ਦਿੱਲੀ ਕਮੇਟੀ ਦੇ ਲਗਾਤਾਰ ਤੀਸਰੀ ਵਾਰ ਜੀ.ਕੇ. ਪ੍ਰਧਾਨ ਅਤੇ ਸਿਰਸਾ ਜਨਰਲ ਸਕੱਤਰ ਬਣੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਨਵੇਂ ਅਹੁੱਦੇਦਾਰ ਅਤੇ 10 ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਆਮ ਸਹਿਮਤੀ ਨਾਲ ਅੱਜ ਅਖੀਰਕਾਰ ਨੇਪਰੇ ਚੜ੍ਹ ਗਈ। 26 ਫਰਵਰੀ 2017 ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਅਹੁੱਦੇਦਾਰਾਂ ਦੀ ਚੋਣ ਲਈ ਦਿੱਲੀ ਗੁਰਦੁਆਰਾ ਚੋਣ ਡਾਈਰੈਕਟਰ ਵੱਲੋਂ 24 ਮਾਰਚ ਨੂੰ ਜਨਰਲ ਇਜਲਾਸ ਸੱਦਿਆ ਗਿਆ ਸੀ। ਜਿਸ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਰਜੀ ਚੇਅਰਮੈਨ ਚੁਣਨ ਉਪਰੰਤ ਦਿੱਲੀ ਫਤਹਿ ਦਿਵਸ ਸਮਾਗਮਾ ਦਾ ਹਵਾਲਾ ਦਿੰਦੇ ਹੋਏ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਉਣ ਦੇ ਬਾਅਦ ਹਾਊਸ ਮੁਲਤਵੀ ਕਰ ਦਿੱਤਾ ਗਿਆ ਸੀ।

ਜਿਸਤੋਂ ਬਾਅਦ ਡਾਈਰੈਕਟਰ ਗੁਰਦੁਆਰਾ ਚੋਣ ਵੱਲੋਂ 28 ਮਾਰਚ ਨੂੰ ਮੁੜ੍ਹ ਤੋਂ ਜਨਰਲ ਇਜਲਾਸ ਸੱਦਣ ਬਾਰੇ 26 ਮਾਰਚ ਨੂੰ ਪੱਤਰ ਕੱਢਿਆ ਗਿਆ ਸੀ ਪਰ ਜੀ.ਕੇ. ਵੱਲੋਂ 27 ਮਾਰਚ ਨੂੰ ਆਰਜੀ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸਨੂੰ ਡਾਈਰੈਕਟਰ ਨੇ ਮੰਜੂਰ ਕਰਦੇ ਹੋਏ ਨਵੇਂ ਆਰਜੀ ਚੇਅਰਮੈਨ, ਅਹੁੱਦੇਦਾਰ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੀ ਚੋਣ ਲਈ 30 ਮਾਰਚ ਨੂੰ ਜਨਰਲ ਇਜਲਾਸ ਦੀ ਦੂਜੀ ਬੈਠਕ ਸੱਦੀ ਸੀ। ਅੱਜ ਦੀ ਬੈਠਕ ਦੀ ਕਾਰਵਾਈ ਦੀ ਸ਼ੁਰੂਆਤ ਡਾਈਰੈਕਟਰ ਸ਼ੂਰਵੀਰ ਸਿੰਘ ਵੱਲੋਂ ਆਰਜੀ ਚੇਅਰਮੈਨ ਦਾ ਨਾਂ ਮੈਂਬਰਾਂ ਪਾਸੋਂ ਮੰਗਦੇ ਹੋਏ ਕੀਤੀ ਗਈ।

ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਸੰਤਾ ਸਿੰਘ ਉਮੇਦਪੁਰੀ ਨੂੰ ਆਰਜੀ ਚੇਅਰਮੈਨ ਚੁਣੇ ਜਾਣ ਦਾ ਮੱਤਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਜਿਸਦਾ ਸਮਰਥਨ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਕੀਤਾ। ਉਮੇਦਪੁਰੀ ਦੇ ਬਿਨਾ ਕਿਸੇ ਵਿਰੋਧ ਦੇ ਆਰਜੀ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਅਗਲੇ ਅਹੁੱਦੇਦਾਰਾਂ ਦੀ ਚੋਣ ਪ੍ਰਕਿਰਆ ਸ਼ੁਰੂ ਹੋਈ। ਜਿਸ ਵਿਚ ਕ੍ਰੰਮਵਾਰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਅੰਤਿ੍ਰੰਗ ਬੋਰਡ ਦੇ ਮੈਂਬਰ ਹਰਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਪਾਲ ਸਿੰਘ ਚੱਢਾ ਤੇ ਤਰਵਿੰਦਰ ਸਿੰਘ ਮਾਰਵਾਹ ਸ਼ਾਮਿਲ ਹਨ।

