ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ

ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ ਵਿਚ ਰੋਲ ਮਾਡਲ ਵੀ ਬਦਲਦੇ ਰਹੇ, ਬਦਲਣੇ ਚਾਹੀਦੇ ਵੀ ਹਨ ਜੋ ਮਾਨਸਿਕ ਵਿਕਾਸ ਦਾ ਪ੍ਰਤੀਕ ਹੁੰਦੇ ਹਨ ਪ੍ਰੰਤੂ ਉਨ੍ਹਾਂ ਵਿਚ ਗਾਡੀ ਰਾਹ ਬਣਨ ਦੀ ਸਮਰੱਥਾ ਹੋਣੀ ਅਤਿਅੰਤ ਜ਼ਰੂਰੀ ਹੈ। ਰੋਲ ਮਾਡਲਾਂ ਦੀ ਨੀਂਹ ਸਿੱਖ ਧਰਮ ਦਾ ਸਿਧਾਂਤ ਹੀ ਹੋਣਾ ਚਾਹੀਦਾ ਹੈ। ਉਹ ਰੌਸ਼ਨ ਚਿਰਾਗ ਹੋਣ, ਆਉਣ ਵਾਲੀ ਪੀੜ੍ਹੀ ਨੂੰ ਦਿਸ਼ਾ ਨਿਰਦੇਸ਼ ਦੇ ਸਕਣ। ਰੋਲ ਮਾਡਲਾਂ ਨੂੰ ਮੁੱਖ ਤੌਰ ਤੇ 5 ਭਾਗਾਂ ਧਾਰਮਿਕ, ਆਰਥਿਕ, ਸਮਾਜਿਕ, ਵਿਦਿਅਕ ਅਤੇ ਸਭਿਆਚਾਰਕ ਵਿਚ ਵੰਡਿਆ ਜਾ ਸਕਦਾ ਹੈ। ਸਿੱਖ ਸਮਾਜ ਇਨ੍ਹਾਂ ਪੰਜਾਂ ਖੇਤਰਾਂ ਵਿਚ ਅਮੀਰ ਵਿਰਾਸਤ ਦਾ ਮਾਲਕ ਹੈ। ਇਹ ਪੰਜੇ ਪੱਖ ਵੱਖਰੇ-ਵੱਖਰੇ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਇੱਕ ਦੂਜੇ ਵਿਚ ਰਲਗਡ ਨਹੀਂ ਕਰਨਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਪੱਖਾਂ ਦਾ ਬਾਖ਼ੂਬੀ ਵਰਨਣ ਕੀਤਾ ਗਿਆ ਹੈ। ਸਿੱਖ ਕੌਮ ਵਿਚ ਨਾਮਣਾ ਖੱਟਣ ਵਾਲੇ ਵਿਦਵਾਨ, ਇਤਿਹਾਸਕਾਰ, ਧਾਰਮਿਕ ਵਿਅਕਤੀ ਅਤੇ ਸੁਲਝੇ ਹੋਏ ਵਿਦਿਅਕ ਮਾਹਿਰ ਵਿਰਾਸਤ ਦਾ ਖ਼ਜਾਨਾ ਹਨ, ਜਿਨ੍ਹਾਂ ਨੇ ਸਿੱਖਾਂ ਦੇ ਵਿਰਸੇ ਨੂੰ ਆਪਣੇ ਖ਼ੂਨ ਪਸੀਨੇ ਨਾਲ ਉਸਨੂੰ ਸਿਰਜਿਆ ਅਤੇ ਸਿੰਜਿਆ ਹੈ। ਇਸ ਸਮੇਂ ਅਜਿਹੀ ਅਵਸਥਾ ਆ ਗਈ ਹੈ ਕਿ ਸਿੱਖ ਕੌਮ ਦਾ ਰਾਹ ਦਸੇਰਾ ਕੋਈ ਦਿਖਾਈ ਹੀ ਨਹੀਂ ਦਿੰਦਾ। ਉਹ ਆਪਣੇ ਨਿਸ਼ਾਨੇ ਤੋਂ ਥਿੜ੍ਹਕ ਗਏ ਹਨ। ਦੁਨਿਆਵੀ ਖਿਲਤਾਂ ਅਤੇ ਪ੍ਰਾਪਤੀਆਂ ਮੁੱਖ ਨਿਸ਼ਾਨਾ ਬਣ ਗਈਆਂ ਹਨ। ਸਿੱਖ ਪੰਥ ਦੀ ਵਿਰਾਸਤ ਨੂੰ ਸਮਝਣ ਵਿਚ ਅਸਮਰੱਥ ਰਹੇ ਹਨ। ਸਿੱਖ ਕੌਮ ਦਾ ਭਵਿਖ ਖ਼ਤਰੇ ਵਿਚ ਪਿਆ ਜਾਪਦਾ ਹੈ। ਰੋਲ ਮਾਡਲਾਂ ਦਾ ਖਲਾਆ ਪੈਦਾ ਹੋ ਗਿਆ ਹੈ। ਉਸਦਾ ਕਾਰਨ ਸਿੱਖਾਂ ਦੀ ਅਗਵਾਈ ਕਰਨ ਵਾਲੇ ਵਿਅਕਤੀਆਂ ਦੇ ਕਿਰਦਾਰ ਵਿਚ ਗਿਰਾਵਟ ਆਈ ਹੈ। ਰੋਲ ਮਾਡਲ ਉਹ ਹੁੰਦਾ ਹੈ, ਜਿਹੜਾ ਲੋਕਾਈ ਦੇ ਵਿਵਹਾਰ ਵਿਚ ਉਸਾਰੂ ਤਬਦੀਲੀ ਵਿਰਾਸਤ ਅਨੁਸਾਰ ਲਿਆਉਣ ਦੇ ਸਮਰੱਥ ਹੋਵੇ, ਅਰਥਾਤ ਲੋਕ ਉਸਦੇ ਜੀਵਨ ਨੂੰ ਆਪਣਾ ਰਾਹ ਦਸੇਰਾ ਬਣਾ ਸਕਣ। ਖਾਸ ਤੌਰ ਤੇ ਸਾਡੀ ਇਸ ਵਿਰਾਸਤ ਤੇ ਪਹਿਰਾ ਦੇਣ ਵਿਚ ਸਮਰੱਥ ਬਣਾਉਣ ਦੀ ਸ਼ਕਤੀ ਰੱਖਦੇ ਹੋਣ।

ਸ੍ਰੀ ਗੁਰੂ ਨਾਨਕ ਦੇਵ ਸਿੱਖ ਕੌਮ ਦੇ ਸਭ ਤੋਂ ਪਹਿਲੇ ਰੋਲ ਮਾਡਲ ਸਨ, ਉਨ੍ਹਾਂ ਤੋਂ ਬਾਅਦ 9 ਗੁਰੂ ਸਾਹਿਬਾਨ, ਮਾਤਾ ਗੁਜਰੀ ਅਤੇ ਚਾਰੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪੋ ਆਪਣਾ ਸੰਕਲਪ ਅਤੇ ਵਿਚਾਰਧਾਰਾ ਦੇ ਕੇ ਵਾਧਾ ਕੀਤਾ ਜੋ ਮਾਨਵਤਾ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੇ ਸਮਰੱਥ ਹੋਏ। 10 ਗੁਰੂਆਂ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦਾ ਰੋਲ ਮਾਡਲ ਰਿਹਾ। ਇਨਸਾਨੀ ਜਾਮੇ ਵਿਚ ਬਾਬਾ ਬੁੱਢਾ ਜੀ, ਮਾਈ ਭਾਗੋ, ਸਦਾ ਕੌਰ, ਬੀਬੀ ਗੁਲਾਬ ਕੌਰ, ਭਾਈ ਗੁਰਦਾਸ, ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਬਾਕੀ ਮਿਸਲਦਾਰ, ਬਾਬਾ ਸਾਹਿਬ ਸਿੰਘ ਬੇਦੀ, ਸਿੰਘ ਸਭਾ ਲਹਿਰ, ਭਾਈ ਸੰਤੋਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ, ਭਾਈ ਘਨਈਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀਵਾਲਾ, ਬਾਬਾ ਦੀਪ ਸਿੰਘ ਅਤੇ ਪ੍ਰੋ.