ਬੜੇ ਹੀ ਵਿਵਾਦਗ੍ਰਸਤ ਸਨ ਸਾਬਕਾ ਪੰਜਾਬ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ

ਗੈਰ-ਅਕਾਲੀ ਸਿਆਸੀ ਲੀਡਰਾਂ ਵਿਚ “ਸੁਪਰ ਕੌਪ” ਵਜੋਂ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਕੇ.ਪੀ.ਐਸ. ਗਿੱਲ ਬੜ ਹੀ ਵਿਵਾਦਗ੍ਰਸਤ ਪੁਲਿਸ ਅਫਸਰ ਸਨ, ਕਈ ਉਨ੍ਹਾਂ ਨੂੰ ਪੰਜਾਬ ਵਿਚ ਦਹਿਸ਼ਤਗਰਦੀ ਖਤਮ ਕਰਨ ਲਈ ਬੜੀ ਹੀ ਪ੍ਰਸੰਸਾ ਕਰਦੇ ਹਨ ਤੇ ਕਈ  ਮਨੁੱਖੀ ਅਧਿਕਾਰਾਂ ਦਾ ਘਾਣ  ਤੇ  ਮੁੰਡਿਆਂ ਨੂੰ “ਝੂਠੇ” ਪੁਲਿਸ ਮੁਕਾਬਲਿਆਂ ਵਿਚ ਹਲਾਕ ਕਰਨ ਲਈ ਅਤਿ ਦੀ ਨਫਰਤ ਕਰਦੇ ਹਨ। ਇਸ ਪੱਤਰਕਾਰ ਨੂੰ ਦਹਿਸ਼ਤਗਰਦੀ ਦੇ ਉਸ ਕਾਲੇ ਦਿਨਾਂ ਵਿਚ ਪਂਜਾਬ ਵਿਸ਼ੇਸ਼ ਕਰ  ਅੰਮ੍ਰਿਤਸਰ ਵਿਚ ਇਕ ਅੰਗਰੇਜ਼ੀ ਅਖ਼ਬਾਰ ਲਈ ਕੰਮ ਕਰਨ ਦਾ ਮੌਕਾ ਲਗਾ, ਮੇਰੀ ਜ਼ਿਮੇਵਾਰੀ ਜ਼ਿਲਾ ਗੁਰਦਾਸਪੁਰ ਦੀ ਕਵਰੇਜ ਕਰਨਾ ਵੀ ਸੀ। ਉਸ ਸਮੇਂ  ਸ੍ਰੀ ਗਿੱਲ ਨੂੰ ਬਹੁਤ ਨੇੜਿੳੁ ਦੇਖਣ ਦਾ ਅਵਸਰ ਮਿਲਿਆ। ਸ੍ਰੀ ਗਿੱਲ ਵਿਚ ਕਈ ਸਿਫਤਾਂ ਵੀ ਸਨ, ਅਤਿਵਾਦ ਦੇ ਅਸਾਧਾਰਨ ਹਾਲਾਤ ਸਮੇਂ ਪੁਲਿਸ ਮੁੱਖੀ ਰਹੇ ਸਨ। ਉਹ ਅਮਨ ਕਾਨੂੰਨ ਸਬੰਧੀ ਕਿਸੇ ਮਸਲੇ ਬਾਰੇ ਉਹ ਖੁਦ ਝੱਟ ਫੈਂਸਲਾ ਰੱਖਦੇ ਸਨ, ਉਹ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦੀ ਬੜੀ ਕਦਰ ਕਰਦੇ ਸਨ ਤੇ ਪਦ-ਉਨਤੀ ਲਈ ਸਿਫਾਰਿਸ਼ ਵੀ ਕਰਦੇ। ਉਹ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਜਾਂ ਕਰਵਾਉਂਦੇ ਸਨ। ਉਨ੍ਹਾਂ ਨੂੰ ਪੜ੍ਹਣ ਦਾ ਬੜਾ ਸ਼ੌਂਕ ਸੀ ਵਧੇਰੇ ਕਰਕੇ ਅੰਗਰੇਜ਼ੀ ਸਾਹਿਤ ਦੀਆਂ ਪੁਸਤਕਾਂ ਹੀ ਪੜ੍ਹਦੇ ਸਨ।

