ਡੀਐਸਜੀਪੀਸੀ ਚੋਣਾਂ : ਬਾਦਲਾਂ ਤੋਂ ਬਿਨਾ ਬਾਦਲ ਅਕਾਲੀ ਦਲ ਜੇਤੂ

ਸਿਆਸਤ ਸ਼ਤਰੰਗ ਦੀ ਖੇਡ ਦੀ ਤਰ੍ਹਾਂ ਹੁੰਦੀ ਹੈ ਕਿਉਂਕਿ ਇਸ ਖੇਡ ਵਿਚ ਹੱਥ ਦੀ ਸਫਾਈ ਵਾਲਾ ਵਿਅਕਤੀ ਹੀ ਸਫਲ ਹੁੰਦਾ ਹੈ। ਹੱਥ ਦੀ ਸਫਾਈ ਲਈ ਵੀ ਨੀਅਤ ਅਤੇ ਸਾਫ ਅਕਸ ਵਾਲੇ ਵਿਅਕਤੀ ਹਮੇਸ਼ਾ ਸਫਲ ਹੁੰਦੇ ਹਨ। ਇਸ ਵਾਰ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਦੂਜੀ ਵਾਰ ਲਗਾਤਾਰ ਜਿੱਤ ਪ੍ਰਾਪਤ ਕਰਨਾ ਵੀ ਸਾਫ ਅਕਸ ਵਾਲੇ ਨੇਤਾ ਕਰਕੇ ਹੀ ਸੰਭਵ ਹੋ ਸਕਿਆ ਹੈ। ਇਹ ਵੀ ਕਮਾਲ ਦੀ ਗੱਲ ਹੈ ਕਿ ‘‘ ਅਕਾਲੀ ਦਲ ਬਾਦਲ ’’ ਬਾਦਲ ਪਰਿਵਾਰ ਤੋਂ ਬਿਨਾ ਹੀ ਜੇਤੂ ਰਿਹਾ ਹੈ। ਇਹ ਚੋਣ ਸਥਾਨਕ ਪੱਧਰ ਦੇ ਲੀਡਰ ਮਨਜੀਤ ਸਿੰਘ ਜੀ.ਕੇ.ਨੂੰ ਦਿੱਲੀ ਦੇ ਸਿੱਖਾਂ ਦਾ ਨੇਤਾ ਬਣਾ ਕੇ ਲੜੀ ਗਈ ਹੈ। ਮਨਜੀਤ ਸਿੰਘ ਜੀ.ਕੇ.ਦਾ ਅਕਸ ਵੀ ਸਾਫ ਹੈ, ਜਿਸ ਕਰਕੇ ਦਿੱਲੀ ਦੇ ਸਿੱਖਾਂ ਨੇ ਉਸ ਵਿਚ ਆਪਣਾ ਵਿਸ਼ਵਾਸ਼ ਪ੍ਰਗਟ ਕੀਤਾ ਹੈ। ਜੀ.ਕੇ ਦਾ ਪਿਤਾ ਸ੍ਰ. ਸੰਤੋਖ਼ ਸਿੰਘ ਵੀ ਲੰਮਾ ਸਮਾਂ ਦਿੱਲੀ ਵਿਚ ਧੜੱਲੇਦਾਰ ਅਕਾਲੀ ਲੀਡਰ ਰਿਹਾ ਸੀ।

ਇਸ ਤੋਂ ਪਹਿਲਾਂ ਪੰਜਾਬ ਦੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿਚ ਸਮੁੱਚੀ ਲੀਡਰਸ਼ਿਪ ਚੋਣ ਪ੍ਰਚਾਰ ਵਿਚ ਹਿੱਸਾ ਲੈਂਦੀ ਰਹੀ ਹੈ ਅਤੇ ਪੰਜਾਬ ਦੇ ਲੀਡਰ ਅਤੇ ਵਰਕਰ ਦਿੱਲੀ ਵਿਚ ਆ ਕੇ ਝੁਜੂ ਪਾਉਂਦੇ ਸਨ। 1971 ਵਿਚ ਹੋਂਦ ਵਿਚ ਆਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 55 ਸੀਟਾਂ ਹਨ ਜਿਨ੍ਹਾਂ ਵਿਚੋਂ 46 ਮੈਂਬਰ ਚੁਣੇ ਜਾਂਦੇ ਹਨ, ਬਾਕੀ 9 ਮੈਂਬਰ ਵੱਖ-ਵੱਖ ਤਰ੍ਹਾਂ ਨਾਮਜ਼ਦ ਕੀਤੇ ਜਾਂਦੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ 46 ਸੀਟਾਂ ਵਿਚੋਂ ਸ਼ਰੋਮਣੀ ਅਕਾਲੀ ਦਲ ਬਾਦਲ ਨੇ 35 ਸੀਟਾਂ ਜਿੱਤਕੇ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਅਕਾਲੀ ਦਲ ਦਿੱਲੀ ਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਕਾਰੀ ਸੀਟ ਤੋਂ ਬਾਦਲ ਦਲ ਦੇ ਮਨਜਿੰਦਰ ਸਿੰਘ ਸਿਰਸਾ ਤੋਂ 497 ਵੋਟਾਂ ਦੇ ਫਰਕ ਨਾਲ ਆਪ ਵੀ ਚੋਣ ਹਾਰ ਗਿਆ ਹੈ। ਸਰਨਾ ਧੜਾ ਸਿਰਫ 7 ਸੀਟਾਂ ਤੇ ਚੋਣ ਜਿੱਤ ਸਕਿਆ ਹੈ, 2013 ਵਿਚ ਸਰਨਾ ਧੜੇ ਨੇ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਦੋ ਆਜਾਦ ਉਮੀਦਵਾਰ ਚੋਣ ਜਿੱਤੇ ਹਨ, ਜਿਨ੍ਹਾਂ ਵਿਚ ਕਾਂਗਰਸੀ ਨੇਤਾ ਤਰਵਿੰਦਰ ਸਿੰਘ ਮਰਵਾਹਾ ਅਤੇ ਤ੍ਰੀ ਨਗਰ ਹਲਕੇ ਤੋਂ ਗੁਰਮੀਤ ਸਿੰਘ ਸ਼ੰਟੀ ਸ਼ਾਮਲ ਹਨ। ਭਾਈ ਰਣਜੀਤ ਸਿੰਘ ਸਾਬਕਾ ਅਕਾਲ ਤਖ਼ਤ ਦੇ ਜਥੇਦਾਰ ਦੇ ਧੜੇ ਅਕਾਲ ਸਹਾਇ ਵੈਲਫੇਅਰ ਸੋਸਾਇਟੀ ਦੇ 2 ਮੈਂਬਰ ਸੋਸਾਇਟੀ ਦਾ ਪ੍ਰਧਾਨ ਮਲਕਿੰਦਰ ਸਿੰਘ ਟੈਗੋਰ ਗਾਰਡਨ ਅਤੇ ਹਰਜਿੰਦਰ ਸਿੰਘ, ਖਿਆਲਾ ਹਲਕੇ ਤੋਂ ਚੋਣ ਜਿੱਤ ਗਏ ਹਨ। ਪੰਥਕ ਸੇਵਾ ਦਲ ਅਤੇ ਆਮ ਅਕਾਲੀ ਦਲ ਦੋਵੇਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।

ਦਿੱਲੀ ਵਿਚ 10 ਕੁ ਲੱਖ ਸਿੱਖ ਵਸਦੇ ਹਨ, ਜਿਨ੍ਹਾਂ ਵਿਚੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ 3 ਲੱਖ ਵੋਟਰ ਹਨ। ਇਨ੍ਹਾਂ ਵਿਚੋਂ 45.76 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ। ਸ਼ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਉਮੀਦਵਾਰਾਂ ਨੂੰ 76895 ਵੋਟਾਂ ਪਈਆਂ, ਜੋ ਕੁਲ ਭੁਗਤੀਆਂ ਵੋਟਾਂ ਦਾ 43 ਫ਼ੀ ਸਦੀ ਬਣਦਾ ਹੈ। ਅਜ਼ਾਦ ਉਮੀਦਵਾਰ ਜਿੱਤ ਤਾਂ 2 ਹੀ ਸਕੇ ਹਨ ਪ੍ਰੰਤੂ ਸਾਰਿਆਂ ਨੂੰ 24523 ਵੋਟਾਂ ਪੋਲ ਹੋਈਆਂ ਜੋ ਕਿ 14 ਫ਼ੀ ਸਦੀ, ਸਰਨਾ ਧੜੇ ਦੇ ਉਮੀਦਵਾਰਾਂ ਨੂੰ 52315 ਵੋਟਾਂ ਪੋਲ ਹੋਈਆਂ ਜੋ ਕਿ 29.86 ਫ਼ੀਸਦੀ, ਪੰਥਕ ਸੇਵਾ ਦਲ ਦੇ ਉਮੀਦਵਾਰਾਂ ਨੂੰ 14690 ਜੋ 8.38 ਫ਼ੀ ਸਦੀ, ਅਕਾਲ ਸਹਾਇ ਵੈਲਫ਼ੇਅਰ ਸੋਸਾਇਟੀ ਦੇ ਉਮੀਦਵਾਰਾਂ ਨੂੰ 5502 ਵੋਟਾਂ ਪਈਆਂ ਜੋ ਕਿ 3.14 ਫ਼ੀ ਸਦੀ ਅਤੇ ਆਮ ਅਕਾਲੀ ਦਲ ਨੂੰ 1296 ਵੋਟਾਂ ਪਈਆਂ ਜੋ ਕਿ 0.74 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ। ਇਸਦਾ ਅਰਥ ਹੈ ਕਿ ਬਾਦਲ ਦਲ ਦੇ ਵਿਰੋਧੀ ਧੜਿਆਂ ਨੂੰ 57 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ। ਬਾਦਲ ਦਲ ਦੀ ਜਿੱਤ ਵਿਰੋਧੀ ਵੋਟਾਂ ਦੀ ਵੱਖੋ ਵੱਖਰੀ ਡਫਲੀ ਵਜਾਉਣ ਕਰਕੇ ਹੋਈ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਵੱਲੋਂ ਅਕਾਲ ਤਖ਼ਤ ਵੱਲੋਂ ਪੰਥ ਵਿਚੋਂ ਛੇਕੇ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰਾ ਸੱਚਾ ਸੌਦਾ ਦੀ ਸਹਾਇਤਾ ਲੈਣ ਤੋਂ ਬਾਅਦ ਵੀ ਇਹ ਧਾਰਮਿਕ ਸੰਸਥਾ ਦੀਆਂ ਚੋਣਾ ਜਿੱਤਣਾ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਵੱਡੀ ਜਿੱਤ ਹੈ। ਇਹ ਸਹਾਇਤਾ ਲੈਣ ਤੋਂ ਬਾਅਦ ਅਕਾਲੀ ਦਲ ਦੀ ਸਿਆਸਤ ਵਿਚ ਘਮਾਸਾਨ ਪੈਦਾ ਹੋ ਗਿਆ ਸੀ। ਜਿਹੜੇ ਉਮੀਦਵਾਰ ਡੇਰਾ ਸਿਰਸਾ ਵੋਟਾਂ ਲੈਣ ਲਈ ਗਏ ਸੀ, ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਨੇ ਜ਼ੋਰ ਫੜ ਲਿਆ ਸੀ, ਜਿਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖਕੇ ਪੜਤਾਲ ਕਰਨ ਲਈ ਕਿਹਾ ਸੀ। ਪੜਤਾਲ ਇੱਕ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਸੀ ਕਿਉਂਕਿ ਅਖ਼ਬਾਰਾਂ ਵਿਚ ਸਹਾਇਤਾ ਲੈਣ ਲਈ ਡੇਰੇ ਜਾਣ ਵਾਲੇ ਮੈਂਬਰਾਂ ਦੀਆਂ ਫੋਟੋਆਂ ਪ੍ਰਕਾਸ਼ਤ ਹੋ ਗਈਆਂ ਸਨ।

ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਵਾਈ ਪਾਉਣ ਲਈ ਪੜਤਾਲ ਕਰਨ ਲਈ ਇੱਕ ਕਮੇਟੀ ਵੀ ਬਣਾ ਦਿੱਤੀ ਸੀ, ਜਿਸਨੂੰ ਇੱਕ ਹਫ਼ਤੇ ਵਿਚ ਰਿਪੋਰਟ ਦੇਣ ਲਈ ਕਿਹਾ ਸੀ। ਬਾਅਦ ਵਿਚ ਇਹ ਰਿਪੋਰਟ 7 ਮਾਰਚ ਤੱਕ ਦੇਣ ਦਾ ਸਮਾਂ ਵਧਾ ਦਿੱਤਾ ਗਿਆ ਸੀ ਤਾਂ ਜੋ ਦਿੱਲੀ ਕਮੇਟੀ ਦੀਆਂ ਚੋਣਾਂ ਦੀਆਂ ਵੋਟਾਂ ਪੈ ਸਕਣ। ਇਸ ਵਾਦਵਿਵਾਦ ਕਰਕੇ ਇਨ੍ਹਾਂ ਚੋਣਾ ਵਿਚ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਚਾਰ ਨਹੀਂ ਕੀਤਾ ਸੀ। ਇਥੋਂ ਤੱਕ ਕਿ ਅਕਾਲੀ ਦਲ ਦੀ ਚੋਣ ਪ੍ਰਚਾਰ ਸਮਗਰੀ ਉਪਰ ਕਿਸੇ ਵੀ ਬਾਦਲ ਦੀ ਤਸਵੀਰ ਜਾਂ ਨਾਮ ਨਹੀਂ ਪ੍ਰਕਾਸ਼ਤ ਕੀਤਾ ਗਿਆ। ਪੰਜਾਬ ਵਿਚ ਹੀ ਨਹੀਂ ਸਗੋਂ ਸਮੁੱਚੇ ਸਿੱਖ ਭਾਈਚਾਰੇ ਵਿਚ ਬਾਦਲ ਸਰਕਾਰ ਵਿਰੁਧ ਲੋਕਾਂ ਨੂੰ ਬਹੁਤ ਗੁੱਸਾ ਸੀ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਤੋਂ ਵੋਟਾਂ ਲੈਣ ਲਈ ਤਰਲੇ ਕਿਉਂ ਕੱਢੇ ਹਨ ਜਦੋਂ ਕਿ ਅਕਾਲ ਤਖ਼ਤ ਨੇ ਉਨ੍ਹਾਂ ਦਾ ਬਾਈਕਾਟ ਕਰਨ ਦਾ ਹੁਕਮਨਾਮਾ ਜ਼ਾਰੀ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਣ ਕਰਕੇ ਅਤੇ ਇਸ ਵਿਰੁਧ ਧਰਨੇ ਤੇ ਬੈਠੇ ਦੋ ਨੌਜਵਾਨ ਸਿੱਖਾਂ ਦੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਕਰਨ ਦਾ ਰੋਸ ਲਾਵਾ ਬਣਿਆਂ ਹੋਇਆ ਸੀ ਕਿਉਂਕਿ ਅਜੇ ਤੱਕ ਦੋਸ਼ੀ ਪਕੜੇ ਵੀ ਨਹੀਂ ਗਏ। ਇਸ ਤੋਂ ਸਰਕਾਰ ਦੀ ਸੰਜੀਦਗੀ ਦਾ ਪਤਾ ਲੱਗਦਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਬਿਨਾ ਬਾਦਲ ਪਰਿਵਾਰ ਦੀ ਸਪੋਰਟ ਤੇ ਹੀ ਅਕਾਲੀ ਦਲ ਬਾਦਲ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਗਿਆ ਹੈ।

ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖ ਕੌਮ ਦੀ ਮਾਨਸਿਕਤਾ ਵਿਚ ਖੋਖਲਾਪਣ ਆ ਗਿਆ ਹੈ। ਸਿੱਖ ਪਰਜਾ ਅਤੇ ਨੇਤਾ ਅਹੁਦੇਦਾਰੀਆਂ ਦੇ ਗ਼ੁਲਾਮ ਹਨ। ਸਿੱਖੀ ਸਰੋਕਾਰਾਂ, ਰਹਿਤ ਮਰਿਆਦਾ, ਪਰੰਪਰਾਵਾਂ ਅਤੇ ਸਿੱਖ ਹਿੱਤਾਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ। ਚੋਣਾਂ ਦੇ ਨਤੀਜਿਆਂ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਹਮੇਸ਼ਾ ਦੀ ਤਰ੍ਹਾਂ ਕੇਂਦਰ ਵਿਚਲੀ ਸਰਕਾਰ ਦੇ ਪੱਖ ਦੀ ਹੀ ਕਮੇਟੀ ਬਣਦੀ ਹੈ। ਕਹਿਣ ਤੋਂ ਭਾਵ ਦਿੱਲੀ ਵਾਲੇ ਸਿੱਖ ਕੇਂਦਰ ਸਰਕਾਰ ਪੱਖੀ ਹੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸਰਕਾਰ ਤੋਂ ਆਪਣੇ ਵਿਓਪਾਰ ਨੂੰ ਸਫਲ ਬਣਾਉਣ ਲਈ ਲਾਭ ਲੈਣੇ ਹੁੰਦੇ ਹਨ। ਅਕਾਲੀ ਦਲ ਬਾਦਲ ਦਾ ਇਹ ਚੋਣਾਂ ਜਿੱਤਣ ਦਾ ਸਭ ਤੋਂ ਵੱਡਾ ਕਾਰਣ ਅਕਾਲੀ ਦਲ ਬਾਦਲ ਵਿਰੋਧੀ ਵੋਟਾਂ ਦਾ ਵੰਡਿਆ ਜਾਣਾ ਹੈ। ਦਿੱਲੀ ਵਿਚ ਰਵਾਇਤੀ ਦੋ ਹੀ ਅਕਾਲੀ ਦਲ ਦੇ ਧੜੇ ਹਨ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਹਨ। ਇਨ੍ਹਾਂ ਦੋਵਾਂ ਵਿਚੋਂ ਦਿੱਲੀ ਕਮੇਟੀ ਉਪਰ ਇੱਕ ਧੜੇ ਦਾ ਕਬਜ਼ਾ ਹੁੰਦਾ ਹੈ। ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖੇਡਦੇ ਰਹਿੰਦੇ ਹਨ। ਇਸ ਵਾਰ ਤੀਜਾ ਬਦਲ ਬਣਾਉਣ ਦੇ ਚਕਰ ਵਿਚ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ‘ਅਕਾਲ ਸਹਾਇ ਵੈਲਫੇਅਰ ਸੋਸਾਇਟੀ’ ਦੇ ਨਾਂ ਹੇਠ ਇਹ ਚੋਣਾਂ ਲੜੀਆਂ। ਦੋ ਹੋਰ ਧੜੇ ‘ਪੰਥਕ ਸੇਵਾ ਦਲ’ ਜਿਸਦੀ ਸਪੋਰਟ ਆਮ ਆਦਮੀ ਪਾਰਟੀ ਕਰ ਰਹੀ ਸੀ ਅਤੇ ਰਾਗੀ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ‘ਆਮ ਅਕਾਲੀ ਦਲ’ ਦੇ ਬੈਨਰ ਹੇਠ ਚੋਣਾਂ ਲੜੇ ਸਨ। ਕਾਂਗਰਸੀ ਨੇਤਾ ਤਲਵਿੰਦਰ ਸਿੰਘ ਮਰਵਾਹਾ ਆਜ਼ਾਦ ਉਮੀਦਵਾਰਾਂ ਦੇ ਧੜੇ ਦੀ ਅਗਵਾਈ ਕਰ ਰਹੇ ਸੀ। ਇਸ ਪ੍ਰਕਾਰ ਸ਼ਰੋਮਣੀ ਅਕਾਲੀ ਦਲ ਬਾਦਲ ਵਿਰੁਧ 5 ਧੜੇ ਚੋਣ ਲੜੇ, ਜਿਸ ਕਰਕੇ ਸਥਾਪਤੀ ਵਿਰੋਧੀ ਵੋਟਾਂ 5 ਥਾਵਾਂ ਤੇ ਵੰਡੀਆਂ ਗਈਆਂ। ਜਿਸ ਕਾਰਨ ਅਕਾਲੀ ਦਲ ਬਾਦਲ ਦੁਬਾਰਾ ਚੋਣ ਜਿੱਤ ਗਿਆ। ਬਾਦਲ ਦਲ ਨੂੰ ਕੁਲ 76895 ਵੋਟਾਂ ਪਈਆਂ ਬਾਕੀ 5 ਧੜਿਆਂ ਨੂੰ98336 ਵੋਟਾਂ ਪਈਆਂ ਜੋ ਕਿ ਉਨ੍ਹਾਂ ਤੋਂ 21441 ਵੱਧ ਵੋਟਾਂ ਹਨ। ਇਸ ਲਈ ਬਾਦਲ ਦਲ ਨੂੰ ਇਸ ਜਿੱਤ ਦੀ ਬਹੁਤੀ ਖ਼ੁਸ਼ੀ ਮਨਾਉਣ ਦੀ ਲੋੜ ਨਹੀਂ।

ਇਹ ਵੀ ਸ਼ੱਕ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਨੇ ਵਿਰੋਧੀ ਵੋਟਾਂ ਨੂੰ ਵੰਡਣ ਲਈ ਅਕਾਲੀ ਦਲ ਦੇ ਬਾਕੀ ਧੜੇ ਚੋਣਾਂ ਵਿਚ ਉਤਾਰ ਦਿੱਤੇ ਤਾਂ ਜੋ ਅਕਾਲੀ ਦਲ ਬਾਦਲ ਚੋਣਾਂ ਜਿੱਤ ਸਕੇ। ਰੋਹਣੀ ਹਲਕੇ ਤੋਂ ਵਿਕਰਮ ਸਿੰਘ ਸਭ ਤੋਂ ਵੱਧ 1900 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ। ਇਸ ਤੋਂ ਇਲਾਵਾ 5 ਵਾਰਡਾਂ ਵਿਚੋਂ ਵਾਰਡ ਨੰਬਰ30,21,5 ਅਤੇ 37 ਵਿਚੋਂ 50 ਵੋਟਾਂ ਤੋਂ ਘੱਟ ਬਹੁਮਤ ਨਾਲ ਉਮੀਦਵਾਰ ਜਿੱਤੇ ਹਨ। ਵਰਤਮਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਤਪਾਲ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖ਼ੁਰਾਨਾ ਅਤੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤਨਵੰਤ ਸਿੰਘ ਇਸ ਵਾਰ ਚੋਣ ਹਾਰ ਗਏ ਹਨ। ਜੇ ਇਹ ਕਹਿ ਲਿਆ ਜਾਵੇ ਕਿ ਅਕਾਲੀ ਦਲ ਬਾਦਲ ਆਪਣੇ ਕੀਤੇ ਚੰਗੇ ਕੰਮਾਂ ਕਰਕੇ ਚੋਣ ਜਿੱਤਿਆ ਹੈ ਤਾਂ ਇਹ ਵੀ ਅਤਕਥਨੀ ਨਹੀਂ ਹੋਵੇਗੀ। ਦਿੱਲੀ ਵਿਖੇ ਬਾਬਾ ਬੰਦਾ ਬਹਾਦਰ ਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾਉਣਾ, ਅਣਗੌਲੀਆਂ ਪੰਥਕ ਸਿੱਖ ਬੀਬੀਆਂ ਦੇ ਨਾਂ ਤੇ ਸਮਾਗਮ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਭਗਤਾਂ ਦੀ ਬਾਣੀ ਸ਼ਾਮਲ ਹੈ, ਉਨ੍ਹਾਂ ਦੇ ਸਮਾਗਮ ਕਰਵਾਉਣੇ ਵੀ ਸ਼ੁਭ ਸ਼ਗਨ ਦੇ ਤੌਰ ਤੇ ਮੰਨੇ ਗਏ ਹਨ। 2013 ਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਨੇ 37 ਅਤੇ ਸਰਨਾ ਧੜੇ ਨੇ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ ਸਰਨਾ ਭਰਾ 12 ਸਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਰਹੇ ਸਨ। ਪਰਮਜੀਤ ਸਿੰਘ ਸਰਨਾ ਨੇ ‘ਦਿੱਲੀ ਅਕਾਲੀ ਦਲ’ ਨੂੰ ਬਾਦਲਾਂ ਦੀ ਤਰ੍ਹਾਂ ਆਪਣਾ ਨਿੱਜੀ ਅਕਾਲੀ ਦਲ ਹੀ ਬਣਾ ਲਿਆ ਹੈ। ਪਰਮਜੀਤ ਸਿੰਘ ਸਰਨਾ ਵਿਰੁਧ ਦਿੱਲੀ ਦੇ ਲੋਕਾਂ ਵਿਚ ਰੋਸ ਸੀ ਕਿ ਉਸਨੇ 2013 ਵਿਚ ਜਦੋਂ ਡੇਰਾ ਸੱਚਾ ਸੌਦਾ ਨੂੰ ਮੁੜ ਪੰਥ ਵਿਚ ਸ਼ਾਮਲ ਹੋਣ ਦੀ ਗੱਲ ਚਲੀ ਸੀ ਤਾਂ ਕਿਹਾ ਸੀ ਕਿ ਉਸਨੂੰ ਅਕਾਲ ਤਖ਼ਤ ਤੇ ਜਾ ਕੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਉਸ ਦੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਗਈ ਸੀ।

