ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ 21 ਪਤਿਤ ਮੈਂਬਰਾਂ ਦੀ ਸੂਚੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ

ਅੰਮ੍ਰਿਤਸਰ – ਸ੍ਰ. ਭਜਨ ਸਿੰਘ ਵਾਲੀਆ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ 21 ਮੈਂਬਰਾਂ ਵੱਲੋ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਦਾਹੜੀ ਰੰਗਣ ਦਾ ਦੋਸ਼ ਲਗਾਉਦਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆ ਨੂੰ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਬਾਦਲ ਦਲ ਦੇ ਦਿਲੀ ਨਗਰ ਨਿਗਮ ਦੀਆ ਵਿੱਚ ਗਾਤਰੇ ਪਾ ਕੇ ਮੰਦਰਾਂ ਵਿੱਚ ਜਾ ਕੇ ਟਿੱਕੇ ਲਗਾਉਦੇ ਰਹੇ ਹਨ ਉਹਨਾਂ ਦੀ ਵੀ ਸ਼ਨਾਖਤ ਕੀਤੀ ਜਾਵੇ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੀ.ਆਰ ਓ ਭੁਪਿੰਦਰ ਸਿੰਘ ਰਾਹੀ ਭੇਜੇ ਗਏ ਇਸ ਪੱਤਰ ਵਿੱਚ ਭਜਨ ਸਿੰਘ ਵਾਲੀਆ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਦਾਹੜ੍ਹੀ ਰੰਗਣ ਵਾਲਾ ਪਤਿਤ ਤੇ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਹ ਕਿਸੇ ਵੀ ਪੰਥਕ ਆਹੁਦੇ ਤੇ ਬਿਰਾਜਮਾਨ ਨਹੀ ਹੋ ਸਕਦਾ ਪਰ ਮਨਜੀਤ ਸਿੰਘ ਜੀ ਕੇ ਨੇ ਖੁਦ ਇੱਕ ਸਟੇਜ ਤੇ ਬੋਲਦਿਆ ਮੰਨਿਆ ਕਿ ਉਹ ਦਾਹੜ੍ਹੀ ਰੰਗਦਾ ਹੈ ਪਰ ਫਿਰ ਵੀ ਉਹ ਪ੍ਰਧਾਨ ਦੇ ਆਹੁਦੇ ਤੇ ਬਿਰਾਜਮਾਨ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਦਾਹੜੀ ਕਾਲੀ ਕਰਦਾ ਹੈ ਤੇ ਰਾਜੌਰੀ ਗਾਰਡਨ ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਸਮੇਂ ਉਹ ਮੰਦਰਾਂ ਵਿੱਚ ਜਾ ਕੇ ਟਿੱਕੇ ਵੀ ਲਵਾਉਦਾ ਰਿਹਾ ਤੇ ਟੱਲ ਵੀ ਵਜਾਉਦਾ ਰਿਹਾ ਹੈ ਜੋ ਰਹਿਤ ਮਰਿਆਦਾ ਦੇ ਉਲਟ ਹੈ। ਇਸੇ ਤਰ੍ਵਾ ਰੋਹਿਣੀ ਤੋ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ, ਸਿਵਲ ਲਾਈਨ ਤੋ ਜਸਬੀਰ ਸਿੰਘ ਜੱਸੀ, ਪੰਜਾਬੀ ਬਾਗ ਤੋ ਮਨਜਿੰਦਰ ਸਿੰਘ ਸਿਰਸਾ, ਕਨਾਟ ਪਲੇਸ ਤੋ ਅਮਰਜੀਤ ਸਿੰਘ ਪਿੰਕੀ, ਰਘਬੀਰ ਨਗਰ ਤੋ ਸਤਿੰਦਰ ਪਾਲ ਸਿੰਘ ਨਾਗੀ, ਖਿਆਲਾ ਤੋ ਹਰਜਿੰਦਰ ਸਿੰਘ, ਸ਼ਾਮ ਨਗਰ ਤੋ ਹਰਜੀਤ ਸਿੰਘ ਪੱਪਾ, ਵਿਸ਼ਨੂੰ ਗਾਰਡਨ ਤੋ ਮਨਜੀਤ ਸਿੰਘ ਔਲਖ, ਰਵੀ ਨਗਰ ਤੋ ਗੁਰਮੀਤ ਸਿੰਘ, ਸ਼ਿਵ ਨਗਰ ਤੋ ਉਂਕਾਰ ਸਿੰਘ ਥਾਪਰ, ਸਰਿਤਾ ਵਿਹਾਰ ਤੋ ਹਰਜੀਤ ਸਿੰਘ ਜੀ ਕੇ, ਸਫਦਰਜੰਗ ਇਨਕਲੇਵ ਤੋ ਕੁਲਦੀਪ ਸਿੰਘ ਸਾਹਨੀ , ਮਾਲਵੀਆ ਨਗਰ ਤੋ ਉਂਕਾਰ ਸਿੰਘ ਰਾਜਾ, ਕਾਲਕਾਜੀ ਤੋ ਹਰਮੀਤ ਸਿੰਘ ਕਾਲਕਾ, ਜੰਗਪੁਰਾ ਤੋ ਤਰਵਿੰਦਰ ਸਿੰਘ ਮਰਵਾਹ, ਨਵੀਨ ਸ਼ਾਹਦਰਾ ਤੋ ਕੁਲਵੰਤ ਸਿੰਘ ਬਾਠ, ਪ੍ਰੀਤ ਵਿਹਾਰ ਤੋ ਭੁਪਿੰਦਰ ਸਿੰਘ ਭੁੱਲਰ, ਤੇ ਨਾਮਜਦ ਕੀਤੇ ਗਏ ਮੈਂਬਰ ਸ਼ਿਵਚਰਨ ਸਿੰਘ, ਤਰਲੋਚਨ ਸਿੰਘ ਮੰਨਕੂ, ਸਰਵਜੀਤ ਸਿੰਘ ਅਤੇ ਬੀਬੀ ਰਣਜੀਤ ਕੌਰ ਤੋ ਇਲਾਵਾ ਹੋਰ ਵੀ ਕਈ ਮੈਂਬਰ ਹਨ ਜਿਹਨਾਂ ਦੀ ਡਾਕਟਰੀ ਮੁਆਇਨਾ ਕਰਵਾਇਆ ਜਾਵੇ ਤਾਂ ਉਹਨਾਂ ਦੀ ਅਸਲੀਅਤ ਵੀ ਸਾਹਮਣੇ ਆ ਸਕਦੀ ਹੈ।

ਉਹਨਾਂ ਕਿਹਾ ਕਿ ਜਿਸ ਬਲਬੀਰ ਸਿੰਘ ਵੱਲੋ ਗੁਰਦੁਆਰਾ ਚੋਣਾਂ ਸਮੇਂ ਵੋਟਰਾਂ ਵਿੱਚ ਸ਼ਰਾਬ ਵੰਡਣ ਲਈ ਸ਼ਰਾਬ ਦੀ ਇੱਕ ਵੱਡਾ ਜਖੀਰਾ ਇੱਕ ਗੁਰਦੁਆਰੇ ਵਿੱਚ ਰੱਖਿਆ ਸੀ ਉਸ ਬਲਬੀਰ ਸਿੰਘ ਨੂੰ ਵੀ ਦਿੱਲੀ ਕਮੇਟੀ  ‘ਤੇ ਕਬਜ਼ਾਧਾਰੀ ਬਾਦਲ ਦਲੀਆ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਹੈ। ਉਹਨਾਂ ਕਿਹਾ ਕਿ ਉਪਰੋਕਤ ਵਿਅਕਤੀਆ ਨੂੰ ਆਪਣੇ ਆਹੁਦਿਆ ਤੋ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ ਤੇ ਇਹ ਲੋਕ ਗੁਰੂ ਘਰ ਦੀ ਸੇਵਾ ਕਰਨ ਦੇ ਲਾਇਕ ਨਹੀ ਰਹੇ ਤੇ ਇਹਨਾਂ ਨੂੰ ਬਿਨਾਂ ਕਿਸੇ ਦੇਰੀ ਤੋ ਲਾਂਭੇ ਕਰਨਾ ਜਰੂਰੀ ਹੈ ਕਿਉਕਿ ਜਿਹੜੇ ਖੁਦ ਮਰਿਆਦਾ ਦੀ ਉਲੰਘਣਾ ਕਰਦੇ ਹਨ ਉਹ ਦੂਸਰਿਆ ਨੂੰ ਮਰਿਆਦਾ ਦਾ ਪਾਠ ਕਿਵੇ ਪੜਾ ਸਕਦੇ ਹਨ? ਉਹਨਾਂ ਕਿਹਾ ਕਿ ਕੁਝ ਉਹ ਮੈਂਬਰ ਵੀ ਹਨ ਜਿਹਨਾਂ ਨੇ ਇੱਕ ਪਾਸੇ ਦਿੱਲੀ ਕਮੇਟੀ ਦੀਆ ਚੋਣਾਂ ਲੜੀਆ ਤੇ ਦੂਜੇ ਪਾਸੇ ਭਾਜਪਾ ਦੇ ਚੋਣ ਨਿਸ਼ਾਨ ਤੋ ਰਾਜੌਰੀ ਗਾਡਰਨ ਵਿਧਾਨ ਹਲਕੇ ਦੀ ਜ਼ਿਮਨੀ ਚੋਣ ਤੋ ਦਿੱਲੀ ਨਗਰ ਨਿਗਮ ਦੀਆ ਚੋਣਾਂ ਵੀ ਭਾਜਪਾ ਦੇ ਚੋਣ ਨਿਸ਼ਾਨ ਤੇ ਲੜੀਆ ਹਨ। ਉਹਨਾਂ ਕਿਹਾ ਕਿ ਭਾਜਪਾ ਵਾਲੇ ਜਦੋਂ ਟਿਕਟ ਦਿੰਦੇ ਹਨ ਤਾਂ ਉਸ ਸਮੇ ਇੱਕ ਫਾਰਮ ਭਰਵਾਉਦੇ ਹਨ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਉਹ ਹਿੰਦੂ ਧਰਮ ਨਾਲ ਸਬੰਧਿਤ ਰਹੁਰੀਤਾਂ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਇੱਕ ਪਾਸੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਕੇਸਾਧਾਰੀ ਹਿੰਦੂ ਖੁਦ ਹੀ ਬਣ ਗਏ ਜਦ ਕਿ ਸਿੱਖ ਅਕੀਦੇ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਇੱਕ ਅੱਡਰੀ ਕੌਮ ਦਾ ਨਾਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਪੱਤਰ ਬਾਰੇ ਕੋਈ ਜਾਣਕਾਰੀ ਨਹੀ ਕਿਉਕਿ ਉਹ ਦਫਤਰ ਤੋ ਬਾਹਰ ਹਨ ਤੇ ਦਫਤਰ ਜਾ ਕੇ ਇਸ ਨੂੰ ਪੜ੍ਹਣ ਤੋ ਪਿੱਛੋ ਹੀ ਕੋਈ ਟਿੱਪਣੀ ਕਰਨਗੇ ਪਰ ਮਰਿਆਦਾ ਦਾ ਉਲੰਘਣ ਨਹੀ ਹੋਣ ਦਿੱਤਾ ਜਾਵੇਗਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>