ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਯਾਦ ‘ਚ ਮਹਾਨ ਗੁਰਮਤਿ ਸਮਾਗਮ, ਸਿੱਖ ਸੰਪਰਾਦਾਵਾਂ ਦੇ ਮੁੱਖੀਆਂ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਭਰੀ ਹਾਜ਼ਰੀ

ਖਡੂਰ ਸਾਹਿਬ – ਸੰਪਰਦਾਇ ਕਾਰ ਸੇਵਾ ਦੇ ਬਾਨੀ ਸੰਤ ਬਾਬਾ ਗੁਰਮੁਖ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਉੱਤਮ ਸਿੰਘ ਅਤੇ ਕਾਰ ਸੇਵਾ ਵਾਲੇ ਹੋਰ ਸਮੂਹ ਮਹਾਂਪੁਰਖਾਂ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਡੇਰਾ ਕਾਰ ਸੇਵਾ ਖਡੂਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਾਰ ਸੇਵਾ ਅਤੇ ਹੋਰ ਸਿੱਖ ਸੰਪਰਦਾਵਾਂ ਦੇ ਮੁੱਖੀ ਸਾਹਿਬਾਨ, ਪੰਥ ਪ੍ਰਸਿੱਧ ਕੀਰਤਨੀਏ, ਵਿਦਵਾਨ ਕਥਾਵਾਚਕ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ ਉਪਰੰਤ ਸਾਰਾ ਦਿਨ ਦੀਵਾਨ ਸਜਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਨੇ ਕਿਹਾ ਕਿ ਇਸ ਸੰਪਰਦਾ ਵੱਲੋਂ ਪੁਰਾਤਨ ਇਮਾਰਤਾਂ ਨੂੰ ਸੰਭਾਲ ਕੇ ਰੱਖਣਾ ਅਤੇ ਗੁਰਧਾਮਾਂ ਦੀ ਸੇਵਾ ਕਰਾਉਣੀ ਅਤੇ ਨਿਸ਼ਾਨ-ਏ-ਸਿੱਖੀ ਵਿੱਚ ਉੱਚ ਪਾਏ ਦੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਵਿਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ  ਪਾਇਆ ਜਾ ਰਿਹਾ ਹੈ । ਸੰਪਰਦਾ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੀ ਬਹੁਤ ਵੱਡੇ ਉੁਪਰਾਲੇ ਕੀਤੇ ਜਾ ਰਹੇ ਹਨ ।  ਸੰਗਤਾਂ ਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਵਲੋਂ ਪਾਏ ਪੂਰਨਿਆਂ ‘ਤੇ ਚਲਣਾ ਚਾਹੀਦਾ ਹੈ, ਤਾਂ ਹੀ ਸੇਵਾ ਦੇ ਅਸਲੀ ਅਰਥ ਸਾਕਾਰ ਹੋ ਸਕਦੇ ਹਨ। ਭਾਈ ਪਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਇਸ ਗੁਰਮਤਿ ਸਮਾਗਮ ਦਾ ਅਸਲ ਪ੍ਰਯੋਜਨ ਗੁਰਮਤਿ ਨੂੰ ਦ੍ਰਿੜ ਕਰਾਉਣਾ ਹੈ ਅਤੇ ਮਹਾਂਪੁਰਖਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਗੁਰਮਤਿ ਦੇ ਆਸ਼ੇ ਨੂੰ ਆਪਣੇ ਅੰਦਰ ਵਸਾਈਏ ਅਤੇ ਸਦ ਗੁਣਾਂ ਨੂੰ ਅਪਨਾਈਏ । ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਮਨ ਨੂੰ ਇੱਕਸੁਰਤਾ ਵਿੱਚ ਜੋੜਨ ਦੀ ਗੱਲ ਕੀਤੀ ਅਤੇ ਕਿਹਾ ਕਿ ਮਨ ਤਾਂ ਹੀ ਸੁਰਤਾ ਵਿੱਚ ਲੱਗ ਸਕਦਾ ਹੈ ਜੇਕਰ ਪ੍ਰਾਣੀ ਪ੍ਰਮਾਤਮਾ ਨਾਲ ਮਨ ਜੋੜ ਲਵੇ ।

ਇਸ ਮੌਕੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦਾ ਨਵਾਂ ਮੈਗਜ਼ੀਨ ਵੀ ਜ਼ਾਰੀ ਕੀਤਾ ਗਿਆ । ਇਸ ਮੈਗਜ਼ੀਨ ਵਿੱਚ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਵੱਲੌਂ ਲਿਖੇ ਗਏ ਪਰਚੇ ਸ਼ਾਮਲ ਕੀਤੇ ਗਏ ਹਨ, ਅਤੇ ਨਾਲ ਹੀ ਸੰਸਥਾ ਸਬੰਧੀ ਜਾਣਕਾਰੀ ਉਪਲੱਬਧ ਹੈ ।