ਪੂਰਨ ਸਿੰਘ ਨੇ ਸਿਧਾਂਤਕ ਅਤੇ ਵਿਚਾਰਧਾਰਕ ਅਗਵਾਈ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇੱਕ ਕਿਸਮ ਨਾਲ ਵਿਦਵਤਾ ਅਤੇ ਅਧਿਆਤਮਕ ਤੌਰ ਤੇ ਇਹ ਸਾਰੇ ਸਿੱਖ ਜਗਤ ਦੇ ਰੋਲ ਮਾਡਲ ਬਣੇ। ਸਮੁੱਚੇ ਸਿੱਖ ਭਾਈਚਾਰੇ ਨੇ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਉਪਰ ਚਲਕੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਦੌਰਾਨ ਸਿੰਘ ਸਭਾਵਾਂ ਅਤੇ ਸਿੱਖ ਵਿਦਿਅਕ ਸੰਸਥਾਵਾਂ ਅਤੇ ਕਾਨਫਰੰਸਾਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਉਪਰ ਮਾਣ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਵੀ ਪੱਥ ਪ੍ਰਦਰਸ਼ਕ ਬਣਕੇ ਲੋਕਾਂ ਵਿਚ ਲੋਕ ਨਾਇਕ ਬਣਕੇ ਉਭਰੇ। ਭਾਈ ਰਣਧੀਰ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੀਆਂ ਜਦੋਜਹਿਦ ਵਾਲੀਆਂ ਸਰਗਰਮੀਆਂ ਅਤੇ ਘਟਨਾਵਾਂ ਭਾਵੇਂ ਗ਼ੁਲਾਮ ਭਾਰਤ ਵਿਚ ਵਾਪਰੀਆਂ ਪ੍ਰੰਤੂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਰੋਲ ਮਾਡਲ ਤੌਰ ਤੇ ਸਿੱਖਾਂ ਨੇ ਮਾਣਤਾ ਦਿੱਤੀ। ਗ਼ਦਰ ਲਹਿਰ ਵਿਚ ਸਿੱਖਾਂ ਦੇ ਨੇਤਾਵਾਂ ਦਾ ਰੋਲ ਬਹੁਤ ਮਹੱਤਵਪੂਰਣ ਰਿਹਾ ਪ੍ਰੰਤੂ ਉਨ੍ਹਾਂ ਵਿਚੋਂ ਕੋਈ ਇੱਕ ਦੇਸ਼ ਭਗਤ ਸਿੱਖਾਂ ਦਾ ਰੋਲ ਮਾਡਲ ਨਹੀਂ ਬਣ ਸਕਿਆ। ਸਿੱਖ ਧਰਮ ਦੇ ਗੁਰੂ ਘਰਾਂ ਵਿਚ ਮਹੰਤਾਂ ਵੱਲੋਂ ਗ਼ੈਰ ਇਖ਼ਲਾਕੀ ਕਾਰਵਾਈਆਂ ਕਰਨ ਦੇ ਵਿਰੋਧ ਵਿੱਚ ਮੋਰਚੇ ਲੱਗੇ, ਇਨ੍ਹਾਂ ਮੋਰਚਿਆਂ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਦਾ ਯੋਗਦਾਨ ਸਿੱਖ ਕੌਮ ਲਈ ਮਾਣ ਵਾਲੀ ਗੱਲ ਬਣ ਗਿਆ, ਜਿਸ ਕਰਕੇ ਸਾਰੀ ਸਿੱਖ ਕੌਮ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣ ਲਈ ਤੱਤਪਰ ਹੋ ਗਈ। ਗਿਆਨੀ ਕਰਤਾਰ ਸਿੰਘ ਅਤੇ ਹੁਕਮ ਸਿੰਘ ਦਾ ਯੋਗਦਾਨ ਵੀ ਸਿਆਸਤਦਾਨਾ ਲਈ ਕੁੱਝ ਹੱਦ ਤੱਕ ਸਿੱਖਾਂ ਦੀ ਅਗਵਾਈ ਕਰਦਾ ਰਿਹਾ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਾਹਿਤਕ ਖੇਤਰ ਵਿਚ ਆਪਣੇ ਵਿਲੱਖਣ ਯੋਗਦਾਨ ਨਾਲ ਇੱਕ ਥਿਊਰੀ ਦੇ ਕੇ ਸਿੱਖਾਂ ਦਾ ਰੋਲ ਮਾਡਲ ਬਣਿਆਂ। ਸਾਰੇ ਸਾਹਿਤਕਾਰਾਂ ਨੂੰ ਇੱਕ ਥਾਂ ਇੱਕ ਮੰਚ ਤੇ ਇਕੱਠੇ ਕਰਕੇ ਸਿੱਖ ਵਿਚਾਰਧਾਰਾ ਅਨੁਸਾਰ ਸਭ ਨੂੰ ਬਰਾਬਰ ਸਮਝਦਿਆਂ ਜਾਤਪਾਤ ਤੋਂ ਰਹਿਤ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਪ੍ਰੇਰਿਆ ਭਾਵੇਂ ਉਸਨੇ ਆਪਣੀ ਵਿਚਾਰਧਾਰਾ ਨੂੰ ਪਿਆਰ ਪਹਿਚਾਣ ਹੈ ਕਬਜ਼ਾ ਨਹੀਂ ਦਾ ਨਾਂ ਦਿੱਤਾ ਪ੍ਰੰਤੂ ਫਿਰ ਵੀ ਸਿੱਖ ਜਗਤ ਨੂੰ ਪ੍ਰੀਤ ਨਗਰ ਵਿਖੇ ਇਕੱਠੇ ਕਰਕੇ ਆਪਸੀ ਮਿਲਵਰਤਣ ਅਤੇ ਸਹਿਹੋਂਦ ਰਾਹੀਂ ਜਾਤਪਾਤ ਤੋਂ ਉਪਰ ਉਠਕੇ ਅਗਵਾਈ ਦੇਣ ਦਾ ਯਤਨ ਕੀਤਾ। ਆਜ਼ਾਦੀ ਤੋਂ ਬਾਅਦ ਸਿਰਦਾਰ ਕਪੂਰ ਸਿੰਘ ਸਿੱਖ ਵਿਦਵਤਾ ਅਤੇ ਸਿਆਣਪ ਦਾ ਪ੍ਰਤੀਕ ਬਣਕੇ ਨਿਖ਼ਰਿਆ, ਜਿਸਨੇ ਧਾਰਮਿਕ ਵਿਚਾਰਧਾਰਾ ਦਾ ਸਰਵਪ੍ਰਵਾਨ ਸਰੂਪ ਲੋਕਾਂ ਸਾਹਮਣੇ ਰੱਖਿਆ ਅਤੇ ਆਪਣੀ ਵਿਦਵਤਾ ਦੀ ਧਾਂਕ ਜਮਾਈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਜਗਤ ਦੀ ਰਾਜਨੀਤਕ ਲੀਡਰਸ਼ਿਪ ਨੇ ਉਸਦੀ ਘਾਲਣਾ ਅਤੇ ਸਿਆਣਪ ਦਾ ਮੁੱਲ ਨਹੀਂ ਪਾਇਆ, ਲੋੜ ਅਨੁਸਾਰ ਉਸਨੂੰ ਵਰਤਿਆ ਜ਼ਰੂਰ। ਸਿੱਖ ਸਿਧਾਂਤ ਦੀ ਵਿਆਖਿਆ ਅਤੇ ਵਿਦਵਤਾ ਵਿਚ ਸਿਰਦਾਰ ਕਪੂਰ ਸਿੰਘ ਦਾ ਕੋਈ ਅਜੇ ਤੱਕ ਸਾਨੀ ਨਹੀਂ ਬਣ ਸਕਿਆ। ਸਿੱਖ ਜਗਤ ਲਈ ਉਹ ਇੱਕ ਵਿਲੱਖਣ ਰੋਲ ਮਾਡਲ ਅਤੇ ਚਾਨਣ ਮੁਨਾਰਾ ਸੀ। ਸਮਾਜ ਸੇਵਾ ਦੇ ਖੇਤਰ ਵਿਚ ਭਗਤ ਪੂਰਨ ਸਿੰਘ ਸਿੱਖਾਂ ਲਈ ਪ੍ਰੇਰਨਾ ਸਰੋਤ ਬਣਿਆਂ।

