ਦਿੱਲੀ ਕਮੇਟੀ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੇ ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ 2018 ’ਚ ਆ ਰਹੀ ਤੀਜ਼ੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸਰਗਰਮ ਹੋ ਗਈ ਹੈ। ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਲੜੀ ’ਚ ਪਹਿਲਾ ਸਮਾਗਮ ਕਮੇਟੀ ਵੱਲੋਂ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਮੋਤੀ ਨਗਰ ਵਿਖੇ ਕਰਵਾਇਆ ਗਿਆ। ਜਥੇ ਵੱਲੋਂ ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫ਼ਤਹਿ ਨਗਰ ਨੂੰ ਭਾਈ ਘਨਈਆ ਜੀ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੂੰ ਗਿਆਨੀ ਦਿੱਤ ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਸਟੇਜ ਸਕੱਤਰ ਦੀ ਸੇਵਾ ਸੰਭਾਲ ਰਹੇ ਕਮੇਟੀ ਦੇ ਬੁਲਾਰੇ ਅਤੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਤਹਿ ਨਗਰ ਨੂੰ ਉਕਤ ਐਵਾਰਡ ਕਮੇਟੀ ਵੱਲੋਂ ਕੁਦਰਤੀ ਕਰੋਪੀ ਦੌਰਾਨ ਬਿਨਾਂ ਕਿਸੇ ਜਾਤ-ਧਰਮ ਦੇ ਵਿੱਤਕਰੇ ਨੂੰ ਦਰਕਿਨਾਰ ਕਰਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਲਈ ਜਦਕਿ ਜੌਲੀ ਨੂੰ ਸਿੱਖ ਪੰਥਕ ਮਸਲਿਆਂ ’ਤੇ ਦਲੇਰੀ, ਬੇਬਾਕੀ, ਸੂਝਵਾਨਤਾ ਅਤੇ ਮਜਬੂਤ ਤਰਕਸ਼ਕਤੀ ਰਾਹੀਂ ਅਦਾਲਤਾ ਵਿਚ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁਖ ਰਖਦੇ ਹੋਏ ਦਿੱਤਾ ਗਿਆ ਹੈ।

ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਹਜੂਰੀ ਰਾਗੀ ਭਾਈ ਮਨੋਹਰ ਸਿੰਘ ਗੁਰਵਿੰਦਰ ਸਿੰਘ ਅਤੇ ਇਸਤਰੀ ਸਤਿਸੰਗ ਜਥਾ ਗੁਰਦੁਆਰਾ ਮੋਤੀ ਨਗਰ ਤੇ 9 ਬਲਾਕ ਦੀਆਂ ਬੀਬੀਆਂ ਨੇ ਗੁਰਬਾਣੀ ਕੀਰਤਨ ਅਤੇ ਬੀਬਾ ਨਵਦੀਪ ਕੌਰ ਖਾਲਸਾ ਨੇ ਲੈਕਚਰ ਰਾਹੀਂ ਸੰਗਤਾਂ ਨੂੰ ਗੁਰਮਤਿ ਦੀ ਰਾਹ ’ਤੇ ਚਲਣ ਦਾ ਸੁਨੇਹਾ ਦਿੱਤਾ।

ਪਰਮਿੰਦਰ ਨੇ ਸਰਦਾਰ ਜਸਾ ਸਿੰਘ ਆਹਲੂਵਾਲੀਆ ਦੀ ਸ਼ਖਸੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਬਾ ਬਘੇਲ ਸਿੰਘ ਦੇ ਸਾਥੀ ਜਰਨੈਲ ਦੇ ਤੌਰ ’ਤੇ ਆਹਲੂਵਾਲੀਆ ਵੱਲੋਂ ਕੀਤੀ ਗਈ ਦਿੱਲੀ ਫਤਹਿ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਵਰਕਾ ਹੈ ਜਿਸਦਾ ਜਿਕਰ ਆਉਂਦੇ ਹੀ ਹਰ ਸਿੱਖ ਦਾ ਹਿਰਦਾ ਖੁਸ਼ ਹੋ ਜਾਂਦਾ ਹੈ। ਸਿੱਖ ਜਰਨੈਲਾ ਵੱਲੋਂ 1783 ਵਿਚ ਦਿੱਲੀ ਫਤਹਿ ਕਰਨ ਦੇ ਬਾਵਜੂਦ ਦਿੱਲੀ ਦੇ ਇਤਿਹਾਸਕ ਗੁਰੂਧਾਮਾਂ ਦੀ ਨਿਸ਼ਾਨਦੇਹੀ ਦੇ ਬਦਲੇ ਸਿੱਖ ਰਾਜ ਕੁਰਬਾਨ ਕਰਨ ਨੂੰ ਉਨ੍ਹਾਂ ਨੇ ਸਿੱਖ ਇਤਿਹਾਸ ਦੀ ਵੱਡੀ ਘਟਨਾਂ ਕਰਾਰ ਦਿੱਤਾ। ਸੰਗਤਾਂ ਨੂੰ ਆਪਣੇ ਬੱਚਿਆਂ ਤਕ ਅਮੀਰ ਸਿੱਖ ਵਿਰਸੇ ਨੂੰ ਪਹੁੰਚਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਇਸ ਸਬੰਧੀ ਸਮਾਗਮ ਸਾਲ ਭਰ ਚਲਣ ਦੀ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਜਥੇ ਦੇ ਮੁਖ ਸੇਵਾਦਾਰ ਰਵਿੰਦਰ ਸਿੰਘ ਬਿੱਟੂ, ਯੂਥ ਅਕਾਲੀ ਦਲ ਪੱਛਮ ਦਿੱਲੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਬਾਊਂਸ ਤੇ ਜਥੇ ਦੇ ਮੈਂਬਰਾਂ ਵੱਲੋਂ ਗੁਰੂ ਤੇਗ ਬਹਾਦਰ ਨਗਰ ਤੋਂ ਅਕਾਲੀ ਉਮੀਦਵਾਰ ਵੱਜੋਂ ਨਿਗਮ ਪਾਰਸ਼ਦ ਚੁਣੇ ਗਏ ਰਾਜਾ ਇਕਬਾਲ ਸਿੰਘ, ਵਿਜਿਲੈਂਸ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਬਿੱਟੂ, ਕਮੇਟੀ ਦੇ ਸਲਾਹਕਾਰ ਭੂਪਿੰਦਰ ਪਾਲ ਸਿੰਘ ਸਣੇ ਕਈ ਧਾਰਮਿਕ ਅਤੇ ਸਿਆਸੀ ਸਜਣਾ ਦਾ ਸਨਮਾਨ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>