“ਸੂਰਜੁ ਏਕੋ ਰੁਤਿ ਅਨੇਕ”

ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫ਼ਤਾਰ ਅਤੇ ਇਕ ਖਾਸ ਦੂਰੀ ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵੱਲੋਂ ਕੀਤੀ ਗਈ ਗੱਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ ਨਾਲ ਜਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿਛੋਂ, 1992 ਈ: ਵਿੱਚ ਪਿਛਲਾ ਫੈਂਸਲਾ ਖਾਰਜ ਕਰ ਦਿੱਤਾ। ਪੋਪ ਜੋਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫੀ ਮੰਗਿਆ ਕਿਹਾ ਕਿ “ਤੁਸੀ ਸਹੀ ਸੀ, ਅਸੀਂ ਸਾਰੇ ਹੀ ਗੱਲਤ ਸੀ”। ਅੱਜ ਇਹ ਘੋੜੇ ਚੜ੍ਹੀ ਸਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲੱਗ ਭੱਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾ ਉੱਪਰ) ਦੀ ਰਫਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਅਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲੱਗਭੱਗ 92962000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ ਇਸੇ ਮੁਤਾਬਕ ਬਦਲਦੀਆਂ ਹਨ।

ਧਰਤੀ ਦੇ ਸੂਰਜ ਦੁਆਲੇ ਇਸ ਚੱਕਰ ਵਿੱਚ ਦੋ ਦਿਨ ਅਜੇਹੇ ਆਉਂਦੇ ਹਨ ਜਦੋਂ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ ਉਸੇ ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਸਾਲ ਵਿਚ ਦੋ ਦਿਨ ਅਜੇਹੇ ਵੀ ਆਉਂਦੇ ਹਨ ਜਦੋਂ ਸਾਰੀ ਧਰਤੀ ਤੇ ਦਿਨ ਅਤੇ ਰਾਤ ਬਾਰਬਰ ਹੁੰਦੇ ਹਨ। ਭਾਵੇਂ ਸਾਨੂੰ ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿੱਪ ਜਾਂਦਾ ਹੈ। ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90°ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89°ਜਾਂ 91°ਤੋਂ ਊਦੇ ਹੁੰਦਾ ਹੈ। ਸੂਰਜ ਦੇ ਊਦੇ ਹੋਣ ਦੀ ਦਿਸ਼ਾ ਲੱਗਭੱਗ 62°ਤੋਂ 117°ਤਾਂਈ ਬਦਲਦੀ ਰਹਿੰਦੀ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ। “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)। ਧਰਤੀ ਦੇ ਧੁਰੇ ਦਾ ਲੱਗਭੱਗ 23.5° ਝੁੱਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਸੂਰਜ ਦੀ ਰੌਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ।

ਚੰਦ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ। ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲੱਗ ਭੱਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵਧੇ ਹੋਏ ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 (29 ਦਿਨ 12 ਘੰਟੇ 44 ਮਿੰਟ) ਦਿਨ ਲੱਗਦੇ ਹਨ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ ( ਅਮੰਤਾ) ਜਾਂ ਪੂੰਨਿਆ ਤੋਂ ਪੂੰਨਿਆ (ਪੂਰਨਮੰਤਾ) ਤਾਂਈ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ  ਇਕ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਹੈ। ਹੈਰਾਨੀ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ, ਬਸੰਤ ਰੁੱਤ ਦਾ ਅਰੰਭ, ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 5 ਨੂੰ ਹੀ ਮਨਾਉਦੀ ਹੈ, ਜੋ ਇਸ ਸਾਲ 1 ਫਰਵਰੀ ਨੂੰ ਸੀ। ਹਰ ਸਾਲ ਮਾਘ ਸੁਦੀ ਪੰਚਮੀਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ  ਗੁਰਦਵਾਰਿਆਂ ਵਿੱਚ ਵਿਸ਼ੇਸ਼ ਦਿਵਾਨ ਸਜਾਏ ਜਾਂਦੇ ਹਨ।

