ਪੰਜਾਬੀ ਲੇਖਕਾਂ ਦਾ ਮੱਕਾ : ਪੰਜਾਬੀ ਭਵਨ, ਲੁਧਿਆਣਾ

ਦੇਸ਼-ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਕੇਵਲ ਪੰਜ ਦਰਿਆਵਾਂ ਵਾਲੇ ਇਸ ਵਿਸ਼ਾਲ ਸੂਬੇ ਦੀ ਪ੍ਰਸ਼ਾਸਨਿਕ ਰਾਜਧਾਨੀ ਹੀ ਨਹੀਂ ਸੀ, ਸਗੋਂ ਸਿਆਸੀ, ਸਮਾਜਿਕ, ਧਾਰਮਿਕ, ਵਿਦਿਅਕ ਕੇਂਦਰ ਵੀ ਸੀ। ਇਸ ਦੇ ਨਾਲ ਹੀ ਸਾਹਿਤੱਕ,ਕਲਾਤਮਿਕ,ਰੰਗ-ਮੰਚ ਅਤੇ ਸਭਿਆਚਾਰਕ ਸਰਗਰਮੀਆਂ ਅਤੇ ਫਿਲਮਾਂ ਬਣਾੳੇੁਣ ਦਾ ਕੇਂਦਰ ਵੀ ਸੀ।ਲਾਹੌਰ ਕੇਵਲ ਇਕ ਸ਼ਹਿਰ ਹੀ ਨਹੀਂ, ਪੰਜਾਬੀਆਂ ਦੀ ਸਖਸ਼ੀਅਤ ਦਾ ਇਕ ਅਨਿਖੜਵਾਂ ਹਿੱਸਾ ਸੀ। ਕਿਹਾ ਜਾਂਦਾ ਹੈ ਕਿ “ਜਿਸ ਨੇ ਲਾਹਰ ਨਹੀਂ ਦੇਖਿਆ,ਉਹ ਹਾਲੇ ਜੰਮਿਆ ਹੀ ਨਹੀ ਨਹੀਂ।” ਇਸ ਚੰਦਰੀ ਦੇਸ਼-ਵੰਡ ਕਾਰਨ ਲਾਹੌਰ ਨਵੇਂ ਬਣੇ ਇਸਲਾਮੀ ਦੇਸ਼ ਪਾਕਿਸਤਾਨ ਵਿਚ ਚਲਾ ਗਿਆ, ਜਿਸ ਕਾਰਨ ਇਨ੍ਹਾ ਸਰਗਰਮੀਆਂ ਨੂੰ ਡੂੰਘੀ ਸੱਟ ਵੱਜੀ। ਪਾਕਿਸਤਾਨ ਤੋਂ ਜਿੱਥੇ ਲੱਖਾਂ ਹੀ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ-ਬਾਰ, ਕੰਮ-ਕਾਜ, ਕਾਰੋਬਾਰ, ਜ਼ਮੀਨਾਂ ਜਾਇਦਾਦਾਂ ਆਦਿ ਛੱਡ ਕੇ, ਉਜੜ ਕੇ ਮਜਬੂਰਨ ਰਫ਼ਿਊਜੀ ਬਣ ਕੇ ਇੱਧਰ ਹਿੰਦੁਸਤਾਨ,ਜਿਸ ਨੂੰ ਹੁਣ ਭਾਰਤ ਕਿਹਾ ਜਾਣ ਲਗਾ ਹੈ, ਆਉਣਾ ਪਿਆ,ਉਹ ਸ਼ਰਨਾਰਥੀ ਕੈਂਪਾਂ ਵਿਚ ਰੁਲਦੇ ਰਹੇ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਪੰਜਾਬੀ ਸ਼ਰਨਾਰਥੀ ਨੇ ਕਿਸੇ ਅੱਗੇ ਹੱਥ ਨਹੀਂ ਅੱਡਿਆ, ਸਗੋਂ ਅਪਣੀ ਕਰੜੀ ਮੇਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਕੇ ਨਵੇਂ ਸਿਰੇ ਤੋਂ ਅਪਣੇ ਪੈਰਾਂ ਤੇ ਖੜੇ ਹੋਏ।

