ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਉਤਰਪ੍ਰਦੇਸ ਵਿੱਚ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੀ ਬੁਰੀ ਤਰ੍ਹਾਂ ਨਾਲ ਹੋਈ ਹਾਰ ਤੋਂ ਸਬਕ ਲੈਂਦੇ ਹੋਏ ਬੀਜੇਪੀ ਦੇ ਖਿਲਾਫ਼ ਰਾਸ਼ਟਰੀ ਪੱਧਰ ਤੇ ਧਰਮਨਿਰਪੱਖ ਦਲਾਂ ਦਾ ਮੋਰਚਾ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਲਾਲੂ ਖੁਦ ਹੀ ਸਾਰੇ ਦਲਾਂ ਦੇ ਮੁੱਖੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਇੱਕ ਮੰਚ ਤੇ ਲਿਆਉਣ ਦੇ ਯਤਨ ਕਰਨਗੇ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਲੋਕਸਭਾ ਚੋਣਾਂ ਵਿੱਚ ਉਹ ਵੋਟਾਂ ਦੇ ਵੰਡੇ ਜਾਣ ਦਾ ਲਾਭ ਭਾਜਪਾ ਨੂੰ ਨਹੀਂ ਲੈਣ ਦੇਣਗੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਯੂਪੀ ਚੋਣਾਂ ਵਿੱਚ ਫਾਸਿਸਟ ਤਾਕਤਾਂ ਨੇ ਧਰਮ ਦੇ ਆਧਾਰ ਤੇ ਗਾਲ੍ਹਾਂ ਦਿੱਤੀਆਂ। ਮੰਦਿਰ, ਮਸੁਜਿਦ ਅਤੇ ਸ਼ਮਸ਼ਾਨ-ਕਬਿਰਸਤਾਨ ਨੂੰ ਵੀ ਨਹੀਂ ਬਖਸ਼ਿਆ ਗਿਆ, ਉਨ੍ਹਾਂ ਤੇ ਵੀ ਸਵਾਲ ਖੜ੍ਹੇ ਕੀਤੇ ਗਏ। ਉਨ੍ਹਾਂ ਨੇ ਕਿਹਾ ਸਪਾ-ਬਸਪਾ ਦੇ ਵੱਖਰੇ-ਵੱਖਰੇ ਚੋਣ ਲੜਨ ਕਰਕੇ ਵੋਟ ਵੰਡੇ ਗਏ ਸੀ, ਜਿਸ ਦਾ ਫਾਇਦਾ ਬੀਜੇਪੀ ਨੂੰ ਮਿਲਿਆ। ਉਨ੍ਹਾਂ ਅਨੁਸਾਰ ਜੇ ਬਿਹਾਰ ਦੀ ਤਰ੍ਹਾਂ ਇੱਥੇ ਵੀ ਮਹਾਂਗਠਬੰਧਨ ਹੋ ਗਿਆ ਹੁੰਦਾ ਜਾਂ ਪੰਜਾਬ ਦੀ ਤਰ੍ਹਾਂ ਧਰਮ ਨਿਰਪੱਖ ਵੋਟਾਂ ਦਾ ਬਟਵਾਰਾ ਨਾ ਹੁੰਦਾ ਤਾਂ ਭਾਜਪਾ ਨੂੰ ਯੂਪੀ ਵਿੱਚ ਮੂੰਹ ਦੀ ਖਾਣੀ ਪੈਂਦੀ।
ਉਨ੍ਹਾਂ ਨੇ ਬੀਜੇਪੀ ਦੇ ਮੁੱਖਮੰਤਰੀ ਬਣੇ ਯੋਗੀ ਬਾਰੇ ਕਿਹਾ, ‘ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਜਿਸ ਸਰਕਾਰੀ ਨਿਵਾਸ ਵਿੱਚ ਰਹਿੰਦੇ ਸਨ, ਯੋਗੀ ਅਦਿਤਿਆਨਾਥ ਨੇ ਉਸ ਨੂੰ ਇਸ ਲਈ ਧਵਾਇਆ, ਕਿਉਂਕਿ ਉਥੇ ਪਿੱਛਲੇ 15 ਸਾਲਾਂ ਤੋਂ ਪੱਛੜੇ ਅਤੇ ਦਲਿਤ ਜਾਤੀ ਦੇ ਮੁੱਖਮੰਤਰੀ ਰਹਿੰਦੇ ਸਨ। ਘੱਟਗਿਣਤੀ ਕਮਿਊਨਿਟੀ ਦੇ ਨੇਤਾਵਾਂ ਦਾ ਵੀ ਉਥੇ ਆਉਣ-ਜਾਣ ਸੀ। ਨਿਵਾਸ ਨੂੰ ਗੰਗਾ ਜਲ ਨਾਲ ਸ਼ੁਧ ਕਰਵਾਉਣ ਦਾ ਖਮਿਆਜ਼ਾ ਭਾਜਪਾ ਨੂੰ ਜਰੂਰ ਭੁਗਤਣਾ ਪਵੇਗਾ।