ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਤੇ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ- ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ੍ਰ. ਪਰਮਜੀਤ ਸਿੰਘ ਸਰਨਾ ਤੇ ਨਾਲ ਖੜੀ ਮਹਾਰਾਣੀ ਪਰਨੀਤ ਕੌਰ ਤੇ ਹੋਰ।

ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੱਛਲੇ ਦਸ ਸਾਲ ਵਿੱਚ ਅਰਾਜਕਤਾ, ਵਿਨਾਸ਼ ਤੇ ਸਾਮਰਾਜੀ ਕੁਸ਼ਾਸ਼ਨ ਹੋਣ ਦੀ ਗੱਲ ਕਰਦਿਆਂ ਦਿੱਲੀ ਦੇ ਸਨਅੱਤਕਾਰਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਪੈਰਾਂ ਸਿਰ ਖੜਾ ਕਰਨ ਲਈ ਦੁਨੀਆ ਭਰ ਦੇ ਉਦਯੋਗਪਤੀਆਂ ਦੀ ਲੋੜ ਹੈ ਅਤੇ ਉਹਨਾਂ ਦੀ ਖਾਹਿਸ਼ ਪੰਜਾਬ ਨੂੰ ਇੱਕ ਵਾਰੀ ਫਿਰ ਇੱਕ ਨੰਬਰ ਦੇ ਸੂਬਾ ਬਣਾਉਣ ਦਾ ਹੈ ਜਿਸ ਲਈ ਹਰ ਵਰਗ ਦੇ ਸਹਿਯੋਗ ਦੀ ਸਖਤ ਲੋੜ ਹੈ।

ਸ਼੍ਰੋਮਣੀ ਅਕਾਲੀ ਦਲ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍. ਹਰਵਿੰਦਰ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਮੁੱਖ ਮੰਤਰੀ ਬਨਣ ਤੇ ਵਧਾਈ ਦੇਣ ਲਈ ਕਰਵਾਏ ਦਿੱਲੀ ਦੇ ਨਾਮੀ ਸੱਤ ਤਾਰਾ ਹੋਟਲ ਲੀ ਮੈਰੀਡੀਅਨ ਵਿੱਚ  ਕਰਵਾਏ ਗਏ ਵੱਡੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ ਤੇ ਅਕਾਲੀਆਂ ਨੇ ਪੰਜਾਬ ਦੇ ਇੱਕ ਲੱਖ ਲੋਕਾਂ ਦੇ ਵਿਰੁੱਧ ਝੂਠੇ ਪਰਚੇ ਇਸ ਲਈ ਦਰਜ ਕੀਤੇ ਕਿਉਂਕਿ ਉਹ ਕਾਂਗਰਸ ਨਾਲ ਸਬੰਧਿਤ ਹਨ ਤੇ ਉਹਨਾਂ ਨੂੰ ਅਕਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਨਹੀਂ ਮੰਨੇ ਤਾਂ ਫਿਰ ਝੂਠੇ ਮੁਕੱਦਮਿਆਂ ਦਾ ਅੰਬਾਰ ਲਗਾ ਦਿੱਤਾ। ਉਹਨਾਂ ਕਿਹਾ ਕਿ ਅਜਨਾਲੇ ਕਸਬੇ ਦੇ ਇੱਕ ਨੌਜਵਾਨ ਦੇ ਖਿਲਾਫ 28 ਮੁਕਦੱਮੇ ਦਰਜ ਕੀਤੇ ਗਏ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬਹਿਬਲ ਕਲਾਂ ਕਾਂਡ ਲਈ ਸਿੱਧੇ ਰੂਪ ਵਿੱਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਸ਼ੀ ਹਨ ਜਿਹਨਾਂ ਦੇ ਆਦੇਸ਼ ਬਗੈਰ ਪੁਲੀਸ ਗੋਲੀ ਨਹੀ ਚਲਾ ਸਕਦੀ। ਉਹਨਾਂ ਕਿਹਾ ਕਿ ਕਈ ਲੋਕਾਂ ਦੀਆ ਕੁੱਟ ਕੁੱਟ ਕੇ ਹੱਡੀਆਂ ਤੋੜ ਦਿੱਤੀਆਂ ਗਈਆਂ ਤੇ ਕਈਆਂ ਨੂੰ ਫੱਟੜ ਕਰ ਦਿੱਤਾ ਗਿਆ। ਇਸੇ ਤਰ੍ਹਾਂ ਅਕਾਲੀ ਦਲ ਦੇ ਰਾਜ ਵਿੱਚ ਸੂਬੇ ਵਿੱਚ ਵੱਖ ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆ ਬੇਅਦਬੀ ਦੀਆਂ 183 ਘਟਨਾਵਾਂ ਵਾਪਰੀਆਂ ਪਰ ਅਕਾਲੀਆਂ ਨੇ ਸਿਰਫ 21 ਉਹਨਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਿਹੜੇ ਦੋਸ਼ੀ ਲੋਕਾਂ ਫੜ ਕੇ ਪੁਲੀਸ ਨੂੰ ਫੜਾਏ ਸਨ। ਉਹਨਾਂ ਕਿਹਾ ਕਿ ਇਸ ਤੋਂ ਵੱਡਾ ਸਾਮਰਾਜ ਹੋਰ ਕਿਹੜਾ ਹੋ ਸਕਦਾ ਸੀ? ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦੇ 100 ਦਿਨ ਦੇ ਸਮੇਂ ਦੌਰਾਨ 13 ਬੇਅਦਬੀ ਦੇ ਮਾਮਲੇ ਹੋਏ ਜਿਹਨਾਂ ਵਿੱਚੋ 12 ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਤੇ ਬਾਕੀ ਇੱਕ ਮਾਮਲਾ ਵੀ ਹੱਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਤਿੰਨਾਂ ਮਾਮਲਿਆਂ ਨੂੰ ਲੈ ਕੇ ਉਹਨਾਂ ਨੇ ਦੋ ਕਮਿਸ਼ਨ ਸਥਾਪਤ ਕਰ ਦਿੱਤੇ ਹਨ ਤੇ ਜਲਦੀ ਹੀ ਰਿਪੋਰਟ ਆਉਣ ਤੇ ਕਾਰਵਾਈ ਕਰ ਦਿੱਤੀ ਜਾਵੇਗੀ।

ਕਿਸਾਨਾਂ ਦੀਆ ਖੁਦਕਸ਼ੀਆਂ ਨੂੰ ਮੰਦਭਾਗਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਹਿਲੀ ਕਿਸ਼ਤ ਵਿੱਚ ਕਿਸਾਨਾਂ ਦੇ ਢਾਈ ਏਕੜ ਦੇ ਕਰਜੇ ਮੁਆਫ ਕਰ ਦਿੱਤੇ ਹਨ ਤੇ ਪੰਜ ਏਕੜ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜਾ ਮੁਆਫ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲੀ ਕਿਸ਼ਤ ਹੈ ਤੇ ਬਾਕੀ ਵੀ ਕਰਜ਼ੇ ਕਿਸ਼ਤਾਂ ਰਾਹੀ ਮੁਆਫ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੀਆ ਖੁਦਕਸ਼ੀਆਂ ਰੋਕਣ ਲਈ ਉਹ ਪੂਰੀ ਤਰ੍ਹਾ ਯਤਨਸ਼ੀਲ ਹਨ ਅਤੇ ਪੁਰਾਣੇ ਰੋਗ ਨੂੰ ਇੱਕ ਦੋ ਦਿਨਾਂ ਵਿੱਚ ਠੀਕ ਕਰ ਸਕਣਾ ਕਿਸੇ ਵੀ ਹਕੀਮ ਕੋਲ ਕੋਈ ਇਲਾਜ ਨਹੀ ਹੁੰਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ 18 ਲੱਖ ਕਿਸਾਨ ਪਰਿਵਾਰ ਹਨ  ਅਤੇ ਸਰਕਾਰ ਵੱਲੋਂ ਕਰਜ਼ਾ ਮੁਆਫ ਕਰਨ ਦਾ ਫਾਇਦਾ 10.25 ਫੀਸਦੀ ਕਿਸਾਨਾਂ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਫਾਸਟਵੇਅ ਕੇਬਲ ਦੇ 680 ਕਰੋੜ ਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ।

