਵਿਚ ਜਿਤਨੀ ਗਿਰਾਵਟ ਵੇਖਣ ਨੂੰ ਮਿਲੀ ਹੈ, ਇਸ ਤੋਂ ਪਹਿਲਾਂ ਕਦੀਂ ਵੀ ਨਹੀਂ ਵੇਖੀ। ਕਹਿਣ ਤੋਂ ਭਾਵ ਨੇਤਾਵਾਂ ਦਾ ਮਕਸਦ ਸਿਰਫ ਅਹੁਦੇ ਲੈ ਕੇ ਪਾਰਟੀਆਂ ਵਿਚ ਰਹਿਣਾ ਹੈ। ਬਿਨਾ ਅਹੁਦਿਆਂ ਤੇ ਪਾਰਟੀਆਂ ਉਨ੍ਹਾਂ ਲਈ ਕੁਝ ਵੀ ਨਹੀਂ। ਜਿਹੜੀਆਂ ਪਾਰਟੀਆਂ ਵਿਚ ਉਹ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹੇ ਹਨ, ਉਨ੍ਹਾਂ ਹੀ ਪਾਰਟੀਆਂ ਦੀ ਬਦਖੋਈ ਕਰਨ ਲੱਗ ਜਾਂਦੇ ਹਨ। ਵਫ਼ਦਾਰੀ ਤਾਂ ਖੰਭ ਲਾ ਕੇ ਹੀ ਉਡ ਗਈ ਹੈ।
ਸਾਰੀਆਂ ਸਿਆਸੀ ਪਾਰਟੀਆਂ ਵਿਚ ਬਾਗੀ ਉਮੀਦਵਾਰਾਂ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ ਹੈ। ਇਸ ਵਾਰ ਸਾਰੀਆਂ ਪਾਰਟੀਆਂ ਨੇ ਇੱਕ ਹੋਰ ਵੱਖਰੀ ਗੱਲ ਕੀਤੀ ਹੈ ਕਿ ਸਥਾਨਕ ਉਮੀਦਵਾਰਾਂ ਦੀ ਥਾਂ ਬਾਹਰੀ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਗ਼ੈਰ ਸਿਆਸੀ ਉਮੀਦਵਾਰਾਂ ਦੀ ਬਹੁਤਾਤ ਵੀ ਵੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਵਿਚ ਸਾਬਕਾ ਅਧਿਕਾਰੀ, ਗਾਇਕ, ਕਲਾਕਾਰ ਅਤੇ ਖਿਡਾਰੀ ਸ਼ਾਮਲ ਹਨ। 4 ਫਰਵਰੀ ਨੂੰ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀਆਂ ਬਦਲਕੇ ਆਏ ਲਗਪਗ 50 ਉਮੀਦਵਾਰ ਚੋਣਾਂ ਲੜ ਰਹੇ ਹਨ। ਲਗਪਗ 50 ਹੀ ਸਾਬਕਾ ਵਿਧਾਨਕਾਰ ਅਤੇ ਸੰਸਦ ਮੈਂਬਰ ਉਨ੍ਹਾਂ ਦੀਆਂ ਪਾਰਟੀਆਂ ਵਿਚੋਂ ਟਿਕਟਾਂ ਨਾ ਮਿਲਣ ਕਰਕੇ ਆਪੋ ਆਪਣੀਆਂ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ ਜਿਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਪੰਜਾਬ ਦੇ ਸਿਆਸਤਦਾਨ ਸਿਰਫ ਤਾਕਤ ਚਾਹੁੰਦੇ ਹਨ, ਅਸੂਲਾਂ ਦੀ ਪਰਵਾਹ ਨਹੀਂ ਕਰਦੇ। ਉਹ ਮੌਕਾਪ੍ਰਸਤ ਹਨ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਸਮੇਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਲਾਲਚ ਤੋਂ ਨਹੀਂ।