ਸ਼੍ਰੋਮਣੀ ਕਮੇਟੀ ਦਾ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਦਾ ਸਾਲਾਨਾ ਬਜਟ ਪਾਸ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੱਜ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲ 2017-18 ਦਾ ਸਾਲਾਨਾ ਬਜਟ 11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਪਾਸ ਕਰ ਦਿੱਤਾ ਗਿਆ।ਇਹ ਬਜਟ ਪਿਛਲੇ ਸਾਲ ਨਾਲੋਂ 88 ਕਰੋੜ, 10 ਲੱਖ, 6 ਹਜ਼ਾਰ ਰੁਪਏ ਵੱਧ ਹੈ, ਜੋ 8।65 ਫੀਸਦੀ ਬਣਦਾ ਹੈ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ। ਅਮਰਜੀਤ ਸਿੰਘ ਚਾਵਲਾ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰ ਮੈਬਰਾਂ ਨੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਜਲਾਸ ਦੀ ਆਰੰਭਤਾ ਲਈ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਪਾਵਨ ਹੁਕਮਨਾਮਾ ਲਿਆ।ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਮੌਜੂਦ ਸਨ। ਬਜਟ ਪੇਸ਼ ਕਰਦਿਆਂ ਜਨਰਲ ਸਕੱਤਰ ਸ। ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤੇ ਗਏ ਆਪਣੇ ਬਜਟ ਭਾਸ਼ਣ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਸ਼ੇਸ਼ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ ਗਈ, ਉਥੇ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ ਗਿਆ।ਅੱਜ ਪਾਸ ਕੀਤੇ ਗਏ ਬਜਟ ਵਿੱਚ –

ਜਨਰਲ, ਟਰੱਸਟ ਤੇ ਵਿਦਿਆ ਫੰਡ ਲਈ 1 ਅਰਬ 48 ਕਰੋੜ 69 ਲੱਖ ਰੁਪਏ,
ਧਰਮ ਪ੍ਰਚਾਰ ਕਮੇਟੀ ਲਈ 73 ਕਰੋੜ ਰੁਪਏ,
ਗੁ: ਸਾਹਿਬਾਨ ਸੈਕਸ਼ਨ-੮੫ ਤੇ ਅਟੈਂਚ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਲਈ  6 ਅਰਬ 49 ਕਰੋੜ 48 ਲੱਖ 15 ਹਜ਼ਾਰ ਰੁਪਏ,
ਵਿਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਲਈ  2 ਅਰਬ 27 ਕਰੋੜ 37 ਲੱਖ 83 ਹਜ਼ਾਰ 850 ਰੁਪਏ,
ਪ੍ਰਿੰਟਿੰਗ ਪ੍ਰੈਸਾਂ ਲਈ  8 ਕਰੋੜ 5 ਲੱਖ ਰੁਪਏ ਰੱਖੇ ਗਏ ਹਨ।
ਇਸ ਤਰ੍ਹਾਂ ਕੁੱਲ ਬਜਟ 11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਰੱਖਿਆ ਗਿਆ ਹੈ।

ਇਜਲਾਸ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਜਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਵਾਰ ਦੇ ਬਜਟ ਵਿਚ ਜਿਥੇ ਸਮਾਜ ਭਲਾਈ ਦੇ ਕਾਰਜਾਂ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ, ਉਥੇ ਹੀ ਧਰਮ ਪ੍ਰਚਾਰ, ਵਿਦਿਆ, ਖੇਡਾਂ, ਕੁਦਰਤੀ ਆਫਤਾਂ ਲਈ ਰਾਹਤ ਅਤੇ ਨਾਮੁਰਾਦ ਬਿਮਾਰੀ ਕੈਂਸਰ ਪੀੜ੍ਹਤਾਂ ਦੀ ਸਹਾਇਤਾ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ। ਪ੍ਰੋ। ਬਡੂੰਗਰ ਨੇ ਦੱਸਿਆ ਕਿ ਬਜਟ ਵਿੱਚ ਕੈਂਸਰ ਪੀੜਤਾਂ ਲਈ ਇਸ ਵਾਰ 9 ਕਰੋੜ ਰੁਪਏ, ਸਿਕਲੀਗਰ ਵਣਜਾਰਿਆਂ ਲਈ  80 ਲੱਖ ਰੁਪਏ, ਸ਼ਤਾਬਦੀ ਸਮਾਗਮਾਂ ਲਈ 1 ਕਰੋੜ, 50 ਲੱਖ ਰੁਪਏ, ਖ਼ਾਲਸਾਈ ਖੇਡਾਂ ਅਤੇ ਗੁਰਮਤਿ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ 78 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਲਈ 63 ਲੱਖ ਰੁਪਏ, ਗਰੀਬ ਵਿਦਿਆਰਥੀਆਂ ਦੀ ਪੜਾਈ ਅਤੇ ਹੋਰ ਲੋੜਵੰਦਾਂ ਦੀ ਮਦਦ ਲਈ 1 ਕਰੋੜ, 63 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 63 