ਪਟਨਾ – ਕੇਂਦਰ ਸਰਕਾਰ ਵੱਲੋਂ ਰਾਜਦ ਦੇ ਦਿਗਜ ਨੇਤਾ ਸ੍ਰੀ ਲਾਲੂ ਪ੍ਰਸਾਦ ਯਾਦਵ ਅਤੇ ਹੋਰ ਵਿਰੋਧੀ ਦਲਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਦਿਨ ਸਾਜਿਸ਼ਾਂ ਰਚ ਕੇ ਕਦੇ ਈਡੀ ਦੀ ਰੇਡ ਅਤੇ ਕਦੇ ਸੀਬੀਆਈ ਦੁਆਰਾ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਅਤੇ ਫੈਮਿਲੀ ਫਰੈਂਡਜ਼ ਨੂੰ ਵੀ ਔਪੋਜੀਸ਼ਨ ਨੂੰ ਸਮਾਪਤ ਕਰਨ ਦੇ ਮਿਸ਼ਨ ਦੇ ਇਰਾਦੇ ਨਾਲ ਹਰਾਸ ਕੀਤਾ ਜਾ ਰਿਹਾ ਹੈ।
ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਮੈਂ ਕੋਈ ਵੀ ਗੱਲਤ ਕੰਮ ਨਹੀਂ ਕੀਤਾ। ਮੇਰੇ ਰੇਲਮੰਤਰੀ ਬਣਨ ਤੋਂ ਪਹਿਲਾਂ ਹੀ ਹੋਟਲ ਦੇ ਟੈਂਡਰਾਂ ਦੀ ਵੰਡ-ਵੰਡਾਈ ਦਾ ਫੈਂਸਲਾ ਹੋ ਗਿਆ ਸੀ ਅਤੇ ਇਸ ਵਿੱਚ ਕੋਈ ਵੀ ਗੜਬੜ ਨਹੀਂ ਸੀ ਹੋਈ। ਉਨ੍ਹਾਂ ਨੇ ਕਿਹਾ ਕਿ ਮੈਂ ਭਾਜਪਾ ਦੇ ਡਰਾਉਣ ਨਾਲ ਡਰਨ ਵਾਲਾ ਨਹੀਂ ਹਾਂ। ਭਾਜਪਾ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਲਾਲੂ ਜੀ ਨੇ ਭਾਜਪਾ ਤੇ ਸ਼ਡਅੰਤਰ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਜੇਲ੍ਹ ਭੇਜਣ ਦੀ ਸਾਜਿਸ਼ ਹੈ।
ਇਸ ਧੜਲੇਦਾਰ ਨੇਤਾ ਨੇ ਕਿਹਾ ਕਿ ਅਸੀਂ ਮਿੱਟੀ ਵਿੱਚ ਮਿਲ ਜਾਵਾਂਗੇ, ਪਰ ਮੋਦੀ ਅਤੇ ਭਾਜਪਾ ਸਰਕਾਰ ਨੂੰ ਹਟਾ ਕੇ ਹੀ ਦਮ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਸੀਬੀਆਈ ਨੂੰ ਛਾਪਿਆਂ ਦੌਰਾਨ ਕੀ ਮਿਲਿਆ ਹੈ। ਉਨ੍ਹਾਂ ਅਨੁਸਾਰ ਇਹ ਭਾਜਪਾ ਅਤੇ ਆਰਐਸਐਸ ਦੀ ਮੇਰੇ ਖਿਲਾਫ਼ ਮਿਲੀਭੁਗਤ ਹੈ।
ਵਰਨਣਯੋਗ ਹੈ ਕਿ ਸੀਬੀਆਈ ਨੇ ਵੱਖ-ਵੱਖ ਸ਼ਹਿਰਾਂ ਵਿੱਚ ਲਾਲੂ ਪ੍ਰਸਾਦ ਯਾਦਵ ਦੇ ਨਾਲ ਸਬੰਧਤ 12 ਟਿਕਾਣਿਆਂ ਤੇ ਛਾਪੇ ਮਾਰੇ ਹਨ। ਕੁਝ ਸਮਾਂ ਪਹਿਲਾਂ ਵੀ ਲਾ਼ਲੂ ਜੀ ਦੇ ਕੁਝ ਟਿਕਾਣਿਆਂ ਤੇ ਛਾਪੇ ਮਾਰੇ ਗਏ ਸਨ। ਲਾਲੂ ਜੀ ਮਹਾਂਗਠਬੰਧਨ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ। ਇਸੇ ਲਈ ਉਨ੍ਹਾਂ ਨੂੰ ਦਬਾਉਣ ਲਈ ਸਰਕਾਰ ਕਈ ਤਰ੍ਹਾਂ ਦੇ ਪੈਂਤੜੇ ਖੇਡ ਰਹੀ ਹੈ।