ਜੀ.ਕੇ. ਦਾ ਨਾ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ ਵੱਲੋਂ ਤਜ਼ਵੀਜ ਅਤੇ ਓਂਕਾਰ ਸਿੰਘ ਥਾਪਰ ਵੱਲੋਂ ਸਮਰਥਨ ਕੀਤਾ ਗਿਆ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ ਇਸ ਮੌਕੇ ਪਾਰਟੀ ਔਬਜ਼ਰਬਰ ਵੱਜੋਂ ਸ਼ਾਮਿਲ ਹੋਏ। ਜਨਰਲ ਇਜਲਾਸ ਤੋਂ ਪਹਿਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਿਤ ਨੂੰ ਅਕਾਲੀ ਦਲ ਦੀ ਕੇਂਦਰੀ ਕੋਰ ਕਮੇਟੀ ’ਚ ਬਤੌਰ ਮੈਂਬਰ ਅਤੇ ਥਾਪਰ ਨੂੰ ਸੀਨੀਅਰ ਮੀਤ ਪ੍ਰਧਾਨ ਵੱਜੋਂ ਤਰੱਕੀ ਦੇਣ ਦੇ ਨਾਲ ਹੀ ਬਾਠ ਨੂੰ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ ਦਾ ਵੀ ਐਲਾਨ ਕੀਤਾ।