ਸਨਾਤਨ ਧਰਮ ਵਿੱਚ ਇਹ ਦਿਨ ਮਿਥਿਹਾਸਿਕ ਦੇਵੀ ਸਰਸਵਤੀ ਦਾ ਜਨਮ ਦਿਨ ਹੈ। ਜੋ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ। ਜਿਸ ਨੂੰ ਆਮ ਲੋਕਾਂ ਵਿੱਚ ਪ੍ਰਚੱਲਤ ਕਰਨ ਲਈ ਬਸੰਤ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ। ਬਸੰਤ ਤਾਂ ਇਕ ਰੁੱਤ ਹੈ। ਉਹ ਰੁੱਤ, ਜੋ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ ਖਤਮ ਹੋਣ ਤੋਂ ਪਿਛੋ ਬਨਸਪਤੀ ਵਿੱਚ ਖੇੜਾ ਆਉਂਦਾ ਹੈ। ਇਸ ਦਾ ਸਿੱਧਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਮਾਘ ਸੁਦੀ 5 ਨੂੰ ਮਨਾਈ ਜਾਣ ਵਾਲੀ ਬਸੰਤ 2015 ਈ: ਵਿੱਚ 24 ਜਨਵਰੀ, 2016 ਈ: ਵਿੱਚ 12 ਫਰਵਰੀ, ਅਤੇ ਇਸ ਸਾਲ 1 ਫਰਵਰੀ ਨੂੰ ਆਈ ਸੀ।  ਹੁਣ 2018 ਈ: ਵਿੱਚ 22 ਜਨਵਰੀ, 2019 ਈ: ਵਿੱਚ 10 ਫਰਵਰੀ ਅਤੇ 2020 ਈ: ਵਿੱਚ 30 ਜਨਵਰੀ ਨੂੰ ਆਵੇਗੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੇਂਦਰੀ ਸੰਸਥਾ, ਇਹ ਗੱਲ ਸਮਝਣ ਤੋਂ ਅਸਮਰੱਥ ਹੈ ਕਿ ਕਿਸੇ ਵੀ ਰੁੱਤ ਦਾ ਆਰੰਭ ਇਸ ਤਰ੍ਹਾਂ ਡੱਡੂ ਛੜੱਪਿਆਂ ਨਾਲ ਨਹੀਂ ਹੁੰਦਾ। ਸਗੋਂ ਰੁੱਤ ਦਾ ਆਰੰਭ ਤਾਂ ਇਕ ਖਾਸ ਸਮੇਂ ਤੇ ਹੁੰਦਾ ਹੈ। ਉਨ੍ਹਾਂ ਨੂੰ ਕੋਈ ਵੀ ਸਵਾਲ ਪੁਛ ਕੇ ਵੇਖੋ, ਸਾਰੇ ਸਵਾਲਾਂ ਦਾ ਇਕ ਹੀ ਜਵਾਬ ਹੁੰਦਾ ਹੈ ਉਹ ਹੈ, “ਸੀਨਾ-ਬਸੀਨਾ ਚਲੀ ਆ ਰਹੀ ਮਰਿਯਾਦਾ”। ਭਾਵੇਂ ਇਹ ਮਰਿਯਾਦਾ, ਗੁਰਬਾਣੀ ਦੀ ਅਵੱਗਿਆ ਹੀ ਕਰਦੀ ਹੋਵੇ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ “ਰਾਮਕਲੀ ਮਹਲਾ ੫ ਰੁਤੀ ਸਲੋਕੁ” (ਪੰਨਾ 927) ਦਰਜ ਹੈ। ਇਸ ਸਲੋਕ ਵਿੱਚ 6 ਰੁੱਤਾਂ ਦਾ ਜਿਕਰ ਹੈ। ਜਿਸ ਅਨੁਸਾਰ ਬਸੰਤ ਰੁੱਤ ਚੇਤ ਅਤੇ ਵੈਸਾਖ ਮਹੀਨੇ ਵਿੱਚ ਆਉਂਦੀ ਹੈ। “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ”  ਅਤੇ ਮਾਘ ਅਤੇ ਫੱਗਣ ਮਹੀਨੇ ਵਿੱਚ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ, “ਹਿਮਕਰ ਰੁਤਿ ਮਿਨ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ”। ਪਰ ਦਰਬਾਰ ਸਾਹਿਬ ਵਿਖੇ ਮਾਘ ਅਤੇ ਫੱਗਣ ਦੇ ਮਹੀਨੇ ਬਸੰਤ ਰਾਗ ਗਾਇਆ ਜਾਂਦਾ ਹੈ।  ਅਜੇਹਾ ਕਿਉ? ਜੇ ਬਸੰਤ ਰਾਗ ਗਾਉਣਾ ਹੀ ਹੈ ਤਾਂ ਬਸੰਤ ਦੀ ਰੁੱਤ ਵਿੱਚ ਭਾਵ ਚੇਤ-ਵੈਸਾਖ ਦੇ ਮਹੀਨੇ ਵਿੱਚ ਕਿਓ ਨਹੀਂ? ਇਸ ਸਵਾਲ ਦੇ ਜਵਾਬ ਦੀ ਭਾਲ ਵਿੱਚ, ਧਰਮ ਪ੍ਰਚਾਰ ਕਮੇਟੀ ਦੇ ਇਕ ਉਚ ਅਹੁਦੇਦਾਰ  ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨਾਲ ਸੰਪਰਕ ਕਰੋ। ਦਿੱਤੇ ਗਏ ਨੰਬਰ ਤੇ ਜਦੋਂ ਸਿੰਘ ਸਾਹਿਬ ਨਾਲ ਸੰਪਰਕ ਨਾ ਹੋਇਆ ਤਾਂ, ਉਸੇ ਨਾਮ ਵਾਲੇ ਸਹਾਇਕ ਸਿੰਘ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਤਾਂ ਗੁਰੂ ਅਰਜਨ ਦੇਵ ਜੀ ਵੱਲੋਂ ਚਲਾਈ ਹੋਈ ਮਰਿਯਾਦਾ ਦੇ ਅਨੂਸਾਰ ਹੀ ਮਾਘ-ਫੱਗਣ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ। ਉਨ੍ਹਾਂ ਸੀਨਾ-ਬਸੀਨਾ ਚਲੀ ਆ ਰਹੀ ਮਰਿਯਾਦਾ ਦਾ ਹਵਾਲਾ ਦੇ ਕੇ, ਰਾਗ ਆਰੰਭ ਕਰਨ ਵੇਲੇ ਕੀਤੀ ਜਾਣ ਵਾਲੀ ਅਰਦਾਸ ਦੀਆਂ ਪੰਗਤੀਆਂ ਦਾ ਉਚਾਰਣ ਵੀ ਕੀਤਾ। ਜਦੋਂ ਇਹ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ-ਵੈਸਾਖ ਵਿੱਚ ਆਉਦੀਂ ਹੈ ਤਾਂ ਹਿਮਕਰ ਰੁੱਤ ਭਾਵ ਮਾਘ-ਫੱਗਣ ਵਿੱਚ ਬਸੰਤ ਰਾਗ ਦੇ ਗਾਉਣ ਦੀ ਮਰਯਾਦਾ ਗੁਰੂ ਜੀ ਨੇ ਆਰੰਭ ਕੀਤੀ ਹੋਵੇਗੀ? ਇਹ ਗੱਲ ਮੰਨਣ ‘ਚ ਨਹੀਂ ਆਉਂਦੀ। ਤਾਂ ਜਵਾਬ ਮਿਲਿਆ ਕਿ ਰਾਗ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈ ਤੁਸੀ ਕਿਸੇ ਰਾਗੀ ਜਥੇ ਨਾਲ ਸੰਪਰਕ ਕਰੋ।

