ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ : ਉਜਾਗਰ ਸਿੰਘ

ਹਰਜੋਤ ਸਿੰਘ ਹੈਪੀ ਦੀ ਪਲੇਠੀ ਲੇਖਾਂ ਅਤੇ ਕਵਿਤਾਵਾਂ ਦੀ ਸਾਂਝੀ ਪੁਸਤਕ ‘‘ਨਿਕੰਮੀ ਔਲਾਦ’’ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਪੁਸਤਕ ਸਾਬਤ ਹੋਵੇਗੀ। 64 ਪੰਨਿਆਂ ਦੀ ਇਸ ਪੁਸਤਕ ਵਿਚ 9 ਲੇਖ, 20 ਕਵਿਤਾਵਾਂ ਅਤੇ ਗੀਤ ਹਨ। ਪੁਸਤਕ ਦੇ ਅਖ਼ੀਰ ਵਿਚ ਹਰਜੋਤ ਦੇ ਪਿਤਾ ਡਾ.ਲਕਸ਼ਮੀ ਨਰਾਇਣ ਭੀਖੀ ਨੇ  ਇਕ ਲੇਖ‘‘ਮੇਰਾ ਮਸ਼ਟੰਡੀ ਲਾਲ:ਹਰਜੋਤ’’ ਲਿਖਿਆ ਹੈ, ਜਿਸ ਵਿਚ ਉਸਨੇ ਸਪਸ਼ਟ ਕੀਤਾ ਹੈ ਕਿ ਲਾਡ ਪਿਆਰ ਨਾਲ ਬੱਚੇ ਵਿਗੜ ਜਾਂਦੇ ਹਨ ਪ੍ਰੰਤੂ ਪਿਆਰ ਭਰੀ ਸਖ਼ਤਾਈ ਨਾਲ ਸਿੱਧੇ ਰਸਤੇ ਤੇ ਵੀ ਆ ਜਾਂਦੇ ਹਨ। ਡਾ.ਲਕਸ਼ਮੀ ਨਰਾਇਣ ਭੀਖੀ ਨੇ ਆਪਣੇ ਲੇਖ ਵਿਚ ਤੱਤ ਕੱਢਿਆ ਕਿ ਬੱਚੇ ਬਹੁਤਾ ਮਾਂ ਬਾਪ ਦੇ ਸਮਝਾਉਣ ਨਾਲ ਸਮਝਦੇ ਨਹੀਂ ਜਦੋਂ ਉਨ੍ਹਾਂ ਨੂੰ ਕੋਈ ਸੱਟ ਵਜਦੀ ਹੈ ਫਿਰ ਉਹ ਆਪ ਹੀ ਸਿੱਧੇ ਰਸਤੇ ਤੇ ਆ ਜਾਂਦੇ ਹਨ।  ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਾਵਾਂ ਆਪਣੇ ਪੁਤਰਾਂ ਨੂੰ ਸੁਧਾਰਨ ਦੀ ਥਾਂ ਵਿਗਾੜਨ ਵਿਚ ਯੋਗਦਾਨ ਪਾਉਂਦੀਆਂ ਹਨ। ਉਸਨੂੰ ਪਰਵਾਸ ਵਿਚ ਜਾ ਕੇ ਪਤਾ ਲੱਗ ਗਿਆ ਵੇਖਣ ਨੂੰ ਸੋਹਣੀ ਲੱਗਣ ਵਾਲੀ ਹਰ ਚੀਜ ਸੋਨਾ ਨਹੀਂ ਹੁੰਦੀ। ਪੁਸਤਕ ਪੜ੍ਹਨ ਤੋਂ ਵੀ ਇਹੋ ਮਹਿਸੂਸ ਹੁੰਦਾ ਹੈ ਕਿ ਜਦੋਂ ਵਿਗੜੇ ਬੱਚੇ ਦੀ ਅੰਤਹਕਰਨ ਦੀ ਅਵਾਜ਼ ਉਸਨੂੰ ਕੁਰੇਦਦੀ ਹੈ ਤਾਂ ਉਹ ਸਮਾਜ ਦਾ ਬਿਹਤਰੀਨ ਹਿੱਸਾ ਬਣਨਾ ਲੋਚਦਾ ਹੈ। ਸਮਾਜ ਅਤੇ ਪਰਿਵਾਰ ਦੇ ਸਮਝਾਉਣ ਦਾ ਉਸ ਉਪਰ ਬਹੁਤਾ ਅਸਰ ਨਹੀਂ ਹੁੰਦਾ। ਪੁਸਤਕ ਪੜ੍ਹਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਬੁਰੀ ਸੰਗਤ ਉਸਨੂੰ ਵਿਗਾੜਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਅਲ੍ਹੜ੍ਹ ਉਮਰ ਵਿਚ ਪਿਆਰ ਦੇ ਚੱਕਰ ਵਿਚ ਬੱਚੇ ਗੁਮਰਾਹ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤੀ ਇਸ਼ਕ ਦੀ ਸਮਝ ਨਹੀਂ ਹੁੰਦੀ ਅਤੇ ਭਾਵਨਾਵਾਂ ਵਿਚ ਵਹਿਕੇ ਕੁਰਾਹੇ ਪੈ ਜਾਂਦੇ ਹਨ, ਇਹੋ ਭਾਣਾ ਹਰਜੋਤ ਨਾਲ ਵਾਪਰਿਆ। ਜਦੋਂ ਉਸਦੀ ਪ੍ਰੇਮਿਕਾ ਉਸਨੂੰ ਛੱਡਕੇ ਚਲੀ ਗਈ ਫਿਰ ਉਸਦੀ ਹੋਸ਼ ਟਿਕਾਣੇ ਆਈ। ਪੜ੍ਹਨ, ਰੰਗਮੰਚ, ਸੰਗੀਤ ਅਤੇ ਸਾਹਿਤਕ ਸਰਗਰਮੀਆਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਹਰਜੋਤ ਸਿੰਘ ਹੈਪੀ ਮਾੜੀ ਸੰਗਤ ਵਿਚ ਪੈ ਕੇ ਵਿਗੜ ਗਿਆ। ਘਰਦਿਆਂ ਦੀ ਹਰ ਨਸੀਹਤ ਦਾ ਉਸਤੇ ਅਸਰ ਹੋਣੋਂ ਹੱਟ ਗਿਆ। ਦੋਸਤਾਂ ਦੀ ਬੁਰੀ ਸੰਗਤ ਕਰਕੇ ਨਸ਼ਿਆਂ ਦੀ ਲਪੇਟ ਵਿਚ ਵੀ ਆ ਗਿਆ। ਇਥੋਂ ਤੱਕ ਕਿ ਉਸਦੇ ਮਾਪੇ ਵੀ ਉਸ ਦੀਆਂ ਸਰਗਰਮੀਆਂ ਤੋਂ ਤੰਗ ਆ ਗਏ ਕਿਉਂਕਿ ਉਹ ਉਨ੍ਹਾਂ ਨੂੰ ਸੁਣਨੋਂ ਹੀ ਬੰਦ ਕਰ ਗਿਆ, ਇਸ ਕਰਕੇ ਉਸਦੇ ਮਾਪੇ ਉਸਦੇ ਦੋਸਤਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਰਜੋਤ ਦੀ ਸੰਗਤ ਤੋਂ ਪ੍ਰਹੇਜ਼ ਕਰਨ ਲਈ ਕਹਿਣ ਲੱਗ ਪਏ। ਅਖ਼ੀਰ ਹਰਜੋਤ ਨੂੰ ਉਸਦੇ ਮਨ ਦੀ ਅਵਾਜ਼ ਨੇ ਹਲੂਣਾ ਦਿੱਤਾ ਤਾਂ ਕਿਤੇ ਜਾ ਕੇ ਉਹ ਆਪਣੇ ਆਪ ਹੀ ਬੁਰੀ ਸੰਗਤ ਵਿਚੋਂ ਨਿਕਲਣ ਦੇ ਵਿਕਲਪ ਢੂੰਡਣ ਲੱਗਾ। ਇਸ ਕਰਕੇ ਇਹ ਪੁਸਤਕ ਨੌਜਵਾਨਾ ਨੂੰ ਪ੍ਰੇਰਾਨਾਦਾਇਕ ਸਾਬਤ ਹੋ ਸਕਦੀ ਹੈ। ਇਸ ਪੁਸਤਕ ਦੇ ਲੇਖ ਨੌਜਵਾਨ ਪੀੜ੍ਹੀ ਕਿਵੇਂ ਵਿਗੜ ਰਹੀ ਹੈ ਦਾ ਦੁਖਾਂਤ ਦੱਸ ਰਹੇ ਹਨ। ਉਨ੍ਹਾਂ ਨੌਜਵਾਨਾ ਜਿਨ੍ਹਾਂ ਨੇ ਬਜ਼ੁਰਗਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਹੈ, ਉਹ ਕੁਰਾਹੇ ਪੈ ਕੇ ਜਵਾਨੀ ਦੇ ਨਸ਼ੇ ਵਿਚ ਭੱਟਕ ਗਏ ਹਨ। ਇਸ ਪੁਸਤਕ ਦੇ ਲੇਖ ਹਰਜੋਤ ਦੀ ਨਿੱਜੀ ਜ਼ਿਦਗੀ ਦੇ ਸੰਤਾਪ ਦਾ ਪ੍ਰਗਟਾਵਾ ਕਰਦੇ ਹੋਏ ਨੌਜਵਾਨਾ ਨੂੰ ਪ੍ਰੇਰਨਾ ਦਿੰਦੇ ਹਨ ਕਿ ਉਹ ਆਪਣੀ ਵਿਰਾਸਤ ਨਾਲ ਜੁੜੇ ਰਹਿਣ। ਗੁਮਰਾਹ ਹੋਣ ਤੋਂ ਬਚਕੇ ਰਹਿਣ। ਨਸ਼ੇ ਪਰਿਵਾਰਾਂ ਦੀ ਆਰਥਕਤਾ ਨੂੰ ਵੀ ਢਾਹ ਲਾ ਰਹੇ ਹਨ।  ਨਸ਼ਿਆਂ ਕਰਕੇ ਇਨਸਾਨੀਅਤ ਖ਼ਤਮ ਹੋ ਰਹੀ ਹੈ। ਜੇਕਰ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁਲਿਆ ਨਹੀਂ ਸਮਝਿਆ ਜਾਂਦਾ। ਹਰਜੋਤ ਵੀ ਆਪਣੇ ਆਪ ਹੀ ਬੁਰੀ ਸੰਗਤ ਦਾ ਖਹਿੜਾ ਛੱਡਕੇ ਮੁਖ ਧਾਰਾ ਵਿਚ ਆ ਜਾਂਦਾ ਹੈ। ਇਸ ਕਰਕੇ ਉਸਨੂੰ ਭੁਲਿਆ ਨਹੀਂ ਸਮਝਿਆ ਜਾਂਦਾ। ਇਸ ਪੁਸਤਕ ਦੇ ਬਹੁਤੇ ਲੇਖ ਅਤੇ ਕਵਿਤਾਵਾਂ ਪਰਿਵਾਰਿਕ ਜੀਵਨ ਨਾਲ ਖਾਸ ਤੌਰ ਤੇ ਮਾਂ-ਬਾਪ, ਭੈਣ ਭਰਾ ਅਤੇ ਪੁਰਖਿਆਂ ਦਾਦਾ-ਦਾਦੀ ਨਾਲ ਸੰਬੰਧਤ ਹਨ। ਇਹ ਲੇਖ ਤੇ ਕਵਿਤਾਵਾਂ ਪਰਿਵਾਰਿਕ ਰਿਸ਼ਤਿਆਂ ਦੀ ਅਹਿਮੀਅਤ ਵੀ ਦਰਸਾਉਂਦੇ ਹਨ। ਜਦੋਂ ਹਰਜੋਤ ਪਰਵਾਰ ਤੋਂ ਦੂਰ ਪਰਵਾਸ ਵਿਚ ਚਲਾ ਜਾਂਦਾ ਹੈ ਤਾਂ ਰਿਸ਼ਤਿਆਂ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਹੈ। ਇਹ ਵੀ ਸਿੱਟਾ ਨਿਕਲਦਾ ਹੈ ਕਿ ਵਿਗੜੇ ਹੋਏ ਨੌਜਵਾਨ ਜਿਹੜੇ ਹੱਥ ਨਾਲ ਕੰਮ ਨਹੀਂ ਕਰਦੇ ਉਹ ਪਰਵਾਸ ਵਿਚ ਤੀਰ ਵਰਗੇ ਸਿੱਧੇ ਹੋ ਜਾਂਦੇ ਹਨ। ਉਥੋਂ ਦੇ ਹਾਲਾਤ ਨਾਲ ਅਡਜਸਟ ਕਰ ਜਾਂਦੇ ਹਨ। ਪ੍ਰੰਤੂ ਇਸਦੇ ਨਾਲ ਹੀ ਇਕ ਸੰਦੇਸ਼ ਇਹ ਵੀ ਮਿਲਦਾ ਹੈ ਕਿ ਜੇਕਰ ਸਾਡੇ ਆਪਣੇ ਦੇਸ਼ ਵਿਚ ਰੋਜ਼ਗਾਰ ਦੇ ਮੌਕੇ ਹੋਣ ਤਾਂ ਪਰਵਾਸ ਵਿਚ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ। ਉਹ ਇਹ ਵੀ ਦੱਸਦਾ ਹੈ ਸਾਡਾ ਧਾਰਮਿਕ ਪ੍ਰਚਾਰ ਵੱਧ ਗਿਆ ਹੈ ਪ੍ਰੰਤੂ ਸਾਡੇ ਵਿਚੋਂ ਧਾਰਮਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਇਹ ਪੁਸਤਕ ਨੌਜਵਾਨਾ ਨੂੰ ਆਪਣੇ ਅੰਤਰਝਾਤ ਮਾਰਕੇ ਗ਼ਲਤੀਆਂ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੀ ਸਲਾਹ ਵੀ ਦਿੰਦੀ ਹੈ। ਪੁਸਤਕ ਦਾ ਪਹਿਲਾ ਹੀ ਲੇਖ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਆਗਿਆਕਾਰ ਬਣਨ, ਦੂਜਾ ਲੇਖ ਰੋਲ ਮਾਡਲ ਵਿਚ ਮਿਹਨਤ ਨੂੰ ਫਲ ਲੱਗਣ ਅਤੇ ਤੀਜੇ ਲੇਖ ਮੌਤ ਦਾ ਖ਼ੌਫ਼ ਖ਼ੁਦਕਸ਼ੀ ਦੀ ਲਾਹਣਤ ਤੋਂ ਛੁਟਕਾਰਾ ਪਾਉਣ ਤੇ ਜ਼ੋਰ ਦਿੰਦਾ ਹੈ। ਮਾਂ ਦੀਆਂ ਯਾਦਾਂ ਪੁਰਖਿਆਂ ਦੀ ਅਹਿਮੀਅਤ ਦਰਸਾਉਂਦੀ ਹੈ। ਇਨਸਾਨ ਅਤੇ ਇਨਸਾਨੀਅਤ ਪਹਿਲਾਂ ਆਪ ਸੁਧਰਨ ਅਤੇ ਫਿਰ ਬਾਕੀਆਂ ਨੂੰ ਚੰਗਿਆਈ ਦਾ ਪੱਲਾ ਫੜਨ ਲਈ ਕਹਿਣਾ ਚਾਹੀਦਾ ਹੈ। ਨਸ਼ਾ ਇਕ ਸਮਾਜਿਕ ਬੁਰਾਈ ਵਾਲਾ ਲੇਖ ਨੌਜਵਾਨਾ ਨੂੰ ਹਲੂਣਦਾ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਨਹਿਰੀ ਭਵਿਖ ਨੂੰ ਮੁੱਖ ਰੱਖਦੇ ਹੋਏ ਇਸ ਲਾਹਣਤ ਨੂੰ ਗਲੋਂ ਲਾਹੁਣ ਦੇ ਉਪਰਾਲੇ ਕਰਨ ਤਾਂ ਜੋ ਸਿਹਤਮੰਦ ਸਮਾਜ ਪੈਦਾ ਕੀਤਾ ਜਾ ਸਕੇ। ਨਸ਼ਾ ਗ਼ਮ ਭੁਲਾਉਂਦਾ ਨਹੀਂ ਸਗੋਂ ਗ਼ਮ ਪੈਦਾ ਕਰਦਾ ਹੈ। ਉਹ ਸਿਆਸੀ ਪਾਰਟੀਆਂ ਉਪਰ ਵੀ ਕਿੰਤੂ ਪ੍ਰੰਤੂ ਕਰਦਾ ਕਹਿੰਦਾ ਹੈ ਕਿ ਚੋਣਾਂ ਵਿਚ ਸਿਆਸੀ ਪਾਰਟੀਆਂ ਵੋਟਾਂ ਵਟੋਰਨ ਲਈ ਨਸ਼ਾ ਵੰਡਦੀਆਂ ਹਨ। ਇਸ ਕਰਕੇ ਉਹ ਸਮਾਜ ਵਿਚ ਸੁਧਾਰ ਲਿਆਉਣ ਵਿਚ ਸਹਾਈ ਨਹੀਂ ਹੋ ਸਕਦੀਆਂ। ਭਰੂਣ ਹੱਤਿਆ ਵਰਗੀ ਬੁਰਾਂਹ ਨੂੰ ਵੀ ਉਹ ਵਿਸ਼ਾ ਬਣਾਉਂਦਾ ਹੈ। ਇਸ ਕਰਕੇ ਉਸਦੀ ਇਸ ਪੁਸਤਕ ਨੂੰ ਸਮਾਜਿਕ ਸਰੋਕਾਰਾਂ ਦੀ ਪ੍ਰੀਨਿਧਤਾ ਕਰਨ ਵਾਲੀ ਵੀ ਕਿਹਾ ਜਾ ਸਕਦਾ ਹੈ। ਇਤਨੀ ਛੋਟੀ ਉਮਰ ਵਿਚ ਹੀ ਮੁਸ਼ਕਲਾਂ ਪੈਦਾ ਕਰਕੇ ਆਪ ਹੀ ਉਨ੍ਹਾਂ ਦਾ ਹੱਲ ਲੱਭਕੇ ਹਰਜੋਤ ਨੌਜਵਾਨਾ ਲਈ ਰਾਹ ਦਸੇਰਾ ਬਣ ਗਿਆ ਹੈ। ਹਰਜੋਤ ਦਾ ਇਹ ਪਹਿਲਾ ਸਾਹਿਤਕ ਉਦਮ ਹੈ। ਇਸਦਾ ਸਵਾਗਤ ਕਰਨਾ ਬਣਦਾ ਹੈ ਪ੍ਰੰਤੂ ਇਕ ਕਿਸਮ ਨਾਲ ਇਹ ਸਿੱਧਾ ਹੀ ਪ੍ਰਚਾਰ ਲੱਗਦਾ ਹੈ। ਹੋਰ ਸਾਹਿਤਕ ਰੰਗਤ ਦੇਣ ਦੀ ਲੋੜ ਹੈ। ਭਵਿਖ ਵਿਚ ਉਸਤੋਂ ਚੰਗੀਆਂ ਰਚਨਾਵਾਂ ਦੀ ਆਸ ਕੀਤੀ ਜਾ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>