ਗੁਰਦੁਆਰਾ ਗਿਆਨ ਗੋਦੜੀ : ਕੀ ਸਿੱਖ ਸੰਘਰਸ਼ ਵੱਲ ਵੱਧ ਰਹੇ ਹਨ?

ਸਿੱਖਾਂ ਦੇ ਹੱਥ ਜਦੋਂ ਸਿਆਸੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿਚ ਧਾਰਮਿਕ ਮਸਲੇ ਭੁੱਲ ਜਾਂਦੇ ਹਨ, ਉਦੋਂ ਧਰਮ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਪ੍ਰੰਤੂ ਜਦੋਂ ਸਿਆਸੀ ਸ਼ਕਤੀ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਧਰਮ ਦੇ ਖ਼ਤਰੇ ਦੇ ਸੁਪਨੇ ਆਉਣ ਲੱਗਦੇ ਹਨ। ਉਹ ਧਰਮ ਨੂੰ ਹਮੇਸ਼ਾਂ ਸਿਆਸੀ ਤਾਕਤ ਲੈਣ ਲਈ ਹੱਥਕੰਡੇ ਦੇ ਤੌਰ ਤੇ ਵਰਤਦੇ ਹਨ। ਫਿਰ ਉਹ ਇਹ ਸਕੀਮਾਂ ਸੋਚਦੇ ਹਨ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਕੇ ਸਿਆਸੀ ਤਾਕਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ।  ਉਹ ਇਹ ਕਦੀ ਨਹੀਂ ਸੋਚਦੇ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਸਿੱਖ ਕੌਮ ਨੂੰ ਕਿਤਨਾ ਨੁਕਸਾਨ ਹੋ ਸਕਦਾ ਹੈ, ਟਕਰਾਓ ਦੀ ਸਥਿਤੀ ਪੈਦਾ ਹੋਵੇਗੀ ਭਾਈਚਾਰਕ ਸਾਂਝ, ਭਰਾਤਰੀ ਭਾਵ ਅਤੇ ਸਦਭਾਵਨਾ ਨੂੰ ਠੇਸ ਪਹੁੰਚੇਗੀ।

ਗੁਰਦੁਆਰਾ ਗਿਆਨ ਗੋਦੜੀ ਦਾ ਵਾਦਵਿਵਾਦ ਲਗਪਗ 43 ਸਾਲ ਬਾਅਦ ਅਕਾਲੀ ਦਲ ਨੂੰ ਅਚਾਨਕ ਯਾਦ ਆ ਗਿਆ ਹੈ। ਜਦੋਂ ਤੋਂ ਗੁਰਦੁਆਰਾ ਗਿਆਨ ਗੋਦੜੀ ਦਾ ਵਾਦਵਿਵਾਦ ਸ਼ੁਰੂ ਹੋਇਆ ਹੈ ਉਦੋਂ ਤੋਂ 20 ਸਾਲ 1977-79,  1998 ਤੋਂ 2002, 2007 ਤੋਂ2012 ਅਤੇ 2012 ਤੋਂ 2017 ਤੱਕ ਪੰਜਾਬ ਵਿਚ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ੍ਰ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਰਹੀ। ਲਗਪਗ 2 ਸਾਲ 29 ਸਤੰਬਰ 1985 ਤੋਂ 11 ਮਈ 1987 ਤੱਕ ਸ੍ਰ.ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ। ਉਸ ਸਮੇਂ ਦੌਰਾਨ ਉਨ੍ਹਾਂ ਨੂੰ ਇਸ ਗੁਰਦੁਆਰੇ ਬਾਰੇ ਯਾਦ ਹੀ ਨਹੀਂ ਆਇਆ। ਪ੍ਰੰਤੂ ਜਦੋਂ ਪੰਜਾਬ ਵਿਚ ਰਾਜ ਭਾਗ ਖੁਸ ਗਿਆ ਤਾਂ ਇਸ ਗੁਰਦੁਆਰੇ ਦੀ ਚਿੰਤਾ ਸ਼ੁਰੂ ਹੋ ਗਈ। ਕੁੰਭ ਦਾ ਮੇਲਾ ਤਾਂ ਸਦੀਆਂ ਤੋਂ ਲੱਗਦਾ ਆ ਰਿਹਾ ਹੈ ਪ੍ਰੰਤੂ 1974 ਵਿਚ ਕੁੰਭ ਦੇ ਮੇਲੇ ਦੇ ਮੌਕੇ  ਉਤਰਾਖ਼ੰਡ ਸਰਕਾਰ ਨੇ ਲੱਖਾਂ ਲੋਕਾਂ ਦੇ ਇਕੱਠ ਨੂੰ ਮੱਦੇ ਨਜ਼ਰ ਰੱਖਦਿਆਂ ਹਰਿਦੁਆਰ ਵਿਖੇ ਹਰਿ ਕੀ ਪੌੜੀ ਤੇ ਸਟੈਂਪਡ ਹੋਣ ਦੇ ਖ਼ਤਰੇ ਮੁੱਖ ਰੱਖਦਿਆਂ ਉਸਨੂੰ ਚੌੜਾ ਕਰਨ ਅਤੇ ਸੁੰਦਰੀਕਰਨ ਦਾ ਪ੍ਰੋਗਰਾਮ ਬਣਾ ਲਿਆ। ਇਸ ਤੋਂ ਪਹਿਲਾਂ ਸਰਕਾਰਾਂ ਨੂੰ ਵਹੀਰਾਂ ਘੱਤ ਕੇ ਆਉਂਦੇ ਸ਼ਰਧਾਲੂਆਂ ਤੋਂ ਖ਼ਤਰਾ ਕਿਉਂ ਪੈਦਾ ਨਹੀਂ ਹੋਇਆ? ਇਹ ਵੀ ਸੋਚਣ ਵਾਲੀ ਗੱਲ ਹੈ। ਉਤਰਾਖ਼ੰਡ ਸਰਕਾਰ ਦਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਉਥੋਂ ਹਟਾਉਣਾ ਵੀ ਮੰਦਭਾਗਾ ਫੈਸਲਾ ਸੀ। ਅਜੇ ਤੱਕ ਵੀ ਹਰਿਦੁਆਰ ਸਿੱਖ ਜਾਂਦੇ ਰਹੇ ਹਨ ਅਤੇ ਕੁਝ ਕੁ ਹੁਣ ਵੀ ਜਾ ਰਹੇ ਹਨ। ਹਰਿ ਕੀ ਪੌੜੀ ਉਪਰ ਹੀ ਸਿੱਖ ਸੰਗਤ ਕੋਲ ਇੱਕ ਕਮਰਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ ਸਨ, ਉਹ ਇਸੇ ਸਥਾਨ ਤੇ ਠਹਿਰੇ ਸਨ। ਉਸ ਕਮਰੇ ਨੂੰ ਹੀ ਸਿੱਖ ਸੰਗਤ ਗੁਰਦੁਆਰਾ ਕਹਿੰਦੀ ਸੀ। ਉਹ ਹੀ ਗੁਰਦੁਆਰਾ ਗਿਆਨ ਗੋਦੜੀ ਸੀ, ਜੋ ਸ੍ਰੀ.ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਾਇਆ ਗਿਆ ਸੀ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਪਹੁੰਚੇ ਸਨ ਤਾਂ ਉਨ੍ਹਾਂ ਏਥੇ ਹੀ ਪੁਜਾਰੀਆਂ ਨਾਲ ਗਿਆਨ ਦੀ ਚਰਚਾ ਕੀਤੀ ਸੀ। ਜਿਸ ਕਰਕੇ ਇਸਨੂੰ ਗਿਆਨ ਗੋਦੜੀ ਕਿਹਾ ਜਾਂਦਾ ਹੈ।