ਚੋਣ ਉਪਰੰਤ ਇਜਲਾਸ ’ਚ ਕਈ ਜਰੂਰੀ ਮੱਤੇ ਵੀ ਜੈਕਾਰਿਆਂ ਦੀ ਗੂੰਜ਼ ’ਚ ਪ੍ਰਵਾਨ ਕੀਤੇ ਗਏ। ਜਿਸ ਵਿਚ ਮੁੱਖ ਹਨ : ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦੇਸ਼ ਦੀ ਸੰਸਦ ਵਿਚ ਲਗਾਉਣਾ, ਉੜੀਸਾ ਦੇ ਜਗਨਨਾਥ ਪੁਰੀ ’ਚ ਗੁਰੂ ਨਾਨਕ ਸਾਹਿਬ ਵੱਲੋਂ ਆਰਤੀ ਉੱਚਾਰਣ ਨਾਲ ਸੰਬੰਧਿਤ ਬਾਉਲੀ ਸਾਹਿਬ ਪੰਥ ਦੇ ਹਵਾਲੇ ਕਰਨਾ, ਹਰਿ ਕੀ ਪਊੜੀ ਹਰਿਦੁਆਰ ’ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜੋ ਕਿ 1984 ਸਿੱਖ ਕਤਲੇਆਮ ਦੋਰਾਨ ਢਾਹ ਦਿੱਤਾ ਗਿਆ ਸੀ ਦਾ ਮੁੜ੍ਹ ਤੋਂ ਕਬਜਾ ਪ੍ਰਾਪਤ ਕਰਨਾ ਤੇ ਪਾਕਿਸਤਾਨ ਵਿਖੇ ਗੁਰੂ ਸਾਹਿਬ ਦੇ ਜਨਮ ਸਥਾਨ ਨਨਕਾਣਾ ਸਾਹਿਬ ਜਾਣ ਵਾਲੀ ਸੰਗਤ ਨੂੰ ਮੁਫ਼ਤ ਯਾਤਰਾ ਕਰਵਾਉਣਾ ਆਦਿਕ ਸ਼ਾਮਿਲ ਹਨ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਤੌਰ ਮੈਂਬਰ ਜਨਰਲ ਇਜਲਾਸ ਵਿਚ ਬੋਲਦੇ ਹੋਏ ਨਵੇਂ ਚੁਣੇ ਗਏ ਸਮੂਹ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ। ਸਰਨਾ ਧੜੇ ਦੇ ਵੱਲੋਂ ਅੰਤਿ੍ਰੰਗ ਬੋਰਡ ਮੈਂਬਰ ਵੱਜੋਂ ਆਜਾਦ ਉਮੀਦਵਾਰ ਮਾਰਵਾਹ ਦੇ ਖਿਲਾਫ਼ ਪਹਿਲੇ ਚੋਣ ਮੈਦਾਨ ’ਚ ਨਿਤਰੇ ਬਲਦੇਵ ਸਿੰਘ ਰਾਣੀਬਾਗ ਵੱਲੋਂ ਬਾਅਦ ’ਚ ਆਪਣਾ ਨਾਂ ਵਾਪਸ ਲੈਣ ਦੀ ਵੀ ਜਥੇਦਾਰ ਨੇ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਣੀਬਾਗ ਨੇ ਇਲੈਕਸ਼ਨ ਦੀ ਬਜਾਏ ਸਿਲੈਕਸ਼ਨ ਨੂੰ ਚੁਣ ਕੇ ਚੰਗਾ ਕੰਮ ਕੀਤਾ ਹੈ। ਜਗਨਨਾਥ ਪੁਰੀ ਅਤੇ ਹਰਿਦੁਆਰ ਦੇ ਗੁਰਦੁਆਰਾ ਸਾਹਿਬ ਨੂੰ ਪੰਥ ਦੇ ਹਵਾਲੇ ਕਰਨ ਦੇ ਦਿੱਲੀ ਕਮੇਟੀ ਵੱਲੋਂ ਪਾਸ ਕੀਤੇ ਗਏ ਮੱਤੇ ਦੀ ਪ੍ਰੋੜਤਾ ਕਰਦੇ ਹੋਏ ਜਥੇਦਾਰ ਨੇ ਦੋਨੋਂ ਥਾਂਵਾ ਤੇ ਕੁਝ ਲੋਕਾਂ ਵੱਲੋਂ ਧਰਮ ਦੀ ਆੜ ਵਿਚ ਮਾਇਆ ਇੱਕਤ੍ਰ ਕਰਨ ਦਾ ਵੀ ਖੁਲਾਸਾ ਕੀਤਾ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੇ ਨਾਂ ’ਤੇ ਇੱਕ ਬੰਦੇ ਨੇ ਵਿਦੇਸ਼ਾਂ ਤੋਂ 33 ਲੱਖ ਰੁਪਏ ਦੀ ਉਗਰਾਹੀ ਕੀਤੀ ਹੈ ਪਰ ਇੱਕ ਧੇਲਾ ਖਰਚ ਨਹੀਂ ਕੀਤਾ। ਗੁਰਦੁਆਰਾ ਆਰਤੀ ਸਾਹਿਬ ਦੇ ਨਾਂ ’ਤੇ ਇੱਕ ਬਾਬੇ ਵੱਲੋਂ ਗਲਤ ਥਾਂ ’ਤੇ ਗੁਰਦੁਆਰਾ ਸਾਹਿਬ ਬਣਾ ਕੇ ਉਸਦੇ ਨਾਂ ’ਤੇ ਉਗਰਾਹੀ ਕਰਨ ਦਾ ਵੀ ਜਥੇਦਾਰ ਨੇ ਦੋਸ਼ ਲਗਾਇਆ। ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਸ ਵਿਚ ਰੱਲ ਕੇ ਇਨ੍ਹਾਂ ਗੁਰੂਧਾਮਾਂ ਨੂੰ ਸੰਭਾਲਣ ਦੀ ਵੀ ਜਥੇਦਾਰ ਨੇ ਹਿਦਾਇਤ ਦਿੱਤੀ। ਇਸ ਮੌਕੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਨੂੰ ਛੱਡ ਕੇ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਸਨ।

ਜਨਰਲ ਇਜਲਾਸ ਤੋਂ ਬਾਅਦ ਅੰਤ੍ਰਿੰਗ ਬੋਰਡ ਦੀ ਜੀ.ਕੇ. ਦੀ ਅਗਵਾਹੀ ਹੇਠ ਹੋਈ ਪਹਿਲੀ ਬੈਠਕ ਵਿਚ ਸਮੂਹ ਕਮੇਟੀਆਂ ਨੂੰ ਭੰਗ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਧਰਮ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਪਰਮਜੀਤ ਸਿੰਘ ਰਾਣਾ ਨੂੰ ਬਤੌਰ ਚੇਅਰਮੈਨ ਧਰਮ ਪ੍ਰਚਾਰ ਦੀ ਸੇਵਾ ਸੌਂਪੀ ਗਈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>