ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਚ ਸਿਖਿਆ ਕੋਰਸਾਂ ’ਚ ਦਾਖਲੇ ਲਈ ਭਾਰਤ ਸਰਕਾਰ ਵੱਲੋਂ ਕਰਵਾਈ ਜਾਂਦੀਆਂ ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਨੂੰ ਲੁਹਾਉਣ ਦੇ ਸਾਹਮਣੇ ਆ ਰਹੇ ਰੁਝਾਨ ਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧੀ ਕੇਂਦਰੀ ਮਨੁਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਕੇਂਦਰੀ ਘਟਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਸ਼ਿਕਾਇਤੀ ਪੱਤਰ ਭੇਜਿਆ ਹੈ।
ਜੀ.ਕੇ. ਨੇ ਪੱਤਰ ਰਾਹੀਂ ਸਿੱਖ ਕਕਾਰਾਂ ਨੂੰ ਸਿੱਖ ਵਿਦਿਆਰਥੀ ਲਈ ਜਰੂਰੀ ਦੱਸਦੇ ਹੋਏ ਪ੍ਰੀਖਿਆ ਕੇਂਦਰਾਂ ਨੂੰ ਇਸ ਸਬੰਧੀ ਜਰੂਰੀ ਦਿਸ਼ਾ-ਨਿਰਦੇਸ਼ ਭੇਜਣ ਦੀ ਮੰਗ ਕੀਤੀ ਹੈ। ਬੀਤੇ ਦਿਨੀ ਕੁਝ ਸਿੱਖ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਜਾਣ ਤੋਂ ਪਹਿਲਾ ਕੜਾ ਉਤਰਵਾਉਣ ਦੀ ਸਾਹਮਣੇ ਆਈਆਂ ਖਬਰਾਂ ਨੂੰ ਮੰਦਭਾਗਾ ਦੱਸਦੇ ਹੋਏ ਜੀ.ਕੇ. ਨੇ ਪ੍ਰੀਖਿਆ ਕੇਂਦਰ ’ਚ ਵਿਦਿਆਰਥੀ ਦੇ ਧਾਤੂ ਦੀਆਂ ਵਸਤੂਆਂ ਦੇ ਨਾਲ ਦਾਖਿਲ ਹੋਣ ਤੇ ਲਗੀ ਰੋਕ ਨੂੰ ਸਿੱਖ ਬੱਚਿਆਂ ਦੀ ਧਾਰਮਿਕ ਆਜ਼ਾਦੀ ’ਤੇ ਚੋਟ ਕਰਾਰ ਦਿੱਤਾ ਹੈ।
ਜੀ.ਕੇ. ਨੇ ਕਿਹਾ ਕਿ ਇਕ ਪਾਸੇ ਸਾਡਾ ਸੰਵਿਧਾਨ ਸਾਨੂੰ ਆਪਣੇ ਧਾਰਮਿਕ ਅਧਿਕਾਰਾਂ ਦੇ ਨਾਲ ਜੀਉਣ ਦੀ ਆਜ਼ਾਦੀ ਦਿੰਦਾ ਹੈ ਤੇ ਦੂਜੇ ਪਾਸੇ ਪ੍ਰੀਖਿਆ ਕਰਵਾ ਰਹੀਆਂ ਏਜੰਸੀਆਂ ਦਾ ਵਤੀਰਾ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਲਗਦਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ 25(1) ਦੇ ਤਹਿਤ ਨਾਗਰਿਕਾਂ ਨੂੰ ਮਿਲੇ ਧਾਰਮਿਕ ਅਧਿਕਾਰਾਂ ਦਾ ਵੀ ਜੀ.ਕੇ. ਨੇ ਪੱਤਰ ’ਚ ਹਵਾਲਾ ਦਿੱਤਾ ਹੈ। ਕੜੇ ਦੇ ਨਾਲ ਹੀ ਕ੍ਰਿਪਾਨ ਤੇ ਲਗੀ ਰੋਕ ਨੂੰ ਤੁਰੰਤ ਹਟਾਉਣ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਭਾਰਤ ਸਰਕਾਰ ਨੂੰ ਮੈਡੀਕਲ ਕੋਰਸਾ ’ਚ ਦਾਖਿਲੇ ਲਈ ਹੋ ਰਹੀ ‘‘ਨਿਟ’’ ਪ੍ਰੀਖਿਆ ਤੋਂ ਪਹਿਲਾਂ ਇਸ ਸਬੰਧੀ ਜਰੂਰੀ ਹੁਕਮ ਪ੍ਰੀਖਿਆ ਕੇਂਦਰਾਂ ਨੂੰ ਛੇਤੀ ਭੇਜਣ ਦੀ ਵੀ ਵਕਾਲਤ ਕੀਤੀ ਹੈ।