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਅਕਾਲੀ ਮਾਰਕੀਟ ਵਿਖੇ 1 ਹਜ਼ਾਰ ਕਮਰੇ ਦੀ ਸਰਾਂ ਬਣਾਈ ਜਾਵੇਗੀ। ਇਹ ਕਾਰਜ 4 ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਪੜਾਅ ਲਈ ਇਸ ਸਾਲ ਦੇ ਬਜਟ ਵਿੱਚ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ. ਏ. ਐਸ., ਆਈ. ਪੀ. ਐਸ. ਦਾ ਇਮਤਿਹਾਨ ਪਾਸ ਕਰਕੇ ਚੁਣੇ ਜਾਣ ਵਾਲੇ ਸਾਬਤ ਸੂਰਤ ਸਿੱਖਾਂ ਨੂੰ 1 ਲੱਖ ਰੁਪਏ ਅਤੇ ਪੀ. ਸੀ. ਐਸ. ਦਾ ਇਮਤਿਹਾਨ ਪਾਸ ਕਰਨ ਵਾਲੇ ਸਾਬਤ ਸੂਰਤ ਸਿੱਖਾਂ ਨੂੰ 75 ਹਜ਼ਾਰ ਰੁਪਏ ਦਾ ਵਿਸ਼ੇਸ਼ ਨਗਦ ਇਨਾਮ ਦਿੱਤਾ ਜਾਇਆ ਕਰੇਗਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜ਼ੀਫੇ ਦੇਣ ਤੋਂ ਇਲਾਵਾ ਸਿੱਖਿਆ ਬੋਰਡਾਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ 20 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 51-51 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਤੀ, ਸਾਇੰਸ ਅਤੇ ਹੋਰ ਖੋਜ ਕਾਰਜਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਸਾਬਤ ਸੂਰਤ ਸਿੱਖ ਵਿਗਿਆਨੀਆਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ ਤੇ ਪ੍ਰਸੰਸਾ ਪੱਤਰ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸੰਗਤਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਬਜਟ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ 4 ਸ਼ੋਕ ਮਤਿਆਂ ਸਮੇਤ ਕੁਲ 21 ਮਤੇ ਪੇਸ਼ ਕੀਤੇ ਗਏ। ਸ਼ੋਕ ਮਤਿਆਂ ਵਿੱਚ ਪਿਛਲੇ ਸਮੇਂ ਦੌਰਾਨ ਸ। ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ, ਸ। ਗੁਰਦੇਵ ਸਿੰਘ ਬਾਦਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਰਜੀਤ ਸਿੰਘ ਮਮੇਰਾ ਕਲਾਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਬਾਬਾ ਮੱਖਣ ਸਿੰਘ ਮੁਖੀ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਇਸ ਤੋਂ ਇਲਾਵਾ ਪਾਸ ਕੀਤੇ ਗਏ ਹੋਰ ਮਤਿਆਂ ਵਿੱਚ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਭਾਰਤ ਤੇ ਦਿੱਲੀ ਸਰਕਾਰ ਨੂੰ ਮੰਗ ਕੀਤੀ ਗਈ। ਇਕ ਮਤੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਨਾਲ ਸਬੰਧਤ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਅਤੇ ਭਾਰਤ ਸਰਕਾਰ ਪਾਸੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕਰਕੇ ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸੇ ਤਰ੍ਹਾਂ ਸੋਸ਼ਲ ਮੀਡੀਆ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਤੇ ਅਪਮਾਨਜਨਕ ਟਿੱਪਣੀਆਂ ਕਰਨ ਅਤੇ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਅਜਿਹਾ ਕਰਨ ਵਾਲਿਆਂ ਵਿਰੁੱਧ ਜਿਥੇ ਰਾਜ ਅਤੇ ਭਾਰਤ ਸਰਕਾਰ ਤੋਂ 295-ਏ ਅਤੇ ਹੋਰ ਬਣਦੀਆਂ ਧਾਰਾਵਾਂ ਅਧੀਨ ਪਰਚੇ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਉਥੇ ਭਾਰਤ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਗਈ ਕਿ ਕਿਸੇ ਵੀ ਧਰਮ ਖਿਲਾਫ ਸੋਸ਼ਲ ਮੀਡੀਆ ਤੇ ਅਪਮਾਨਜਨਕ ਟਿੱਪਣੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨ ਬਣਾਇਆ ਜਾਵੇ।

