ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ : ਉਜਾਗਰ ਸਿੰਘ

ਬਲਜੀਤ ਕੌਰ ਸਵੀਟੀ ਦੀ ਪਲੇਠੀ ਕਵਿਤਾ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ ਹੈ। ਇਸ ਪੁਸਤਕ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਪਿਆਰ, ਇਸ਼ਕ, ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਹੀ ਪਾਉਂਦੀਆਂ ਹਨ। ਇਹ ਕਵਿਤਾਵਾਂ ਇਸਤਰੀ ਜਾਤੀ ਦੀਆਂ ਇਛਾਵਾਂ, ਮਨੋ ਭਾਵਨਾਵਾਂ, ਦਰਦਾਂ ਅਤੇ ਅਹਿਸਾਸਾਂ ਦਾ ਮੁਜੱਸਮਾ ਹਨ। ਇੱਕ ਔਰਤ ਨੂੰ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿਚ ਵਿਚਰਦਿਆਂ ਕਿਹੜੀਆਂ ਸਮਾਜਿਕ ਅਤੇ ਮਾਨਸਿਕ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਸਮੇਂ ਉਨ੍ਹਾਂ ਦੇ ਦਿਲਾਂ ਦੀ ਕੀ ਉਥਲ ਪੁਥਲ ਹੁੰਦੀ ਹੈ, ਉਨ੍ਹਾਂ ਦੇ ਦਿਲ ਦੇ ਅਹਿਸਾਸਾਂ ਅਤੇ ਵਲਵਲਿਆਂ ਨੂੰ ਸਵੀਟੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਵਰਤਮਾਨ ਸਮਾਜ ਵਿਚ ਲੜਕੇ ਅਤੇ ਲੜਕੀਆਂ ਜਦੋਂ ਇਸ਼ਕ ਦੀ ਤਾਣੀ ਵਿਚ ਉਲਝ ਜਾਂਦੇ ਹਨ, ਉਸ ਸਮੇਂ ਉਹ ਜਿਹੜੇ ਸੁਪਨੇ ਸਿਰਜਦੇ ਹਨ ਅਤੇ ਜਦੋਂ ਉਨ੍ਹਾਂ ਸੁਪਨਿਆਂ ਨੂੰ ਅਸਲੀਅਤ ਵਿਚ ਬਦਲਿਆ ਨਹੀਂ ਜਾ ਸਕਦਾ ਤਾਂ ਅਜਿਹੇ ਹਾਲਾਤਾਂ ਨੂੰ ਬਲਜੀਤ ਕੌਰ ਸਵੀਟੀ ਨੇ ਬਾਖ਼ੂਬੀ ਨਾਲ ਆਪਣੀ ਕਵਿਤਾ ਦੇ ਮਣਕਿਆਂ ਵਿਚ ਪ੍ਰੋ ਕੇ ਦੱਸਣ ਦੀ ਕੋਸ਼ਿਸ ਕੀਤੀ ਹੈ। ਕੁਝ ਕਵਿਤਾਵਾਂ ਵਿਚ ਉਸਨੇ ਇਸ਼ਕ ਮਜ਼ਾਜ਼ੀ ਅਤੇ ਹਕੀਕੀ ਦੀ ਆਪਸ ਵਿਚ ਤੁਲਨਾ ਕਰਕੇ ਪ੍ਰੇਮੀਆਂ ਦੇ ਪ੍ਰੇਮ ਦਾ ਇਜ਼ਹਾਰ ਕੀਤਾ ਹੈ। ਉਸ ਦੀਆਂ ਕਵਿਤਾਵਾਂ ਇਸ਼ਕ ਮਜਾਜੀ ਰਾਹੀਂ ਇਸ਼ਕ ਹਕੀਕੀ ਤੱਕ ਪਹੁੰਚਣ ਦੀ ਵਕਾਲਤ ਕਰਦੀਆਂ ਹਨ। ਸਮੁੱਚੇ ਤੌਰ ਤੇ ਜੇ ਵੇਖਿਆ ਜਾਵੇ ਤਾਂ ਸਵੀਟੀ ਦੀਆਂ ਕਵਿਤਾਵਾਂ ਦਰਸਾਉਂਦੀਆਂ ਹਨ ਕਿ ਪ੍ਰੇਮ ਪਿਆਰ ਦੀ ਮ੍ਰਿਗ ਤ੍ਰਿਸ਼ਨਾ ਨੌਜਵਾਨ ਪ੍ਰੇਮੀਆਂ ਨੂੰ ਇਸ ਤਰ੍ਹਾਂ ਤਰਸਾਉਂਦੀ ਹੈ ਕਿ ਉਹ ਆਪਣੇ ਪਿਆਰ ਤੋਂ ਸੰਤੁਸ਼ਟ ਨਹੀਂ ਹੁੰਦੇ, ਮਿਲਾਪ ਦੀ ਕਸ਼ਮਕਸ਼ ਮਾਨਸਿਕ ਭਟਕਣਾ ਵਿਚ ਫਸਾ ਦਿੰਦੀ ਹੈ ਕਿਉਂਕਿ ਉਨ੍ਹਾਂ ਦਾ ਮਕਸਦ ਇਸ਼ਕ ਮਿਜ਼ਾਜੀ ਤੱਕ ਹੀ ਸੀਮਤ ਹੁੰਦਾ ਹੈ, ਜਿਸਨੂੰ ਇਸਤਰੀ ਲਈ ਪ੍ਰਵਾਨ ਕਰਨਾ ਅਸੰਭਵ ਹੁੰਦਾ ਹੈ। ਇਸਤਰੀ ਪਰਮਾਤਮਾਂ ਦੀ ਅਜਿਹੀ ਪਵਿਤਰ ਦੇਣ ਹੈ, ਜਿਹੜੀ ਸਾਰੀ ਉਮਰ ਰਿਸ਼ਤਿਆਂ ਨੂੰ ਨਿਭਾਉਣ ਵਿਚ ਹੀ ਬਸਰ ਕਰ ਦਿੰਦੀ ਹੈ। ਉਹ ਪਿਆਰ ਦੀ ਪ੍ਰਤੀਕ ਹੈ ਜਿਹੜੀ,  ਪਿਤਾ, ਪੁੱਤਰ, ਭਰਾ, ਪਤੀ ਅਤੇ ਦੋਸਤ ਦੇ ਪਿਆਰ ਨੂੰ ਬਰਾਬਰ ਨਿਭਾਉਂਦੀ ਹੈ ਪ੍ਰੰਤੂ ਉਹਨੂੰ ਬਹੁਤੀ ਥਾਂ ਬੇਵਫ਼ਾਈ ਅਤੇ ਧੋਖੇ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰਦ ਸੰਜਮ ਵਿਚ ਨਹੀਂ ਰਹਿ ਸਕਦਾ। ਉਸ ਦੀਆਂ ਕਵਿਤਾਵਾਂ ਇਹ ਵੀ ਕਹਿੰਦੀਆਂ ਹਨ ਕਿ ਜੇ ਉਸਦੀ ਅਣਖ਼ ਨੂੰ ਵੰਗਾਰਿਆ ਜਾਵੇ ਤਾਂ ਉਹ ਤਾਂ ਇੱਟ ਨਾਲ ਇੱਟ ਖੜਕਾਉਣਾ ਵੀ ਜਾਣੀ ਹਾਂ। ਇਹ ਹੀ ਸਵੀਟੀ ਦੀਆਂ ਕਵਿਤਾਵਾਂ ਦਾ ਧੁਰਾ ਹੈ। ਪਿਆਰ ਇਸਤਰੀ ਲਈ ਜ਼ਰੂਰੀ ਬੁਰਾਈ ਹੈ ਜਿਸਨੂੰ ਉਹ ਅਧਵਾਟੇ ਛੱਡ ਵੀ ਨਹੀਂ ਸਕਦੀ ਪ੍ਰੰਤੂ ਉਸਨੂੰ ਪਿਆਰ ਦੀ ਪ੍ਰਾਪਤੀ ਲਈ ਖੱਜਲ ਖ਼ੁਆਰ ਹੋਣਾ ਵੀ ਪੈਂਦਾ, ਉਹ ਫਿਰ ਵੀ ਪਿੱਛੇ ਨਹੀਂ ਹੱਟਦੀ ਸਗੋਂ ਲਟਾਪੀਂਘ ਹੋਈ ਰਹਿੰਦੀ ਹੈ। ਆਦਮੀ ਦੀ ਬੇਰੁਖ਼ੀ ਦੇ ਬਾਵਜੂਦ ਉਹ ਮਜ਼ਬੂਰੀ ਬੱਸ ਕਦੀਂ ਬੱਚਿਆਂ ਕਰਕੇ ਅਤੇ ਕਦੀਂ ਦੁਨੀਆਂਦਾਰੀ ਕਰਕੇ ਹਟਕੋਰੇ ਲੈਂਦੀ ਹੋਈ ਸਿਸਕਦੀ ਰਹਿੰਦੀ ਹੈ। ਆਦਮੀ ਭਾਵੇਂ ਉਸਨੂੰ ਪਸੰਦ ਕਰੇ ਤੇ ਭਾਵੇਂ ਨਾਂਹ ਪ੍ਰੰਤੂ ਉਹ ਫਿਰ ਵੀ ਰਿਸ਼ਤਿਆਂ ਨੂੰ ਨਿਭਾਉਣ ਦੀ ਕੋਸ਼ਿਸ ਕਰਦੀ ਰਹਿੰਦੀ ਹੈ। ਇਸੇ ਕਰਕੇ ਸਵੀਟੀ ਆਪਣੀ ਪੁਸਤਕ ਦੀ ਪਹਿਲੀ ਕਵਿਤਾ ‘ਸੋਹਣਿਆਂ ਕਣਕ ਰੰਗਿਆ ’ਵਿਚ ਲਿਖਦੀ ਹੈ:

ਤੇਰੇ ਸਾਹਾਂ ‘ਚ ਅਟਕੇ ਸਾਹ ਸੱਜਣਾ, ਵੇ ਸੋਹਣਿਆਂ ਕਣਕ ਰੰਗਿਆ।
ਤੇਰੇ ਮੇਰੇ ‘ਚ ਇੱਕੋ ਫ਼ਰਕ ਆ, ਤੈਨੂੰ ਜਗੀਰੋ ਪਸੰਦ ਆ ਤੇ ਮੈਨੂੰ ਤੂੰ।

ਬਲਜੀਤ ਕੌਰ ਦੀਆਂ ਕਵਿਤਾਵਾਂ ਨਿਹੋਰੇ, ਨਖ਼ਰੇ, ਬੇਰੁਖੀਆਂ, ਮਿਹਰਬਾਨੀਆਂ, ਹੰਝੂਆਂ ਅਤੇ ਹਟਕੋਰਿਆਂ ਵਾਲੀਆਂ ਹਨ ਪ੍ਰੰਤੂ ਬਹੁਤੀਆਂ ਕਵਿਤਾਵਾਂ ਬ੍ਰਿਹਾ ਨਾਲ ਲਬਰੇਜ਼ ਹਨ। ਕਵਿਤਾਵਾਂ ਵਿਚ ਵਿਛੋੜੇ ਦਾ ਸੰਤਾਪ ਝਲਕਦਾ ਹੈ। ਪ੍ਰੇਮੀਆਂ ਦੀ ਖ਼ੁਸ਼ੀ ਵੀ ਤ੍ਰੇਲ ਦੇ ਤੁਪਕੇ ਦੀ ਤਰ੍ਹਾਂ ਹੀ ਵਿਖਾਈ ਦਿੰਦੀ ਹੈ ਕਿਉਂਕਿ ਤ੍ਰੇਲ ਦਾ ਤੁਪਕਾ ਵੀ ਕੁਝ ਪਲਾਂ ਦਾ ਹੀ ਪ੍ਰਾਹੁਣਾ ਹੁੰਦਾ ਹੈ। ਇਸੇ ਤਰ੍ਹਾਂ ਉਸ ਦੀਆਂ ਕਵਿਤਾਵਾਂ ਵਿਚ ਸੰਤੁਸ਼ਟੀ ਦੇ ਪਲ ਬਹੁਤ ਥੋੜ੍ਹੇ ਸਮੇਂ ਲਈ ਹੁੰਦੇ ਹਨ। ਉਸ ਦੀਆਂ ਕਵਿਤਾਵਾਂ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਹਨ ਕਿ ਇੰਤਜ਼ਾਰ ਦੀਆਂ ਘੜੀਆਂ ਇਸਤਰੀ ਦੇ ਮਨ ਨੂੰ ਬੇਗਾਨਗੀ ਲਈ ਕੁਰੇਦਦੀਆਂ ਰਹਿੰਦੀਆਂ ਹਨ। ਅਜਿਹੇ ਹਾਲਾਤ ਸਮੇਂ ਆਪਣੀ ਕਵਿਤਾ ਵਿਚ ਮਰਦ ਨੂੰ ਬੇਈਮਾਨ ਅਤੇ ਠੱਗ ਤੱਕ ਗਰਦਾਨ ਦਿੱਤਾ ਜਾਂਦਾ ਹੈ।  ਉਸਦੀ ਕਵਿਤਾ ਖੁਲ੍ਹੀ, ਲੈ ਅਤੇ ਤਾਲ ਵਾਲੀ ਦੋ ਰੰਗੀ ਹੈ ਪ੍ਰੰਤੂ ਅਰਥ ਭਰਪੂਰ ਹੈ। ਵਰਤਮਾਨ ਸਮਾਜ ਵਿਚ ਨੌਜਵਾਨੀ ਨਸ਼ਿਆਂ ਕਰਕੇ ਕੁਰਾਹੇ ਪਈ ਹੋਈ ਹੈ, ਸਵੀਟੀ ਦੀ ਕਵਿਤਾ ਜੋ ਸਮਾਜ ਵਿਚ ਵਾਪਰ ਰਿਹਾ ਹੈ ਉਸਤੋਂ ਵੀ ਚਿੰਤਤ ਹੈ। ਉਹ ਨੌਜਵਾਨਾ ਨੂੰ ਪ੍ਰੇਰਨ ਦਿੰਦੀ ‘ਚੋਰਾਂ ਤੇ ਮੋਰ’ ਸਿਰਲੇਖ ਵਾਲੀ ਕਵਿਤਾ ਲਿਖਦੀ ਹੈ ਕਿ ਇਨਸਾਨ ਮਾਨਸਿਕ ਤੌਰ ਮਜ਼ਬੂਤ ਅਤੇ ਆਪਣੇ ਬਿਹਤਰੀਨ ਕੰਮਾ ਕਰਕੇ ਸੋਹਣਾ ਹੁੰਦਾ ਹੈ। ਅਵਾਰਗੀ ਅਤੇ ਮਾਪਿਆਂ ਤੋਂ ਬੇਮੁੱਖ ਹੋਣ ਵਾਲੇ ਨੌਜਵਾਨ ਚੰਗੇ ਇਨਸਾਨ ਨਹੀਂ ਬਣ ਸਕਦੇ। ਮਿਹਨਤੀ ਅਤੇ ਸਫਲਤਾ ਦੀ ਪੌੜ੍ਹੀ ਚੜ੍ਹਨ ਵਾਲਿਆਂ ਤੋਂ ਖ਼ਾਰ ਖਾਣ ਵਾਲੇ ਜ਼ਿੰਦਗੀ ਵਿਚ ਸਫਲ ਨਹੀਂ ਹੋ ਸਕਦੇ। ਉਹ ਸਾਧਾਂ ਦੇ ਰੂਪ ਵਿਚ ਮਖੌਟੇ ਪਾਉਣ ਵਾਲਿਆਂ ਤੋਂ ਗੁਰੇਜ਼ ਕਰਨ ਦੀ ਵੀ ਨਸੀਹਤ ਦਿੰਦੀ ਹੋਈ ਲਿਖਦੀ ਹੈ।
ਸੋਹਣੇ ਮੁਖੜੇ ਵਾਲੇ ਨਹੀਂ, ਸੋਹਣੇ ਕੰਮ ਕਰਨ ਵਾਲੇ ਸੋਹਣੇ ਹੁੰਦੇ ਹਨ।