ਲਾਹੌਰ ਵਿਖੇ ਫਿਲਮੀ ਜਗਤ ਵਿਚ ਕੰਮ ਕਰਨ ਵਾਲੇ ਲਗਪਗ ਸਾਰੇ ਹਿੰਦੂ ਤੇ ਸਿੱਖ ਅਦਾਕਾਰ, ਗੀਤਕਾਰ, ਸੰਗੀਤਕਾਰ, ਡਾਇਰੈਕਟਰ ਆਦਿ ਬੰਬਈ ਜਾ ਕਲਕਤਾ ਚਲੇ ਗਏ, ਪੰਜਾਬੀ ਲੇਖਕ ਵਧੇਰੇ ਕਰਕੇ ਸ਼ਿਮਲਾ, (ਉਸ ਸਮੇ ਪੰਜਾਬ ਦੀ ਗਰਮੀਆਂ ਦੀ ਰਾਜਧਾਨੀ), ਲੁਧਿਆਣਾ, ਜਾਲੰਧਰ, ਅੰਮ੍ਰਿਤਸਰ, ਦਿੱਲੀ, ਬੰਬਈ ਤੇ ਹੋਰ ਸ਼ਹਿਰਾਂ ਵਿੱਚ, ਜਿੱਥੇ ਪੈਰ ਟਿੱਕ ਸਕੇ, ਜਾ ਕੇ ਵਸ ਗਏ। ਪੰਜਾਬੀ ਨਾਟਕ ਦੀ ਨੱਕੜਦਾਦੀ ਮਿਸਿਜ਼ ਨੋਰਾ ਰਿਚਰਡਜ਼ 1935 ਵਿਚ ਲਾਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਵਿਖੇ ਚੱਲੇ ਗਏ ਤੇ ਇਸ ਥਾ ਨੂੰ ਰੰਗ ਮੰਚ ਦੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ ਸੀ। ਅਗਸਤ 1947 ਵਿਚ ਨਾਮਵਰ ਚਿਤਰਕਾਰ ਸੋਭਾ ਸਿੰਘ ਵੀ ਲਾਹੌਰ ਤੋਂ ਸਿੱਧੇ ਹੀ ਅੰਦਰੇਟਾ ਗਏ ਤੇ ਉਥੇ ਪੱਕੇ ਤੌਰ ਤੇ ਟਿੱਕ ਗਏ। ਪਿੱਛੋਂ ਚਿਤਰਕਾਰ ਬੀ.ਸੀ. ਸਾਨਿਆਲ ਤੇ ਨੀਲੀ ਕੁੰਭਕਾਰੀ ਵਾਲੇ ਕੁੰਭਕਾਰ ਗੁਰਚਰਨ ਸਿੰਘ ਵੀ ਅੰਦਰੇਟਾ ਆ ਗਏ। ਪੰਜਾਬੀ ਸਾਹਿਤ,ਕਲਾ ਤੇ ਸਭਿਆਚਾਰਕ ਸਰਗਰਮੀਆਂ ਦਾ ਕੋਈ ਇਕ ਮਜ਼ਬੂਤ ਕੇਂਦਰ ਨਾ ਬਣ ਸਕਿਆ।

ਆਜ਼ਾਦੀ ਮਿਲਣ ਦੇ ਅਗਲੇ ਵਰੇ ਤੋਂ ਚੜ੍ਹਦੇ  ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦਾ ਮਾਧਿਆਮ ਉਰਦੂ ਦੀ ਥਾਂ ਪੰਜਾਬੀ ਤੇ ਹਿੰਦੀ ਕਰ ਦਿੱਤਾ ਗਿਆ। ਕਈ ਕਾਲਜਾਂ ਵਿੱਚ ਪੰਜਾਬੀ ਦੀ ਐਮ.ਏ. ਦੀ ਪੜ੍ਹਾਈ ਹੋਣ ਲਗੀ। ਵਧੇਰੇ ਕਰਕੇ ਪੰਜਾਬੀ ਪੜ੍ਹਾਉਣ ਵਾਲੇ ਪ੍ਰੋਫੈਸਰ ਅੰਗਰੇਜ਼ੀ, ਉਰਦੂ, ਫਾਰਸੀ, ਅਰਬੀ ਤੇ ਕਿਸੇ ਹੋਰ ਵਿਸ਼ੇ ਦੀ ਐਮ.