ਹਰਿਦੁਆਰ ਅਤੇ ਰਿਸ਼ੀਕੇਸ਼ ਵਿਚ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸਥਾਨਕ ਤੌਰ ਤੇ ਸਿੱਖ ਸਰਕਾਰ ਤੋਂ ਨਵੀਂ ਥਾਂ ਗੁਰਦੁਆਰਾ ਸਥਾਪਤ ਕਰਨ ਲਈ ਥਾਂ ਦੀ ਮੰਗ ਕਰਦੇ ਆ ਰਹੇ ਹਨ। ਜਦੋਂ ਉਥੋਂ ਦੀ ਸੰਗਤ ਨੂੰ ਉਤਰਾਂਚਲ ਸਰਕਾਰ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜ਼ਮੀਨ ਦੇਣ ਲਈ ਪੱਲਾ ਨਾ ਫੜਾਇਆ ਤਾਂ ਸਥਾਨਕ ਗੁਰਦੁਆਰਾ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਡਾ. ਹਰਜੀਤ ਸਿੰਘ ਦੂਆ ਨੇ 2001 ਵਿਚ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਕਿ ਇਹ ਮਸਲਾ ਹੱਲ ਕਰਵਾਇਆ ਜਾਵੇ। ਸ੍ਰ.ਤਰਲੋਚਨ ਸਿੰਘ ਉਸ ਸਮੇਂ ਕਮਿਸ਼ਨ ਦੇ ਚੇਅਰਮੈਨ ਸਨ। ਉਨ੍ਹਾਂ 12.02.2001 ਨੂੰ ਹਰਿਦੁਆਰ ਦੇ ਜਿਲ੍ਹਾ ਮੈਜਿਸਟਰੇਟ ਨੂੰ ਕਮਿਸ਼ਨ ਵਿਚ ਤਲਬ ਕੀਤਾ। ਜਿਲ੍ਹਾ ਮੈਜਿਸਟਰੇਟ ਨੇ ਹਰਿ ਕੀ ਪੌੜੀ ਉਪਰ ਦੁਆਰਾ ਗੁਰਦੁਆਰਾ ਉਸਾਰਨ ਤੋਂ ਕੋਰੀ ਨਾਂਹ ਕਰ ਦਿੱਤੀ। ਫਿਰ ਕਮਿਸ਼ਨ ਨੇ ਸਥਾਨਕ ਸੰਗਤ ਦੀ ਰਾਇ ਲੈਣ ਉਪਰੰਤ ਬਦਲਵੀਂ ਥਾਂ ਦੇਣ ਲਈ ਲਿਖਿਆ। ਜਿਲ੍ਹਾ ਪ੍ਰਬੰਧ ਨੇ 3 ਥਾਵਾਂ ਦੀ ਸ਼ਨਾਖ਼ਤ ਕੀਤੀ। ਸਤੰਬਰ 2003 ਵਿਚ ਡਾ.ਹਰਜੀਤ ਸਿੰਘ ਦੂਆ ਸਥਾਨਕ ਪ੍ਰਧਾਨ ਨੇ ਸੰਗਤਾਂ ਦੀ ਸਲਾਹ  ਅਤੇ ਸਹਿਮਤੀ ਨਾਲ ਗੰਗਾ ਦੇ ਵਿਚੋਂ ਨਿਕਲਣ ਵਾਲੀ ਛੋਟੀ ਨਹਿਰ ਦੇ ਕਿਨਾਰੇ ਰਾਣੀਪੁਰ ਮੋੜ ਤੇ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕਰ ਲਿਆ। ਉਸ ਸਮੇਂ ਸ੍ਰ.ਸੁਰਜੀਤ ਸਿੰਘ ਬਰਨਾਲਾ ਉਤਰਾਖੰਡ ਦੇ ਰਾਜਪਾਲ ਸਨ। ਉਨ੍ਹਾਂ ਦੀ ਵੀ ਰਾਏ ਲਈ ਗਈ। ਸਰਬਸੰਮਤੀ ਨਾਲ ਸੰਗਤਾਂ ਨੇ ਨਹਿਰ ਦੇ ਕਿਨਾਰੇ ਖੁਲ੍ਹੀ ਥਾਂ ਤੇ ਗੁਰਦੁਆਰਾ ਉਸਾਰਨਾ ਪ੍ਰਵਾਨ ਕਰ ਲਿਆ। ਉਸ ਥਾਂ ਤੇ ਨਿਸ਼ਾਨ ਸਾਹਿਬ ਵੀ ਸਥਾਪਤ ਕਰ ਦਿੱਤਾ। ਉਥੇ ਧਾਰਮਿਕ ਸਮਾਗਮ ਵੀ ਹੋ ਰਹੇ ਹਨ। ਘੱਟ ਗਿਣਤੀ ਕਮਿਸ਼ਨ ਨੇ 6 ਅਕਤੂਬਰ 2003 ਨੂੰ ਨਹਿਰ ਵਾਲੀ ਥਾਂ ਅਲਾਟ ਕਰਨ ਲਈ ਸਰਕਾਰ ਨੂੰ ਲਿਖ ਦਿੱਤਾ। ਸਥਾਨਕ ਸੰਗਤ ਨੂੰ ਉਸ ਥਾਂ ਤੇ ਗੁਰਦੁਆਰਾ ਉਸਾਰਨ ਤੇ ਕੋਈ ਇਤਰਾਜ ਨਹੀਂ ਅਤੇ ਨਾ ਹੀ ਉਹ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਸਮੱਸਿਆ ਖੜ੍ਹੀ ਹੋਵੇ। ਸ੍ਰ. ਤਰਲੋਚਨ ਸਿੰਘ ਪ੍ਰਸੰਸਾ ਦੇ ਪਾਤਰ ਹਨ ਜਿਨ੍ਹਾਂ 22 ਸਾਲ ਪਹਿਲਾਂ ਇਹ ਮਸਲਾ ਬਦਲਵੀਂ ਥਾਂ ਲੈਣ ਦਾ ਫ਼ੈਸਲਾ ਕਰਵਾਕੇ ਹੱਲ ਕੀਤਾ ਸੀ। ਹੁਣ ਉਸੇ ਥਾਂ ਤੇ ਗੁਰਦੁਆਰਾ ਉਸਾਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਦਿੱਲੀ ਅਤੇ ਅਕਾਲੀ ਨੇਤਾਵਾਂ ਨੂੰ ਸਥਾਨਕ ਸੰਗਤਾਂ ਦੇ ਜੀਵਨ ਵਿਚ ਦਖ਼ਲ ਦੇਣ ਦੀ ਲੋੜ ਨਹੀਂ ਜਾਪਦੀ। ਹਾਂ ਜੇਕਰ ਉੁਥੇ ਦੀਆਂ ਸੰਗਤਾਂ ਨੂੰ ਸਹਾਇਤਾ ਦੀ ਲੋੜ ਹੈ ਤਾਂ ਕੀਤੀ ਜਾਵੇ ਪ੍ਰੰਤੂ ਖ਼ਾਮਖਾਹ ਮੋਰਚੇ ਲਾ ਕੇ ਅੰਦੋਲਨ ਕਰਕੇ ਉਨ੍ਹਾਂ ਲਈ ਕਲੇਸ਼ ਨਾ ਖੜ੍ਹਾ ਕੀਤਾ ਜਾਵੇ। ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਸਿੱਖ ਪਰਿਵਾਰ ਚੈਨ ਨਾਲ ਆਪਣਾ ਜੀਵਨ ਬਸਰ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਤਾਂ ਉਥੇ ਹੀ ਰਹਿਣਾ ਹੈ। ਬਾਹਰਲੇ ਸਿੱਖਾਂ ਨੇ ਤਾਂ ਸਥਾਨਕ ਲੋਕਾਂ ਲਈ ਕਲੇਸ਼ ਪਾ ਕੇ ਵਾਪਸ ਆਪੋ ਆਪਣੇ ਘਰਾਂ ਨੂੰ ਮੁੜ ਜਾਣਾ ਹੈ। ਨਹਿਰ ਦੇ ਕਿਨਾਰੇ ਵਾਲੀ ਥਾਂ ਉਤਰ ਪ੍ਰਦੇਸ਼ ਸਰਕਾਰ ਦੇ ਨਹਿਰੀ ਵਿਭਾਗ ਦੀ ਹੈ। ਉਤਰਾਖੰਡ ਸਰਕਾਰ ਨੂੰ ਉਤਰ ਪ੍ਰਦੇਸ਼ ਸਰਕਾਰ ਦੀ ਥਾਂ ਦੀ ਤਜ਼ਵੀਜ ਦੇਣੀ ਹੀ ਨਹੀਂ ਚਾਹੀਦੀ ਸੀ, ਜੋ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਸੀ। ਉਤਰਾਖੰਡ ਸਰਕਾਰ ਹੁਣ ਇਹ ਕਹਿਕੇ ਪੱਲਾ ਝਾੜ ਰਹੀ ਹੈ ਕਿ ਇਹ ਜ਼ਮੀਨ ਤਾਂ ਉਤਰ ਪ੍ਰਦੇਸ਼ ਦੇ ਨਹਿਰੀ ਵਿਭਾਗ ਦੀ ਹੈ। ਉਹ ਹੀ ਅਲਾਟ ਕਰ ਸਕਦੇ ਹਨ। ਸਥਾਨਕ ਸਿੱਖ ਸੰਗਤ ਦੇ ਕਹਿਣ ਉਪਰ ਉਤਰ ਪ੍ਰਦੇਸ਼ ਸਰਕਾਰ ਨੂੰ ਚਿਠੀਆਂ ਲਿਖਕੇ ਆਪਣੀ ਜ਼ਿੰਮੇਵਾਰੀ ਉਨ੍ਹਾਂ ਸਿਰ ਮੜ੍ਹ ਦਿੰਦੇ ਹਨ।