ਖਾ ਕੇ ਨਸ਼ੇ ਤੇ ਟੌਹਰ ਕੱਢਕੇ ਫਿਰਨ ਵਾਲੇ ਅਵਾਰਾ,
ਮਾਪਿਆਂ ਦੀ ਸੇਵਾ ਕਰਨ ਵਾਲੇ ਗਹਿਣੇ ਹੁੰਦੇ ਨੇ।

ਇਨਸਾਨ ਸਮਝ ਕੇ ਕਦਰ ਕਰ ਸਭ ਦੀ,
ਭਾਵੇਂ ਸਾਧਾਂ ਦੇ ਰੂਪ ਵਿਚ ਕੋਈ ਹੋਰ ਹੁੰਦੇ ਨੇ।

ਮਿਹਨਤ ਨੂੰ ਵੇਖਣ ਵਾਲੇ ਘੱਟ, ਤੇ ਸਫਲਤਾ ਨੂੰ ਵੇਖਕੇ,
ਦੁਸ਼ਮਣ ਬਣਨ ਵਾਲੇ ਕਰੋੜ ਹੁੰਦੇ ਨੇ।

ਇਸ ਹੁਸਨ ਦੀ ਗੱਲ ਮੈਂ ਕੀ ਆਖਾਂ,
ਇਹ ਚੋਰਾਂ ਤੇ ਪੈਣ ਵਾਲੇ ਮੋਰ ਹੁੰਦੇ ਨੇ।

ਬਲਜੀਤ ਕੌਰ ਸਵੀਟੀ ਨਿਰੀ ਰੁਮਾਂਸਵਾਦ ਵਾਲੀਆਂ ਕਵਿਤਾਵਾਂ ਹੀ ਨਹੀਂ ਲਿਖਦੀ ਸਗੋਂ ਸਮਾਜਿਕ ਸਰੋਕਾਰਾਂ ਨਾਲ ਵੀ ਬਾਵਾਸਤਾ ਰੱਖਦੀ ਹੈ। ਇਸ ਕਰਕੇ ਉਹ ਬੇਰੋਜ਼ਗਾਰੀ, ਮਹਿੰਗਾਈ, ਮਿਲਾਵਟ ਅਤੇ ਭਰਿਸ਼ਟਾਰ ਵਰਗੇ ਮੁਦਿਆਂ ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਵਿਸ਼ੇਸ ਮਹੱਤਤਾ ਦਿੰਦੀ ਹੈ। ਜਿਨ੍ਹਾਂ ਦਾ ਸਮੁੱਚੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ। ਇਸਦੇ ਨਾਲ ਹੀ ਉਹ ਆਪਣੀਆਂ ਕਵਿਤਾਵਾਂ ਰਾਹੀਂ ਇਛਾਵਾਂ ਤੇ ਕਾਬੂ ਪਾਉਣ ਅਤੇ ਜੋ ਮਿਲਿਆ ਹੈ ਉਸ ਨਾਲ ਹੀ ਸਕੂਨ ਪ੍ਰਾਪਤ ਕਰਨ ਲਈ ਪ੍ਰੇਰਦੀ ਹੈ। ਇਸਤਰੀ ਤੇ ਮਰਦ ਅਤੇ ਖ਼ੁਸ਼ੀ ਤੇ ਗ਼ਮੀ ਇੱਕ ਸਿੱਕੇ ਦੇ ਦੋ ਪਾਸੇ ਹਨ, ਦੋਵੇਂ ਇੱਕ ਦੂਜੇ ਤੇ ਨਿਰਭਰ ਹਨ ਅਤੇ ਇੱਕ ਦੂਜੇ ਦੀ ਅਣਹੋਂਦ ਤੋਂ ਮੌਕੇ ਉਸਦੀ ਮਹੱਤਤਾ ਦਾ  ਪਤਾ ਚਲਦਾ ਹੈ। ਸਵੀਟੀ ਦੀਆਂ ਕਵਿਤਾਵਾਂ ਇਹ ਵੀ ਦਰਸਾਉਂਦੀਆਂ ਹਨ ਕਿ ਇਸਤਰੀ ਨੂੰ ਹੀ ਹਰ ਗ਼ਲਤੀ ਅਤੇ ਗ਼ਮ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਜਦੋਂ ਕਿ ਅਮਲੀ ਤੌਰ ਤੇ ਇਹ ਸਹੀ ਨਹੀਂ ਹੈ। ਕਵਿਤਰੀ ਨਫ਼ਰਤ ਦੀ ਥਾਂ ਪਿਆਰ ਨੂੰ ਪ੍ਰਮੁਖਤਾ ਦਿੰਦੀ ਹੈ। ਕਈ ਵਾਰ ਉਹ ਆਪਣੀ ਕਵਿਤਾ ਵਿਚ ਸਿੱਧੀ ਚੋਟ ਮਾਰਨ ਦੀ ਥਾਂ ਬਿੰਬਾਤਮਿਕ ਗੱਲਾਂ ਕਰਦੀ ਹੈ। ਪਰਵਾਸ ਦੀ ਜ਼ਿੰਦਗੀ ਦੀਆਂ ਕਠਨਾਈਆਂ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਉਹ ਲਿਖਦੀ ਹੈ ਕਿ ਕੰਡਿਆਲੀ ਸੇਜ ਮੋਤੀ ਚੂਰ ਦੇ ਲੱਡੂਆਂ ਦੀ ਤਰ੍ਹਾਂ ਹੈ। ਅਰਥਾਤ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ। ਪ੍ਰੰਤੂ ਇਸ ਦੇ ਨਾਲ ਹੀ ਪਿਆਰ ਤਾਂ ਹੀ ਸਫਲ ਹੁੰਦਾ ਹੈ ਜੇਕਰ ਦੋਵੇਂ ਪ੍ਰੇਮੀ ਆਪੋ ਆਪਣੇ ਫ਼ਰਜ ਨਿਭਾਉਣ। ਮਾਡਰਨ ਜ਼ਮਾਨਾ ਦੇ ਸਿਰਲੇਖ ਵਾਲੀ ਕਵਿਤਾ ਵਿਚ ਕਵਿਤਰੀ ਆਪਣੇ ਪਰਿਵਾਰਿਕ ਵਿਵਾਹਤ ਜੀਵਨ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਇਸਤਰੀ ਅਤੇ ਮਰਦ ਦੋਹਾਂ ਨੂੰ ਸਮਝਾਉਂਦੀ ਹੈ ਤੁਹਾਡੀ ਜਿੰਮੇਵਾਰੀ ਬਰਾਬਰ ਦੀ ਹੁੰਦੀ ਹੈ। ਇਸ ਕਵਿਤਾ ਵਿਚ ਕਵਿਤਰੀ ਲਿਖਦੀ ਹੈ:

ਜੱਟ ਹਾੜ੍ਹੀ ਵੇਚਕੇ ਆਇਆ, ਲਾਹ ਦੇਉਗਾ ਉਲਾਂਭੇ ਜੱਟੀਏ।
ਭਾਵੇਂ ਪੰਜ ਸੌ ਦਾ ਸੂਟ ਤੂੰ ਸਵਾ ਲੈ, ਕਦੇ ਵੀ ਨਾ ਮੱਥਾ ਵੱਟੀਏ।

ਮੈਂ ਚਲੀ ਆਂ ਟੂਰ ਤੇ ਮਾਹੀਆ, ਡਿਨਰ ਆਪ ਬਣਾ ਲਈਂ ਤੂੰ।
ਬੱਚਿਆਂ ਨੂੰ ਪੀਜ਼ਾ ਖੁਆਕੇ, ਟਾਈਮ ਸਿਰ ਸੁਆ ਦੇਵੀਂਂ ਤੂੰ।

ਮੈਂ ਬਿਜਲੀ ਬਿਲ ਪੇ ਕਰਤਾ, ਫ਼ੋਨ ਵਾਲਾ ਹੁਣ ਤੂੰ ਕਰ ਦਈਂ।
ਪਿੱਛਲੇ ਮਹੀਨੇ ਇੰਸ਼ੋਰੈਂਸ ਮੈਂ ਦਿੱਤੀ ਸੀ, ਇਸ ਮਹੀਨੇ ਤੂੰ ਭਰ ਦਈਂ

ਸਵੀਟੀ ਆਪਣੀਆਂ ਕਵਿਤਾਵਾਂ ਵਿਚ ਪਿਆਰ ਅਤੇ ਸਮਾਜਿਕ ਸਰੋਕਾਰਾਂ ਤੋਂ ਬਾਅਦ ਬ੍ਰਿਹਾ ਦੇ ਗੀਤ ਗਾਉਂਦੀ ਹੈ। ਜਦੋਂ ਦੋ ਪ੍ਰੇਮੀ ਆਪਣੇ ਵਲਵਲਿਆਂ ਵਿਚ ਵਹਿ ਜਾਂਦੇ ਹਨ ਤਾਂ ਮੇਲ ਦੀ ਤਾਂਘ ਉਨ੍ਹਾਂ ਨੂੰ ਤੜਪਾਉਂਦੀ ਹੈ। ਅਜਿਹੇ ਹਾਲਾਤ ਵਿਚ ਉਹ ਬ੍ਰਿਹਾ ਪ੍ਰਧਾਨ ਕਵਿਤਾਵਾਂ ਲਿਖਦੀ ਹੈ। ਵੈਸੇ ਵੀ ਪਿਆਰ ਵਿਚ ਬ੍ਰਿਹਾ ਦਾ ਹੋਣਾ ਕੁਦਰਤੀ ਹੈ। ਚੰਨ ਦੀ ਰਾਣੀ ਕਵਿਤਾ ਵਿਚ ਸਵੀਟੀ ਪ੍ਰੇਮੀਆਂ ਨੂੰ ਸਮਝਾਉਂਦੀ ਹੈ ਕਿ ਜਿਹੜੇ ਆਸ਼ਕ-ਮਸ਼ੂਕ ਵਕਤੀ ਤੌਰ ਤੇ ਸਮਾਂ ਕੱਢਣ ਲਈ ਭੌਰੇ ਬਣਕੇ ਮੰਡਰਾਉਂਦੇ ਹਨ, ਉਨ੍ਹਾਂ ਤੋਂ ਕਿਨਾਰਾ ਕਰਨਾ ਹੀ ਬਿਹਤਰ ਹੈ। ਉਹ ਤਾਂ ਮੌਜਾਂ ਲੁੱਟਕੇ ਤੜਪਣ ਹੀ ਪੱਲੇ ਪਾ ਜਾਣਗੇ। ਸੇਕ ਜਵਾਨੀ ਦਾ ਕਵਿਤਾ ਵਿਚ ਵੀ ਕਵਿਤਰੀ ਸੁਚੇਤ ਹੋ ਕੇ ਪਿਆਰ ਦੀ ਨਦੀ ਵਿਚ ਠੱਲਣ ਦੀ ਨਸੀਹਤ ਦਿੱਤੀ ਹੈ ਕਿ ਬੰਦ ਦਰਵਾਜੇ ਨੂੰ ਹੀ ਰੱਬ ਸਮਝੋਗੇ ਤਾਂ ਪਛਤਾਉਣ ਹੀ ਪਵੇਗਾ। ਇਸ ਦੇ ਨਾਲ ਹੀ ਇੱਕ ਕਵਿਤਾ ਤਾਹਨੇ ਵਿਚ ਪੁਰਾਤਨ ਸਮੇਂ ਦਾ ਜ਼ਿਕਰ ਵੀ ਕਰਦੀ ਹੈ ਜਦੋਂ ਇਸਤਰੀਆਂ ਘੁੰਡ ਕੱਢਕੇ ਰੱਖਦੀਆਂ ਸਨ ਪ੍ਰੰਤੂ ਉਸ ਸਮੇਂ ਵੀ ਉਨ੍ਹਾਂ ਦੇ ਅਹਿਸਾਸ ਉਬਾਲੇ ਮਾਰਦੇ ਸਨ ਅਤੇ ਮੌਕਾ ਤਾੜ ਕੇ ਘੁੰਡ ਵਿਚਦੀਂ ਹੀ ਝਾਤੀ ਮਾਰਕੇ ਨੈਣਾ ਦੇ ਤੀਰ ਚਲਾਕੇ ਫਿਦਾ ਹੋ ਜਾਂਦੀਆਂ ਸਨ। ਇਸ ਕਵਿਤਾ ਵਿਚ ਉਹ ਲਿਖਦੀ ਹੈ ਕਿ:

ਘੁੰਡ ਕੱਢਕੇ ਨੈਣਾ ਤੇ ਝਾਤੀ ਮਾਰੀ, ਫਿਰ ਵੀ ਗੁਨਾਹ ਹੋ ਗਿਆ।
ਸੋਹਣੇ ਰੱਬ ਨਾਲ ਕੀਤਾ ਵਾਅਦਿਆਂ ਤੋਂ, ਦਿਲ ਕਮਲਾ ਪਿੱਛੇ ਹੋ ਗਿਆ।

ਬਲਜੀਤ ਕੌਰ ਸਵੀਟੀ ਦੀ ਸ਼ਬਦਾਵਲੀ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਹੈ। ਪ੍ਰੰਤੂ ਪ੍ਰਿੰਟਿੰਗ ਦੀਆਂ ਕੁਝ ਗ਼ੱਲਤੀਆਂ ਰੜਕਦੀਆਂ ਹਨ। ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ.ਪੰਜਾਬੀ ਪਾਸ ਕਰਕੇ ਬੀ.ਐਡ ਕਰ ਲਈ। ਉਸ ਤੋਂ ਬਾਅਦ ਅਧਿਆਪਕਾ ਦੀ ਨੌਕਰੀ ਵੀ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ 20 ਸਾਲ ਬਾਅਦ ਪੁਸਤਕ ਪ੍ਰਕਾਸ਼ਤ ਕਰਵਾਈ ਹੈ। 1998 ਵਿਚ ਅਮਰੀਕਾ ਵਿਚ ਆ ਗਏ ਅਤੇ ਹੁਣ ਕੈਲੇਫੋਰਨੀਆਂ ਵਿਚ ਆਪਣਾ ਜੀਵਨ ਬਸਰ ਕਰ ਰਹੀ ਹੈ। ਕਵਿਤਰੀ ਇਨ੍ਹਾਂ ਕਵਿਤਾਵਾਂ ਰਾਹੀਂ ਪੰਜਾਬੀ ਮੁਟਿਆਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਵਿਚ ਸਫਲ ਹੋਈ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਉਹ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਲੋਕਾਈ ਦੀ ਪੀੜਾ ਬਣਾਉਣ ਵਿਚ ਸਫਲ ਹੋ ਗਈ ਹੈ। ਕਮਲੀ ਨਾਂ ਦੀ ਕਵਿਤਾ ਵਿਚ ਉਹ ਇਹ ਦਰਸਾਉਂਦੀ ਹੈ ਕਿ ਪਿਆਰ ਵਿਚ ਪਰੁਚੇ ਲੜਕੇ ਅਤੇ ਲੜਕੀਆਂ ਐਸ਼ ਆਰਾਮ ਦੀ ਜ਼ਿੰਦਗੀ ਵਿਚੋਂ ਨਿਕਲਕੇ ਆਪ ਸਹੇੜੇ ਦੁੱਖਾਂ ਤਕਲੀਫਾਂ ਵਿਚ ਉਲਝ ਜਾਂਦੇ ਹਨ ਅਤੇ ਤੂਫ਼ਾਨ ਅਤੇ ਪਹਾੜਾਂ ਨਾਲ ਵੀ ਦੋ ਹੱਥ ਕਰਨ ਲਈ ਤਿਆਰ ਹੋ ਜਾਂਦੇ ਹਨ। ਪਿਆਰ ਦੇ ਵਣਜ ਵਿਚ ਪੈ ਕੇ ਇਨਸਾਨ ਟੁੱਟ ਜਾਂਦਾ ਹੈ। ਆਪਣੀ ਹੋਂਦ ਵੀ ਗੁਆ ਲੈਂਦੇ ਹਨ। ਉਹ ਲਿਖਦੀ ਹੈ ਕਿ ਪੈਸਾ, ਇਸ਼ਕ ਅਤੇ ਗ਼ਦਾਰ ਯਾਰ ਕਿਸੇ ਦੇ ਮਿਤ ਨਹੀਂ ਹੁੰਦੇ। ਇਸ਼ਕ ਦੇ ਫੱਟ ਸਹਿਣੇ ਪੈਂਦੇ ਹਨ ਪ੍ਰੰਤੂ ਦਿਨ ਰਾਤ ਦੀ ਚੈਨ ਖ਼ਤਮ ਹੋ ਜਾਂਦੀ ਹੈ। ਇੱਕ ਕਵਿਤਾ ਵਿਚ ਲਿਖਦੀ ਹੈ;