ਏ. ਪਾਸ ਸਨ, ਪਰ ਮਾਂ-ਬੋਲੀ ਪੰਜਾਬੀ ਨਾਲ  ਧੁਰ ਅੰਦਰੋਂ ਪਿਆਰ ਸੀ।ਇਨ੍ਹਾਂ ਪਰੌਫੈਸਰਾਂ ਵਿਚ ਪ੍ਰੋ. ਸ਼ੇਰ ਸਿੰਘ, ਪ੍ਰੋ. ਉਜਾਗਰ ਸਿੰਘ, ਪ੍ਰੋ. ਬਲਵੰਤ ਸਿੰਘ, ਪ੍ਰੋ. ਪ੍ਰੀਤਮ ਸਿੰਘ,, ਪ੍ਰੋ.ਵਿਦਿਆ ਪ੍ਰਭਾਕਰ, ਪ੍ਰੋ. ਕ੍ਰਿਪਾਲ ਸਿੰਘ ਕਸੇਲ  ਦੇ ਨਾਂ ਵਰਨਣਯੋਗ ਹਨ। ਪਿੋਛੋਂ ਪ੍ਰੋ. ਪਿਆਰ ਸਿੰਘ, ਅਤੇ ਡਾ. ਪਰਮਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਭਾਈ ਜੋਧ ਸਿੰਘ ਵੀ ਲੁਧਿਆਣਾ ਆ ਮਿਲੇ।ਵਿਦਿਆਰਥੀਆ ਲਈ ਪੁਸਤਕਾਂ ਦਾ ਵੀ ਮਸਲ਼ਾਂ ਸੀ। ਇਹ ਸਾਰੇ ਪੰਜਾਬੀ ਦੁਲਾਰੇ ਆਪਸ ਵਿਚ ਮਿਲ ਕੇ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਯੋਜਨਾਵਾਂ ਤੇ ਵਿਚਾਰ ਵਿਟਾਂਦਰਾਂ ਕਰਦੇ ਰਹੇ। ਇਸ ਸੋਚ ਵਿਚਾਰ ਤੇ ਮੰਥਨ ਵਿਚੋਂ ਹੀ 1954 ਵਿਚਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਮ ਹੋਇਆ। ਭਾਈ (ਡ) ਜੋਧ ਸਿੰਘ ਨੂੰ  ਇਸ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਮਿਲਆੇ। ਇਸ ਸਾਹਿਤ ਅਕਾਡਮੀ ਦੇ ਹੀ ਇੱਕ ਮੱਤੇ ਉਤੇ ਫੁੱਲ ਚੜ੍ਹਾਉਦੇ ਹੋਏ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਉਸੇ ਪਹਿਲ ਉਪ-ਕੁਲਪਤੀ ਵੀ ਭਾਈ ਜੋਧ ਸਿੰਘ ਨੂੰ ਮਾਣ ਬਖ਼ਸ਼ਿਆ ਗਿਆ। ਸਾਲ 1956 ਵਿਚ  ਕੈਰੋਂ ਵਜ਼ਾਰਤ ਵਿਚ ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਆਪਣਾ ਦਫਤਰ ਤੇ ਪੰਜਾਬੀ ਭਵਨ ਸਥਾਪਤ ਕਰਨ ਲਈ ਭਾਰਤ ਨਗਰ ਚੌਕ ਲਾਗੇ  ਇਕ ਵੱਡਾ ਪਲਾਟ ਅਲਾਟ ਕੀਤਾ।