ਔਲਖ ਗੁੰਮਨਾਮ ਜਿਹੇ ਪਿੰਡਾਂ ਦੇ ਹਨੇਰੇ ’ਚ ਵੀ ਮਿਸ਼ਾਲ ਬਣ ਕੇ ਜਗਿਆ-ਡਾ. ਸੁਰਜੀਤ ਪਾਤਰ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਵਿਚ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਦੀਵੀ ਵਿਛੋੜਾ ਗਹਿਰੇ ਸਦਮੇ ਦੀ ਤਰ੍ਹਾਂ ਮਹਿਸੂਸ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਔਲਖ ਸਾਹਿਬ ਦੀ ਸਵੇਰੇ 5 ਵਜੇ ਹੋਏ ਦੇਹਾਂਤ ਤੋਂ ਅੱਧਾ ਘੰਟਾ ਬਾਅਦ ਵਿਦੇਸ਼ ਤੋਂ ਫ਼ੋਨ ਕਰਕੇ ਸ਼ੋਕ ਸੰਦੇਸ਼ ਦਿੰਦਿਆਂ ਆਖਿਆ ਕਿ ਪ੍ਰੋ. ਅਜਮੇਰ ਸਿੰਘ ਔਲਖ ਸਾਡਾ ਉਹ ਚਿੰਤਕ ਅਤੇ ਨਾਟਕਕਾਰ ਹੈ ਜਿਸ ਨੇ ਸਮਾਜ ਦੇ ਉਸ ਵਰਗ ਨੂੰ ਬੜੀ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਜਿਸ ਵਰਗ ਦੀ ਸਾਡਾ ਸਮਾਜ ਸਦੀਆਂ ਤੋਂ ਬਾਤ ਨਹੀਂ ਸੀ ਪੁੱਛ ਰਿਹਾ ਉਸ ਕਿਰਤੀ ਸਮੂਹ ਨੂੰ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਨਾ ਕੇਵਲ ਨਵੀਂ ਪਛਾਣ ਦਿੱਤੀ ਸਗੋਂ ਉਸ ਦੇ ਮਨੁੱਖੀ ਗੌਰਵ ਨੂੰ ਵੀ ਬਹਾਲ ਕਰਾਉਣ ਦੇ ਯਤਨ ਕੀਤੇ। ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਅਜਮੇਰ ਸਿੰਘ ਔਲਖ ’ਤੇ ਨਿੱਠ ਕੇ ਸਮੀਖਿਆ ਕਾਰਜ ਵੀ ਕੀਤਾ ਹੈ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਸ਼ੋਕ ਇਕੱਤ੍ਰਤਾ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਬੇਕਿਰਕ ਨਿਆਂ ਹੀਣ ਨਿਜ਼ਾਮ ਵਿਚ ਕਿਸਾਨੀ ਦੀ ਦਸ਼ਾ ਬਾਰੇ ਕਲਾ ਮਈ ਨਾਟਕ ਲਿਖਣ ਤੇ ਖੇਡਣ ਵਾਲਾ ਵਿਸ਼ਵ ਪੱਧਰ ਦਾ ਨਾਟਕਕਾਰ ਅਜਮੇਰ ਔਲਖ ਅੱਜ ਸਾਥੋਂ ਵਿਛੜ ਗਿਆ ਹੈ। ਉਸ ਦੀ ਵਿਧਾ ’ਤੇ ਪੰਜਾਬੀ ਸਾਹਿਤ ਜਗਤ ਅਤੇ ਪਿੰਡਾਂ ਦੀਆਂ ਸੱਥਾਂ ਉਦਾਸ ਹਨ। ਇਹ ਉਸ ਦੀ ਕਲਾ ਦਾ ਜਾਦੂ ਹੀ ਸੀ ਕਿ ਉਸ ਦੇ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਨੂੰ ਚੰਡੀਗੜ੍ਹ ਵਿਚ ਵੀ ਸਟੈਂਡਿੰਗ ਓਵੇਸ਼ਨ ਮਿਲੀ ਤੇ ਗੁੰਮਨਾਮ ਜਿਹੇ ਪਿੰਡਾਂ ਦੇ ਹਨੇਰੇ ’ਚ ਵੀ ਮਿਸ਼ਾਲ ਬਣ ਕੇ ਜਗਿਆ। ਇਸ ਮੌਕੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਨੇ ਨਾਟਕ ਦੀ ਵਿਧਾ ਰਾਹੀਂ ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਵਿਚ ਕੀਤੀ। ਇਸੇ ਕਰਕੇ ਇਨ੍ਹਾਂ ਨੂੰ ਲੋਕਾਂ ਵਲੋਂ ਪਹਿਲਾਂ ਸਰਕਾਰਾਂ ਵੱਲੋਂ ਬਾਅਦ ਵਿਚ ਪਛਾਣ ਮਿਲੀ। ਇਸ ਮੌਕੇ ਡਾ. ਸ. ਸ. ਜੌਹਲ ਜੀ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਡਾ. ਸੁਰਜੀਤ ਪਾਤਰ ਦੇ ਸੁਝਾਅ ’ਤੇ ਲੇਖਕਾਂ ਦੀ ਸਹਾਇਤਾ ਲਈ ਇਕ ਕੋਸ਼ ਸਥਾਪਿਤ ਕਰਨ ਦੀ ਸ਼ੁਰੂਆਤ ਵਜੋਂ ਪੰਜਾਹ ਹਜ਼ਾਰ ਰੁਪਏ ਆਪਣੇ ਕੋਲੋਂ ਦੇਣ ਦਾ ਐਲਾਨ ਕੀਤਾ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਜੀ ਦੇ ਤੁਰ ਜਾਣ ਨਾਲ ਸਾਹਿਤਕ ਫ਼ਿਜ਼ਾ ਸੁੰਨੀ ਸੁੰਨੀ ਲਗਦੀ ਹੈ ਜਿਹੜਾ ਸਾਡੀ ਧਰਤੀ ਦੇ ਪੁੱਤਰ ਨੇ ਸੂਹੇ ਫੁੱਲ ਵਰਗਾ ਸੁਫ਼ਨਾ ਲਿਆ ਸੀ ਉਹ ਵੀ ਮੁਰਝਾਇਆ ਲੱਗਦਾ ਹੈ ਪਰ ਸੁਫ਼ਨੇ ਤੇ ਚੰਗੇ ਸੁਫ਼ਨੇ ਲੈਣ ਵਾਲੇ ਹਮੇਸ਼ਾ ਜਿਉਂਦੇ ਰਹਿੰਦੇ ਹਨ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਫ਼ੋਨ ਰਾਹੀਂ ਗਹਿਰਾ ਸ਼ੋਕ ਪ੍ਰਗਟ ਕਰਦਿਆਂ ਕਿਹਾ ਪ੍ਰੋ. ਅਜਮੇਰ ਸਿੰਘ ਔਲਖ ਦੇ ਤੁਰ ਜਾਣ ਨਾਲ ਪਰਿਵਾਰ ਅਤੇ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦਸਿਆ ਪ੍ਰੋ. ਅਜਮੇਰ ਔਲਖ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ. ਕਰਤਾਰ ਸਿੰਘ ਧਾਲੀਵਾਲ ਐਵਾਰਡ (1996) ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਐਵਾਰਡ, ਸਾਹਿਤ ਅਕਾਦੇਮੀ ਪੁਰਸਕਾਰ, ਪੰਜਾਬ ਸਰਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਆਪਾ (ਕੈਨੇਡਾ), ਇੰਟਰਨੈਸ਼ਨਲ ਪੰਜਾਬੀ ਨਿਟਰੇਰੀ ਟਰੱਸਟ ਕੈਨੇਡਾ, ਪਾਸ਼ ਮੈਮੋਰੀਅਲ ਟਰੱਸਟ, ਬਲਰਾਜ ਸਾਹਨੀ ਯਾਦਗਾਰੀ ਐਵਾਰਡ, ਪਲਸ ਮੰਚ ਅਤੇ ਸਲਾਮ ਕਾਫ਼ਲਾ ਐਵਾਰਡ ਤੋਂ ਇਲਾਵਾ ਹੋਰ ਬਹੁਤ ਸਾਰੇ ਸਨਮਾਨਾਂ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਦਸਿਆ ਇਨ੍ਹਾਂ ਦੀਆਂ ਲਿਖਤਾਂ ’ਤੇ ਅਨੇਕਾਂ ਖੋਜ ਕਾਰਜ ਹੋ ਚੁੱਕੇ ਹਨ। ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਦਸਿਆ ਕਿ ਔਲਖ ਸਾਹਿਬ 75 ਸਾਲ ਦੀ ਉਮਰ ਵਿਚ ਸਾਨੂੰ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀਆਂ ਪੁਸਤਕਾਂ ‘ਅਰਬਦ ਨਰਬਦ ਧੰਧੂਕਾਰਾ, ਬਿਗਾਨੇ ਬੋਹੜ ਦੇ ਥਾਂ, ਅੰਨੇ ਨਿਸ਼ਾਨਚੀ, ਮੇਰੇ ਚੋਣਵੇਂ ਇਕਾਂਗੀ, ਭੱਜੀਆਂ ਬਾਹਾਂ, ਸੱਤ ਬਿਗਾਨੇ, ਕੇਹਰ ਸਿੰਘ ਦੀ ਮੌਤ, ਇਕ ਸੀ ਦਰਿਆ, ਸਲਵਾਨ, ਝਨਾਅ ਦੇ ਪਾਣੀ, ਅਵੇਸਲੇ ਯੁੱਧਾਂ ਦੀ ਨਾਇਕਾ’ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਨੇ ਪ੍ਰੋ. ਅਜਮੇਰ ਸਿੰਘ ਔਲਖ ਨਾਲ 1964 ਤੋਂ ਲੈ ਕੇ ਹੁਣ ਤੱਕ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਦਸਿਆ ਕਿ ਬੀਤੇ ਕੱਲ੍ਹ ਹੀ ਔਲਖ ਸਾਹਿਬ ਨੂੰ ਮਿਲ ਕੇ ਆਏ ਹਨ। ਭਾਵੇਂ ਹਾਲਤ ਡਾਵਾਂ ਡੋਲ ਲਗਦੀ ਸੀ ਪਰ ਸਦੀਵੀ ਵਿਛੋੜੇ ਵਾਲੀ ਗੱਲ ਜ਼ਿਹਨ ਅੰਦਰ ਨਹੀਂ ਸੀ ਜਾ ਰਹੀ। ਸਵੇਰੇ ਉਹੀ ਹੋਇਆ ਜੋ ਸੋਚਣ ਨੂੰ ਜੀਅ ਨਹੀਂ ਸੀ ਕਰਦਾ। ਮੰਚ ਸੰਚਾਲਨ ਕਰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਉਸ ਸਿਰੜ ਦਾ ਨਾਂ ਹੈ ਜਿਹੜਾ ਵਿਛੜ ਕੇ ਵੀ ਨਹੀਂ ਵਿਛੜ ਰਿਹਾ ਅਤੇ ਰਹਿੰਦੀ ਦੁਨੀਆ ਤੱਕ ਆਪਣੇ ਵਿਚਾਰਾਂ ਰਾਹੀਂ ਸਾਡੇ ਦਰਮਿਆਨ ਹਾਜ਼ਰ ਰਹੇਗਾ।

ਸ਼ੋਕ ਇਕੱਤ੍ਰਤਾ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਕੱਤਰ ਮਨਜਿੰਦਰ ਸਿੰਘ ਧਨੋਆ, ਜਨਮੇਜਾ ਸਿੰਘ ਜੌਹਲ, ਡਾ. ਸਰੂਪ ਸਿੰਘ ਅਲੱਗ, ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਡਾ. ਗੁਰਮੀਤ ਸਿੰਘ ਹੁੰਦਲ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਜਸਮੀਤ ਕੌਰ, ਬਲਵਿੰਦਰ ਕਾਲੀਆ, ਪ੍ਰਭਜੋਤ ਸੋਹੀ, ਅਮਨ ਫੱਲੜ, ਬਲਕੌਰ ਸਿੰਘ ਗਿੱਲ, ਸਤਨਾਮ ਸਿੰਘ, ਇੰਜ. ਸੁਰਜਨ ਸਿੰਘ, ਦਲਵੀਰ ਲੁਧਿਆਣਵੀ, ਪਲਸ ਮੰਚ ਵੱਲੋਂ ਕਸਤੂਰੀ ਲਾਲ, ਗ਼ਜ਼ਲ ਮੰਚ ਵੱਲੋਂ ਤਰਲੋਚਨ ਝਾਂਡੇ, ਅਦਬੀ ਦਾਇਰਾ ਮੁੱਲਾਂਪੁਰ ਵੱਲੋਂ ਭਗਵਾਨ ਢਿੱਲੋਂ, ਜਸਵੀਰ ਝੱਜ, ਸੁਮਿਤ ਗੁਲਾਟੀ, ਹਰੀਸ਼ ਮੋਦਗਿੱਲ, ਦਰਸ਼ਨ ਖੇੜੀ, ਸਪਨਦੀਪ ਕੌਰ, ਤਲਵਿੰਦਰ ਸਿੰਘ, ਬਾਲਵੰਸ਼, ਰਿਸ਼ੀ, ਚਰਨ ਸਿੰਘ ਸਰਾਭਾ, ਹਰਬੰਸ ਸਿੰਘ ਸ਼ਾਮਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>