ਸਿਮਰਨਜੀਤ ਸਿੰਘ ਮਾਨ ਵੱਲੋਂ ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ

ਕਿਲ੍ਹਾ ਸ ਹਰਨਾਮ ਸਿੰਘ,
ਜਿਲ੍ਹਾ ਫਤਿਹਗੜ੍ਹ ਸਾਹਿਬ,
ਪੰਜਾਬ।

ਸਤਿਕਾਰਯੋਗ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਜੀਓ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।

ਆਪ ਜੀ ਦੀ ਸਿਹਤ, ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਪਹਿਲਾਂ ਦੀ ਤਰ੍ਹਾਂ ਪੰਥਕ ਅਤੇ ਕੌਮੀ ਕਾਰਜਾਂ ਲਈ ਧਾਰਮਿਕ ਮਰਿਆਦਾ ਅਨੁਸਾਰ ਸੇਵਾਵਾਂ ਨਿਭਾਅ ਰਹੇ ਹੋਵੋਗੇ।

ਪ੍ਰਧਾਨ ਸਾਹਿਬ ਜੀ ਮੈਂ ਆਪ ਜੀ ਨਾਲ ਇਸ ਪੱਤਰ ਰਾਂਹੀ ਪੰਥਕ ਸਮੱਸਿਆਵਾਂ ਬਾਰੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ, ਬੇਨਤੀ ਹੈ ਕਿ ਜੋ ਪਿਛਲੇ ਕੁਝ ਦਿਨਾਂ ਤੋਂ ਇਸਾਈ ਪ੍ਰਚਾਰਕਾਂ ਵਲੋਂ ਇਕ ਸ਼ਾਜਿਸ਼ ਅਧੀਨ ਸਿੱਖ ਗੁਰੂ ਸਾਹਿਬਾਨਾਂ ਦੀ ਪਵਿੱਤਰ ਬਾਣੀ ਅਤੇ ਸਿੱਖ ਇਤਿਹਾਸ ਬਾਰੇ ਗਲਤ ਤਰੀਕੇ ਕੂੜ ਪ੍ਰਚਾਰ ਕੀਤਾ ਗਿਆ ਹੈ ਇਸ ਦੇ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ, ਇਸਾਈ ਧਰਮ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦਾ ਹੈ, ਜਦਕਿ ਇਸ ਦੇ ਉਲਟ ਸਿੱਖ ਧਰਮ ਵਿੱਚ ਕਰਾਮਾਤਾਂ ਨੂੰ ਕੋਈ ਥਾਂ ਨਹੀਂ ਹੈ। ਹੁਣ ਇਸਾਈ ਧਰਮ ਦੇ ਲੋਕ ਅਤੇ ਪ੍ਰਚਾਰਕ ਕਰਾਮਾਤਾਂ ਰਾਹੀਂ ਸਿੱਖ ਧਰਮ ਨਾਲ ਸਬੰਧਤ ਭੋਲੇ ਭਾਲੇ ਪਰਿਵਾਰਾਂ ਨੂੰ ਇਸਾਈ ਧਰਮ ਵਿੱਚ ਸ਼ਾਮਲ ਕਰਨ ਦੇ ਯਤਨ ਕਰ ਰਹੇ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜਰੂਰੀ ਹੈ ਕਿ ਪੰਥ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਵਿਧਿਅਕ ਸੰਸਥਾਵਾਂ, ਰਾਂਹੀਂ ਗਰੀਬ ਸਿੱਖਾਂ ਦੇ ਬੱਚਿਆਂ ਲਈ ਮੁਫ਼ਤ ਵਿਦਿਆਂ ਦਾ ਪ੍ਰਬੰਧ ਕਰਕੇ ਕੌਮ ਨੂੰ ਸਿੱਖਿਅਤ ਕਰਨ ਨੂੰ ਤੱਵਜੋਂ ਦੇਣ ਦੀ ਕੋਸ਼ਿਸ਼ ਕਰੋ। ਪੇਂਡੂ ਇਲਾਕਿਆ ਵਿੱਚ ਖਾਲਸਾ ਸਕੂਲ ਖੋਲ੍ਹ ਕੇ ਵਿਦਿਆ ਦੇ ਮਿਆਰ ਨੂੰ ਹੋਰ ਉੱਚਾ ਚੁਕੋ। ਇਸੇ ਤਰ੍ਹਾਂ ਨਾਲ ਲਗਦੇ ਦੇ ਸੂਬੇ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ ਵੀ ਅਜਿਹੇ ਉਦਮ ਕਰਨੇ ਵੀ ਬਹੁਤ ਜਰੂਰੀ ਹਨ।

ਮੈਂ ਇਸ ਦਾ ਇੱਕ ਕਾਰਣ ਇਹ ਵੀ ਸਮਝਦਾ ਹਾਂ ਕਿ ਸਿੱਖ ਕੌਮ ਦੀ ਸਿੱਖ ਪਾਰਲੀਮੈਂਟ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਬੀਤੇ ਸਮੇਂ ਵਿਚ ਬਾਦਲ ਪਰਿਵਾਰ ਅਤੇ ਹਿੰਦੂਤਵ ਦੇ ਪ੍ਰਭਾਵ ਹੇਠ ਸਿੱਖ ਧਰਮ ਦੇ ਪ੍ਰਚਾਰ, ਪਸਾਰ ਲਈ ਕੰਮ ਕਰਨ ਦੀ ਬਜਾਏ ਇਕ ਧੜੇ ਦੇ ਰਾਜਸੀ ਤੰਤਰ ਦਾ ਹਿੱਸਾ ਬਣ ਕੇ ਆਪਣੇ ਫਰਜ਼ਾਂ ਦੀ ਪੂਰਤੀ ਨਹੀਂ ਕੀਤੀ, ਜਿਸ ਕਾਰਣ ਅੱਜ ਸਿੱਖ ਨੌਜਵਾਨ ਪੀੜ੍ਹੀ, ਗਰੀਬ ਸਿੱਖ ਅਤੇ ਕੁਝ ਅਮੀਰ ਸਿੱਖ ਪਰਿਵਾਰ ਵੀ ਡੇਰਾਵਾਦ, ਪਤਿਤਪੁਣਾ, ਕਰਮ ਕਾਂਡਾਂ ਅਤੇ ਨਸ਼ਿਆਂ ਦੀ ਦਲਦਲ ਵਿੱਚ ਧਸ ਗਏ ਹਨ। ਇਸੇ ਤਰ੍ਹਾਂ ਮੇਰੇ ਮਨ ਨੂੰ ਨਿੱਜੀ ਤੌਰ ਤੇ ਉਸ ਵੇਲੇ ਬਹੁਤ ਸੱਟ ਲੱਗੀ ਸੀ ਜਦੋਂ ਮੈਂ 1989 ਵਿੱਚ ਜ਼ੇਲ  ਵਿੱਚ ਹੁੰਦਿਆਂ  ਮੈਂਬਰ ਪਾਰਲੀਮੈਂਟ ਤਰਨਤਾਰਨ ਸੀਟ ਤੋਂ ਜਿੱਤ ਕੇ ਬਾਹਰ ਆਇਆ। ਪਾਰਲੀਮੈਂਟ ਅੰਦਰ ਜਾਣ ਸਮੇਂ ਮੈਂ ਹਿੰਦੂਸਤਾਨ ਦੇ ਸੰਵਿਧਾਨ ਵਿੱਚ ਧਾਰਾ 25 ਤਹਿਤ ਸਿੱਖ ਕੌਮ ਨੂੰ ਮਿਲੇ ਸੰਵਿਧਾਨਿਕ ਹੱਕ, ‘ਕਿ ਸਿੱਖ ਕਿਰਪਾਨ ਪਹਿਨ ਵੀ ਸਕਦਾ ਹੈ ਅਤੇ ਕਿਰਪਾਨ ਕੋਲ ਵੀ ਰੱਖ ਸਕਦਾ ਹੈ’, ਦੀ ਪੂਰਤੀ ਲਈ ਇਹ ਮੰਗ ਰੱਖੀ ਸੀ, ਪਰ ਉਸ ਸਮੇਂ ਮੇਰੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਰਕਾਂ ਢਾਡੀਆਂ, ਰਾਗੀਆਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਮਜਾਕੀਆ ਅੰਦਾਜ਼ ਵਿੱਚ ਕੂੜ ਪ੍ਰਚਾਰ ਕੀਤਾ। ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਨ ਸਿੰਘ ਟੋਹੜਾ ਨੇ ਤਾਂ ਇਥੋਂ ਤੱਕ ਕਿਹਾ, “ਕਿ ਮਾਨ ਨੇ ਪਾਰਲੀਮੈਂਟ ਵਿੱਚ ਕੀ ਕਿਰਪਾਨ ਨਾਲ ਗਤਕਾ ਖੇਡਣਾ ਸੀ” ਜਦਕਿ ਮੈਨੂੰ ਇਸ ਗੱਲ੍ਹ ਦੀ ਪੂਰੀ ਸਮਝ ਹੈ ਕਿ ਪਾਰਲੀਮੈਂਟ ਵਿੱਚ ਗਤਕਾ ਨਹੀਂ ਖੇਡਿਆ ਜਾ ਸਕਦਾ, ਉਥੇ ਤਾਂ ਦਲੀਲ ਨਾਲ ਅਪਣੀ ਕੌਮ ਦੀ ਗੱਲ੍ਹ ਹਾਉਸ ਅੱਗੇ ਰੱਖਣੀ ਹੁੰਦੀ ਹੈ।