(ਇਹ ਜ਼ਮੀਨ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦਾ ਇਕ ਫਾਰਮ ਸੀ) ਅਕਾਡਮੀ ਨੇ ਇੱਥੇ  ਦੋ ਜੁਲਾਈ 1956 ਨੂੰ ਪੰਜਾਬੀ ਭਵਨ ਦੀ ਉਸਾਰੀ ਲਈ ਤਤਕਾਲੀ ਰਾਸ਼ਟ੍ਰਪਤੀ ਡਾ. ਐਸ. ਰਾਧਾਕ੍ਰਿਸ਼ਨਨ ਤੋਂ ਨੀਂਹ – ਪੱਥਰ ਰੱਖਵਾਇਆ। ਅੰਗਰੇਜ਼ੀ ਦੀ ਇਕ ਕਹਾਵਤ ਹੈ, “ਰੋਮ ਇੱਕ ਦਿਨ ਵਿਚ ਨਹੀਂ ਬਣਿਆ।” ਪਿੱਛਲੇ ਸਾਲਾਂ ਵਿਚ ਅਕਾਦਮੀ ਨੇ ਬੜਾ ਹੀ ਮਹੱਤਵਪੂਰਨ ਸਫ਼ਰ ਕੀਤਾ ਹੈ ਅਤੇ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਖੇਤਰ ਵਿਚ ਅਪਣਾ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਇਸ ਵੱਲੋਂ ਨਿਸਚੇ ਹੀ ਲਾਹੌਰ ਦੀ ਘਾਟ ਪੂਰੀ ਕਰਨ ਦੀ ਪੂਰੀ ਸੰਭਾਵਨਾ ਹੈ। ਵਿਸ਼ਵ ਭਰ ਵਿਚੋਂ ਪੰਜਾਬੀ ਦਾ ਲਗਪਗ ਹਰ ਨਾਮਵਰ ਸਹਿਤਕਾਰ ਇਸ ਦਾ ਜੀਵਨ ਮੈਂਬਰ ਹੈ।ਕਿਸੇ ਵੀ ਹੋਰ ਦੇਸ਼ ਤੋਂ ਕੋਈ ਪ੍ਰਵਾਸੀ ਪੰਜਾਬੀ ਲੇਖਕ ਪੰਜਾਬ ਆਉਂਦਾ ਹੈ, ਇਕ ਵਾਰ ਅਕਾਡਮੀ ਚੱਕਰ ਜ਼ਰੂਰ ਮਾਰਦਾ ਹੈ।
ਅਕਾਡਮੀ ਦੇ ਇਸ ਸਮੇਂ ਦੇਸ ਵਿਦੇਸ਼ ਚੋਂ ਦੋ ਹਜ਼ਾਰ ਦੇ ਕਰੀਬ ਪੰਜਾਬੀ ਲੇਖਕ ਜੀਵਨ ਮੈਂਬਰ ਹਨ। ਇਸ ਦੀ ਮੈਂਬਰਸ਼ਿਪ ਣ ਲਈ ਲੇਖਕ ਦੀ ਪੰਜਾਬੀ ਵਿਚ ਘਟੋ ਘੱਟ ਇਕ ਪੁੱਸਤਕ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ। ਅੰਤ੍ਰਿੰਗ ਕਮੇਟੀ ਇਸ ਦਾ ਮੁਲਾਕਨ ਕਰਵਾਉਂਦੀ ਹੈ।