“ਅਤਿਵਾਦ ਖਤਮ ਕਰਨ ” ਦੇ ਨਾਂਅ ਹੈ ਪੁਲਿਸ ਨੂੰ ਖੁਲੀਆਂ ਸ਼ਕਤੀਆਂ ਮਿਲੀਆਂ ਹੋਈਆਂ ਸਨ, ਜ਼ਿਲਾ ਪ੍ਰਸਾਸ਼ਨ ਵਿਚ ਕੋਈ ਵੀ ਡਿਪਟੀ ਕਮਿਸ਼ਨਰ ਦੀ ਪਰਵਾਹ ਨਹੀਂ ਕਰਦਾ ਸੀ, ਐਸ.ਐਸ.ਪੀ,ਹੀ ਸੱਭ ਤੋਂ ਮਹੱਤਵਪੁਰਨ ਸਨ। ਸ੍ਰੀ  ਬੇਅੰਤ ਸਿੰਘ ਦੀ ਸਰਕਾਰ ਸਮੇਂ ਪੁਲਿਸ ਬਹੁਤ ਹੀ ਸ਼ਕਤੀਸ਼ਾਲੀ ਹੋ ਗਈ ਸੀ। ਖੁਦ ਸ਼੍ਰੀ ਗਿੱਲ ਮੁੱਖ ਮੰਤਰੀ ਦੀ ਬਹੁਤੀ ਪਰਵਾਹ ਨਹੀਂ ਕਰਦੇ ਸਨ  ਤੇ ਸ੍ਰੀ ਬੇਅੰਤ ਸਿੰਘ ਬਾਰੇ ” ਸੀ.ਐਮ ਟੂ ਡੀ.ਜੀ.ਪੀ” ਕਿਹਾ ਜਾਣ ਲਗਾ ਸੀ। ਉਨ੍ਹਾਂ ਦੀ ਸੇਵਾ ਦੇ ਆਖਰੀ ਸਾਲਾਂ ਵਿੱਚ ਮੁਖ ਮੰਤਰੀ ਸ਼੍ਰੀ ਗਿੱਲ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਸਨ; ਮੁੱਖ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ  ਪੀ.ਵੀ. ਨਰਸਿੰਮ੍ਹਾ ਰਾੳ ਨੂੰ ਕਾਇਲ ਕਰ ਲਿਆ ਸੀ ਕਿ ਸ੍ਰੀ ਗਿੱਲ ਦੀ ਸੇਵਾ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ, ਪਰ ਤਤਕਾਲੀ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਈਲਟ, ਜਿਹਨਾਂ ਪਾਸ ਅੰਦਰੂਨੀ ਸੁਰੱਖਿਆ ਦਾ ਮਾਮਲਾ ਵੀ ਆਉਂਦਾ ਸੀ, ਨੇ ਸੇਵਾਕਾਲ ਵਿਚ ਵਾਧਾ ਕਰ ਦਿੱਤਾ। ਇਸੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਗ ਦੀ ਹੱਤਿਆਂ ਹੋ ਗਈ, ਉਸ ਰਾਤ ਜਦੋਂ ਪ੍ਰਧਾਨ ਮੰਤਰੀ ਦੁੱਖੀ ਪਵਿਾਰ ਦਾ ਦੁਖ ਵੰਡਾਉਣ ਆਏ, ਤਾਂ ਪਰਿਵਾਰ ਨੇ ਗੁਸੇ ਵਿਚ ਇਸ ਹੱਤਿਆ ਲਈ ਸ੍ਰੀ ਗਿੱਲ ਨੂੰ ਜ਼ਿਮੇਵਾਰ ਠਹਿਰਾਇਆ।

ਪ੍ਰੈਸ ਦੀ ਮਹੱਤਤਾ ਬਾਰੇ ਸ੍ਰੀ ਗਿੱਲ ਨੂੰ ਪਤਾ ਸੀ, ਪਰ ਅਕਸਰ ਪੱਤਰਕਾਰਾਂ ਨੂੰ ਉਹ “ਟੈਰਿਰਸਟ” ਦੇ ਹਮਦਰਦ ਸਮਝਦੇ ਸਨ ਤੇ ਪੱਤਰਕਾਰਾਂ ਨੂੰ  ਅਤਿਵਾਦੀਆਂ ਦੇ ਬਿਆਨਾਂ ਉਤੇ ਆਧਾਰਿਤ ਖ਼ਬਰਾਂ ਨਾ ਭੇਜਣ ਦੀ ਨਸੀਹਤ ਦਿੰਦੇ ਰਹਿੰਦੇ ਸਨ, ਇਸ ਬਾਰੇ ਕਈ ਵਾਰੀ ਅੰਮ੍ਰਿਤਸਰ ਤੇ ਪੱਤਰਕਾਰਾਂ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ। ਪੱਤਰਕਾਰਾਂ ਦਾ ਕਹਿਣਾ ਸੀ ਕਿ ਆਪਣੇ ਖੇਤਰ ਬਾਰੇ ਹਰ ਖ਼ਬਰ ਭੇਜਣਾ ਉਨ੍ਹਾਂ ਦੀ ਡਿਊਟੀ ਹੈ, ਅਸੀਂ ਪੁਲਿਸ ਵੱਲੋਂ ਦਿੱਤੇ ਬਿਆਨਾਂ ਤੇ ਅਧਾਰਿਤ ਖ਼ਬਰਾਂ ਵੀ ਭੇਜਦੇ ਹਾਂ, ਹਾਲਾਂਕਿ ਸੱਭ ਨੂੰ ਪਤਾ ਹੈ ਕਿ  ਬਹੁਤੇ  ਪੁਲਿਸ ਮੁਕਾਬਲੇ ਝੂਠੇ ਹੁੰਦੇ ਸਨ। ਇਹ ਸਿਲਸਿਲਾ ਚੱਲਦਾ ਰਹਿੰਦਾ। ਵੈਸੈ ਸ੍ਰੀ ਗਿੱਲ ਪ੍ਰੈਸ ਕਾਨਫਰੰਸ ਸਮੇਂ ਪੱਤਰਕਾਰਾਂ ਨਾਲ ਘੁਲ ਮਿਲ ਕੇ ਹਸੀ ਠਠਾ ਕਰਦੇ ਤੇ ਉਨ੍ਹਾਂ ਦੀ ਖੂਬ ਸੇਵਾ ਕਰਦੇ।

ਜਦੋਂ ਅਗਸਤ 1992 ਦੌਰਾਨ ਰਾਤ ਸਮੇਂ ਪੁਲਿਸ ਨੇ ਅਪਰੇਸ਼ਨ “ਨਾਈਟ ਡਾਮੀਨੈਂਸ” ( ਰਾਤਰੀ ਗਲਬਾ) ਸ਼ੁਰੂ ਕੀਤਾ, ਤਾਂ ਸ੍ਰੀ ਗਿੱਲ ਚੰਡੀਗੜ੍ਹ ਤੋਂ ਵੀ 3-4 ਪੱਤਰਕਾਰਾਂ ਨੂੰ ਨਾਲ ਲਿਆਏ। ਪੁਲਿਸ ਦੇ ਕੰਟਰੋਲ ਰੂਮ ( ਨਹਿਰੀ ਗੈਸਟ ਹਾਊਸ) ਵਿੱਚ ਪ੍ਰੈਸ ਕਾਨਫਰੰਸ ਸਮੇਂ ਸ਼ਰਾਬ ਦਾ ਦੌਰ ਸੂਰੂ ਹੋ ਰਿਆ। ਉਨ੍ਹਾਂ ਦਿਨਾਂ ਵਿਚ ਮੈਂ ਵੀ ਸ਼ਰਾਬ ਪੀਂਦਾ ਸੀ, ਮੈਂ ਸ੍ਰੀ ਗਿੱਲ ਤੋਂ ਕੋਈ ਸਵਾਲ ਪੁੱਛਿਆਂ, ਉਨ੍ਹਾਂ ਮੈਨੁੰ ਮੋੜਵਾਂ ਸਵਾਲ ਕੀਤਾ ” ਵੱਟ ਇਜ਼ ਯੂੳਰ ਏਜ਼” ( ਤੇਰੀ ਉਮਰ ਕਿਤਨੀ ਹੈ। ਮੈਂ  ਅੰਗਰੇਜ਼ੀ ਵਿਚ ਹੀ ਕਿਹਾ  ਕਿ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਮੈਂ ਉਨ੍ਹਾਂ ਤੇ ਫਿਰ ਸਵਾਲ ਦਾਗ਼ਿਆ ,” ਵਾਈ ਯੂ ਡਾਈ ਯੂਅਰ ਬੀਅਰਡ?” ( ਤੁੰ ਆਪਣੀ ਦਾੜ੍ਹੀ ਕਾਲੀ ਕਿਉਂ ਕਰਦਾ ਹੈਂ)। ਮੈਂ ਲਾਜਵਾਬ ਹੋ ਗਿਆ। ਉਸ ਸਮੇਂ ਮੇਰੀ ਉਮਰ 53-54 ਸਾਲ ਦੀ ਸੀ  ਤੇ ਮੈਂ ਆਪਣੀ ਦਾੜ੍ਹੀ ਦੇ ਚਿੱਟੇ ਵਾਲ ਛੁਪਾਉਣ ਲਈ ਕਾਲੀ ਕਰਦਾ ਸੀ, ਮੈਂ ਬੇਜਵਾਬ ਹੋ ਹਿਆ ਪਰ ਚੰਡੀਗੜ੍ਹ ਤੋਂ ਆਏ ਇੱਕ ਪੱਤਰਕਾਰ ਨੇ ਗੱਲ ਸੰਭਾਲ ਲਈ, ਪੰਜਾਬੀ ਵਿਚ ਕਹਿਣ ਲਗਾ,” ਗਿੱਲ ਸਾਹਿਬ , ਸਵਾਲ ਪੁੱਛਣਾ ਸਾਡਾ ਹੱਕ ਹੈ, ਤੁਸੀ ਮਰਜ਼ੀ ਹੈ ਜਵਾਬ ਦਿਓ ਜਾਂ ਨਾਂ ਦਿਓ।” ਸਾਡੇ ਅੰਮ੍ਰਿਤਸਰ ਦੇ ਕਈ ਸਾਥੀ ਪੱਤਰਕਾਰਾਂ ਨੇ ਨਾਲ ਹੋਏ ਇਸ ਸਲੂਕ ਦਾ ਬਹੁਤ ਬੁੁਰਾ ਮਨਾਇਆ। ਕੁਦਰਤੀ  ਮੈਂ ਦਾੜ੍ਹੀ ਕਾਲੀ ਕਰਨੀ ਬੰਦ ਕਰ ਦਿੱਤੀ ਦੋ ਕੁ ਮਹੀਨੇ ਬਾਅਦ ਸ੍ਰੀ ਗਿੱਲ ਅੰਮਿ੍ਤਸਰ ਆਏ, ਤਾਂ ਦੂਰੋਂ ਹੀ ਮੇਰੇ ਵੱਲ ਇਸ਼ਾਰਾ ਕਰਕੇ ਮੇਰੇ ਇਕ ਸਾਥੀ ਪੱਤਰਕਾਰ ਗੁਰਦੀਪ ਸਿੰਘ  ਨੂੰ ਕਹਿਣ ਲਗੇ, “ਭੰਵਰ ਐਂਵੇਂ ਮੇਰੇ ਨਾਲ ਲੜਦਾ ਸੀ, ਦੇਖੋ ਸਫੈਦ ਦਾੜ੍ਹੀ ਨਾਲ ਕਿਤਨਾ ਸੁਹਣਾ ਲਗਦਾ ਹੈ।” ਗੁਰਦੀਪ ਨੇ ਪਿੱਛੋਂ ਮੈਨੂੰ ਇਹ ਗੱਲ ਦੱਸੀ।

ਪੰਜਾਬ ਦੇ ਹਾਲਾਤ ਸੁਧਰਣ ਲਗੇ, ਤਾਂ ਸ੍ਰੀ ਗਿੱਲ ਨੇ ਮੁੰਬਈ ਤੋਂ ਫਿਲਮੀ ਸਿਤਾਰੇ ਬੁਲਾ ਕੇ ਨਾਚ ਗਾਣੇ ਸਮੇਂ ਸਭਿਆਚਾਰਕ ਪ੍ਰੋਗਰਾਮ ਵੀ ਸੁਰ੍ਰੁੂ ਕਰ ਦਿੱਤੇ। ਸ੍ਰੀ ਗਿੱਲ ਨੇ ਇਕ ਵਾਰ ਲੁਧਿਆਣਾ ਦੇ ਕਾਨਵੈਂਟ ਸਕੂਲਾਂ ਦੇ ਬੱਚੇ ਗੱਲਬਾਤ ਲਈ ਬੁਲਾਏ। ਉਸ ਤੋਂ ਪਹਿਲੀ ਰਾਤ ਇੱਕ ਡੀ.ਐਸ.ਪੀ. ਨੇ ਆਪਣੇ ਘਰ (ਸ਼ਾਇਦ ਰਨਦਾਸ ਵਿਖੇ) ਵਿਆਹ ਤੇ ਨਾਚ ਗਾਣੇ ਦਾ ਪ੍ਰੋਗਰਾਮ ਰੱਖਿਆ, ਗਾਇਕ ਨੂੰ ਕੋਈ ਅਸ਼ਲੀਲ ਟਾਈਪ ਦਾ ਗੀਤ ਗਾਉਣ ਲਈ ਕਿਹਾ, ਪਰ ਉਸ ਨੇ ਨਾਂਹ  ਕਰ ਦਿੱਤੀ, ਗੁਸੇ ਵਿਚ ਆਏ ਡੀ.ਐਸ.