ਸ਼ਰਨਜੀਤ ਬੈਂਸ ਦੀ ਪੁਸਤਕ ‘‘ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ’’: ਸੰਗੀਤਕ ਇਸ਼ਕ ਦਾ ਖ਼ਜਾਨਾ – ਉਜਾਗਰ ਸਿੰਘ

ਰੇਸ਼ਮਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸੁਰੀਲੀ ਆਵਾਜ਼ ਵਾਲੀ ਸਾਂਝੀ ਫ਼ਨਕਾਰ ਸੀ, ਜਿਹੜੀ ਆਪਣੇ ਆਪ ਨੂੰ ਦੋਹਾਂ ਦੇਸ਼ਾਂ ਦੀ ਨਿਵਾਸੀ ਕਹਾਉਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੀ ਸੀ ਕਿ ਸਰਹੱਦਾਂ ਸੰਗੀਤ ਵਿਚ ਵੰਡੀਆਂ ਨਹੀਂ ਪਾ ਸਕਦੀਆਂ। ਰੇਸ਼ਮਾ ਦਾ ਜਨਮ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੁਲਾਈ 1947 ਵਿਚ ਭਾਰਤ ਦੇ ਰਾਜਸਥਾਨ ਰਾਜ ਵਿਚ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਉਸਦੇ ਮਾਪੇ ਜਦੋਂ ਉਹ ਅਜੇ ਇੱਕ ਮਹੀਨੇ ਦੀ ਬਾਲੜੀ ਹੀ ਸੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਜਾ ਕੇ ਵਸ ਗਏ ਸਨ ਜੋ ਕਿ ਬਾਅਦ ਵਿਚ ਲਾਹੌਰ ਦੇ ਨਿਵਾਸੀ ਬਣ ਗਏ। ਸ਼ਰਨਜੀਤ ਬੈਂਸ ਦੀ ਪੁਸਤਕ‘‘ ਨਹੀਂਓ ਲੱਭਣੇ ਲਾਲ ਗਵਾਚੇ…..ਰੇਸ਼ਮਾ’’ ਉਸਦੇ ਸੰਗੀਤਕ ਇਸ਼ਕ ਦਾ ਖ਼ਜਾਨਾ ਹੈ। ਕੁਦਰਤ ਦੇ ਕਾਦਰ ਵੱਲੋਂ ਰੇਸ਼ਮਾ ਨੂੰ ਦਿੱਤੀ ਸੁਰੀਲੀ ਆਵਾਜ਼ ਦੀ ਕਲਾ ਨੂੰ ਸ਼ਰਨਜੀਤ ਬੈਂਸ ਨੇ ਕਲਾ ਪ੍ਰੇਮੀ ਹੋਣ ਦਾ ਸਬੂਤ ਦਿੰਦਿਆਂ ਉਸਦੇ ਸੰਗੀਤਕ ਅਤੇ ਦੁਨਿਆਵੀ ਸਫਰ ਨੂੰ ਰੇਸ਼ਮੀ ਧਾਗੇ ਵਿਚ ਸਾਹਿਤਕ ਰੰਗ ਵਿਚ ਪ੍ਰੋ ਕੇ ਹਿੰਦ ਅਤੇ ਪਾਕਿ ਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਦੋਹਾਂ ਦੇਸ਼ਾਂ ਦੇ ਅਨੇਕਾਂ ਸੰਗੀਤ ਦੇ ਮੁਦੱਈਆਂ ਨੇ ਰੇਸ਼ਮਾ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਿਆਂ ਹੈ ਪ੍ਰੰਤੂ ਕਿਸੇ ਵੀ ਲੇਖਕ ਨੇ ਉਸਦੀ ਕਲਾ ਅਤੇ ਜੀਵਨ ਬਾਰੇ ਪੰਜਾਬੀ ਵਿਚ ਕੋਈ ਪੁਸਤਕ ਨਹੀਂ ਲਿਖੀ ਤਾਂ ਜੋ ਰੇਸ਼ਮਾ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣ ਸਕੇ। ਇਹ ਮਾਣ ਸ਼ਰਨਜੀਤ ਬੈਂਸ ਨੂੰ ਹੀ ਮਿਲਿਆ ਹੈ ਜਿਸਨੇ ਰੇਸ਼ਮਾ ਨੂੰ ਇਤਿਹਾਸ ਵਿਚ ਜ਼ਿੰਦਾ ਰੱਖ ਕੇ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਅਤੇ ਪਿਆਰ ਦਿੱਤਾ ਹੈ। ਸ਼ਰਨਜੀਤ ਬੈਂਸ ਨੂੰ ਸੰਗੀਤ ਨਾਲ ਮੋਹ ਮੁਹੱਬਤ ਹੈ, ਜਿਸ ਕਰਕੇ ਉਸਨੇ ਆਪਣੇ ਪੱਤਰਕਾਰੀ ਦੇ ਕਿੱਤੇ ਵਿਚੋਂ ਸਮਾਂ ਕੱਢਕੇ ਰੇਸ਼ਮਾ ਦੀ ਜ਼ਿੰਦਗੀ ਦੀਆਂ ਸਾਰੀਆਂ ਘਟਨਾਵਾਂ ਨੂੰ ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਸੰਬੰਧੀਆਂ ਨਾਲ ਮੁਲਾਕਾਤਾਂ ਕਰਕੇ ਇਕ ਲੜੀ ਵਿਚ ਪ੍ਰੋ ਕੇ ਸੰਗੀਤ ਪ੍ਰੇਮੀਆਂ ਨੂੰ ਪੁਸਤਕ ਦੇ ਰੂਪ ਵਿਚ ਭੇਂਟ ਕੀਤਾ ਹੈ। ਕਈ ਅਜਿਹੇ ਪੱਖਾਂ ਬਾਰੇ ਇਸ ਪੁਸਤਕ ਵਿਚ ਜਾਣਕਾਰੀ ਦਿੱਤੀ ਗਈ ਹੈ ਜਿਸ ਬਾਰੇ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ। ਉਸਦੀ ਲੇਖਣੀ ਤੋਂ ਸ਼ਰਨਜੀਤ ਬੈਂਸ ਸਾਹਿਤ, ਕੋਮਲ ਕਲਾ, ਸੁਹਜ ਸੁਆਦ, ਦਿਲ ਦਰਿਆ ਅਤੇ ਰੰਗ ਕਰਮੀ ਭਾਵਨਾਵਾਂ ਵਿਚ ਵਹਿਣ ਵਾਲਾ ਪੱਤਰਕਾਰ ਦਿਸ ਰਿਹਾ ਹੈ। ਉਸਦੀਆਂ ਰੇਸ਼ਮਾ ਬਾਰੇ ਪੁਸਤਕ ਲਿਖਣ ਦੀਆਂ ਭਾਵਨਾਵਾਂ ਤੋਂ ਭਾਸਦਾ ਹੈ ਕਿ ਉਹ ਦੋਹਾਂ ਦੇਸ਼ਾਂ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਇੱਕ ਲੜੀ ਵਿਚ ਪ੍ਰੋਣਾ ਚਾਹੁੰਦਾ ਹੈ ਤਾਂ ਜੋ ਸਰਹੱਦੀ ਵੰਡੀਆਂ ਨੂੰ ਖ਼ਤਮ ਕਰਕੇ ਪੰਜਾਬੀਆਂ ਦੇ ਦਿਲਾਂ ਨੂੰ ਮੁੜ ਜੋੜ ਕੇ ਪਿਆਰ ਦੀਆਂ ਪੀਂਘਾਂ ਪੁਆਈਆਂ ਜਾ ਸਕਣ। ਉਸਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਹੱਦਾਂ ਪਿਆਰ ਦੀਆਂ ਵਗਦੀਆਂ ਹਵਾਵਾਂ ਨੂੰ ਰੋਕ ਨਹੀਂ ਸਕਦੀਆਂ। 56 ਨਿੱਕੇ-ਨਿੱਕੇ ਲੇਖਾਂ ਵਾਲੀ 112 ਪੰਨਿਆਂ ਦੀ ਸਚਿਤਰ ਰੰਗਦਾਰ ਤਸਵੀਰਾਂ ਵਾਲੀ ਇਹ ਪੁਸਤਕ ਸ਼ਰਨਜੀਤ ਬੈਂਸ ਦੀ ਪੰਜਾਬੀ ਵਿਚ ਚੌਥੀ ਪੁਸਤਕ ਹੈ। ਉਸ ਦੀਆਂ ‘ਫ਼ਨਕਾਰ ਪੰਜ ਆਬ ਦੇ’ ‘ਸਤਨਾਜਾ’ ‘ਨਹੀਂਓ ਲੱਭਣੇ ਲਾਲ ਗਵਾਚੇ:ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ’ ਅਤੇ ‘ਨਹੀਂਓ ਲੱਭਣੇ ਲਾਲ ਗਵਾਚੇ….ਰੇਸ਼ਮਾ’ ਚਾਰੇ ਪੁਸਤਕਾਂ ਹੀ ਸਾਂਝੇ ਪੰਜਾਬ ਭਾਵ ਹਿੰਦ ਪਾਕਿ ਦੇ ਸਾਹਿਤਕ ਅਤੇ ਸੰਗੀਤਕ ਸੰਬੰਧਾਂ ਦੀ ਇੱਕਸੁਰਤਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਉਸਦੀ ਅਜਿਹੀ ਇੱਕ ਪੁਸਤਕ ਅੰਗਰੇਜੀ ਵਿਚ ਵੀ ਹੈ। ਹਾਲਾਂ ਕਿ ਸ਼ਰਨਜੀਤ ਬੈਂਸ ਭਾਰਤ ਵਿਚਲੇ ਵਰਤਮਾਨ ਪੰਜਾਬ ਦਾ ਦੇਸ਼ ਦੀ ਵੰਡ ਤੋਂ ਬਾਅਦ ਜਨਮਿਆਂ ਪੱਤਰਕਾਰ ਹੈ। ਫਿਰ ਵੀ ਉਸਦੇ ਦਿਲ ਵਿਚ ਦੋਹਾਂ ਪੰਜਾਬਾਂ ਲਈ ਅਥਾਹ ਪਿਆਰ ਤੇ ਸਤਿਕਾਰ ਹੈ। ਖਾਸ ਤੌਰ ਤੇ ਉਸਨੇ ਸੰਗੀਤ ਨਾਲ ਸੰਬੰਧਤ ਪਾਕਿਸਤਾਨੀ ਸੰਗੀਤਕਾਰਾਂ ਦੀ ਕਲਾ ਦੇ ਕਸੀਦੇ ਪੜ੍ਹੇ ਅਤੇ ਲਿਖੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਹਿਤਕ ਦਿਲ ਦਾ ਮਾਲਕ ਹੈ, ਜਿਹੜਾ ਦੇਸ਼ਾਂ ਦੀਆਂ ਹੱਦਾਂ ਦੀਆਂ ਵਲੱਗਣਾ ਵਿਚ ਨਹੀਂ ਸਮਾਉਂਦਾ। ਉਸਦਾ ਇਹ ਕੰਮ ਕਿਸੇ ਤਰ੍ਹਾਂ ਵੀ ਖ਼ੋਜ ਤੋਂ ਘੱਟ ਨਹੀਂ। ਉਸਨੂੰ ਖੋਜੀ ਲੇਖਕ ਵੀ ਕਿਹਾ ਜਾ ਸਕਦਾ ਹੈ। ਰੇਸ਼ਮਾ ਦਾ ਜਨਮ ਜੁਲਾਈ 1947 ਵਿਚ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੀ ਰਤਨਗੜ੍ਹ ਤਹਿਸੀਲ ਦੇ ਲੋਹਾ ਪਿੰਡ ਵਿਚ ਪਿਤਾ ਹਾਜੀ ਮਾਮਦ ਮੁਸ਼ਤਾਕ ਦੇ ਘਰ ਖ਼ਾਨਾਬਦੋਸ਼ ਪਰਿਵਾਰ ਵਿਚ ਹੋਇਆ। ਉਸਦਾ ਦਾਦਾ ਸਖ਼ੀ ਮੁਹੰਮਦ ਖ਼ਾਨ ਊਠਾਂ ਅਤੇ ਘੋੜਿਆਂ ਦਾ ਵਿਓਪਾਰ ਕਰਦੇ ਸਨ। ਮਹਿਜ 12 ਸਾਲ ਦੀ ਉਮਰ ਵਿਚ ਹੀ ਉਸਨੇ ਪਹਿਲੀ ਵਾਰ ਹਜਰਤ ਲਾਲ ਸ਼ਹਿਬਾਜ਼ ਕਲੰਦਰ ਦੀ ਮਜ਼ਾਰ ਤੇ ਇੱਕ ਲੋਕ ਗੀਤ ਗਾਇਆ ਜਿਸਨੇ ਉਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਦੇ ਦਿਲ ਮੋਹ ਲਏ। ਆਮ ਤੌਰ ਤੇ ਉਸਨੇ ਆਪਣੇ ਸਾਰੇ ਗੀਤ ਸੂਫ਼ੀ ਰੰਗਤ ਵਾਲੇ ਗਾਏ, ਖਾਸ ਤੌਰ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਗਟਾਉਣ ਵਾਲੇ । ਲੱਚਰ ਗਾਇਕੀ ਤੋਂ ਉਹ ਕੋਹਾਂ ਦੂਰ ਰਹੀ ਹੈ। ਫਿਰ ਉਸਨੂੰ ਰੇਡੀਓ ਤੇ ਗਾਉਣ ਦਾ ਮੌਕਾ ਮਿਲਿਆ ਜਿਸ ਕਰਕੇ ਉਹ ਪੰਜਾਬੀ ਜਗਤ ਦੀ ਸ਼ਾਹਕਾਰ ਗਾਇਕਾ ਬਣ ਗਈ। ਜਦੋਂ ਉਸਨੇ ‘‘ ਲਾਲ ਮੇਰੀ ਪਤ ਰੱਖਿਓ ਭਲਾ ਝੂਲੇ ਲਾਲਣ’’ ਗਾਇਆ ਤਾਂ ਉਸਦੀ ਗਾਇਕੀ ਨੇ ਆਪਣਾ ਲੋਹਾ ਮਨਵਾਇਆ। ਇਸ ਮੌਕੇ ਤੇ ਪਾਕਿਸਤਾਨ ਰੇਡੀਓ ਦੇ ਪ੍ਰੋਡਿਊਸਰ ਸਲੀਮ ਗਿਲਾਨੀ ਮੌਜੂਦ ਸਨ, ਜਿਹੜੇ ਰੇਸ਼ਮਾ ਦੀ ਗਾਇਕੀ ਦੇ ਕਾਇਲ ਹੋ ਗਏ। ਉਸਨੇ ਰੇਸ਼ਮਾ ਨੂੰ ਰੇਡੀਓ ਤੇ ਆ ਕੇ ਗਾਉਣ ਦਾ ਨਿਓਤਾ ਦਿੱਤਾ। ਖ਼ਾਨਾ ਬਦੋਸ਼ ਪਰਿਵਾਰ ਅਤੇ ਅਨਪੜ੍ਹ ਹੋਣ ਕਰਕੇ ਰੇਸ਼ਮਾ ਉਥੇ ਨਾ ਪਹੁੰਚੀ । ਪੰਜ ਸਾਲ ਗਿਲਾਨੀ ਉਸਨੂੰ ਲੱਭਦਾ ਰਿਹਾ। ਅਖ਼ੀਰ ਜਦੋਂ ਪਾਕਿਸਤਾਨ ਰੇਡੀਓ ਤੋਂ ਰੇਸ਼ਮਾ ਨੇ ਦਮਾਦਮ ਮਸਤ ਕਲਦਰ ਗੀਤ ਗਾਇਆ ਤਾਂ ਉਸ ਦੀਆਂ ਧੁੰਮਾ ਪੈ ਗਈਆਂ। ਬਸ ਫਿਰ ਤਾਂ ਉਹ ਕੌਮੀ ਹੀਰੋ ਬਣ ਗਈ। ਸੰਗੀਤਕ ਸਫਰ ਵਿਚ ਉਸਨੂੰ ਬਹੁਤ ਔਕੜਾਂ ਆਈਆਂ ਕਿਉਂਕਿ ਕਵਾਰੀਆਂ ਕੁੜੀਆਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਣ ਕਰਕੇ ਉਸਨੂੰ ਭਾਈਚਾਰੇ ਵਿਚੋਂ ਕੱਢ ਦਿੱਤਾ ਗਿਆ। 1980 ਵਿਚ ਰੇਸ਼ਮਾ ਨੇ ਬਾਲੀਵੁਡ ਦੀ ਸੁਭਾਸ਼ ਘਈ ਦੀ ਫ਼ਿਲਮ ‘ਹੀਰੋ’ ਵਿਚ ਲੰਮੀ ਜੁਦਾਈ ਗੀਤ ਗਾਇਆ, ਜਿਸ ਕਰਕੇ ਭਾਰਤੀ ਲੋਕ ਉਸਦੀ ਕਲਾ ਦੇ ਮੁਦੱਈ ਬਣ ਗਏ। ਉਸਦੇ ਇਸ ਗੀਤ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ। ਉਸਨੇ 7 ਪਾਕਿਸਤਾਨੀ ਫਿਲਮਾ ਵਿਚ ਗੀਤ ਗਾਏ ਪ੍ਰੰਤੂ ਜਦੋਂ ਨਿਰਦੇਸ਼ਕਾਂ ਅਤੇ ਨਿਰਮਾਤਵਾਂ ਨੇ ਉਸਦੀ ਆਵਾਜ਼ ਨੂੰ ਭਾਰੀ ਕਿਹਾ ਤਾਂ ਉਸਨੇ ਫਿਲਮਾ ਵਿਚ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੀਆਂ ਫਿਲਮਾਂ ਵਿਚ ਪਹਿਲਾ ਗੀਤ ਉਸਨੇ ਲੱਖਾ ਫਿਲਮ ਵਿਚ ਗਾਇਆ ਜਿਸਦੇ ਬੋਲ ਸਨ-ਸਾਡੇ ਆਸੇ-ਪਾਸੇ ਪੈਂਦੀਆਂ ਫ਼ੁਹਾਰਾਂ। ‘‘ਵੋਹ ਤੇਰਾ ਨਾਮ ਥਾ’’ ਫਿਲਮ ਵਿਚ ਉਸਦਾ ਗਾਇਆ ਗੀਤ ਧੁੰਮਾਂ ਪਾ ਗਿਆ। ਗੀਤ ਦੇ ਬੋਲ ਹਨ-

ਅਸ਼ਕਾਂ ਦੀ ਗਲੀ ਵਿਚ ਮਕਾਨ ਦੇ ਗਿਆ,
ਜਾਨ ਜਾਨ ਕਹਿਕੇ, ਹਾਏ ਮੇਰੀ ਜਾਨ ਲੈ ਗਿਆ।

ਰੇਸ਼ਮਾ ਦੇ ਗਾਏ ਕੁਝ ਗੀਤ ਬਹੁਤ ਹੀ ਹਰਮਨ ਪਿਆਰੇ ਹੋਏ, ਜਿਨ੍ਹਾਂ ਵਿਚ

ਦਮ-ਦਮ ਮਸਤ ਕਲੰਦਰ।

ਹਾਏ ਓ ਰੱਬਾ ਨਹੀਂ ਲੱਗਦਾ ਦਿਲ ਮੇਰਾ।

ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ।

ਵੇ ਮੈਂ ਚੋਰੀ ਚੋਰੀ।

ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ।