ਗੁਰਦੁਆਰਾ ਗਿਆਨ ਗੋਦੜੀ ਤਾਂ ਉਤਰਾਂਚਲ ਵਿਚ ਸੀ , ਇਸ ਲਈ ਸਥਾਨਕ ਸਿੱਖ ਸੰਗਤ ਨੂੰ ਵੀ ਉਤਰਾਂਚਲ ਵਿਚਲੀ ਜ਼ਮੀਨ ਦੀ ਚੋਣ ਕਰਨੀ ਚਾਹੀਦੀ ਸੀ। ਨਰਿੰਦਰਜੀਤ ਸਿੰਘ ਬਿੰਦਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਉਤਰਾਂਚਲ ਸਰਕਾਰ ਨੇ ਵੀ ਮੁੱਖ ਮੰਤਰੀ ਨੂੰ ਜ਼ਮੀਨ ਦੇਣ ਲਈ ਖਤ ਲਿਖੇ ਹਨ। ਹੁਣ ਤੱਕ ਸਥਾਨਕ ਗੁਰਦੁਆਰਾ ਕਮੇਟੀ, ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਉਤਰਾਂਚਲ ਸਰਕਾਰ ਅਤੇ ਉਤਰ ਪ੍ਰਦੇਸ਼ ਸਰਕਾਰ ਇੱਕ ਦੂਜੇ ਨੂੰ ਚਿਠੀਆਂ ਹੀ ਪਾਈ ਜਾ ਰਹੇ ਹਨ ਪ੍ਰੰਤੂ ਅਜੇ ਤੱਕ ਜ਼ਮੀਨ ਅਲਾਟ ਨਹੀਂ ਹੋਈ। ਇਨ੍ਹਾਂ ਚਿੱਠੀਆਂ ਦਾ ਪ¦ਦਾ ਮੈਂ ਉਤਰਾਂਚਲ ਘੱਟ ਗਿਣਤੀ ਕਮਿਸ਼ਨ ਦਫ਼ਤਰ ਤੋਂ ਪ੍ਰਾਪਤ ਕੀਤਾ ਹੈ। ਚਾਹੀਦਾ ਤਾਂ ਇਹ ਹੈ ਕਿ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਨ੍ਹਾਂ ਨਾਲ ਤਾਲਮੇਲ ਕਰਕੇ ਉਸ ਥਾਂ ਤੇ ਗੁਰਦੁਆਰਾ ਉਸਾਰਨ ਦੀ ਪ੍ਰਵਾਨਗੀ ਲੈ ਲਈ ਜਾਵੇ ਕਿਉਂਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਕੇਂਦਰ ਸਰਕਾਰ ਵਿਚ ਭਾਈਵਾਲ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਅਹੁਦੇ ਦਾ ਅਸਰ ਰਸੂਖ਼ ਵਰਤੇ। ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਗੱਲ ਕਰੇ। ਜੇ ਕੇਂਦਰ ਦੀ ਮਦਦ ਲੈਣ ਦੀ ਲੋੜ ਪਵੇ ਤਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇ। ਘੱਟ ਗਿਣਤੀ ਕਮਿਸ਼ਨ ਦੀ ਸ਼ਿਫਾਰਸ਼ ਤੇ ਉਤਰਾਖੰਡ ਸਰਕਾਰ ਨੇ ਹਰਿ ਕੀ ਪੌੜੀ ਉਪਰ ਇੱਕ ਪਲੇਕ ਲਾਉਣ ਦਾ ਫੈਸਲਾ ਕਰ ਲਿਆ ਸੀ, ਜਿਸ ਉਪਰ ਲਿਖਿਆ ਜਾਵੇਗਾ ਕਿ ਸ੍ਰੀ.ਗੁਰੂ ਨਾਨਕ ਦੇਵ ਜੀ ਇਸ ਥਾਂ ਪਧਾਰੇ ਸਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦਾ ਮੁਹਾਵਰਾ ਪੰਜਾਬੀਆਂ ਦੇ ਸੁਭਾਅ ਉਪਰ ਸਹੀ ਢੁਕਦਾ ਹੈ। ਪੰਜਾਬੀ ਖਾਸ ਤੌਰ ਤੇ ਸਿੱਖ ਹਮੇਸ਼ਾ ਸਿੱਖ ਮਸਲਿਆਂ ਬਾਰੇ ਭਾਵਨਾਵਾਂ ਵਿਚ ਵਹਿ ਜਾਂਦੇ ਹਨ, ਫਿਰ ਕੋਈ ਦਲੀਲ ਅਤੇ ਅਪੀਲ ਨਹੀਂ ਚਲਦੀ। ਸਿਆਸਤਦਾਨ ਹਮੇਸ਼ਾ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਰਹਿੰਦੇ ਹਨ। ਸਿਆਸਤਦਾਨ ਕੋਈ ਅਜਿਹਾ ਮੌਕਾ ਖੁੰਝਣ ਨਹੀਂ ਦਿੰਦੇ ਜਿਸ ਨਾਲ ਉਨ੍ਹਾਂ ਨੂੰ ਸਿਆਸੀ ਤੌਰ ਤੇ ਲਾਭ ਹੁੰਦਾ ਹੋਵੇ, ਭਾਵੇਂ ਲੋਕ ਤਬਾਹ ਹੋ ਜਾਣ।

ਅੱਜ ਤੱਕ ਦਾ ਸਿੱਖਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਗੁਰਦੁਆਰਿਆਂ ਅਤੇ ਸਿੱਖ ਮਸਲਿਆਂ ਤੇ ਹਮੇਸ਼ਾ ਸਿੱਖ ਸੰਗਤ ਨੂੰ ਵਰਗਲਾਇਆ ਜਾਂਦਾ ਹੈ। ਕੋਈ ਵੀ ਸਿਆਸਤਦਾਨ ਜਾਂ ਧਾਰਮਿਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭਾਵਨਾਤਮਕ ਭਾਸ਼ਣ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਸਕਦਾ ਹੈ। ਉਸੇ ਵਕਤ ਬਿਨਾ ਸੋਚੇ ਸਮਝੇ ਸੰਗਤ ਜੈਕਾਰਾ ਛੱਡ ਕੇ ਕਿਸੇ ਵੀ ਕਾਰਵਾਈ ਨੂੰ ਪ੍ਰਵਾਨ ਕਰ ਦਿੰਦੀ ਹੈ, ਭਾਵੇਂ ਉਹ ਕਾਰਵਾਈ ਸੰਗਤ ਦੇ ਹੀ ਵਿਰੁਧ ਕਿਉਂ ਨਾ ਹੋਵੇ। ਅਜਿਹੀ ਗੰਦੀ ਸਿਆਸਤ ਨੇ ਸਿੱਖਾਂ ਦਾ ਨੁਕਸਾਨ ਕੀਤਾ ਹੈ। ਹਰ ਗੱਲ ਨੂੰ ਕੌਮ ਦੀ ਲੜਾਈ ਬਣਾ ਲਿਆ ਜਾਂਦਾ ਹੈ। ਸਿਆਸਤਦਾਨਾ ਨੂੰ ਸਮਝ ਲੈਣਾ ਚਾਹੀਦਾ ਹੈ ਸਿੱਖ ਕੌਮ ਅੰਦੋਲਨਾ, ਮੋਰਚਿਆਂ ਅਤੇ ਧਰਨਿਆਂ ਅਤੇ ਸਮਾਜਿਕ ਲੜਾਈਆਂ ਕਰਕੇ ਥੱਕ ਅਤੇ ਅੱਕ ਚੁੱਕੀ ਹੈ। ਸਿੱਖ ਲੀਡਰਸ਼ਿਪ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ ਕਿ 1980ਵਿਆਂ ਵਿਚ ਸੰਘਰਸ਼ ਕਰਕੇ ਕੀ ਖੱਟਿਆ ਅਤੇ ਕੀ ਗੁਆਇਆ ਹੈ? ਧਰਮ ਯੁਧ ਮੋਰਚੇ ਤੋਂ ਬਾਅਦ ਸਿਆਸੀ ਤੌਰ ਤੇ ਤਾਂ ਅਕਾਲੀ ਦਲ ਨੇ ਸਰਕਾਰ ਬਣਾਕੇ ਆਨੰਦ ਮਾਣ ਲਿਆ ਹੈ ਪ੍ਰੰਤੂ ਕਦੀਂ ਇਹ ਸੋਚਣ ਦੀ ਖੇਚਲ ਨਹੀਂ ਕੀਤੀ ਕਿ ਰਾਜ ਭਾਗ ਹਜ਼ਾਰਾਂ ਨੌਜਵਾਨਾ ਦੀਆਂ ਧਰਮ ਯੁਧ ਵਿਚ ਅਹੂਤੀਆਂ ਦੇ ਕੇ  ਪ੍ਰਾਪਤ ਕੀਤਾ ਸੀ। ਅਜਿਹੇ ਰਾਜ ਭਾਗ ਦਾ ਕੀ ਲਾਭ ਜਿਹੜਾ ਨੌਜਵਾਨਾ ਦੀਆਂ ਲਾਸ਼ਾਂ ਉਪਰ ਪ੍ਰਾਪਤ ਕੀਤਾ ਗਿਆ ਹੋਵੇ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਨੇ ਉਤਰ ਪ੍ਰਦੇਸ਼ ਦੇ ਉਦੋਂ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਤਾਂ ਚਿੱਠੀ ਲਿਖ ਦਿੱਤੀ ਸੀ ਪ੍ਰੰਤੂ ਹੁਣ ਤਾਂ ਉਨ੍ਹਾਂ ਦੀ ਭਾਈਵਾਲ ਉਤਰ ਪ੍ਰਦੇਸ਼ ਵਿਚ ਸਰਕਾਰ ਹੈ, ਉਸਨੂੰ ਚਿੱਠੀ ਕਿਉਂ ਨਹੀਂ ਲਿਖ ਰਹੇ? ਸ੍ਰ.ਬਲਵੰਤ ਸਿੰਘ ਰਾਮੂਵਾਲੀਆ ਉਤਰ ਪ੍ਰਦੇਸ਼ ਸਰਕਾਰ ਵਿਚ ਮੰਤਰੀ ਰਹੇ ਹਨ, ਉਨ੍ਹਾਂ ਨੂੰ ਉਦੋਂ ਜ਼ਮੀਨ ਦਿਵਾਉਣੀ ਚਾਹੀਦੀ ਸੀ। ਸਿਆਸੀ ਲੀਡਰ ਵੀ ਚਿੱਠੀਆਂ ਲਿਖਣ ਤੇ ਜ਼ੋਰ ਲਾਉਂਦੇ ਹਨ, ਮੁੱਖ ਮੰਤਰੀ ਨੂੰ ਜਾ ਕੇ ਮਿਲਣ ਦੀ ਕੋਸ਼ਿਸ ਨਹੀਂ ਕਰਦੇ। ਮੋਰਚਾ ਲਾਕੇ ਸਿੱਖ ਸੰਗਤ ਨੂੰ ਹਿੰਸਾ ਵਿਚ ਕੁਦਣ ਲਈ ਪ੍ਰੇਰਦੇ ਹਨ। ਸੰਤ ਸਮਾਜ ਅਤੇ ਹੋਰ ਧਾਰਮਿਕ ਜਥੇਬੰਦੀਆਂ ਅੰਦੋਲਨ ਕਰਨ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ। ਉਨ੍ਹਾਂ ਨੂੰ ਸੋਚਣਾ ਪਵੇਗਾ ਕਿ ਉਹ ਇਸ ਅੰਦੋਲਨ ਵਿਚੋਂ ਕੀ ਖੱਟਣਗੇ? ਹਰ ਸਮੱਸਿਆ ਦਾ ਹੱਲ ਸੰਬਾਦ ਕਰਨ ਨਾਲ ਹੋ ਸਕਦਾ ਹੈ, ਅੰਦੋਲਨਾ ਨਾਲ ਨਹੀਂ। ਜਥੇਦਾਰ ਸਾਹਿਬਾਨ ਨੇ ਸਿਆਣਪ ਅਤੇ ਸੰਜੀਦਗੀ ਤੋਂ ਕੰਮ ਲੈਂਦਿਆਂ ਸ਼ਾਂਤਮਈ ਅੰਦੋਲਨ ਕਰਨ ਲਈ ਕਮੇਟੀ ਬਣਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ। ਤਾਂ ਜੋ ਉਨ੍ਹਾਂ ਦੀਆਂ ਸਰਗਰਮੀਆਂ ਨਾਲ ਸਿੱਖ ਕੌਮ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਮਾਵਾਂ, ਧੀਆਂ, ਭੈਣਾਂ ਅਤੇ ਪਤਨੀਆਂ ਨੂੰ ਪੁਛੋ ਜਿਨ੍ਹਾਂ ਦੇ ਸਿਰ ਦੇ ਸਾਂਈ ਭੈਣਾਂ ਦੇ ਭਰਾ ਅਤੇ ਮਾਵਾਂ ਦੇ ਪੁੱਤ ਧਰਮ ਯੁਧ ਮੋਰਚਿਆਂ, ਧਰਨਿਆਂ  ਅਤੇ ਅੰਦੋਲਨਾ ਵਿਚ ਅਹੂਤੀਆਂ ਦੇ ਚੁੱਕੇ ਹਨ। ਉਨ੍ਹਾਂ ਦੀ ਤਾਂ ਕਿਸੇ ਨੇ ਸਾਰ ਨਹੀਂ ਲਈ। ਹੁਣ ਨਵਾਂ ਪੰਗਾ ਪਾਉਣ ਦੀਆਂ ਤਰਕੀਬਾਂ ਹੋ ਰਹੀਆਂ ਹਨ। ਸਿੱਖਾਂ ਨੂੰ ਭਾਵਨਾਵਾਂ ਵਿਚ ਨਹੀਂ ਵਹਿਣਾ ਚਾਹੀਦਾ। ਸਬਰ ਸੰਤੋਖ ਦਾ ਪੱਲਾ ਫੜਨਾ ਚਾਹੀਦਾ ਹੈ।