ਜਨਰਲ ਇਜਲਾਸ ਵਿੱਚ ਇਕ ਮਤੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸਬੰਧੀ ਅਦਾਲਤ ਫੈਸਲੇ ਤੇ ਨਜਰਸਾਨੀ ਕਰਨ ਲਈ ਤੁਰੰਤ ਕਾਰਵਾਈ ਹੋਵੇ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਟਾਡਾ ਅਤੇ ਕਾਲੇ ਕਾਨੂੰਨਾਂ ਅਧੀਨ ਨਜਰਬੰਦ ਸਿੱਖਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ।ਪਾਸ ਕੀਤੇ ਗਏ ਇਕ ਹੋਰ ਮਤੇ ਰਾਹੀਂ ਬੰਗਲਾਦੇਸ਼ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਲਈ ਗ੍ਰੰਥੀ, ਰਾਗੀ ਤੇ ਹੋਰ ਸਟਾਫ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪਾਕਿਸਤਾਨ ਦੀ ਤਰਜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਗਲਾਦੇਸ਼ ਵਿਖੇ ਜਥੇ ਭੇਜੇ ਜਾਣਗੇ। ਇਸ ਮਤੇ ਰਾਹੀਂ ਢਾਕਾ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵਿਸ਼ਵ ਧਰਮ ਮਿਊਜ਼ੀਅਮ ਸਥਾਪਿਤ ਕਰਨ ਲਈ ਇਸ ਪੁਰ ਹੋਣ ਵਾਲੇ ਖਰਚਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਜਨਰਲ ਇਜਲਾਸ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ), ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਵਿਖੇ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਪਾਸੋਂ ਇਹ ਦਿਹਾੜਾ ਮਨਾਉਣ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਲਈ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਖੁੱਲੇ ਲਾਂਘੇ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਇਕ ਮਤੇ ਰਾਹੀਂ ਅਮਰੀਕਾ ਦੀ ਫੌਜ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਅਤੇ ਦਾੜ੍ਹੀ ਕੇਸ ਰੱਖਣ ਦੀ ਇਜਾਜ਼ਤ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਅਮਰੀਕਾ/ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਪੰਥ ਦੇ ਸਿਰਜਨਾ ਦਿਵਸ ਵਿਸਾਖੀ ਨੂੰ ‘ਵਿਸ਼ਵ ਸਿੱਖ ਦਿਵਸ’ ਵਜੋਂ ਮਨਾਉਣ ਦੀ ਮੰਗ ਦਾ ਸਮਰਥਨ ਕੀਤਾ ਗਿਆ। ਵਿਦੇਸ਼ਾਂ ਅੰਦਰ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਗਈ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ।

ਇਕ ਮਤੇ ਰਾਹੀਂ ਸਿਰੋਪਾਓ ਦੇ ਇਤਿਹਾਸਿਕ ਤੇ ਧਾਰਮਿਕ ਮਹੱਤਵ ਅਤੇ ਪਵਿੱਤਰਤਾ ਨੂੰ ਸਨਮੁੱਖ ਰੱਖਦਿਆਂ ਮਰਯਾਦਾ ਵਿੱਚ ਰਹਿ ਕੇ ਸਿਰੋਪਾਓ ਦੀ ਬਖਸ਼ਿਸ਼ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।ਸਮੇਂ ਦੀ ਮੰਗ ਨੂੰ ਸਨਮੁੱਖ ਰੱਖਦਿਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਤਿ-ਆਧੁਨਿਕ ਲੀਹਾਂ ‘ਤੇ ਚਲਾਉਣ ਲਈ ਗੁਰੂ ਨਾਨਕ ਸਕੂਲ ਭਾਈ ਗੁਰਦਾਸ ਹਾਲ ਵਿਖੇ ਨਵੀਂ ਇਮਾਰਤ ਦੀ ਉਸਾਰੀ ਕਰਕੇ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ।ਇਸੇ ਤਰ੍ਹਾਂ ਇਕ ਮਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਇਨ੍ਹਾਂ ਨਾਲ ਸਬੰਧਤ ਅਦਾਰਿਆਂ ਵਿੱਚ 58 ਸਾਲ ਤੋਂ ਵੱਧ ਅੁਮਰ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਅੰਤ੍ਰਿੰਗ ਕਮੇਟੀ ਦੀ ਇਕ ਮੀਟਿੰਗ ਵੱਲੋਂ ਕੀਤੇ ਗਏ ਫੈਸਲੇ ਦੀ ਪੁਸ਼ਟੀ ਕਰਦਿਆਂ ਇਸ ਨੂੰ ਸਰਵਿਸ ਰੂਲਜ਼ ਵਿੱਚ ਪੱਕੇ ਤੌਰ ਤੇ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>