ਦੂਜੇ ਪਾਸੇ ਮਨਜੀਤ ਸਿੰਘ ਜੀ.ਕੇ.ਨੇ ਜਦੋਂ ਪੰਜਾਬ ਦੇ ਅਕਾਲੀ ਉਮੀਦਵਾਰ ਵੋਟਾਂ ਲੈਣ ਲਈ ਸਿਰਸਾ ਡੇਰਾ ਗਏ ਸਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਭਾਵੇਂ ਜੀ.ਕੇ.ਦਾ ਪਿਤਾ ਸੰਤੋਖ ਸਿੰਘ ਸਾਰੀ ਉਮਰ ਇੰਦਰਾ ਗਾਂਧੀ ਦਾ ਨਜ਼ਦੀਕੀ ਰਿਹਾ ਹੈ, ਫਿਰ ਵੀ ਸਿੱਖਾਂ ਨੇ ਉਸਨੂੰ ਆਪਣਾ ਲੀਡਰ ਮੰਨ ਲਿਆ ਹੈ। ਸੰਤੋਖ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਜ਼ਦੀਕ ਹੋਣ ਦਾ ਹਮੇਸ਼ਾ ਯੋਗ ਸਿੱਖ ਹਿੱਤਾਂ ਲਈ ਲਾਭ ਉਠਾਇਆ ਸੀ, ਇਸਦਾ ਸਭ ਤੋਂ ਵੱਡਾ ਸਬੂਤ ਗੁਰਦੁਆਰਾ ਸੀਸ ਗੰਜ ਦੇ ਨਾਲ ਲੱਗਦੀ ਕੋਤਵਾਲੀ ਦੀ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੇਣਾ ਹੈ। ਗੁਰਦੁਆਰਾ ਚੋਣ ਬੋਰਡ ਦੇ ਡਾਇਰੈਕਟਰ ਸੂਰਬੀਰ ਸਿੰਘ ਅਨੁਸਾਰ ਇਨ੍ਹਾਂ ਚੁਣੇ ਹੋਏ 46 ਮੈਂਬਰਾਂ ਤੋਂ ਇਲਾਵਾ 9 ਹੋਰ ਮੈਂਬਰ ਹੋਣਗੇ, ਜਿਨ੍ਹਾਂ ਵਿਚ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜੱਥੇਦਾਰ, ਪਟਨਾ ਸਾਹਿਬ ਦੇ ਜੱਥੇਦਾਰ, ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜੱਥੇਦਾਰ ਅਤੇ ਹਜ਼ੂਰ ਸਾਹਿਬ ਨਾਦੇੜ ਦੇ ਜਥੇਦਾਰ, ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਨੁਮਾਇੰਦਾ, 2 ਦਿੱਲੀ ਸਥਿਤ ਸਿੰਘ ਸਭਾਵਾਂ ਅਤੇ 2 ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਜਦ ਕਰੇਗੀ। ਇਸ ਤਰ੍ਹਾਂ ਇਹ ਹਾਊਸ 55 ਮੈਂਬਰਾਂ ਦਾ ਹੋਵੇਗਾ। ਇਸ ਨਵੇਂ ਹਾਊਸ ਦੇ ਮੁੱਖੀ ਦੀ ਚੋਣ 30 ਮਾਰਚ ਨੂੰ ਹੋਵੇਗੀ।

ਉਪਰੋਕਤ ਵਿਚਾਰ ਚਰਚਾ ਦਾ ਭਾਵ ਇਹ ਹੈ ਕਿ ਇਹ ਸ਼ਰੋਮਣੀ ਅਕਾਲੀ ਬਾਦਲ ਦੀ ਜਿੱਤ ਨਹੀਂ ਸਗੋਂ ਇਹ ਸਫਲਤਾ ਮਨਜੀਤ ਸਿੰਘ ਜੀ.ਕੇ.ਦੇ ਸਾਫ ਅਕਸ ਅਤੇ ਬਾਦਲ ਪਰਿਵਾਰ ਦੀ ਮਦਦ ਨਾ ਲੈਣ ਕਰਕੇ ਇਹ ਜਿੱਤ ਅਕਾਲੀ ਦਲ ਬਾਦਲ ਨੂੰ ਪ੍ਰਾਪਤ ਹੋਈ ਹੈ। ਇਸ ਲਈ ਬਾਦਲ ਪਰਿਵਾਰ ਨੂੰ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਉਨ੍ਹਾਂ ਸਿਆਸਤ ਵਿਚ ਬਣੇ ਰਹਿਣਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>