ਦੇਸ਼ ਦੀਆਂ ਸਰਹੱਦਾਂ ਤੇ ਭਾਰਤ ਦੀ ਸੁਰੱਖਿਆ ਲਈ ਫ਼ੌਜ ਵਿਚ ਤਿੰਨ ਸਿੱਖਾਂ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਅਤੇ ਜਨਰਲ ਹਰਬਖ਼ਸ਼ ਸਿੰਘ ਨੇ ਮਾਅਰਕੇ ਦੇ ਕੰਮ ਕਰਕੇ ਸਿੱਖਾਂ ਦਾ ਨਾਂ ਦੇਸ਼ ਦੁਨੀਆਂ ਦੇ ਇਤਿਹਾਸ ਵਿਚ ਸੁਨਹਿਰੀ ਅੱਖ਼ਰਾਂ ਵਿਚ ਲਿਖਵਾਇਆ। ਉਹ ਵੀ ਦੇਸ਼ ਦੇ ਫ਼ੌਜੀਆਂ ਦੇ ਰੋਲ ਮਾਡਲ ਬਣਕੇ ਉਭਰੇ ਜਿਨ੍ਹਾਂ ਦੀਆਂ ਸਫਲਤਾਵਾਂ ਉਪਰ ਦੇਸ਼ ਨੂੰ ਹਮੇਸ਼ਾ ਮਾਣ ਰਹੇਗਾ। ਸ੍ਰ.ਇੰਦਰਜੀਤ ਸਿੰਘ ਪੰਜਾਬ ਅਤੇ ਸਿੰਧ ਬੈਂਕ ਦਾ ਸਿੱਖੀ ਦੀ ਜੋਤ ਨੂੰ ਪ੍ਰਚਲਤ ਰੱਖਣ ਵਿਚ ਯੋਗਦਾਨ ਸ਼ਲਾਘਾਯੋਗ ਰਿਹਾ ਜਿਸ ਕਰਕੇ ਅਨੇਕਾਂ ਨੌਜਵਾਨ ਸਿੱਖੀ ਦੇ ਲੜ ਲੱਗਕੇ ਸਿੱਖ ਜਗਤ ਦੀ ਸੇਵਾ ਕਰਦੇ ਰਹੇ। ਬਲਬੀਰ ਸਿੰਘ ਸੀਨੀਅਰ ਸਿੰਘ ਅਤੇ ਮਿਲਖ਼ਾ ਸਿੰਘ ਖੇਡਾਂ ਦੇ ਖ਼ੇਤਰ ਵਿਚ ਮੀਲ ਪੱਥਰ ਗੱਡ ਕੇ ਚਮਕੇ ਪ੍ਰੰਤੂ ਉਨ੍ਹਾਂ ਤੋਂ ਬਾਅਦ ਕੋਈ ਪਗੜੀਧਾਰੀ ਸਿੱਖ ਖੇਡਾਂ ਵਿਚ ਰੋਲ ਮਾਡਲ ਨਹੀਂ ਬਣ ਸਕਿਆ। ਸੰਸਾਰ ਵਿਚ ਵਿਓਪਾਰ ਦੇ ਖ਼ੇਤਰ ਵਿਚ ਸਫਲਤਾਵਾਂ ਪ੍ਰਾਪਤ ਕਰਨ ਵਾਲੇ ਸਿੱਖਾਂ ਵਿਚ ਕਰਤਾਰ ਸਿੰਘ ਠੁਕਰਾਲ, ਸੁਰਿੰਦਰ ਸਿੰਘ ਕੰਧਾਰੀ ਅਤੇ ਨਰਿੰਦਰ ਸਿੰਘ ਕੰਪਾਨੀ ਨੇ ਨਾਮਣਾ ਖੱਟਕੇ ਸਿੱਖਾਂ ਦਾ ਸਿਰ ਉਚਾ ਕੀਤਾ ਹੈ। ਪਰਵਾਸੀ ਭਾਰਤੀ ਸਿੱਖਾਂ ਵਿਚ ਲਾਰਡ ਇੰਦਰਜੀਤ ਸਿੰਘ ਅਤੇ ਜਸਟਿਸ ਮੋਤਾ ਸਿੰਘ ਦੀਆਂ ਕਾਰਗੁਜ਼ਾਰੀਆਂ ਨੂੰ ਸਿੱਖ ਜਗਤ ਹਮੇਸ਼ਾ ਸਤਿਕਾਰ ਨਾਲ ਵੇਖਦਾ ਰਹੇਗਾ। ਸਿੱਖ ਕੌਮ ਦਾ ਚਿਰਾਗ ਰੌਸ਼ਨ  ਕਰਨ ਵਿਚ ਯੋਗੀ ਹਰਭਜਨ ਸਿੰਘ ਵਿਦੇਸ਼ੀ ਧਰਤੀ ਉਪਰ ਗੋਰੇ ਅਤੇ ਗੋਰੀਆਂ ਨੂੰ ਸਿੰਘ ਸਜਾਉਣ ਵਿਚ ਜਿਹੜੇ ਮਾਅਰਕੇ ਮਾਰ ਗਿਆ ਉਸ ਤੋਂ ਬਾਅਦ ਉਸਦੀ ਜਗਾਈ ਜੋਤ ਨੂੰ ਬਰਕਰਾਰ ਰੱਖਣ ਵਿਚ ਵੀ ਸਿੱਖ ਜਗਤ ਖੁੰਝ ਗਿਆ। ਵੈਸੇ ਤਾਂ ਦੁਨੀਆਂ ਵਿਚ ਬਹੁਤ ਸਾਰੇ ਪਰਵਾਸੀ ਸਿੱਖ ਸਿਆਸਤ ਵਿਚ ਮੱਲਾਂ ਮਾਰ ਚੁੱਕੇ ਅਤੇ ਹੁਣ ਵੀ ਮਾਰ ਰਹੇ ਹਨ ਪ੍ਰੰਤੂ ਕੈਨੇਡਾ ਦੀ ਕੌਮੀ ਸਰਕਾਰ ਵਿਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਪੂਰਨ ਗੁਰਸਿੱਖ ਰਹਿੰਦਿਆਂ ਜਿਹੜੀਆਂ ਮੱਲਾਂ ਮਾਰ ਰਹੇ ਹਨ, ਉਹ ਵੀ ਸਿੱਖਾਂ ਲਈ ਵਿਸ਼ੇਸ਼ ਰੋਲ ਮਾਡਲ ਹਨ। ਪੰਜਾਬੀ ਸੂਬਾ ਮੋਰਚੇ ਦੇ ਸੰਘਰਸ਼ ਵਿਚ ਵੀ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਸਿੱਖਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਸਿੱਖ ਸੰਘਰਸ਼ ਕਰਦੇ ਰਹੇ। ਬਹੁਤ ਸਾਰੇ ਵਿਅਕਤੀਆਂ ਨੇ ਆਪੋ ਆਪਣਾ ਯੋਗਦਾਨ ਪਾਇਆ, ਇਸੇ ਸੰਘਰਸ਼ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵਿਅਕਤੀਤਿਵ ਉਭਰਕੇ ਆਇਆ, ਜਿਹੜਾ ਬਲਿਊ ਸਟਾਰ ਅਪ੍ਰੇਸ਼ਨ ਦੇ ਰੂਪ ਵਿਚ ਖ਼ਤਮ ਹੋਇਆ । ਇਸ ਸੰਘਰਸ਼ ਨਾਲ ਸਿੱਖ ਜਗਤ ਨੂੰ ਪ੍ਰਾਪਤੀ ਕੋਈ ਬਹੁਤੀ ਨਹੀਂ ਹੋਈ ਸਗੋਂ ਸਿੱਖਾਂ ਦਾ ਨੁਕਸਾਨ ਹੀ ਹੋਇਆ ਪ੍ਰੰਤੂ ਫਿਰ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਜੇ ਤੱਕ ਵੀ ਕੁੱਝ ਕੁ ਸਿੱਖ ਵਰਗਾਂ ਦਾ ਰੋਲ ਮਾਡਲ ਹੈ ਪ੍ਰੰਤੂ ਇਸ ਸੰਘਰਸ਼ ਤੋਂ ਸਿੱਖਾਂ ਨੂੰ ਕੋਈ ਸਾਰਥਿਕ ਸੇਧ ਨਹੀਂ ਮਿਲੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਧਾਂਤਕ ਅਤੇ ਧਾਰਮਿਕ ਤੌਰ ਤੇ ਅਧਿਆਤਮਕ ਸੰਤ ਸਨ ਪ੍ਰੰਤੂ ਕੁਝ ਲੋਕਾਂ ਨੇ ਉਸਦੇ ਯੋਗਦਾਨ ਦਾ ਰਾਜਨੀਤੀਕਰਨ ਕਰ ਦਿੱਤਾ। 1984 ਦਾ ਕਤਲੇਆਮ ਵੀ ਸਿੱਖ ਜਗਤ ਲਈ ਹਿਰਦੇਵੇਦਿਕ ਅਤੇ ਨੁਕਸਾਨਦਾਇਕ ਸਾਬਤ ਹੋਇਆ ਜਿਸ ਨਾਲ ਸਿੱਖਾਂ ਦਾ ਅਕਸ ਵਿਗੜਿਆ।

ਪਰਜਾਤੰਤਰ ਵਿਚ ਸਿੱਖਾਂ ਲਈ 2 ਰੋਲ ਮਾਡਲ ਸਿੱਖ ਬਣੇ ਜਿਨ੍ਹਾਂ ਵਿਚ ਗਿਆਨੀ ਜ਼ੈਲ ਸਿੰਘ ਦੇਸ਼ ਦੇ ਸਰਬਉਚ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਿਆ ਦੂਜੇ ਪਗੜੀਧਾਰੀ ਡਾ.ਮਨਮੋਹਨ ਸਿੰਘ ਦੇਸ਼ ਦੇ ਦੂਜੇ ਸਭ ਤੋਂ ਸਰਬਉਚ ਅਹੁਦੇ ਪ੍ਰਧਾਨ ਮੰਤਰੀ ਤੇ 10 ਸਾਲ ਬਿਰਾਜਮਾਨ ਰਹੇ, ਜਿਹੜੇ ਸਿਆਸਤਦਾਨਾ ਲਈ ਰੋਲ ਮਾਡਲ ਹਨ। ਸਿੱਖਾਂ ਵਿਚੋਂ ਹੀ ਖ਼ੁਸ਼ਵੰਤ ਸਿੰਘ ਅਤੇ ਦਲੀਪ ਕੌਰ ਟਿਵਾਣਾ ਨੇ ਵੀ ਆਪੋ ਆਪਣੇ ਖ਼ੇਤਰਾਂ ਵਿਚ ਲਾਜਵਾਬ ਪ੍ਰਾਪਤੀਆਂ ਕਰਕੇ ਲੇਖਕਾਂ ਅਤੇ ਸਾਹਿਤਕਾਰਾਂ ਦੇ ਰੋਲ ਮਾਡਲ ਬਣੇ ਹਨ। ਪੰਜਾਬ ਵਿਚ ਡੇਰਿਆਂ ਅਤੇ ਸੰਤਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਕਿ ਉਹ ਸਿੱਖ ਜਗਤ ਲਈ ਅਗਵਾਈ ਕਰ ਸਕਣ ਪ੍ਰੰਤੂ ਇਹ ਸਾਰੀਆਂ ਸੰਸਥਾਵਾਂ ਸਿੱਖ ਜਗਤ ਦਾ ਰੋਲ ਮਾਡਲ ਬਣਨ ਵਿਚ ਬੁਰੀ ਤਰ੍ਹਾਂ ਅਸਫਲ ਹੋਈਆਂ ਹਨ। ਸੰਤ ਅਤਰ ਸਿੰਘ ਮਸਤੂਆਣਾ ਇੱਕੋ ਇੱਕ ਸੰਤ ਹੋਏ ਹਨ ਜਿਹੜੇ ਧਾਰਮਿਕ ਅਗਵਾਈ ਵਿਚ ਸਿੱਖਾਂ ਦੇ ਰੋਲ ਮਾਡਲ ਬਣਕੇ ਉਭਰੇ ਸਨ। ਹੋਰ ਕੋਈ ਵੀ ਡੇਰਾ ਜਾਂ ਸੰਤ ਵਾਦਵਿਵਾਦ ਤੋਂ ਬਚ ਨਹੀਂ ਸਕਿਆ। ਇਸ ਵਕਤ ਵੀ ਬੜੂ ਸਾਹਿਬ ਸੰਸਥਾ ਦਾ ਵਿਦਿਅਕ ਖ਼ੇਤਰ ਵਿਚ ਵੀ ਯੋਗਦਾਨ ਕਾਬਲੇ ਤਾਰੀਫ਼ ਹੈ। ਸੰਤ ਸਿੰਘ ਮਸਕੀਨ ਸਿੱਖ ਜਗਤ ਵਿਚ ਇੱਕੋ ਇੱਕ ਵਿਰਲਾ ਕਥਾਕਾਰ ਸੀ ਜਿਹੜਾ ਕਾਲਪਨਿਕ ਘਟਨਾਵਾਂ ਦੀਆਂ ਉਦਾਹਰਨਾਂ ਨਹੀਂ ਦਿੰਦਾ ਸੀ ਸਗੋਂ ਸੱਚ ਉਪਰ ਅਧਾਰਤ ਉਦਾਹਰਨਾ ਦਿੰਦਾ ਸੀ ਜਿਸ ਕਰਕੇ ਉਹ ਸਿੱਖ ਜਗਤ ਦਾ ਰੋਲ ਮਾਡਲ ਬਣਿਆਂ ਸੀ। ਸਵੱਛ ਵਾਤਵਰਣ ਦੇ ਖੇਤਰ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਈਂ ਨਦੀ ਦੀ ਸਫਾਈ ਕਰਕੇ ਸ਼ੁਧ ਵਾਤਵਰਣ ਕਾਇਮ ਰੱਖਣ ਲਈ ਰੋਲ ਮਾਡਲ ਦੇ ਤੌਰ ਤੇ ਕੰਮ ਕੀਤਾ ਹੈ। ਪੰਜਾਬ ਵਿਚ ਸਿੱਖ ਮੁੱਖ ਮੰਤਰੀ ਵੀ ਕਈ ਹੋਏ ਹਨ ਪ੍ਰੰਤੂ ਕੋਈ ਵੀ ਮੁੱਖ ਮੰਤਰੀ ਆਪਣਾ ਨਾਂ ਪੈਦਾ ਕਰਨ ਵਿਚ ਸਫਲ ਨਹੀਂ ਹੋਇਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਿੱਖਾਂ ਦਾ ਰੌਸ਼ਨ ਦਿਮਾਗ਼ ਕਿਹਾ ਜਾਂਦਾ ਸੀ, ਇਮਾਨਦਾਰ ਹੋਣ ਦੇ ਬਾਵਜੂਦ ਵੀ ਵਾਦਵਿਵਾਦਾਂ ਨੇ ਉਸਦਾ ਖਹਿੜਾ ਨਹੀਂ ਛੱਡਿਆ ਪ੍ਰੰਤੂ ਧਾਰਮਿਕ ਤੌਰ ਤੇ ਉਸਦੀ ਪਰਪੱਕਤਾ ਅਜੇ ਤੱਕ ਮਾਰਗ ਦਰਸ਼ਨ ਕਰਦੀ ਹੈ। ਉਨ੍ਹਾਂ ਨੂੰ ਸਿੱਖਾਂ ਦਾ ਰੌਸ਼ਨ ਚਿਰਾਗ ਦਿਮਾਗ ਕਿਹਾ ਜਾਂਦਾ ਸੀ। ਜਸਦੇਵ ਸਿੰਘ ਸੰਧੂ ਅਤੇ ਕੈਪਟਨ ਕੰਵਲਜੀਤ ਸਿੰਘ ਰੋਲ ਮਾਡਲ ਬਣਨ ਦੇ ਰਾਹ ਤੁਰੇ ਸਨ ਪ੍ਰੰਤੂ ਸਿਆਸਤ ਸਿੱਖ ਸਿਆਸਤ ਉਨ੍ਹਾਂ ਦਾ ਰਾਹ ਰੋਕਕੇ ਖੜ੍ਹ ਗਈ। ਇਸ ਸਮੇਂ ਸਿੱਖ ਨੇਤਾਵਾਂ ਅਤੇ ਹੋਰ ਸਾਰੇ ਖੇਤਰਾਂ ਵਿਚ ਕੋਈ ਵੀ ਸਿੱਖ ਰੋਲ ਮਾਡਲ ਬਣਨ ਦੇ ਸਮਰੱਥ ਨਹੀਂ ਹੈ। ਅੱਜ ਸਿੱਖ ਜਗਤ ਅਗਵਾਈ ਕਰਨ ਵਾਲੇ ਮਹਾਂ ਪੁਰਖਾਂ ਤੋਂ ਵਾਂਝਿਆਂ ਹੋਇਆ ਪਿਆ ਹੈ। ਇੱਕ ਕਿਸਮ ਨਾਲ ਸਿੱਖ ਲੀਡਰਸ਼ਿਪ ਵਿਚ ਖਲਾਆ ਪੈਦਾ ਹੋ ਗਿਆ ਹੈ। ਇਸ ਖਲਾਆ ਦਾ ਮੁੱਖ ਕਾਰਨ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੈ ਕੋਈ ਸਾਰਥਿਕ ਲਹਿਰ ਪੈਦਾ ਕਰਨ ਵਿਚ ਅਸਫਲ ਰਹੀਆਂ ਹਨ। ਸਗੋਂ ਸਿੱਖ ਨੌਜਵਾਨਾ ਵਿਚ ਪਤਿਤ ਹੋ ਰਹੇ ਹਨ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨ ਬਣਨ ਨਾਲ ਕੁੱਝ ਆਸ ਬੱਝੀ ਹੈ, ਵੇਖੋ ਕਿਤਨਾ ਕੁ ਸਫਲ ਹੁੰਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>