ਹਿੰਦੂਤਵ ਦੇ ਵੱਧ ਰਹੇ ਪ੍ਰਭਾਵ ਕਾਰਣ ਮੈਨੂੰ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਬਕਾ ਜਥੇਦਾਰਾਂ ਕੋਲੋਂ ਬੀਫ (ਗਉ ਦਾ ਮੀਟ) ਨਾ ਖਾਣ ਬਾਰੇ ਸੰਦੇਸ਼ ਵੀ ਜਾਰੀ ਕਰਵਾਏ ਜਾ ਸਕਦੇ ਹਨ। ਜੋ ਸਿੱਖ ਸਿਧਾਤਾਂ ਅਤੇ ਰਵਾਇਤਾਂ ਦੇ ਖਿਲਾਫ ਹੋਵੇਗਾ ਕਿਉਕਿ ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਨੂੰ ਸਿਰਫ ਕੁੱਠਾ ਖਾਣ ਤੋਂ ਵਰਜਿਤ ਕਿਤਾ ਗਿਆ ਹੈ। ਗੁਰੂ ਸਾਹਿਬਾਨ ਅਨੁਸਾਰ, “ਸਭਨਾ ਜੀਆਂ ਕਾ ਏਕ ਦਾਤਾ” ਦੇ ਸਿਧਾਂਤ ਤੇ ਚੱਲਣ ਦਾ ਹੁਕਮ ਹੈ। ਕੀ ਗਉ, ਕੀ ਸੂਰ ਇਹ ਸਭ ਬਰਾਬਰ ਹਨ, ਸਿੱਖ ਤਾਂ ਹਮੇਸ਼ਾ ਦਸ ਗੁਰੂ ਸਾਹਿਬਾਨਾਂ, ਸ੍ਰੀ ਗੁਰੂ ਗ੍ਰੰਥ ਸਾਹਿਬ, ਇੱਖ ਰੱਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਰਬ ਉਤਮ ਮੰਨ ਦਾ ਹੈ, ਇਸ ਤੋਂ ਅੱਗੇ ਕੁਝ ਨਹੀਂ। ਇਸੇ ਤਰਾਂ 6 ਜੂਨ ਨੂੰ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇੱਕਠੇ ਹੋ ਕੇ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੀ ਹੈ, ਪਰ ਇਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਬਰ ਚੌਂਕ ਮਹਿਤਾ ਵਿਖੇ ਇੱਕਠ ਰੱਖ ਕੇ ਸਰਦਾਰ ਹਰਨਾਮ ਸਿੰਘ ਧੁੰਮਾ ਵਲੋਂ ਆਪਣੀ ਸ਼ੋਹਰਤ ਵਧਾਉਣ ਲਈ ਵੱਖਰਾ ਪ੍ਰੋਗਰਾਮ ਕੀਤਾ ਜਾਂਦਾ ਹੈ। ਜੋ ਸਿੱਖ ਸਿਧਾਂਤਾ, ਰਵਾਇਤਾ ਅਤੇ ਮਰਿਆਦਾ ਦੇ ਅਨੁਕੂਲ ਨਹੀਂ ਮੰਨਿਆ ਜਾ ਸਕਦਾ। ਸੋ ਆਪ ਜੀ ਨੂੰ ਬੇਨਤੀ ਹੈ ਕਿ ਸਰਦਾਰ ਹਰਨਾਮ ਸਿੰਘ ਧੁੰਮਾ ਨੂੰ ਅਜਿਹਾ ਕਰਨ ਤੋਂ ਵਰਜਿਤ ਕਰੋ, ਤਾਂ ਜੋ ਸਿੱਖ ਰਹਿਤ ਮਰਿਆਦਾ ਨੂੰ ਢਾਅ ਨਾ ਲੱਗ ਸਕੇ।

