ਨਵੀਂ ਦਿੱਲੀ : ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਵੱਲੋਂ ‘‘ਗੁਰਮੁਖੀ ਲਿਪੀ ਦੇ ਵਿਕਾਸ ਲਈ ਸਿੱਖ ਗੁਰੂਆਂ ਦਾ ਯੋਗਦਾਨ’’ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟੱਡੀਜ਼ ਵੱਲੋਂ ਕਰਵਾਏ ਜਾਂਦੇ ਮਾਸਿਕ ਸੈਮੀਨਾਰ ਦੀ ਲੜੀ ’ਚ ਇਸ ਵਾਰ ਡਾ. ਬਲਬੀਰ ਸਿੰਘ ਸੈਂਟਰ ਦੇਹਰਾਦੂਨ ਦੇ ਡਾਇਰੈਕਟਰ ਡਾ. ਹਰਭਜਨ ਸਿੰਘ ਨੇ ਸਿੱਖ ਗੁਰੂਆਂ ਵੱਲੋਂ ਗੁਰਮੁਖੀ ਲਿਪੀ ਦੇ ਵਿਕਾਸ ’ਚ ਪਾਏ ਗਏ ਯੋਗਦਾਨ ਦੀ ਜਾਣਕਾਰੀ ਦਿੱਤੀ।
ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਡਾ. ਹਰਭਜਨ ਸਿੰਘ ਦੇ ਵਿਚਾਰ ਦਾ ਕੇਂਦਰੀ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਅਤੇ ਲਿਪੀ ਸੀ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਤੋਂ ਪਹਿਲਾਂ ਕੋਈ ਵਿਵਸਥਿਤ ਲਿਪੀ ਮੌਜੂਦ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ’ਚ ਦੁਨੀਆਂ ਦਾ ਸਭ ਤੋਂ ਵੱਡਾ ਭਾਸ਼ਾ ਸ਼ਾਸਤਰ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਭਾਸ਼ਾ ਸ਼ਾਸਤਰੀ ਸਨ।
ਅੱਖਰ ਦੀ ਪਰਿਭਾਸ਼ਾ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਅੱਖਰ ਮਰਦਾ ਨਹੀਂ ਸਗੋਂ ਅਧਿਆਤਮਿਕਤਾ ਨਾਲ ਜੁੜ ਕੇ ਸਦੀਵੀਂ ਕਾਇਮ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਵੱਲੋਂ ਲਿਪੀ ਦੀ ਕੀਤੀ ਗਈ ਸ਼ੁਰੂਆਤ ਨੂੰ ਗੁਰੂ ਅੰਗਦ ਦੇਵ ਜੀ ਵੱਲੋਂ ਸੰਪੂਰਣ ਕਰਨ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਵਿਸ਼ੇਸ਼ ਉਚਾਰਣ ਲਈ ਪੰਜਾਬੀ ਭਾਸ਼ਾ ਵਿਚ ਵਰਤੇ ਗਏ ਕਈ ਅੱਖਰਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਅੱਖਰਾਂ ਦੀ ਬਨਾਵਟ ਅਤੇ ਵਿਵਸਥਾ ਬਾਰੇ ਵੀ ਵਿਚਾਰ ਰੱਖੇ।
ਡਾ. ਜਸਪਾਲ ਸਿੰਘ ਨੇ ਡਾ. ਹਰਭਜਨ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਪੰਜਾਬੀ ਭਾਸ਼ਾ ਨੂੰ ਵੇਦਾ ਤੋਂ ਪੁਰਾਣੀ ਭਾਸ਼ਾ ਦੱਸਿਆ। ਇਸ ਸਬੰਧ ਵਿਚ ਉਨ੍ਹਾਂ ਨੇ ਬਾਬਾ ਫਰੀਦ ਜੀ ਦੀ ਰਚਨਾਵਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਹੋਏ ਰੁਪਾਂਤਰਣ ਦਾ ਵੀ ਜਿਕਰ ਕੀਤਾ। ਗੁਰਮੁਖੀ ਲਿਪੀ ਦਾ ਮਾਨਕੀਕਰਣ ਦਾ ਸਿਹੇਰਾ ਗੁਰੂ ਅੰਗਦ ਦੇਵ ਜੀ ਦੇ ਸਿਰ ਬੰਨਦੇ ਹੋਏ ਉਨ੍ਹਾਂ ਨੇ ਗੁਰੂ ਸਾਹਿਬਾਨ ਵੱਲੋਂ ਗੁਰਮੁਖੀ ਲਿਪੀ ਨੂੰ ਸੰਗਠਿਤ ਰੂਪ ਪ੍ਰਦਾਨ ਕਰਨ ਦਾ ਦਾਅਵਾ ਕੀਤਾ।
ਅਦਾਰੇ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਕਮੇਟੀ ਦੇ ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ, ਡਾ. ਹਰਮੀਤ ਸਿੰਘ ਅਤੇ ਕਈ ਵਿਦਵਾਨ ਮੌਜੂਦ ਸਨ।