ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ

ਖ਼ਾਲਸਾ  ਅਕਾਲ  ਪੁਰਖ  ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮਾ ਕੀ ਮੌਜ ॥
ਜਬ  ਲਗ ਖ਼ਾਲਸਾ  ਰਹੇ ਨਿਆਰਾ ॥ ਤਬ  ਲਗ  ਤੇਜ   ਦੀਉ  ਮੈਂ  ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ  ਨ   ਕਰੋਂ  ਇਨ   ਕੀ   ਪ੍ਰਤੀਤ ॥
- ( ਸਰਬ ਲੋਹ ਗ੍ਰੰਥ ‘ਚੋਂ )

ਵਿਸਾਖੀ ੧੬੯੯ ਈ: ਦਾ ਦਿਨ, ਇੱਕ ਇਤਿਹਾਸਕ ਦਿਨ ਸੀ। ਇਸ ਦਿਨ ਨੂੰ ‘ਖ਼ਾਲਸੇ ਦਾ ਸਥਾਪਨਾ ਦਿਵਸ’ ਵੀ ਆਖਿਆ ਜਾਂਦਾ ਹੈ। ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਸਥਾਨ ‘ਤੇ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਦਾ ਪਾਹੁਲ ਛਕਾ ਕੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ ਅਤੇ ਫਿਰ ਉਨ੍ਹਾਂ ਪਾਸੋਂ ਆਪ ਜੀ ਨੇ ਅੰਮ੍ਰਿਤ ਛਕਿਆ। ਭਾਈ ਗੁਰਦਾਸ ਜੀ ਦੂਜੇ ਨੇ ਆਪਣੀ ਵਾਰ ਵਿੱਚ ਗੁਰੂ ਜੀ ਦੇ ਜੀਵਨ ਨੂੰ ਇੰਝ ਉਲੀਕਿਆ ਹੈ :

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥
ਵਾਹ  ਵਾਹ   ਗੋਬਿੰਦ   ਸਿੰਘ  ਆਪੇ  ਗੁਰੁ  ਚੇਲਾ ॥
- ( ਵਾਰ ੪੧ : ੧੭ )

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਤੌਰ ‘ਤੇ ਭਾਰਤੀ ਸਮਾਜ ਨੂੰ ਅਜਿਹੀ ਮਹੱਤਵਪੂਰਨ ਅਤੇ ਵਿਲੱਖਣ ਦੇਣ ਦਿੱਤੀ ਹੈ, ਜਿਸ ਨੂੰ ਕਲਮ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਔਰੰਗਜ਼ੇਬ ਦਾ ਰਾਜ ਸੀ, ਜੋ ਜ਼ਬਰਦਸਤੀ ਲੋਕਾਈ (ਹਿੰਦੂਆਂ) ਨੂੰ ਮੁਸਲਮਾਨ ਬਣਾ ਰਿਹਾ ਸੀ। ਗੁਰੂ ਜੀ ਨੇ ਮੋਈ ਹੋਈ ਭਾਰਤ ਦੀ ਮਿੱਟੀ ਵਿੱਚੋਂ ਅਜਿਹੇ ਸੰਤ-ਸਿਪਾਹੀ ਪੈਦਾ ਕੀਤੇ, ਜਿਨ੍ਹਾਂ ਦੇਸ਼ ਅਤੇ ਕੌਮ ਦੀ ਤਕਦੀਰ ਤੇ ਤਸਵੀਰ ਹੀ ਬਦਲ ਦਿੱਤੀ। ਸੂਫੀ ਫ਼ਕੀਰ ਬੁੱਲ੍ਹੇਸ਼ਾਹ ਨੇ ਠੀਕ ਹੀ ਕਿਹਾ ਹੈ:

ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਅਗਰ ਨਾ  ਹੋਤੇ ਗੁਰੂ ਗੋਬਿੰਦ ਸਿੰਘ
ਤੋ   ਸੁੰਨਤ    ਹੋਤੀ    ਸਭ   ਕੀ ।
- ( ਦੌਲਤ ਰਾਏ “ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ”)

ਖ਼ਾਲਸਾ ਪੰਥ ਦੀ ਸਾਜਣਾ ਦੇ ਨਾਲ ਹੀ ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਮਿਟਾ ਕੇ ਸਭ ਨੂੰ ਇੱਕ ਹੀ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ। ਉਨ੍ਹਾਂ ਨੇ ਇਸ ‘ਤੇ ਪੱਕਿਆ ਰਹਿਣ ਲਈ ਕੁਝ ਨੇਮ ਵੀ ਘੜੇ, ਜਿਸ ਨੂੰ ਸਮੁੱਚੀ ਸਿੱਖ ਕੌਮ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇਨ੍ਹਾਂ ਵਿੱਚੋਂ ਕੁਝ ਇਹ ਹਨ:

• ਕਿਸੇ ‘ਤੇ ਜ਼ੁਲਮ ਨਹੀਂ ਢਾਹੁਣਾ;

• ਪਰਾਈ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਣਾ;

• ਨਿੱਤ ਨੇਮ ਦੇ ਧਾਰਨੀ ਬਣਨਾ, ਅਰਥਾਤ ਗੁਰਬਾਣੀ ਪੜ੍ਹਨਾ ਅਤੇ ਉਸ ‘ਤੇ ਅਮਲ ਕਰਨਾ;

• ਸੰਤ-ਸਿਪਾਹੀ ਬਣਨਾ, ਅਰਥਾਤ ਮਜ਼ਲੂਮਾਂ ਦੀ ਰੱਖਿਆ ਕਰਨਾ;

• ਔਰਤ ਨੂੰ ਮਰਦ ਦੇ ਬਰਾਬਰ ਮੰਨਣਾ;

• ਜਾਤ-ਪਾਤ ਵਿੱਚ ਵਿਸ਼ਵਾਸ ਨਾ ਰੱਖਣਾ;

• ਨਸ਼ਾ ਨਾ ਕਰਨਾ;

• ਮੜ੍ਹੀਆਂ-ਮਸਾਣਾਂ ਨੂੰ ਨਾ ਪੂਜਣਾ;

• ਇੱਕ ਅਕਾਲ ਪੁਰਖ ਨੂੰ ਮੰਨਣਾ;

• ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ;

• ਪੰਜ ਕਕਾਰ ਦੇ ਧਾਰਨੀ ਬਣਨਾ (ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ)

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਗੁਰਸਿੱਖ ਦੀ ਰਹਿਣੀ ਪ੍ਰਥਾਇ ਬਚਨ ਹਨ:

ਰਹਿਣੀ  ਰਹੈ  ਸੋਈ ਸਿਖ ਮੇਰਾ। ਓਹੁ  ਠਾਕੁਰੁ  ਮੈ ਉਸ ਕਾ ਚੇਰਾ।
ਰਹਿਤ ਬਿਨਾਂ ਨਹਿ ਸਿਖ ਕਹਾਵੈ। ਰਹਿਤ ਬਿਨਾਂ ਦਰ ਚੋਟਾਂ ਖਾਵੈ।
ਰਹਿਤ ਬਿਨਾਂ ਸੁਖ ਕਬਹੁੰ ਨਾ ਲਹੇ ਤਾਂ ਤੇ ਰਹਿਤ ਸੁ ਦ੍ਰਿੜ ਕਰ ਰਹੈ।

ਸਾਜਣਾ ਤੋਂ ਲੈ ਕੇ ਅੱਜ ਤੱਕ ਸਿੰਘਾਂ ਨੇ ਜਿਸ ਪ੍ਰਕਾਰ ਕੁਰਬਾਨੀਆਂ ਦਿੱਤੀਆਂ ਅਤੇ ਧਰਮ ‘ਤੇ ਆਂਚ ਨਹੀਂ ਆਉਣ ਦਿੱਤੀ, ਉਹ ਬੇਮਿਸਾਲ ਹਨ। ਸਿੱਖ ਇਤਿਹਾਸ ‘ਚ ਸ਼ਾਇਦ ਹੀ ਕੋਈ ਅਜਿਹਾ ਪੰਨਾ ਹੋਵੇਗਾ, ਜਿਸ ‘ਤੇ ਕੁਰਬਾਨੀ ਦਾ ਜ਼ਿਕਰ ਨਾ ਆਇਆ ਹੋਵੇ। ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਧਰਮ ਦੀ ਖ਼ਾਤਰ ਦੋ ਵੱਡੇ ਸਾਹਿਬਜ਼ਾਦੇ ‘ਚਮਕੌਰ ਦੀ ਗੜ੍ਹੀ’ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਲੋਕਾਈ ਨੂੰ ਦੱਸ ਦਿੱਤਾ ਕਿ ਧਰਮ ਨੂੰ ਇੰਝ ਬਚਾਅਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਗੱਲ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਥਨ ਨੂੰ ਸਾਬਤ ਕਰ ਦਿਖਾਇਆ :