ਮਾਂ-ਬੋਲੀ ਪੰਜਾਬੀ ਜਿਨ੍ਹਾ ਸੁਹਰਦ ਦੁਲਾਰਿਆਂ ਨੇ ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣਾ ਯੋਗਦਾਨ  ਪਾਇਆ, ਸੰਮੂਹ ਪੰਜਾਬੀ ਪਿਆਰੇ ਉਨ੍ਹਾਂ ਦੇ ਬਹੁਤ ਹੀ ਰਿਣੀ ਹਨ ਤੇ ਉਹ ਪੂਜਣਯੋਗ ਹਨ। ਅਕਾਡਮੀ ਨੂੰ ਉਸ ਬਾਰੇ ਇਤਿਹਾਸ ਲਿਖਣਾ ਚਾਹੀਦਾ ਹੈ (ਪ੍ਰ. ਗੁਰਭਜਨ ਸਿੰਘ ਗਿਲ ਅਨੁਸਾਰ ਅਕਾਡਮੀ ਵਲੋਂ ਇਸ ਪ੍ਰੋਜੈਕੇਟ ਉਤੇ ਕੰਮ ਕਰਵਾਇਆ ਜਾ ਰਿਹਾ ਹੈ) ਅਤੇ ਅਕਾਡਮੀ ਨੂੰ ਹਰ ਵਰ੍ਹੇ ਆਪਣਾ ਸਥਾਪਣਾ ਦਿਵਸ ਮਨਾਉਣਾ ਚਾਹੀਦਾ ਹੈ ਅਤੇ ਇਸ ਖਿਤੇ ਵਿਚ ਰਹਿਣ ਵਾਲੇ ਪੰਜਾਬੀ ਸਾਹਿਤਕਾਰਾਂ ਨੂੰ ਇਸ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।

ਅਕਾਡਮੀ ਕੇਵਲ ਲੇਖਕਾ ਵਲੋਂ ਜੀਵਨ ਮੈਂਬਰ ਬਣਨ ਵੇਲੇ ਦਿੱਤੀ ਗਈ ਦਾਖਿਲਾ ਫੀਸ ਦੇ ਸਿਰ ਤੇ ਹੀ ਚਲ ਰਹੀ ਹੈ। ਕੋਈ ਸਰਕਾਰੀ ਸਹਇਤਾ ਨਹੀਂ ਮਿਲਦੀ, ਡਾ. ਉਪਿੰਦਰਜੀਤ ਕੌਰ ਜਦੋਂ ਸੂਬੇ ਦੇ ਖਜ਼ਾਨਾ ਮੰਤਰੀ ਸਨ, ਉਹਨਾਂ ਬਜਟ ਵਿਚ ਅਕਾਡਮੀ ਨੂੰ ਗ੍ਰਾਂਟ ਦੇਣ ਲਈ ਇਕ ਕਰੋੜ ਰੁਪਏ ਰੱਖੇ ਸਨ, ਪਰ  ਉਹ ਵੀ ਨਹੀਂ ਮਿਲੇ। ਪੰਜਾਬ ਤੋਂ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਕਈ ਵਾਰੀ ਉਹਨਾਂ ਦੇ  ਵਿਕਾਸ ਫੰਡ ਵਿਚ ਗ੍ਰਾਂਟ ਮਿਲ ਜਾਂਦੀ ਹੈ ਪਿਛਲ਼ੇ ਦਿਨੀ ਸਾਬਕਾ ਕੇਂਦਰੀ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ 25 ਲੱਖ ਰੁਪਏ ਦਿੱਤੇ ਸਨ, ਜਾਂ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਕਦੀ ਕਦੀ ਗਰਾਂਟ ਦੇ ਦਿੰਦੀ ਹੈ। ਪੰਜਾਬ ਸਰਕਾਰ ਨੁੰ ਇਸ ਲਈ ਹਰ ਸਾਲ ਸਹਾਇਤਾ ਕਰਨੀ ਚਾਹੀਦੀ ਹੈ।