ਉਪ੍ਰੋਕਤ ਚਰਚਾ ਤੋਂ  ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੁੱਤਾਂ ਦਾ ਸਬੰਧ ਧਰਤੀ ਦੁਆਲੇ ਚੰਦ ਦੀ ਚਾਲ ਨਾਲ ਨਹੀਂ ਸਗੋਂ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੋਣ ਕਾਰਨ, ਸ਼੍ਰੋਮਣੀ ਕਮੇਟੀ ਵੱਲੋਂ ਮਾਘ ਸੁਦੀ ਪੰਚਮੀ ਨੂੰ, ਕਲਪਿਤ ਦੇਵੀ ਸਰਸਵਤੀ ਦੇ ਕਥਿਤ ਜਨਮ ਦਿਨ ਉੱਤੇ ਉਚੇਚੇ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣ ਨੂੰ ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸੀਨਾ-ਬਸੀਨਾ ਚਲੀ ਆ ਰਹੀ ਮਰਿਯਾਦਾ ਤੇ, ਗੁਰਬਾਣੀ ਦੀ ਪੱਰਖ ਕਸਵੱਟੀ ਲਾਉਣ ਦੀ ਸਖ਼ਤ ਲੋੜ ਹੈ। ਬਾਣੀ ਦੀ ਪਾਵਨ ਪੰਗਤੀ “ਸੂਰਜੁ ਏਕੋ ਰੁਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ” ਤੋਂ ਵੀ ਸਾਨੂੰ ਇਹ ਹੀ ਸੇਧ ਮਿਲਦੀ ਹੈ ਕਿ ਵੱਖ-ਵੱਖ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਕਾਸ਼! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਤੇ ਦੇ ਇਸ ਨਿਯਮ ਨੂੰ ਸਮਝ ਸਕਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>