ਪ੍ਰਧਾਨ ਸਾਹਿਬ ਜੀ, ਜਿਸ ਤਰ੍ਹਾਂ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੇ ਦਰਸ਼ਨ ਦਿਦਾਰ ਕਰਨ ਅਤੇ ਗੁਰਪੁਰਬ ਮਨਾਉਣ ਲਈ ਸਿੱਖ ਸੰਗਤਾਂ ਜੱਥਿਆਂ ਦੇ ਰੂਪ ਵਿੱਚ ਭੇਜੀਆਂ ਜਾਂਦੀਆਂ ਹਨ, ਹੁਣ ਪਾਕਿਸਤਾਨ ਨੂੰ ਜਾਣ ਵਾਲੇ ਸਿੱਖ ਜਥੇ ਨੂੰ ਹਿੰਦੂਸਤਾਨ ਹਕੁਮਤ ਵਲੋਂ ਇਜਾਜਤ ਨਾ ਦੇਣਾ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ। ਜਦਕਿ ਅਮਰਨਾਥ, ਵੈਸ਼ਨੋ ਦੇਵੀ ਅਤੇ ਚੀਨ ਦੇ ਮਾਨ-ਸਰੋਵਰ ਦੇ ਦਰਸ਼ਨਾਂ  ਦੀ ਯਾਤਰਾ ਲਈ ਜਾਣ ਵਾਲੇ ਹਿੰਦੂ ਯਾਤਰੀਆਂ ਦੀ ਸਖਤ਼ ਮਿਲਟਰੀ ਸੁਰੱਖਿਆ ਹੇਠ ਯਾਤਰਾ ਕਰਵਾਈ ਜਾਂਦੀ ਹੈ। ਫਿਰ ਸਿੱਖ ਕੌਮ ਦੇ ਗੁਰੂਘਰਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਜੱਥਿਆਂ ਤੇ ਰੋਕ ਕਿਉਂ ਲਗਾਈ ਜਾ ਰਹੀ ਹੈ? ਹਿੰਦੂ ਕੌਮ ਅਤੇ ਮੁਸਲਮਾਨ ਕੌਮ ਦੀ ਹਜਾਰਾਂ ਸਾਲਾ ਦੀ ਪੁਰਾਣੀ ਦੁਸ਼ਮਣੀ ਹੋਣ ਕਾਰਨ ਹਮੇਸ਼ਾ ਭਾਰਤ-ਪਾਕਿ ਵਿਚਕਾਰ ਬਾਰਡਰ ਉੱਤੇ ਜੰਗ ਦਾ ਮਾਹੌਲ ਬਣਿਆ ਰਹਿੰਦਾ ਹੈ, ਇਸ ਨਫ਼ਰਤ ਅਤੇ ਤਣਾਅ ਵਿਚੋਂ ਹੁਣ ਫੇਰ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਜਿਸ ਨਾਲ ਸਿੱਖ ਵਸੋਂ ਵਾਲੇ ਇਲਾਕੇ ਮੈਦਾਨੇ-ਜੰਗ ਬਣ ਜਾਣਗੇ। ਸਿੱਖ ਕੌਮ ਦੀ ਦੁਸ਼ਮਣੀ ਨਾ ਹਿੰਦੂ ਅਤੇ ਨਾ ਮੁਸਲਮਾਨ ਨਾਲ ਹੈ, ਇਸ ਲਈ ਐਸ ਜੀ ਪੀ ਸੀ ਨੂੰ ਵੀ ਜੰਗ ਦੇ ਖਿਲਾਫ਼ ਆਪਣੀ ਨੀਤੀ ਸਪੱਸ਼ਟ ਕਰਨ ਚਾਹੀਦੀ ਹੈ।

ਸੋ ਪ੍ਰਧਾਨ ਸਾਹਿਬ ਜੀ ਆਪ ਹੁਣ ਇਸ ਮਹਾਨ ਸਿੱਖ ਸੰਸਥਾ ਦੀ ਪ੍ਰਧਾਨਗੀ ਦੇ ਇਸ ਵੱਡੇ ਸਨਮਾਨ ਵਾਲੇ ਅਹੁਦੇ ਤੇ ਬਿਰਾਜਮਾਨ ਹੋਏ ਹੋ। ਸਾਨੂੰ ਆਪ ਜੀ ਤੋˆ ਪੂਰਨ ਉਮੀਦ ਹੈ ਕਿ ਆਪ ਸਿੱਖ ਕੌਮ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਖਿਲਾਫ ਕੌਮ ਵਿੱਚ ਸਿੱਖ ਕੌਮ ਪ੍ਰਤੀ ਚੇਤਨਾ ਪੈਦਾ ਕਰਕੇ ਕੌਮੀ ਏਕਤਾ ਅਤੇ ਕੌਮ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦੇ ਹਲ ਲਈ ਢੁੱਕਵੇਂ ਕਦਮ ਦ੍ਰਿੜਤਾ ਨਾਲ ਚੁੱਕੋਗੇ।

ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂ ਘਰ ਤੇ ਪੰਥਕ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>