ਅਕਾਡਮੀ ਦੇ ਹੁਣ ਤੱਕ ਕ੍ਰਮਵਾਰ ਰਹੇ ਪ੍ਰਧਾਨ : ਡਾ. ਭਾਈ ਜੋਧ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ , ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ. ਸਰਦਾਰਾ ਸਿੰਘ ਜੌਹਲ , ਸ. ਅਮਰੀਕ ਸਿੰਘ ਪੁਨੀ, ਡਾ. ਸੁਰਜੀਤ ਪਾਤਰ. ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ,। ਅੱਜਕਲ ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ ਤੇ ਡਾ. ਸੁਰਜੀਤ ਸਿੰਘ ਜਨਰਲ ਸਕਤਰ ਵਜੋਂ ਸੇਵਾ ਨਿਭਾ ਰਹੇ ਹਨ। ਪਹਿਲੇ ਚਾਰ ਪੰਜ ਪ੍ਰਧਾਨਾਂ ਨੇ ਅਕਾਡਮੀ ਦੇ ਵਿਕਾਸ ਲਈ ਬੜਾ ਅਹਿਮ  ਯੋਗਦਾਨ ਪਾਇਆ ਹੈ, ਡਾ, ਜੌਹਲ ਤਾ ਹੁਣ ਤਕ ਅਕਾਡਮੀ ਦੀਆਂ ਸਰਗਰਮੀਆਂ ਵਿਚ ਸ਼ਿਰਕਤ ਕਰ ਰਹੇ ਹਨ ਤੇ ਅਗਵਾਈ ਦੇ ਰਹੇ ਹਨ।

ਅਕਾਡਮੀ ਵਲੋਂ ਕੇਂਦਰੀ ਲੇਖਕ ਸਭਾ, ਪੰਜਾਬ ਜਾਗ੍ਰਤੀ ਮੰਚ ਤੇ ਅਜੇਹੀਆਂ ਹੋਰ ਸੰਸਥਾਵਾ ਦੇ ਸਹਿਯੋਗ ਨਾਲ ਸੂਬੇ ਦੇ ਰਾਜ ਪ੍ਰਸਾਸ਼ਨ, ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਮਾਂ-ਬੋਲੀ ਪੰਜਾਬੀ ਵਿਚ  ਦੇਣ ਅਤੇ ਹੇਠਲੀਆਂ ਅਦਾਲਤਾਂ ਵਿਚ ਰਾਜ ਭਾਸ਼ਾ ਪੰਜਾਬੀ ਪੂਰੀ ਤਰਾਂ ਲਾਗੂ ਕਰਨ ਲਈ ਸਮੇਂ ਸਮੇਂ ਸੈਮੀਨਾਰ, ਧਰਨੇ , ਰੋਸ ਮਾਰਚ ਆਦਿ ਦਾ ਆਯੋਜਨ ਕਰਕੇ ਯਤਨ ਕੀਤੇ ਜਾਂਦੇ ਹਨ।

ਅਕਾਦਮਿਕਤਾ ਨੂੰ ਹੁਲਾਰਾ ਦੇਣ ਲਈ ਅਕਾਡਮੀ ਨੇ 1955 ਵਿਚ ਡਾ. ਪਿਆਰ ਸਿੰਘ ਦੀ ਸੁਯੋਗ ਅਗਵਾਈ ਹੇਠ ਇਕ ਰੈਫ਼ਰੇਂਸ ਲਾਇਬਰੇਰੀ ਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ, ਜੋ ਹੁਣ ਪੰਜਾਬ ਦੀ ਇਕ ਮਹੱਤਵਪੂਰਨ ਲਾਇਬਰੇਰੀ ਬਣ ਚੁਕੀ ਹੈ। ਡਾ.