ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ ਏਬੀਵੀਪੀ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਿੰਸਕ ਹਮਲੇ ਦੀ ਕਰੜੀ ਨਿਖੇਧੀ

ਚੰਡੀਗੜ੍ਹ: ਪੰਜਾਬੀ ਲੇਖਕਾਂ ਅਤੇ ਚਿੰਤਕਾ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ( ਏਬੀਵੀਪੀ) ਦੇ ਮੈਂਬਰਾਂ ਵੱਲੋਂ ਕੀਤੀ ਗਈ ਹਿੰਸਾ ਦੀ ਕਰੜੇ ਸ਼ਬਦਾਂ ਵਿਚ ਨਖੇਦੀ ਕਰਦਿਆਂ ਇਸ ਨੂੰ ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਕੋਝਾ ਹਮਲਾ ਕਰਾਰ ਦਿੱਤਾ।

ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਪ੍ਰੈਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ, ‘ਇਸ ਹਿੰਸਕ ਹਮਲੇ ਨਾਲ ਇੱਕ ਵਾਰ ਫਿਰ ਸਾਬਿਤ ਹੋਇਆ ਕਿ ਮੋਦੀ ਸਰਕਾਰ ਨਾ ਸਿਰਫ ਦੇਸ਼ ਦੇ ਉਚ ਸਿੱਖਿਆ ਸੰਸਥਾਨਾਂ ਵਿੱਚ ਨਿਯੁਕਤੀਆਂ ਅਤੇ ਕੰਮਕਾਜ ਦੇ ਪੱਧਰ ਤੇ ਦਖ਼ਲਅੰਦਾਜੀ ਕਰ ਰਹੀ ਹੈ, ਸਗੋਂ ਸ਼ਰੇਆਮ ਕੈਂਪਸ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਉੱਥੇ ਦਾ ਮਾਹੌਲ ਵੀ ਵਿਗਾੜ ਰਹੀ ਹੈ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੇਐਨਯੂ ਵਿੱਚ ਇਹ ਖੇਡ ਕਿਸ ਤਰ੍ਹਾਂ ਖੇਡੀ ਗਈ, ਪੂਰੇ ਦੇਸ਼ ਨੇ ਵੇਖਿਆ। ਹੁਣ ਡੀਯੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਰਾਮਜਸ ਕਾਲਜ ਦੇ ਇੱਕ ਪ੍ਰੋਗਰਾਮ ਵਿੱਚ ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ਾਹਿਲਾ ਰਾਸ਼ਿਦ ਅਤੇ ਉਥੇ ਹੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਬੀਤੇ ਮੰਗਲਵਾਰ ਨੂੰ ਏਬੀਵੀਪੀ ਦੇ ਕਰਮਚਾਰੀਆਂ ਨੇ ਕਾਫ਼ੀ ਹੰਗਾਮਾ ਕੀਤਾ ਸੀ, ਜਿਸਦੇ ਚਲਦੇ ਉਹ ਦੋਵੇਂ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਏਬੀਵੀਪੀ ਦੇ ਇਸ ਹੰਗਾਮੇ ਦੇ ਵਿਰੋਧ ਵਿੱਚ ਆਇਸਾ ਅਤੇ ਐਸਐਫਆਈ ਸਮੇਤ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਵਿਰੋਧ ਮਾਰਚ ਕੱਢਿਆ, ਜਿਸ ਤੇ ਏਬੀਵੀਪੀ ਦੇ ਕਰਮਚਾਰੀਆਂ ਨੇ ਹਿੰਸਕ ਹਮਲਾ ਕੀਤਾ। ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਟਾਂ ਵੱਜੀਆਂ। ਪੱਤਰਕਾਰਾਂ ਦੀ ਵੀ ਮਾਰ ਕੁਟਾਈ ਕੀਤੀ ਗਈ, ਪਰ ਇਸ ਦੌਰਾਨ ਉੱਥੇ ਮੌਜੂਦ ਦਿੱਲੀ ਪੁਲੀਸ ਦਾ ਰਵੱਈਆ ਬੇਹੱਦ ਲਚਰ ਸੀ। ਜੇਕਰ ਉਸਨੇ ਮੁਸਤੈਦੀ ਵਿਖਾਈ ਹੁੰਦੀ ਤਾਂ ਹਾਲਾਤ ਇਸ ਕਦਰ ਨਹੀਂ ਵਿਗੜਦੇ ਅਤੇ ਏਬੀਵੀਪੀ ਕਾਰਕੁੰਨਾਂ ਨੂੰ ਹੋਰ ਥਾਵਾਂ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਕਰਨ ਦਾ ਹੌਸਲਾ ਨਾ ਮਿਲਦਾ।

ਕੇਂਦਰੀ ਸਭਾ ਦੇ ਲੇਖਕ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਬੀਜੇਪੀ ਦੇ ਕੇਂਦਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਉਸਨੂੰ ਲੱਗਦਾ ਹੈ ਕਿ ਵਿਦਿਆਰਥੀ ਰਾਜਨੀਤੀ ਵਿੱਚ ਜੋ ਵੀ ਉਦਾਰਵਾਦੀ ਜ਼ਮੀਨ ਬਚੀ ਹੈ, ਉਸਨੂੰ ਹਥਿਆਉਣ ਦਾ ਇਹੀ ਵਕਤ ਹੈ। ਬੀਜੇਪੀ ਅਤੇ ਸੰਘ ਦੇ ਨੇਤਾਵਾਂ ਦਾ ਇਨ੍ਹਾਂ ਨੂੰ ਖੁੱਲ੍ਹਾ ਸਮਰਥਨ ਮਿਲ ਹੀ ਰਿਹਾ ਹੈ, ਸਰਕਾਰੀ ਤੰਤਰ ਵੀ ਉਸਦੇ ਨਾਲ ਖੜ੍ਹਾ ਹੈ। ਸਰਕਾਰੀ ਸ਼ਹਿ ਉੱਤੇ ਦੇਸ਼ ਅੰਦਰ ਅਧਿਆਪਕਾਂ, ਵਿਦਿਆਰਥੀਆਂ, ਕਲਾਕਾਰਾਂ ਅਤੇ ਆਮ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰਕੇ ਉਨ੍ਹਾਂ ਦੀਆਂ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਦੇ ਉਪਰੋਕਤ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਸਮੂਹ ਅਹੁਦੇਦਾਰਾਂ ਦੀਪ ਦੇਵਿੰਦਰ ਸਿੰਘ, ਅਰਤਿੰਦਰ ਕੌਰ ਸੰਧੂ, ਜਸਵੀਰ ਝੱਜ, ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਸੁਰਿੰਦਰਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਵਰਗਿਸ ਸਲਾਮਤ, ਸੁਰਿੰਦਰ ਕੌਰ ਖਰਲ ਨੇ ਇਕਸੁਰ ਵਿਚ ਕਿਹਾ ਕਿ ਕੇਂਦਰੀ ਸਭਾ ਇਨ੍ਹਾਂ ਹਿੰਸਕ ਹਮਲਿਆਂ ਦੀ ਪੁਰਜ਼ੋਰ ਨਖੇਧੀ ਕਰਦੀ ਹੈ। ਲੇਖਕ ਆਪਣੀਆਂ ਕਲਮਾਂ ਰਾਹੀਂ ਵੀ ਇਸ ਦਾ ਵਿਰੋਧ ਕਰਨਗੇ ਅਤੇ ਸੜਕਾਂ ਉੱਤੇ ਵੀ ਉਤਰਨਗੇ। ਦੋਸ਼ੀ ਹਮਲਾਵਰਾਂ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>