ਤਰ ਨਦੀਆਂ ਨੂੰ ਝਲਕ ਬਹਾਰਾਂ ਦੀ, ਜੰਗਲ ਵਿਚ ਪਾ ਲਈ।
ਛੱਡਕੇ ਮਹਿਲ ਮੁਨਾਰੇ, ਕੁਲੀ ਕਦਮ ‘ਚ ਪਾ ਲਈ।
ਟਕਰਾ-ਟਕਰਾ ਤੂਫ਼ਾਨਾਂ ਨਾਲ, ਰੂਹ ਅੰਬਰਾਂ ਤੱਕ ਤੜਫਾ ਲਈ।
ਪੱਥਰ ਦੀ ਖ਼ੁਸ਼ੀ ਲਈ, ਸੋਹਣੇ ਫੁੱਲ ਨੇ ਹੋਂਦ ਗਵਾ ਲਈ।

ਅਖ਼ੀਰ ਵਿਚ ਲਿਖਿਆ ਜਾ ਸਕਦਾ ਹੈ ਕਿ ਭਾਵੇਂ ਬਲਜੀਤ ਕੌਰ ਸਵੀਟੀ ਦੀ ਇਹ ਪਹਿਲੀ ਪੁਸਤਕ ਹੈ ਪ੍ਰੰਤੂ ਫਿਰ ਵੀ ਚੰਗੀ ਕੋਸ਼ਿਸ ਹੈ। ਅਜੇ ਉਸਨੂੰ ਹੋਰ ਮਿਹਨਤ ਦੀ ਲੋੜ ਹੈ । ਪ੍ਰਮੁੱਖ ਤੌਰ ਤੇ ਉਸਦੀ ਸਮੁੱਚੀ ਕਵਿਤਾ ਪਿਆਰ ਮੁਹੱਬਤ ਦੇ ਆਲੇ ਦੁਆਲੇ ਘੁੰਮਦੀ ਹੋਹੀ ਬ੍ਰਿਹਾ ਦੀਆਂ ਪੌੜੀਆਂ ਵੀ ਚੜ੍ਹਦੀ ਹੈ। ਇਹ ਪੁਸਤਕ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ ਕਿ ਕਵਿਤਰੀ ਇਸਤਰੀ ਜਾਤੀ ਦੀਆਂ ਮਨੋਕਾਮਨਾਵਾਂ ਨੂੰ ਲੋਕਾਈ ਦੀਆਂ ਮਨੋਕਾਮਨਾਵਾਂ ਬਣਾਉਣ ਵਿਚ ਸਫਲ ਹੋਈ ਲੱਗਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>