ਪਿਆਰ ਸਿੰਘ ਦੇ ਲੁਧਿਆਣਾ ਤੋਂ ਚਲੇ ਜਾਣ ਕਾਰਨ ਇਸ ਲਾਇਬਰੇਰੀ ਦੇ ਵਿਕਾਸ ਵਿਚ ਕੁਝ ਖੜੋਤ ਆ ਗਈ ਸੀ। ਪਹਿਲੀ ਅਕਤੂਬਰ 1994 ਤੋਂ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਬਤੌਰ ਆਨਰੇਰੀ ਡਾਇਰੈਕਟਰ ਇਸ ਲਾਇਬਰੇਰੀ ਦਾ ਕਾਰ-ਭਾਰ ਸੰਭਾਲਿਆ ਤੇ ਇਸ ਨੁੰ ਵਿਕਾਸ-ਮਾਰਗ ਤੇ ਤੋਰਨ ਲਈ ਅਣਥਕ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਦੇ ਫ਼ਲ ਸਰੂਪ ਡਾ.ਪਰਮਿੰਦਰ ਸਿੰਘ , ਡਾ.ਸੁਰਿੰਦਰ ਸਿੰਘ ਨਰੂਲਾ,ਡਾ.ਹਰਚਰਨ ਸਿੰਘ ਤੇ ਹੋਰ ਦਰਜਨਾਂ ਵਿਦਵਾਨਾਂ ਨੇ ਪੁਸਤਕਾਂ ਤੇ ਥੀਸਿਸਾਂ ਦੇ ਰੂਪ ਵਿਚ ਬਹੁਮੁੱਲਾ ਯੋਗਦਾਨ ਪਾਇਆ ਹੈ।ਇਸ ਸਮੇਂ ਇਸ ਰੈਫ਼ਰੈਂਸ ਲਾਇਬਰੇਰੀ ਵਿਚ ਤਕੀਬਨ 57 ਹਜ਼ਾਰ ਪੁਸਤਕਾਂ ਹਨ।

ਅਕਾਡਮੀ ਵਲੋਂ ਪੰਜਾਬੀ ਭਵਨ ਕੰਪਲੈਕਸ ਦੇ ਅੰਦਰ ਹੀ ਇਕ ਬੁਕ ਮਾਰਕਿਟ ਬਣਾਈ ਗਈ ਹੈ, ਜਿਥੇ ਕਈ ਪ੍ਰਕਾਸ਼ਕ ਤੇ ਪੁਸਤਕ ਵਿਕਰੇਤਾ ਨੇ ਆਪਣਾ ਆਪਣਾ ਕਾਰਜ ਕਰਨਾ ਸੁਰੂ ਕਰ ਦਿੱਤਾ ਹੋਇਆ ਹੈ। ਅਕਾਡਮੀ ਦੀ ਆਪਣੀ ਇਕ ਦੁਕਾਨ ਹੈ, ਜਿਥੇ ਲੇਖਕ ਆਪਣੀਆਂ ਕਿਤਾਬਾਂ ਅੱਧੇ ਮੁੱਲ਼ ਤੇ ਵੇਚਣ ਲਈ ਰੱਖ ਜਾਂਦੇ ਹਨ। ਆਪਣੀਆਂ ਪਰਕਾਸ਼ਨਾਵਾਂ ਦੇ ਨਾਲ ਅਕਾਡਮੀ 40 ਫ਼ੀਸਦੀ ਮੁੱਲ ਤੇ ਇਹ ਕਿਤਾਬਾਂ ਵੇਚਦੀ ਹੈ ਤੇ ਲੇਖਕਾ ਨੂੰ ਪੈਸੇ ਦੇ ਦਿੰਦਾ ਹੈ।

ਰੰਗ ਮੰਚ ਦੀਆਂ ਸਰਗਰਮੀਆਂ ਲਈ ਇਸ ਕੰਪਲੇਕਸ ਅੰਦਰ ਇਕ ਖੁਲ੍ਹਾ ਰੰਗ ਮੰਚ ਬਣਿਆ ਹੋਇਆ ਹੈ, ਜਿੱਥੇ ਅਕਸਰ ਮਹੀਨੇ ਵਿਚ ਇਕ ਦੋ ਵਾਰੀ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈੇ, ਜਿਸ ਨੂੰ ਵੇਖਣ ਲਈ ਦਰਸ਼ਕਾਂ ਦੀ ਗਿਣਤੀ ਉਤਸ਼ਾਹਜਨਕ ਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>