ਪਿਛਲੇ 40 ਸਾਲਾਂ ਵਿਚ ਕਿਸੇ ਵੀ ਸਰਕਾਰ ਨੇ ਸੰਜੀਦਗੀ ਨਾਲ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਹੱਲ ਕਰਨ ਵਿਚ ਪਹਿਲ ਨਹੀਂ ਕੀਤੀ। ਉਤਰਾਂਚਲ, ਉੁਤਰ ਪ੍ਰਦੇਸ਼ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ। ਸ੍ਰ.ਪਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ ਉਹ ਕਿਉਂ ਚੁੱਪ ਬੈਠੇ ਹਨ? ਬਾਦਲ ਸਾਹਿਬ ਸਰਕਾਰਾਂ ਨਾਲ ਗੱਲ ਕਰਨ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਹਿੰਮਤ ਕਰੋ ਫਿਰ ਕੀ ਹੋ ਗਿਆ ਜੇ ਮੁੱਖ ਮੰਤਰੀ ਨਹੀਂ ਰਹੇ। 5 ਵਾਰ ਮੁੱਖ ਮੰਤਰੀ ਦਾ ਤਾਜ ਮਿਲਿਆ ਹੈ, ਇਸ ਦਾ ਇਵਜਾਨਾ ਹੀ ਮੋੜ ਦਿਓ। ਪੰਜਾਬੀਓ ਐਵੇਂ ਵਹੀਰਾਂ ਘੱਤ ਕੇ ਹਰਿਦੁਆਰ ਨੂੰ ਚਾਲੇ ਨਾ ਪਾ ਦਿਓ, ਸੰਜਮ ਤੋਂ ਕੰਮ ਲਓ ਹਰਿਦੁਆਰ ਅਤੇ ਉਸਦੇ ਆਲੇ ਦੁਆਲੇ ਰਹਿੰਦੇ ਸਿੱਖਾਂ ਦੇ ਜਾਨ ਮਾਨ ਦਾ ਧਿਆਨ ਰੱਖੋ। ਸਿੱਖ ਧਰਮ ਸ਼ਹਿਨਸ਼ੀਲਤਾ, ਸਦਭਾਵਨਾ, ਭਰਾਤਰੀ ਭਾਵ ਅਤੇ ਸੰਗਤ ਤੇ ਪੰਗਤ ਦਾ ਸੰਦੇਸ਼ ਦਿੰਦਾ ਹੈ। ਟਕਰਾਓ ਤੋਂ ਬਚਕੇ ਚੱਲੋ। ਉਤਰਾਂਚਲ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਕੇਂਦਰ ਦੀਆਂ ਸਰਕਾਰਾਂ ਵੀ ਭਾਈਵਾਲੀ ਦਾ ਧਰਮ ਪਾਲਣ ਦੀ ਕੋਸ਼ਿਸ਼ ਕਰਨ ਕਿਉਂਕਿ ਸਿੱਖਾਂ ਨੇ ਭਾਰਤ ਦੇ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਖਾਸ ਤੌਰ ਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਹੀ ਮੁੱਲ ਮੋੜ ਦਿਓ। ਉਨ੍ਹਾਂ ਦੀ ਅਪਾਰ ਕਿਰਪਾ ਸਦਕਾ ਹੀ ਅੱਜ ਤੁਸੀਂ ਦਿੱਲੀ ਤੇ ਰਾਜ ਕਰ ਰਹੇ ਹੋ ਅਤੇ ਹਰਿ ਕੀ ਪੌੜੀ ਤੇ ਸ਼ਰਧਾ ਸੁਮਨ ਭੇਂਟ ਕਰਨ ਦੇ ਸਮਰੱਥ ਹੋਏ ਹੋ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>