ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਗੰਠਬੰਧਨ ਦੇ ਤੌਰ ਤੇ 5 ਸੀਟਾਂ ਪ੍ਰਾਪਤ ਹੋਈਆਂ ਹਨ। ਜਿਸ ਵਿਚ ਦੱਖਣੀ ਦਿੱਲੀ ਦੇ ਕਾਲਕਾ ਜੀ ਵਾਰਡ ਤੋਂ ਮਨਪ੍ਰੀਤ ਕੌਰ ਕਾਲਕਾ, ਸੈਂਟ੍ਰਲ ਦਿੱਲੀ ਦੇ ਰਾਜਿੰਦਰ ਨਗਰ ਵਾਰਡ ਤੋਂ ਪਰਮਜੀਤ ਸਿੰਘ ਰਾਣਾ, ਪੱਛਮ ਦਿੱਲੀ ਦੇ ਪ੍ਰਤਾਪ ਨਗਰ ਵਾਰਡ ਤੋਂ ਅਮਰਜੀਤ ਸਿੰਘ ਪੱਪੂ, ਤਿਲਕ ਨਗਰ ਵਾਰਡ ਤੋਂ ਰਵਿੰਦਰ ਸਿੰਘ ਸੋਨੂੰ ਅਤੇ ਉੱਤਰੀ ਦਿੱਲੀ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਇੱਕਬਾਲ ਸਿੰਘ ਰਾਜ਼ਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪੰਜੋਂ ਉਮੀਦਵਾਰਾਂ ਵੱਲੋਂ ਅੱਜ ਨਾਮਜਦਗੀ ਪੱਤਰ ਭਰੇ ਜਾਣ ਦੀ ਜਾਣਕਾਰੀ ਪਾਰਟੀ ਦੀ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਦਿੰਦੇ ਹੋਏ ਨਿਗਮ ਚੋਣਾਂ ’ਚ ਗਠਬੰਧਨ ਦੀ ਵੱਡੀ ਜਿੱਤ ਹੋਣ ਦਾ ਵੀ ਦਾਅਵਾ ਕੀਤਾ। ਇੱਥੇ ਦੱਸ ਦੇਈਏ ਕਿ ਭਾਜਪਾ ਵੱਲੋਂ ਮੌਜੂਦਾ 153 ਨਿਗਮ ਪਾਰਸ਼ਦਾ ਨੂੰ ਟਿਕਟ ਨਾ ਦਿੱਤੇ ਜਾਣ ਦੇ ਕੀਤੇ ਗਏ ਐਲਾਨ ਦਾ ਖਮਿਆਜ਼ਾ 4 ਅਕਾਲੀ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ, ਬੀਬੀ ਰੀਮਾ ਕੌਰ, ਰਿਤੂ ਵੋਹਰਾ ਅਤੇ ਡਿੰਪਲ ਚੱਢਾ ਨੂੰ ਵੀ ਭੁਗਤਣਾ ਪਿਆ। ਹਾਲਾਂਕਿ ਨਵੀਂ ਹੱਦਬੰਦੀ ਵਿਚ ਬੀਬੀ ਸਿਰਸਾ ਦੀ ਸੀਟ ਐਸ.ਸੀ. ਕੋਟੇ ਵਿਚ ਰਾਖਵੀ ਹੋ ਗਈ ਸੀ।
2012 ਚੋਣਾਂ ਵਿਚ ਅਕਾਲੀ ਦਲ ਨੂੰ ਮਿਲਿਆ 8 ਸੀਟਾਂ ’ਚੋਂ ਦਲ 5 ਸੀਟਾਂ ਜਿੱਤਣ ’ਚ ਕਾਮਯਾਬ ਰਿਹਾ ਸੀ। ਜਿਸ ਵਿਚ 4 ਮੌਜੂਦਾ ਪਾਰਸ਼ਦਾ ਦੇ ਨਾਲ ਹੀ 5ਵੇਂ ਪਾਰਸ਼ਦ ਦੇ ਤੌਰ ਤੇ ਜਤਿੰਦਰ ਸਿੰਘ ਸ਼ੰਟੀ ਸ਼ਾਮਿਲ ਸਨ। ਪਰ 2013 ਵਿਚ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਪਾਰਸ਼ਦ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।