ਇਸ ਮੌਕੇ ਕਥਾਵਾਚਕ ਭਾਈ ਸੁਖਬੀਰ ਸਿੰਘ ਕੱਲਾ ਅਤੇ ਭਾਈ ਮਹਿਤਾਬ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਸੰਤ ਬਾਬਾ ਦਰਸ਼ਨ ਸਿੰਘ ਗੁੰਮਟਾਲੇ ਵਾਲਿਆਂ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਉਕਾਰ ਸਿੰਘ ਜੀ ਅਤੇ
ਨਿਸ਼ਾਨ-ਏ-ਸਿੱਖੀ ਦੇ ਵਿਦਿਆਰਥੀਆਂ ਦੇ  ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ, ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਸੰਗਤਾਂਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਸਰਵਣ ਕਰਾਈਆਂ।

ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਅਤੇ ਸੰਗਤਾਂ ਨੂੰ ਕਾਰ ਸੇਵਾ ਦੇ ਚੱਲ ਰਹੇ ਕਾਰਜ਼ਾਂ ਸਬੰਧੀ ਚਾਨਣਾ ਪਾਇਆ । ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਕੰਵਲਜੀਤ ਸਿੰਘ ਅਤੇ ਸੁਖਰਾਜਬੀਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ।

ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਵਿਚ 67 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ। ਨਿਸ਼ਾਨ-ਏ-ਸਿੱਖੀ ਦੇ ਵਿਦਿਆਰਥੀਆਂ ਵਲੋਂ ਸਿੱਖੀ ਦੇ ਪ੍ਰਚਾਰ ਲਈ ਧਾਰਮਿਕ ਸਾਹਿਤ ਭੇਟਾ ਰਹਿਤ ਵੰਡਿਆ ਗਿਆ। ਇਸ ਮੌਕੇ ਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ।

ਇਸ ਮੌਕੇ ‘ਤੇ ਕਾਰ ਸੇਵਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਜਿਨਾਂ ਵਿਦਿਆਰੀਥਆਂ ਨੇ ਪੰਜਾਬ ਵਿਚੋਂ ਮੈਰਿਟ ਸਥਾਨ ਹਾਸਲ ਕੀਤੇ ਹਨ, ਅਤੇ ਜੋ ਨਾਮਵਰ ਯੂਨੀਵਰਸਿਟੀਆਂ ਵਿਚ ਵਿਦਿਆ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ‘ਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਬੁਧ ਸਿੰਘ ਜੀ ਖੰਨੇ ਵਾਲੇ, ਬਾਬਾ ਕਸ਼ਮੀਰ ਸਿੰਘ ਜੀ ਭੁਰੇ ਵਾਲੇ, ਬਾਬਾ ਭੋਲਾ ਸਿੰਘ ਜੀ ਖਵਾਜਾ ਖੜਗ, ਬਾਬਾ ਅਜੀਤ ਸਿੰਘ ਸਰਸੇ ਵਾਲੇ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਂਦਾਤੀ, ਬਾਬਾ ਪੂਰਨ ਸਿੰਘ ਨਿਰਮਲ ਆਸ਼ਰਮ ਵਾਲੇ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਗਿਆਨੀ ਜਗਤਾਰ ਸਿੰਘ ਜੀ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਹਰਭਜਨ ਸਿੰਘ ਜੀ ਜੰਡ ਸਾਹਿਬ ਵਾਲੇ, ਗਿਆਨੀ ਪਿੰਦਰਪਾਲ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਬਾਬਾ ਸੁਜਾਦਾ ਵਾਲੇ, ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਸੇਵਾਦਾਰ ਬਾਬਾ ਮਨਮੋਹਨ ਸਿੰਘ ਜੀ, ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲੇ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਸਰਦਾਰਾ ਸਿੰਘ ਜੀ ਛਾਪੜੀ ਸਾਹਿਬ,  ਬਾਬਾ ਸੁਖਦੇਵ ਸਿੰਘ ਦੀਨਪੁਰ ਵਾਲੇ, ਬਾਬਾ ਜੋਗਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਬਾਬਾ ਮੇਜਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਗ੍ਰੰਥੀ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਵਾਲੇ, ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਖਡੂਰ ਸਾਹਿਬ, ਸ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐਸ.ਜੀ.ਪੀ.ਸੀ., ਪ੍ਰੋ. ਬ੍ਰਿਜਪਾਲ ਸਿੰਘ, ਗੁਰਬਚਨ ਸਿੰਘ ਜੀ ਕੰਰਮੂਵਾਲਾ ਮੈਂਬਰ ਐਸ.ਜੀ.ਪੀ.ਸੀ, ਸ. ਬਲਵਿੰਦਰ ਸਿੰਘ ਅੰਤਰਿੰਗ ਕਮੇਟੀ ਮੈਂਬਰ ਐਸ.ਜੀ.ਪੀ.ਸੀ, ਭਾਈ ਵਰਿਆਮ ਸਿੰਘ ਜੀ, ਸ. ਬਲਦੇਵ ਸਿੰਘ ਸੰਧੂ, ਸ. ਪਿਆਰਾ ਸਿੰਘ ਜੀ, ਸਾਬਕਾ ਮੇਜਰ ਜਨਰਲ ਆਰ.ਐਸ.ਛੱਤਵਾਲ, ਪ੍ਰੋ. ਜਸਵਿੰਦਰ ਸਿੰਘ ਅਤੇ ਦੇਸ਼ ਵਿਦੇਸ਼ ਅਤੇ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>