ਪੀ. ਨੇ ਉਸਦੇ ਉਤੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ (ਮੈਨੂੰ  ਨਾਂੳੁ ਭੁੱਲ ਗਿਆ ਉਹ ਉਸ ਸਮੇਂ ਦੇ ਪ੍ਰਸਿੱਧ ਗਾਇਕ ਸਨ ਤੇ ਮੁਸਲਾਮਾਨ ਭਾਈਚਾਰੇ ਨਾਲ ਸਬੰਧ ਰੱਖਦੇ ਸਨ)। ਮੈਂ ਆਪਣੇ ਅਖ਼ਬਾਰ ਨੂੰ ਖਬਰ ਭੇਜ ਦਿੱਤੀ ਅਗਲੀ ਸਵੇਰੇ ਤੇ ਪਹਿਲੇ ਸਫੇ ਤੇ ਬੜੀ ਪ੍ਰਮੁੱਖਤਾ ਨਾਲ ਛਪ ਗਈ । ਜਦੋਂ ਸ੍ਰੀ ਗਿੱਲ ਬੱਚਿਆਂ ਨਾਲ ਗੱਲਬਾਤ ਕਰਨ ਗਏ, ਤਾਂ ਬੱਚਿਆਂ ਨੇ ਇਹ ਅਖ਼ਬਾਰ ਅੱਗੇ ਰੱਖ ਦਿੱਤੀ, ਸ੍ਰੀ ਗਿੱਲ ਕੋਈ ਤਸੱਲੀਬਖ਼ਸ ਜਵਾਬ ਨਾ ਦੇ ਸਕੇ। ਇਸੇ ਤਰਾਂ ਇਕ ਵਾਰ ਮੇਰੀ ਇੱਕ ਹੋਰ ਖ਼ਬਰ ਕਾਰਨ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ।

ਮੇਰਾ ਇਹ ਦਾਅਵਾ ਹੈ ਕਿ ਕਿਸੇ ਅੰਗਰੇਜ਼ੀ ਅਖਬਾਰ ਲਈ ਪੁਲਿਸ ਜ਼ਿਆਦਤੀਆਂ ਤੇ ਜ਼ੁਲਮ ਤਸ਼ੱਦਦ ਬਾਰੇ ਸਭ ਤੋਂ ਵੱਧ ਖਬਰਾਂ ਮੈਂ ਭੇਜੀਆਂ, ਇਸ ਲਈ ਸੀ.ਪੀ.ਆਈ ਨੇਤਾ ਕਾਮਰੇਡ ਸਤ ਪਾਲ ਡਾਂਗ ਮੇਰੀ ਬੜੀ ਕਦਰ ਕਰਦੇ ਸਨ। ਕੁਝ ਇੱਕ ਖ਼ਬਰਾਂ ਦਾ ਦੇਸ਼ ਦੀ ਸੁਪਰੀਮ ਕੋਰਟ ਤੇ ਫਿਰ ਹਾਈ ਕੋਰਟ ਨੇ ਵੀ ਨੋਟਿਸ ਲਿਆ, ਪਰ ਮੈਨੂੰ ਸ੍ਰੀ ਗਿੱਲ ਜਾਂ ਕਿਸੇ ਪੁਲਿਸ ਅਫਸਰ ਨੇ ਕਦੀ  ਕੋਈ ਧਮਕੀ ਨਹੀਂ ਦਿੱਤੀ ਹਾਲਾਂਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲਾਂ ਤੇ ਜਸਵੰਤ ਸਿੰਘ ਖਾਲੜਾ ਵਰਗੇ ਵਿਅਕਤੀਆਂ ਬਾਰੇ ਬੜੀਆਂ ਦਰਦਨਾਕ ਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ।

ਸਮੁੱਚੇ ਤੌਰ ਤੇ ਸ੍ਰੀ ਗਿੱਲ ਬੜੇ ਹੀ ਕਾਮਯਾਬ ਪੁਲਿਸ ਅਫਸਰ ਸਨ, ਪੰਜਾਬ ਵਿਚ  ਅਮਨ ਸ਼ਾਂਤੀ ਬਹਾਲ ਕਰਨ ਵਿੱਚ ਉਨ੍ਹਾਂ ਦਾ ਰੋਲ ਭੁਲਾਇਆ ਨਹੀਂ ਜਾ ਸਕਦਾ,ਭਾਵੈਂ ਇਹ ਸਾਰਾ ਵਿਵਾਦਗ੍ਰਸਤ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>