ਸਵਾ ਲਾਖ  ਸੇ  ਏਕ ਲੜਾਊਂ, ਚਿੜੀਉਂ ਸੇ ਬਾਜ਼ ਤੜਾਊਂ,
ਬਿਲੀਓਂ  ਸੇ  ਸ਼ੇਰ ਮਰਾਊਂ, ਤਬੀ ਗੋਬਿੰਦ ਸਿੰਘ ਨਾਮ ਧਰਾਊਂ।
- ( ਦੌਲਤ ਰਾਏ “ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ”)

ਇੱਥੇ ਹੀ ਬੱਸ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ-ਬਰ-ਤਿਆਰ ਕਰ ਕੇ ਅੰਮ੍ਰਿਤ ਛਕਾ ਕੇ ਪੰਜਾਬ ਭੇਜਿਆ। ਉਨ੍ਹਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਨਵਾਬ ਵਜ਼ੀਰ ਖ਼ਾਨ ਨੂੰ ਉਸ ਦੇ ਕੁਕਰਮਾਂ ਦੀ ਸਜ਼ਾ ਦਿੱਤੀ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਪਿੱਛੋਂ ਅਫਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ‘ਤੇ ਘੋਰ ਜ਼ੁਲਮ ਕੀਤੇ। ਸਿੰਘ ਚਰਖੜੀਆਂ ‘ਤੇ ਚਾੜ੍ਹੇ ਗਏ, ਬੰਦ-ਬੰਦ ਕੱਟੇ ਗਏ ਅਤੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਮਾਵਾਂ ਦੀਆਂ ਝੋਲੀਆਂ ਵਿੱਚ ਪਾਏ ਗਏ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਆਦਿ ਨੇ ਧਰਮ ਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ, ਪਰ ਧਰਮ ਨੂੰ ਤੱਤੀ ‘ਵਾ ਨ੍ਹੀਂ ਲੱਗਣ ਦਿੱਤੀ। ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ:

ਬੰਦ ਬੰਦ ਕਟਵਾਏ,  ਜਾਨਾਂ ਵਾਰੀਆਂ ਨੇ,
ਮੁੱਖੋਂ ਸੀ ਨਾ ਕੀਤੀ, ਸਾਡੇ ਸਿਰਾਂ ਤੇ ਚੱਲੀਆਂ ਆਰੀਆਂ ਨੇ।
ਐਵੇਂ ਨੀ  ਲੋਕ  ਸਾਨੂੰ  ਸਰਦਾਰ ਕਹਿੰਦੇ,
ਸਿਰ     ਦੇ     ਕੇ     ਲਈਆਂ    ਸਰਦਾਰੀਆਂ    ਨੇ।

ਪਰ, ਅੱਜ ਦੇ ਦੌਰ ‘ਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਇਸ ਵਿਗਿਆਨਕ ਯੁੱਗ ਨੇ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਹੀ ਨਹੀਂ ਕੀਤਾ, ਸਗੋਂ ਅਰਾਮ-ਤਲਬ ਬਣਾ ਦਿੱਤਾ ਹੈ। ਕੇਬਲ, ਟੀ।ਵੀ। ਅਤੇ ਸੁਮੱਚੇ ਮੀਡੀਏ ਨੇ ਤਾਂ ਪੁਰਾਣੇ ਵਿਰਸੇ ਨੂੰ ਖ਼ਤਮ ਕਰਨ ‘ਤੇ ਲੱਕ ਬੰਨ੍ਹਿਆ ਹੋਇਆ ਹੈ। ਕਿੱਥੇ ਗਏ ਉਹ ਨੇਮ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਘੜੇ ਸਨ? ਕਿੱਥੇ ਗਈ ਉਹ ਇਮਾਨਦਾਰੀ, ਜਿਸ ਸਦਕਾ ਇਨ੍ਹਾਂ ਨੂੰ ਅਪਣਾਉਣ ਲਈ ਆਖਿਆ ਗਿਆ ਸੀ? ਹੁਣ ਤਾਂ ਲੋਕ ਸਭ ਕੁਝ ਭੁੱਲਦੇ ਜਾ ਰਹੇ ਨੇ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ।

ਗੁਰੂ ਜੀ ਦੇ ਸਾਜੇ ਹੋਏ ਖ਼ਾਲਸੇ ਵਿੱਚ ਦਿਨ-ਬ-ਦਿਨ ਖ਼ਾਲਸ ਘਟਦੀ ਜਾ ਰਹੀ ਹੈ। ਜਦੋਂ ਵੀ ਗੁਰਪੁਰਬ ਜਾਂ ਹੋਰ ਕੋਈ ਸਿੱਖੀ ਨਾਲ ਸੰਬੰਧਤ ਦਿਨ ਮਨਾਇਆ ਜਾਂਦਾ ਹੈ ਤਾਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਤਾਂ ਬਹੁਤ ਇਕੱਠੀ ਹੋ ਜਾਂਦੀ ਹੈ, ਪਰ ਉਨ੍ਹਾਂ ‘ਚੋਂ ਬਹੁਤਿਆਂ ਦਾ ਧਿਆਨ ਜ਼ਿਆਦਾਤਰ ਲੰਗਰ ਜਾਂ ਹੋਰ ਪਾਸੇ ਹੀ ਘੁੰਮਦਾ ਰਹਿੰਦਾ ਏ। ਹੋਰ ਤਾਂ ਹੋਰ, ਕਈ ਕੀਰਤਨੀਏ ਸਿੰਘ ਤਾਂ ਕੇਵਲ ਪਦਾਰਥਕ ਪੱਖ ਤੋਂ ਡਿਊਟੀ ਨਿਭਾਉਂਦੇ ਨੇ। ਆਪ ਹੀ ਉਹ ਸਿੱਖਿਆ ਦਿੰਦੇ ਨੇ ਕਿ ਸਾਨੂੰ ਅਰਦਾਸ ਅਤੇ ਪਵਿੱਤਰ ਵਾਕ ਇੱਕ-ਮਨ ਹੋ ਕੇ ਸਰਵਨ ਕਰਨੇ ਚਾਹੀਦੇ ਨੇ, ਪਰ ਹੁੰਦਾ ਇਸ ਦੇ ਬਿਲਕੁੱਲ ਉਲਟ ਹੈ।

ਪੈਸੇ ਦੀ ਕੋਈ ਕਮੀ ਨਹੀਂ ਹੈ, ਜੇ ਕਮੀ ਹੈ ਤਾਂ ਉਹ ਹੈ ਸ਼ਰਧਾ ਭਾਵਨਾ ਦੀ। ਸੰਗਤ ਸੋਹਣੇ ਤੋਂ ਸੋਹਣੇ ਗੁਰਦੁਆਰੇ ਬਣਾ ਰਹੀ ਹੈ, ਬਹੁਤ ਚੰਗੀ ਗੱਲ ਹੈ, ਪਰ ਇਸ ਦੇ ਨਾਲ ਹੀ ਸੰਗਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ-ਤਨ ਨੂੰ ਵੀ ਪਵਿੱਤਰ ਕਰੇ, ਜੋ ਸਮੇਂ ਦੀ ਮੁੱਖ ਲੋੜ ਹੈ।

ਅਜੋਕੇ ਸਮਾਜ ਵਿੱਚ ਕੀ ਹੋ ਰਿਹਾ ਹੈ? ਪਦਾਰਥਵਾਦ ਦਾ ਜ਼ਮਾਨਾ ਹੋਣ ਕਰ ਕੇ ਲੋਕ ਝੂਠ-ਫਰੇਬ, ਮਾਰ-ਧਾੜ, ਨਸ਼ਿਆਂ, ਆਦਿ ਵਿੱਚ ਧੱਸਦੇ ਜਾ ਰਹੇ ਨੇ। ‘ਸਿੰਘ’ ਜਾਂ ‘ਕੌਰ’ ਤਾਂ ਹਰ ਕੋਈ ਲਗਾ ਰਿਹਾ ਹੈ, ਪਰ ਸਿੱਖ ਨੂੰ ਕਿਹੜੇ ਕੰਮ ਕਰਨੇ ਅਤੇ ਕਿਹੜੇ ਨਹੀਂ ਕਰਨੇ ਚਾਹੀਦੇ, ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜੋ ਸਿੰਘ ਸਜੇ ਹਨ, ਜ਼ਿਆਦਾਤਰ ਉਹ ਵੀ ਗੁਰੂ ਰਹਿਤ ਮਰਿਯਾਦਾ ਵਿੱਚ ਨਹੀਂ ਰਹਿੰਦੇ, ਅਰਥਾਤ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰਦੇ ਨੇ, ਡੇਰਿਆਂ ‘ਚ ਹਾਜ਼ਰੀ ਭਰਦੇ ਨੇ, ਵਿਭਚਾਰ ਵਿਚ ਫਸਦੇ ਨੇ। ਗੁਰੂ ਸਾਹਿਬਾਨ ਫ਼ੁਰਮਾਣ ਕਰਦੇ ਹਨ:

