ਰੱਤੀਆਂ ਪਿੰਡ ’ਚ ਪੰਜਾਬੀ ਵਿਰਸਾ ਸਾਂਭੀ ਬੈਠਾ ਸਾਹਿਤਕਾਰ ਕੇਵਲ ਸਿੰਘ ਰਤੀਆਂ

ਮੋਗੇ ਜ਼ਿਲ੍ਹੇ ਦੇ ਪਿੰਡ ਰੱਤੀਆਂ ਦਾ ਵਸਨੀਕ 50 ਸਾਲਾਂ ਕੇਵਲ ਸਿੰਘ ਰੱਤੀਆਂ ਆਪਣੇ ਅਵੱਲੇ ਸ਼ੌਕ ਕਰਕੇ ਜਾਣੀ-ਪਛਾਣੀ ਹਸਤੀਬਣ ਚੁੱਕਾ ਹੈ। ਮੋਗੇ ਦੇ ਗਿੱਲ ਰੋਡ ’ਤੇ ਗੇਟ-ਗਰਿੱਲਾਂ ਬਣਾਉਣ ਦਾ ਕੰਮ ਕਰਦੇ ਕੇਵਲ ਸਿੰਘ ਨੂੰ ਪੁਰਾਤਨ ਵਸਤਾਂ ਜੋ ਸਾਡੇ ਘਰਾਂ ਵਿਚੋਂ ਅਲੋਪ ਹੋ ਰਹੀਆਂ ਨੇ, ਨੂੰ ਇਕੱਠੀਆਂ ਕਰਨ ਦਾ ਵਚਿੱਤਰ ਸ਼ੌਕ ਹੈ। ਇਸ ਸ਼ੌਕ ਕਾਰਨ ਹੀ ਉਸ ਕੋਲ ਹਜ਼ਾਰਾਂ ਪੁਰਾਤਨ ਤੇ ਦੁਰਲੱਭ ਚੀਜ਼ਾਂ ਹਨ।

13 ਫਰਵਰੀ 1966 ਨੂੰ ਪਿਤਾ ਹਰਮੰਦਰ ਸਿੰਘ ਵੈਦ ਅਤੇ ਮਾਤਾ ਨਿਰਪਾਲ ਕੌਰ ਦੀ ਕੁੱਖੋਂ ਜਨਮੇ ਕੇਵਲ ਸਿੰਘ ਰੱਤੀਆਂ ਦੇ ਵਿਰਾਸਤੀ ਖਜ਼ਾਨੇ ਵਿਚ 10 ਦਹਾਕੇ ਦਾ ਕਿਸਾਨ ਵੀਰਾਂ ਵੱਲੋਂ ਚਲਾਇਆ ਜਾਂਦਾ ਬਲਦ ਗੱਡਾ, 1917 ’ਚ ਲੰਡਨ ਦੀ ਬਣੀ ਦੂਰਬੀਨ, ਆਟਾ ਪੀਸਣ ਵਾਲੀ ਹੱਥ ਚੱਕੀ, ਰਾਜਿਆਂ ਵੇਲੇ ਦਾ ਖੰਜਰ, ਦੁੱਧ ਰਿੜਕਣ ਵਾਲੀ ਮਧਾਣੀ, ਕੱਪੜੇ ਸੀਓਣ ਵਾਲੀਆਂ ਮਸ਼ੀਨਾਂ, ਸੂਤ ਵਾਲਾ ਮੰਜਾ, ਖੂਹ ’ਚੋਂ ਪਾਣੀ ਕੱਢਣ ਵਾਲਾ ਬੋਕਾ ਤੇ ਡੋਲ, ਵਲ ਟੋਹੀਆਂ, ਕੁੱਤਾ ਨਲਕਾ, ਪੁਰਾਤਨ ਕਾਲ ਦੇਸਿੱਕੇ, ਈਸਟ ਇੰਡੀਆ ਦੇ ਸਿੱਕੇ, ਟਕੇ, ਧੇਲੇ, ਆਨੇ-ਦੁਆਨੇ, ਗਲੀ ਵਾਲੇ ਪੈਸੇ, ਫੋਟੋ ਖਿੱਚਣ ਵਾਲੇ ਕੈਮਰੇ, ਪੰਜਾਲੀ, ਖੂਹ ਦੀਆਂ ਟਿੰਡਾਂ, ਦਾਤੀ, ਝਰਨੀ, ਬੱਤੀਆਂ ਵਾਲਾ ਸਟੋਪ, ਚਰਖੇ, ਤੂਰੀ, ਅਟੇਰਨੇ, ਕਪਾਹ ਵੇਲਣ ਵਾਲਾ ਵੇਲਣਾ, ਪਿੱਤਲ ਦੇ ਛੰਨੇ, ਪਿੰਤਲ ਦੀ ਥਰਮਸ, ਚਮਚੇ, ਕੜਛੀਾਂ, ਕੇਤਲੀ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਿਲਾਸ, ਪਰਾਂਤ, ਸੁਰਾਹੀਆਂ, ਗੜਵੀਆਂ, ਫੁਲੱਦਾਨ, ਕਾਂਸੇ ਦੇ ਬਰਤਨ, ਊਠ ਘੋੜੇ ਦੀ ਨਿਓਲ, ਹੱਥਕੜੀਆਂ, ਸੇਵੀਆ ਵੱਟਣ ਵਾਲੀ ਜੰਡੀ, ਪੁਰਾਣੇ ਲੈਂਪ, ਪੁਰਾਣੇ ਜਮਾਨੇ ਦੀਆਂ ਲਾਲ ਟੈਣਾਂ, ਪੁਰਾਣੇ ਟੈਲੀਫੋਨ, ਖਰਲ, ਕੋਲਿਆਂ ਵਾਲੀ ਪ੍ਰੈਸ, ਪੁਰਾਣੇ ਮਾਈਕ, ਟੈਮਪੀਸ, ਹੁੱਕੇ, ਭਾਰ ਤੋਲਣ ਵਾਲੇ ਪੰਜੇ, ਚੱਕਲ ਵੇਲਣੇ, ਛਾਨਣੀਆਂ, ਪਟਾਰੀ, ਦੋ ਮੰਜਿਆਂ ਨੂੰ ਕੇ ਲੱਖਣ ਵਾਲਾ ਸਪੀਕਰ, 50 ਇਲੈਕਟ੍ਰਾਨਿਕ ਗ੍ਰਾਮੋਫੋਨ ਮਸ਼ੀਨਾਂ, 18 ਚਾਬੀ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ, 15 ਐਚ.ਐਮ. ਵੀ. ਕੰਪਨੀ ਦੇ ਚੇਂਜਰ, ਮਰਫੀ ਅਤੇ ਐਚ. ਐਮ. ਵੀ. ਕੰਪਨੀ ਦੇ ਲਾਈਸੈਂਸ ਵਾਲੇ ਰੇਡੀਓ ਅਤੇ ਉਨ੍ਹਾਂ ਦੇ ਲਾਈਸੈਂਸ, 2 ਸਪੂਲਾਂ ਵਾਲੀਆਂ ਟੇਪਾਂ, 22 ਕੈਸਟਾਂ, 2000 ਦੇ ਕਰੀਬ ਪੱਥਰ ਦੇ ਤਵੇ (ਰਿਕਾਰਡ), 5 ਹਜ਼ਾਰ ਦੇ ਕਰੀਬ ਐਲ. ਪੀ. (ਲੋਂਗ ਪਲੇਅ) ਰਿਕਾਰਡ ਅਤੇ ਈ. ਪੀ. (ਐਕਸਟੈਂਡ ਪਲੇਅ) ਰਿਕਾਰਡ ਪਏ ਹਨ। ਕੇਵਲ ਸਿੰਘ ਦੇ ਸੰਗੀਤਕ ਖਜ਼ਾਨੇ ਵਿਚ ਉਹ ਅਨਮੋਲ ਰਿਕਾਰਡ ਵੀ ਸਾਂਭੇ ਪਏ ਜੋ ਸ਼ਾਇਦ ਦੁਨੀਆਂ ਦੇ ਕਿਸੇ ਵੀ ਕੋਨੇ ’ਚੋਂ ਨਾ ਮਿਲਣ।

ਕੇਵਲ ਸਿੰਘ ਦੱਸਦਾ ਹੈ ਕਿ ਉਸ ਨੂੰ ਇਹ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਤਕਰੀਬਨ 1986 ਤੋਂ ਸ਼ੁਰੂ ਹੋਇਆ। ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਦੀ ਖਾਕ ਛਾਣ ਕੇ ਘੇਰਲੂ ਤੰਗੀਆਂ ਤਰੁਸ਼ੀਆਂ ਝੱਲ ਕੇ ਉਸ ਨੇ ਇਹ ਪੁਰਾਤਨ ਵਸਤਾਂ ਇਕੱਠੀਆਂ ਕਰ ਕੇ ਆਪਣੇ ਸ਼ੌਕ ਨੂੰ ਪੂਰਿਆ ਹੈ। ਕੇਵਲ ਸਿੰਘ ਰੱਤੀਆਂ ਨੇ ਦੱਸਿਆ ਕਿ ਮੇਰੇ ਇਸ ਸ਼ੌਕ ’ਚ ਮੇਰੇ ਮਾਤਾ-ਪਿਤਾ, ਮੇਰੀ ਪਤਨੀ ਛਿੰਦਰਪਾਲ ਕੌਰ ਅਤੇ ਬੱਚਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਥੇ ਇਨ੍ਹਾਂ ਵਸਤਾਂ ਨੂੰ ਇਕੱਠੀਆਂ ਕਰਨ ’ਚ ਉਸ ਨੂੰ ਵਿਜੈ ਮੁਲਤਾਨੀ ਮੋਗਾ, ਕੰਵਲਜੀਤ ਸਿੰਘ ਸਿੱਧੂ ਮੋਗਾ, ਪਰਮਜੀਤ ਸਿੰਘ ਕੜਿਆਲ, ਰਾਜੀਵ ਕਪੂਰ ਮਖੂ, ਕਰਮਜੀਤ ਸਿੰਘ ਬਠਿੰਡਾ ਆਦਿ ਦੋਸਤਾਂ ਦਾ ਵੀ ਸਹਿਯਗ ਹਾਸਿਲ ਹੈ। ਕੇਵਲ ਸਿੰਘ ਇਨ੍ਹਾਂ ਵਿਰਾਸਤੀ ਵਸਤਾਂ ਦੀ ਪੰਜਾਬ ਦੇ ਕਈ ਮਸ਼ਹੂਰ ਮੇਲਿਆਂ ਵਿਚ ਪ੍ਰਦਰਸ਼ਨੀਆਂ ਵੀ ਲਗਾ ਚੁੱਕਾ ਹੈ। 30 ਕੁ ਸਾਲਾਂ ਤੋਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਾਲੇ ਕੇਵਲ ਸਿੰਘ ਰੱਤੀਆਂ ਦੀ ਸਾਹਿਤਕ ਖੇਤਰ ਵਿਚ ਵੀ ਵੱਖਰੀ ਪਛਾਣ ਹੈ। ਉਹ ਵਧੀਆ ਇਨਸਾਨ ਦੇ ਨਾਲ ਨਾਲ ਇਕ ਵਧੀਆ ਲੇਖਕ ਵੀ ਹੈ। ਅਜੋਕੇ ਮਹਿੰਗਾਈ ਦੇ ਯੁੱਗ ਵਿਚ ਸ਼ੌਕ ਪਾਲਣਾ ਕੋਈ ਆਸਾਨ ਕੰਮ ਨਹੀਂ ਰਿਹਾ, ਆਪਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਮੇਰੇ ਸਲਾਮ ਹੈ ਕੇਵਲ ਸਿੰਘ ਰੱਤੀਆਂ ਨੂੰ ਜਿਸ ਨੇ ਇਸ ਮਹਿੰਗਾਈ ਦੇ ਯੁੱਗ ਵਿਚ ਵੀ ਇਸ ਸ਼ੌਕ ਨੂੰ ਪਾਲਿਆ ਹੈ ਅਤੇ ਇਨ੍ਹਾਂ ਪੁਰਾਤਨ ਵਸਤਾਂ ਦੀ ਸੰਭਾਲ ਕਰ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>