ਉਸਨੂੰ ਰਾਜਸਥਾਨ ਦੀ ਬੁਲਬੁਲ ਅਤੇ ਮਲਿਕਾ-ਏ-ਰੇਗਿਸਤਾਨ ਦੇ ਖ਼ਿਤਾਬ ਨਾਲ ਸਨਮਾਨਿਆਂ ਗਿਆ। ਉਸਦੀ ਸੁਰੀਲੀ ਆਵਾਜ਼ ਦਾ ਸਨਮਾਨ ਕਰਨ ਲਈ ਪਾਕਿਸਤਾਨ ਸਰਕਾਰ ਨੇ ਉਸਨੂੰ 3 ਰਾਸ਼ਟਰੀ ਅਵਾਰਡ ‘‘ਸਿਤਾਰਾ-ਏ-ਇਮਤਿਆਜ’’, ਬੁਲਬੁਲੇ-ਏ-ਸਹਿਰਾ’’ ਅਤੇ ‘‘ਲੀਜੈਂਡਜ਼ ਆਫ਼ ਪਾਕਿਸਤਾਨ’’ ਦੇ ਕੇ ਫ਼ਖ਼ਰ ਮਹਿਸੂਸ ਕੀਤਾ।  ਸ਼ਰਨਜੀਤ ਬੈਂਸ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਆਪਣੇ ਲੇਖਾਂ ਵਿਚ ਸਰਲ ਅਤੇ ਸ਼ਪਸ਼ਟ ਬੋਲੀ ਵਰਤੀ ਹੈ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇੱਕ ਸੰਪੂਰਨ ਹੈ ਪ੍ਰੰਤੂ ਸਾਰਿਆਂ ਦੀ ਲੜੀ ਆਪਸ ਵਿਚ ਜੁੜੀ ਹੋਈ ਹੈ। ਰੌਚਿਕਤਾ ਬਰਕਰਾਰ ਹੈ। ਇੱਕ ਚੈਪਟਰ ਪੜ੍ਹਕੇ ਦੂਜਾ ਪੜ੍ਹਨ ਨੂੰ ਦਿਲ ਕਰਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਅੱਗੇ ਕੀ ਹੋਇਆ। ਇੱਕ ਕਿਸਮ ਨਾਲ ਇਹ ਪੁਸਤਕ ਨਾਵਲ ਦੀ ਤਰ੍ਹਾਂ ਹੈ। ਰੇਸ਼ਮਾ ਦੇ ਗੀਤ ਸੁਣਕੇ ਹਵਾਵਾਂ ਵਿਚੋਂ ਮਹਿਕ ਆਉਣ ਲੱਗ ਜਾਂਦੀ ਸੀ। ਉਸਨੇ ਗਾਉਣ ਦੀ ਕਿਧਰੋਂ ਵੀ ਸਿੱਖਿਆ ਨਹੀਂ ਲਈ ਪ੍ਰੰਤੂ ਪਰਮਾਤਮਾ ਨੇ ਉਸਨੂੰ ਸੰਪੂਰਨ ਤੌਰ ਤੇ ਗਾਇਕੀ ਦੀ ਸਿੱਖਿਆ ਦੇ ਕੇ ਭੇਜਿਆ ਸੀ। ਉਹ ਹਿੱਕ ਦੇ ਜ਼ੋਰ ਨਾਲ ਗਾਉਂਦੀ ਸੀ। ਉਸਦੀ ਗਾਇਕੀ ਪੰਜਾਬੀ ਅਤੇ ਰਾਜਸਥਾਨੀ ਸਭਿਆਚਾਰ ਦਾ ਸੁਮੇਲ ਸੀ। ਪਾਕਿਸਤਾਨ ਟੀ.ਵੀ.ਦਾ ਸਫਰ ਵੀ ਰੇਸ਼ਮਾ ਨਾਲ ਹੀ ਸ਼ੁਰੂ ਹੋਇਆ ਸੀ ਜਾਂ ਇਉਂ ਕਹਿ ਲਵੋ ਕਿ ਰੇਸ਼ਮਾ ਦਾ ਟੀ.ਵੀ.ਪ੍ਰੋਗਰਾਮਾ ਦਾ ਸਫਰ ਪਾਕਿਸਤਾਨ ਟੀ.ਵੀ. ਦੇ 29 ਨਵੰਬਰ 1964 ਵਿਚ ਸ਼ੁਰੂ ਹੋਣ ਨਾਲ ਹੋਇਆ ਸੀ। ਰੇਸ਼ਮਾ ਨੇ ਆਪਣੀ ਸੰਗੀਤਕ ਗਾਇਕੀ ਦੀ ਖ਼ੁਸ਼ਬੋ ਵਿਦੇਸ਼ਾਂ ਵਿਚ ਵੀ ਫੈਲਾਈ, ਜਿਸ ਕਰਕੇ ਉਸਦਾ ਨਾਂ ਸੰਸਾਰ ਵਿਚ ਪ੍ਰਸਿਧ ਹੋਇਆ। 14 ਸਾਲ ਦੀ ਉਮਰ ਵਿਚ ਉਸਦਾ ਵਿਆਹ ਉਸਦੇ ਮਾਮੇ ਦੇ ਲੜਕੇ ਖ਼ਾਨ ਮੁਹੰਮਦ ਨਾਲ 1962 ਵਿਚ ਹੋਇਆ। ਉਸ ਦੇ ਦੋ ਲੜਕੇ ਸਾਵਣ ਖ਼ਾਨ ਅਤੇ ਲਤੀਫ਼ ਖ਼ਾਨ ਹਨ। ਦੋਵੇਂ ਨੌਕਰੀ ਕਰਦੇ ਹਨ ਅਤੇ ਨਾਲ ਹੀ ਗਾਇਕੀ ਵੀ ਕਰਦੇ ਹਨ। ਸਰਨਜੀਤ ਬੈਂਸ ਨੇ ਰੇਸ਼ਮਾ ਬਾਰੇ ਮੁਕੰਮਲ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਉਸਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਪੁਸਤਕ ਦੇ ਚੈਪਟਰਾਂ ਵਿਚ ਦੱਸਿਆ ਗਿਆ ਹੈ ਕਿ ਰੇਸ਼ਮਾ ਦਾ ਖਾਣਾ ਸਾਕਾਹਾਰੀ, ਸਖ਼ਤ ਰਸਮੋ ਰਿਵਾਜ, ਪੰਜਾਬੀਆਂ ਦੀ ਤਰ੍ਹਾਂ ਦਸਤਾਰਬੰਦੀ, ਜੰਮਣ ਅਤੇ ਮਰਨ ਉਪਰੰਤ ਰੋਟੀ ਖਿਲਾਣੀ, ਰੋਟੀ ਖਵਾਉਣ ਦੇ ਅਜੀਬ ਤਰੀਕੇ ਤੇ ਪਾਬੰਦੀਆਂ, ਰੋਟੀ ਲਈ ਪੈਸੇ ਦੇਣੇ, ਵੱਡਾ ਖਾਣਾ ਕਰਨਾ ਤਾਂ ਗੋਸ਼ਤ ਅਤੇ ਚਾਵਲ ਪ੍ਰੰਤੂ ਦੇਸੀ ਘਿਓ ਤੇ ਖੰਡ ਖੁਲ੍ਹੇ ਆਦਿ ਦਾ ਵਿਵਰਣ ਪੁਸਤਕ ਵਿਚ ਦਿੱਤਾ ਗਿਆ ਹੈ। ਰੇਸ਼ਮਾ ਬਹੁਪੱਖੀ ਸ਼ਖ਼ਸ਼ੀਅਤ ਦੀ ਮਾਲਕ ਸੀ ਪ੍ਰੰਤੂ ਉਸਦਾ ਜੀਵਨ ਸਾਦ ਮੁਰਾਦਾ ਸੀ। ਵੱਡੀ ਗਾਇਕਾ ਹੋਣ ਦੇ ਬਾਵਜੂਦ ਹਓਮੈ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਪ੍ਰਸਿੱਧੀ ਪ੍ਰਾਪਤ ਕਰਨ ਤੇ ਵੀ ਉਸਨੇ ਪੈਰ ਨਹੀਂ ਛੱਡੇ। ਸਮਾਜ ਸੇਵਿਕਾ ਵੀ ਸੀ, ਲੋਕਾਂ ਦੇ ਕੰਮਾ ਕਾਰਾਂ ਲਈ ਉਨ੍ਹਾਂ ਦੇ ਨਾਲ ਤੁਰ ਪੈਂਦੀ ਸੀ। ਦਰਗਾਹਾਂ ਤੇ ਗਾਉਣ ਸਮੇਂ ਜੋ ਸੇਵਾ ਫਲ ਮਿਲਦਾ ਸੀ, ਦਰਗਾਹ ਵਿਚ ਹੀ ਵੰਡ ਦਿੰਦੀ ਸੀ। ਨੀਅਤ ਦੀ ਰੱਜੀ ਹੋਈ ਸੀ। ਸਪਾਂਸਰਾਂ ਵੱਲੋਂ ਘੱਟ ਮਾਇਆ ਦੇਣ ਤੇ ਉਨ੍ਹਾਂ ਨਾਲ ਝਗੜਾ ਨਹੀਂ ਕਰਦੀ ਸੀ। ਜਦੋਂ ਉਸਦੇ ਲੜਕੇ ਕਹਿੰਦੇ ਮਾਂ ਘਰ ਦੇ ਖ਼ਰਚੇ ਲਈ ਵੀ ਪੈਸੇ ਰੱਖ ਲਓ ਤਾਂ ਉਹ ਕਹਿੰਦੀ ਸੀ ਜਿਸ ਅੱਲਾ ਨੇ ਐਨੀ ਪ੍ਰਸਿੱਧੀ ਦਿੱਤੀ ਹੈ , ਉਹ ਘਰ ਦਾ ਖ਼ਰਚਾ ਵੀ ਦੇਵੇਗਾ। ਬੀਕਾਨੇਰ ਜਿਲ੍ਹੇ ਦੇ ਆਪਣੇ ਪਿੰਡ ਅਤੇ ਆਪਣੇ ਪੁਰਖ਼ਿਆਂ ਦੇ ਪਿੰਡ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲਕੇ ਸੜਕਾਂ ਬਣਵਾਈਆਂ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਇਆ ਅਤੇ ਬਿਜਲੀ ਪਹੁੰਚਾਈ। ਆਪ ਅਨਪੜ੍ਹ ਹੋਣ ਦੇ ਬਾਵਜੂਦ ਇੱਕ ਸੁਲੱਖਣੀ ਮਾਂ ਹੋਣ ਦਾ ਸਬੂਤ ਦਿੰਦਿਆਂ ਦੋਵੇਂ ਬੱਚਿਆਂ ਨੂੰ ਪੜ੍ਹਾਈ ਕਰਵਾਈ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਰਨਜੀਤ ਬੈਂਸ ਨੇ ਰੇਸ਼ਮਾ ਦੀ ਗਾਇਕੀ ਅਤੇ ਉਸਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਦੀ ਜਾਣਕਾਰੀ ਦੇ ਕੇ ਰੇਸ਼ਮਾ ਦਾ ਪੰਜਾਬੀ ਬੋਲੀ ਦੀ ਕੀਤੀ ਸੇਵਾ ਦਾ ਕਰਜ਼ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਉਸਨੇ ਰੇਸ਼ਮਾ ਦੀਆਂ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਨੂੰ ਸਦਭਾਵਨਾ ਵਾਲੇ ਬਣਾਉਣ ਦੀ ਸੰਜੀਦਗੀ ਦੀ ਜਾਣਕਾਰੀ ਦੇ ਕੇ ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਹਕੂਮਤਾਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਤਾਕੀਦ ਵੀ ਕੀਤੀ ਹੈ ਤਾਂ ਜੋ ਰੇਸ਼ਮਾ ਦੀ ਰੂਹ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ।

 

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>