ਖ਼ਾਲਸਾ ਮੇਰੋ ਰੂਪ ਹੈ  ਖ਼ਾਸ ॥ ਖ਼ਾਲਸੇ  ਮਹਿ  ਹੌ  ਕਰੌ ਨਿਵਾਸ ॥
ਖ਼ਾਲਸਾ ਮੇਰੋ ਮੁਖ  ਹੈ ਅੰਗਾ ॥ ਖ਼ਾਲਸੇ  ਕੇ  ਹੌਂ ਸਦ ਸਦਾ ਸੰਗਾ ॥
ਖ਼ਾਲਸਾ ਮੇਰੋ ਇਸ਼ਟ ਸੁਹਿਰਦ ॥ ਖ਼ਾਲਸਾ ਮੇਰੋ ਕਹੀਅਤ ਬਿਰਦ ॥
- ( ਸਰਬ ਲੋਹ ਗ੍ਰੰਥ ‘ਚੋਂ )

ਆਓ ਰਲ-ਮਿਲ ਕੇ ਹੰਭਲਾ ਮਾਰੀਏ, ਲੋਕਾਈ ਨੂੰ ਸਹੀ ਰਾਹ ‘ਤੇ ਤੋਰੀਏ। ਖ਼ਾਲਸਾ ਪੰਥ ਦੀ ਸਾਜਣਾ ਦੇ ਉੱਚੇ-ਸੁੱਚੇ ਆਦਰਸ਼ਾਂ ਨੂੰ ਸਮਕਾਲੀ ਵਿਹਾਰ ਵਿੱਚ ਲਾਗੂ ਕਰ ਕੇ ਕ੍ਰਾਂਤੀਕਾਰੀ ਤਬਦੀਲੀ ਲਿਆਈਏ, ਭਾਈਚਾਰੇ ਦੀ ਭਾਵਨਾ ਦੇ ਸੀਮਿੰਟ ਨਾਲ ਜਾਤ-ਪਾਤ ਦੇ ਕੋਹੜ ਕਾਰਨ ਵੱਧ ਰਹੀਆਂ ਸਮਾਜਿਕ ਤ੍ਰੇੜਾਂ ਨੂੰ ਭਰੀਏ ਅਤੇ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੋਂ ਰੋਕਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਜ਼ਰੂਰੀ ਇਹ ਹੈ ਕਿ ਇੱਕ ਦੂਜੇ ਦੀਆਂ ਜੜ੍ਹਾਂ ਨਾ ਵੱਢੀਏ, ਸਗੋਂ ਇੱਕ ਦੂਜੇ ਦੇ ਸਹਿਯੋਗੀ ਬਣੀਏ, ਜਿਵੇਂ ਭਾਈ ਘਨੱ੍ਹਈਆ ਜੀ ਸੱਚੇ ਦਿਲੋਂ ਸਭ ਦੀ ਸੇਵਾ ਕਰਿਆ ਕਰਦੇ ਸਨ। ਫਿਰ ਹੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੋਵਾਂਗੇ। ਇਤਿਹਾਸਕਾਰ ਚਾਰਲਸ ਬੀਅਰਡ ਨੇ ਸਮੁੱਚਾ ਸਿੱਖ ਇਤਿਹਾਸ ਚਾਰ ਲਾਈਨਾਂ ਵਿੱਚ ਇਉਂ ਪੇਸ਼ ਕੀਤਾ ਹੈ:

“ਸਤਿਗੁਰੂ ਜਗਤ ਵਿਚ ਪਠਾਏ। ਇਥੇ ਵਿਚਰੇ। ਜੀਅ ਦਾਨ, ਨਾਮ ਦਾਨ ਤੇ ਉਪਦੇਸ਼ ਦਾਨ ਦਿੱਤਾ। ਲੋਕਾਂ ਨਾਲ ਵਾਹ ਪਏ। ਮਿਹਰਾਂ ਕੀਤੀਆਂ। ਮੁਸ਼ਕਿਲਾਂ ਆਈਆਂ। ਖੇਦ ਝੱਲੇ। ਅਸੂਲ ਪਾਲੇ। ਆਪੇ ਵਾਰੇ। ਲੋਕ ਹਨੇਰੇ ਵਿੱਚੋਂ ਕੱਢੇ। ਜੀਵਤ ਭਾਵ ਵਿਚ ਆ ਕੇ, ਉਨ੍ਹਾਂ ਜੀਅ ਉੱਠਿਆਂ ਨੇ ਆਪਾ ਵਾਰ ਕਰਨੀਆਂ ਤੇ ਕਮਾਲ ਵਿਖਾਏ” ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>