ਨਸ਼ਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਨੇ ਹੁਣ ਤੱਕ 4000 ਨਸ਼ੇ ਦੇ ਵਪਾਰੀਆਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਉਹਨਾਂ ਕਿਹਾ ਕਿ ਸਪਲਾਈ ਲਾਈਨ ਕੱਟ ਦਿੱਤੀ ਗਈ ਹੈ ਤੇ ਹੁਣ ਜਿਹੜੀ ਪੂੜੀ 1200 ਰੁਪਏ ਦੀ ਮਿਲਦੀ ਸੀ ਉਹ ਛੇ ਹਜ਼ਾਰ ਵਿੱਚ ਮਿਲ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਨਸ਼ੇ ਦੇ ਖਾਤਮੇ ਲਈ ਜੋ ਵਾਅਦਾ ਕੀਤਾ ਸੀ ਉਹ ਜਰੂਰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਸਮੱਗਲਰ ਹੁਣ ਭੱਜ ਕੇ ਦਿੱਲੀ ਆ ਗਏ ਤੇ ਪੰਜਾਬ ਪੁਲੀਸ ਉਹਨਾਂ ਦੇ ਪਿੱਛੇ ਲੱਗੀ ਹੋਈ ਹੈ ਜਲਦੀ ਹੀ ਫੜ ਲੈ ਜਾਣਗੇ ਪਰ ਉਹ ਦਿੱਲੀ ਦੇ ਲੋਕਾਂ ਨੂੰ ਉਹ ਸੁਚੇਤ ਕਰਦੇ ਹਨ ਕਿ ਉਹ ਅਜਿਹੇ ਭੈੜੇ ਅਨਸਰਾਂ ਕੋਲੋ ਆਪਣੇ ਨੌਜਵਾਨ ਬਚਾ ਕੇ ਰੱਖਣ ਤੇ ਅਜਿਹੇ ਸ਼ੱਕੀ ਵਿਅਕਤੀਆਂ ਦੀ ਤੁਰੰਤ ਸੂਚਨਾ ਪੁਲੀਸ ਨੂੰ ਦੇਣ।

ਸਰਨਾ ਭਰਾਵਾਂ ਨੂੰ ਪੰਜਾਬ ਸਰਕਾਰ ਦੇ ਜਨਮ ਦਾਤਾ ਦੱਸਦਿਆਂ ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਹਮੇਸ਼ਾਂ ਹੀ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਨਾ ਭਰਾ ਉਹਨਾਂ ਦੇ ਭਰਾ ਹੀ ਨਹੀ ਸਗੋਂ ਸਲਾਹਕਾਰ ਵੀ ਹਨ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਨੇ ਚੋਣ ਲੜੀ ਹੈ ਤਾਂ ਸਰਨਾ ਭਰਾਵਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਤੇ ਪਰਮਜੀਤ ਸਿੰਘ ਸਰਨਾ ਉਹਨਾਂ ਸਲਾਹਕਾਰ ਹਨ । ਪੰਜਾਬ ਦੇ ਵਿਕਾਸ ਲਈ ਉਹਨਾਂ ਦੀ ਸਲਾਹ ਹਮੇਸ਼ਾਂ ਹੀ ਕਾਰਗਰ ਸਾਬਤ ਹੋਈ ਹੈ। 2005 ਵਿੱਚ ਉਹਨਾਂ ਦੀ ਸਰਕਾਰ ਸੀ ਤੇ ਸਰਨਾ ਭਰਾ ਪਾਕਿਸਤਾਨ ਵਿਖੇ ਨਗਰ ਕੀਤਰਨ ਲੈ ਕੇ ਗਏ ਸਨ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਸੀ ਤੇ ਉਹਨਾਂ ਨੇ ਆਪਣੀ ਧਰਮ ਪਤਨੀ ਨਾਲ ਨਗਰ ਕੀਤਰਨ ਦਾ ਪੰਜਾਬ ਵਿੱਚ ਦਾਖਲੇ ਸਮੇਂ ਸ਼ੰਭੂ ਬੈਰੀਅਰ ਤੇ ਸੁਆਗਤ ਕਰਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਹੁਣ ਵੀ ਸਬੱਬ ਨਾਲ ਸਰਨਾ ਭਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਨਗਰ ਕੀਤਰਨ ਲੈ ਕੇ ਦਿੱਲੀ ਤੇ ਨਨਕਾਣਾ ਸਾਹਿਬ ਤੱਕ ਲੈ ਕੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਵਾਅਦਾ ਕਰਦੀ ਹੈ ਕਿ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਉਹ ਪਾਕਿਸਤਾਨ ਗਏ ਸਨ ਤਾਂ ਉਹ ਆਪਣੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਕਾਰ ਸੇਵਾ ਦੀ ਮਿੱਟੀ ਨਾਲ ਲੈ ਕੇ ਗਏ ਸਨ ਤੇ ਉਹਨਾਂ ਦੀ ਇੱਛਾ ਸੀ ਕਿ ਇਹ ਮਿੱਟੀ ਨਨਕਾਣਾ ਸਾਹਿਬ ਨਵੇ ਰੱਖੇ ਗਏ ਨੀਂਹ ਪੱਥਰ ਦੇ ਘੇਰੇ ਛਿੜਕੀ ਜਾਵੇ ਪਰ ਉਸ ਸਮੇਂ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ ਪਰ ਜਦੋਂ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ  ਪ੍ਰਵੇਜ ਇਲਾਹੀ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਹ ਮਿੱਟੀ ਇੱਕ ਚਾਂਦੀ ਦੇ ਭਾਂਡੇ ਵਿੱਚ ਬੰਦ ਕਰਕੇ ਉਸ ਨੀਂਹ ਪੱਥਰ ਨੂੰ ਖੁਰਚ ਕੇ ਉਪਰ ਸੀਮੈਂਟ ਲਾ ਕੇ ਰੱਖ ਦਿੱਤੀ ਜਿਹੜੀ ਅੱਜ ਵੀ ਵੇਖੀ ਜਾ ਸਕਦੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਨਣ ਤੇ ਪੰਜਾਬ ਦੇ ਲੋਕਾਂ ਨੇ ਜਿੰਨੀ ਖ੍ਰੁਸ਼ੀ ਮਨਾਈ ਹੈ ਇੰਨੀ ਤਾਂ ਸ਼ਾਇਦ ਰਾਮ ਚੰਦਰ ਦੇ ਬਨਬਾਸ ਕੱਟ ਕੇ ਆਉਣ ਤੇ ਵੀ ਸ਼ਾਇਦ ਲੋਕਾਂ ਨੇ ਨਾ ਮਨਾਈ ਹੋਵੇ। ਉਹਨਾਂ ਕਿਹਾ ਕਿ ਅਕਾਲੀਏ ਜਿਹੜੀਆਂ ਦੋ ਚਾਰ ਸੀਟਾਂ ਲੈ ਗਏ ਹਨ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਲੈ ਕੇ ਗਏ ਹਨ ਜਦ ਕਿ ਇਹਨਾਂ ਦਾ ਨਤੀਜਾ ਤਾਂ ਪੂਰੀ ਤਰ੍ਹਾ ਜੀਰੋ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲੀ ਗੁਰਸਿੱਖ ਹਨ ਤੇ ਉਹਨਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਤੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੀ ਪਟਿਆਲਾ ਰਾਜ ਨੂੰ ਵੇਖ ਕੇ ਸਿੱਖ ਪ੍ਰਸੰਨ ਹੁੰਦੇ ਸਨ ਕਿ ਸਿੱਖਾਂ ਦਾ ਰਾਜ ਭਾਗ ਭਾਂਵੇ ਅੰਗਰੇਜ਼ਾਂ ਨੇ ਧੋਖੇ ਨਾਲ ਖੋਹ ਲਿਆ ਪਰ ਪਟਿਆਲੇ ਤਾਂ ਉਹਨਾਂ ਦਾ ਅਜਾਦ ਸਿੱਖ ਰਾਜ ਅੱਜ ਵੀ ਕਾਇਮ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਇਲਾਕਾ ਗੁਜਰਾਵਾਲਾ ਰਾਵਲਪਿੰਡੀ ਆਦਿ ਵਿਖੇ ਜਦੋਂ ਸਿੱਖ ਜਦੋਂ ਕੋਈ ਨਵਾਂ ਕਾਰਜ ਕਰਦੇ ਤਾਂ ਉਹ ਕੈਪਟਨ ਅਮਰਿੰਦਰ ਦੇ ਪਿਤਾ ਤੇ ਦਾਦੇ ਨੂੰ ਹੀ ਬੁਲਾਉਂਦੇ ਸਨ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਵੇਲੇ ਭਾਂਵੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਸਨ ਪਰ ਉਹਨਾਂ ਨੇ ਆਪਣੇ ਅਕੀਦੇ ਨੂੰ ਪਹਿਲ ਦਿੰਦਿਆਂ ਜਿੱਥੇ ਸਾਕਾ ਨੀਲਾ ਤਾਰਾ ਦੀ ਜ਼ੋਰਦਾਰ ਮੁਜੱਮਤ ਕੀਤੀ ਉਥੇ ਕਾਂਗਰਸ ਪਾਰਟੀ ਤੇ ਮੈਂਬਰ ਪਾਰਲੀਮੈਂਟ ਤੋ ਵੀ ਅਸਤੀਫਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਸਿੱਖਾਂ ਦੀਆ ਤਿੰਨ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਕਾਲਜ ਅੰਮ੍ਰਿਤਸਰ ਤੇ ਚੀਫ ਖਾਲਸਾ ਦੀਵਾਨ ਤੇ ਸਿੱਧੇ ਤੇ ਅਸਿੱਧੇ ਤੌਰ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਇਹ ਕਬਜ਼ਾ ਤੋੜੇ ਬਗੈਰ ਇਹਨਾਂ ਸੰਸਥਾਵਾਂ ਨੂੰ ਬਚਾਇਆ ਨਹੀਂ ਜਾ ਸਕਦਾ। ਸਿੱਖਾਂ ਦੀ ਸਮੁੱਚੇ ਰੂਪ ਵਿੱਚ ਮੰਗ ਹੈ ਕਿ ਇਹ ਕਬਜਾਧਾਰੀਆਂ ਕੋਲੋ ਕਬਜ਼ਾ ਛੁਡਾ ਕੇ ਪ੍ਰਬੰਧ ਸੰਗਤ ਦੇ ਹਵਾਲੇ ਕੀਤਾ ਜਾਵੇ। ਉਹਨਾਂ ਕਿਹਾ ਕਿ ਗੁਰੂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਜਦੋਂ ਉਹ 2005 ਵਿੱਚ ਦਿੱਲੀ ਤੇ ਨਨਕਾਣਾ ਸਾਹਿਬ ਤੱਕ ਨਗਰ ਕੀਤਰਨ ਲੈ ਕੇ ਗਏ ਸਨ ਤੇ ਮਹਾਰਾਜਾ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਰਾਤ ਦੇ ਢਾਈ ਵਜੇ ਨਗਰ ਕੀਤਰਨ ਦਾ ਸੁਆਗਤ ਕਰਨ ਲਈ ਕਈ ਘੰਟੇ ਸ਼ੰਭੂ ਬੈਰੀਅਰ ‘ਤੇ ਉਡੀਕਦੇ ਰਹੇ ਸਨ ਤੇ ਫਿਰ ਪਟਿਆਲੇ ਤੱਕ ਨਗਰ ਕੀਤਰਨ ਦੇ ਨਾਲ ਹੀ ਰਹੇ ਸਨ ਜਦ ਕਿ ਬਾਦਲਕਿਆ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਹਨ ਨੇ ਇਸ ਦਾ ਬਾਈਕਾਟ ਕੀਤਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਹਿਯੋਗ ਨਹੀ ਮਿਲਿਆ ਸੀ। ਉਹਨਾਂ ਕਿਹਾ ਕਿ ਜਿਹੜੋ ਲੇਕ 25 ਸਾਲ ਰਾਜ ਕਰਨ ਦੇ ਦਮਗਜੇ ਮਾਰਦੇ ਸਨ ਉਹਨਾਂ ਕੋਲ ਅੱਜ ਵਿਰੋਧੀ ਧਿਰ ਦਾ ਵੀ ਰੁਤਬਾ ਵੀ ਖੁੱਸ ਗਿਆ ਹੈ ਪਰ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਜਿੰਨਾ ਚਿਰ ਤੱਕ ਪੰਜਾਬ ਦੇਸ਼ ਦਾ ਇੱਕ ਨੰਬਰ  ਸੂਬਾ ਨਹੀ ਬਣ ਜਾਂਦਾ ਉਨਾ ਚਿਰ ਤੱਕ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਮ ਲਏ ਬਗੈਰ ਉਹਨਾਂ ਕਿਹਾ ਕਿ ਸਾਧਾਂ ਸੰਤਾਂ ਹਮਲਾਵਰ ਕਰਨ ਵਾਲੇ ਪੂਰੀ ਤਰ੍ਵਾ ਨੰਗੇ ਹੋ ਚੁੱਕੇ ਹਨ ਪਰ ਅੱਠ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਬਾਕੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ ਜਦ ਕਿ 42 ਬੰਦੇ ਇਸ ਹਮਲੇ ਨਾਲ ਸਬੰਧਿਤ ਹਨ। ਉਹਨਾਂ ਕਿਹਾ ਕਿ ਅਨੰਦ ਮੈਰਿਜ ਐਕਟ ਵੀ ਪਟਿਆਲਾ ਰਿਆਸਤ ਨੇ ਹੀ ਬਣਾਇਆ ਸੀ ਤੇ ਹੁਣ ਮੌਕਾ ਹੈ ਕਿ ਇਸ ਦਾ ਵੀ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਇਸ ਨੂੰ ਕਨੂੰਨ ਦਾ ਰੂਪ ਦਿੱਤਾ ਜਾਵੇ ਤਾਂ ਕਿ ਸਿੱਖ ਬੱਚੇ ਬੱਚੀਆਂ ਆਪਣੇ ਸ਼ਾਦੀ ਵਾਲੇ ਕਾਰਜ ਇਸ ਐਕਟ ਮੁਤਾਬਕ ਕਰਕੇ ਸਰਟੀਫਿਕੇਟ ਲੈ ਸਕਣ। ਇਸੇ ਤਰ੍ਹਾਂ ਧਾਰਮਿਕ ਗਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦੇਣ ਦਾ ਕਨੂੰਨ ਪਾਸ ਕੀਤਾ ਜਾਵੇ । 2005 ਵਿੱਚ ਜਦੋਂ ਨਗਰ ਕੀਤਰਨ ਪਾਕਿਸਤਾਨ ਗਿਆ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਪ੍ਰਵੇਜ ਇਲਾਹੀ ਨਾਲ ਗੱਲਬਾਤ ਕਰਕੇ ਲਾਹੌਰ ਤੋਂ ਨਨਕਾਣਾ ਸਾਹਿਬ ਇੱਕ ਵੱਡੀ ਸੜਕ ਦਾ ਨਿਰਮਾਣ ਕਰਵਾਇਆ ਸੀ ਤੇ ਅੱਜ ਇਹ ਰਸਤਾ ਚਾਰ ਘੰਟੇ ਦੀ ਬਜਾਏ ਡੇਢ ਘੰਟੇ ਦਾ ਰਹਿ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਤੇ ਕਰਤਾਰਪੁਰ ਲਾਂਘੇ ਦਾ ਵੀ ਮਸਲਾ ਹੱਲ ਕਰਵਾਇਆ ਜਾਵੇ ਤਾਂ ਕਿ ਸੰਗਤਾਂ ਬਿਨਾਂ ਪਾਸਪੋਰਟ ਤੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ . ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਖਾਲਸਾ ਕਾਲਜ ਨੂੰ ਤਾਂ ਖਤਮ ਹੋਣ ਤੋ ਬਚਾ ਲਿਆ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਵੀ ਬਾਦਲਾਂ ਦੀ ਚੁੰਗਲ ਵਿੱਚੋਂ ਕੱਢਿਆ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜਿੰਨਾ ਘਾਣ ਗੁਰੁ ਗ੍ਰੰਥ ਤੇ ਗੁਰੂ ਪੰਥ ਦਾ ਬਾਦਲਾਂ ਨੇ ਕਰ ਦਿੱਤਾ ਹੈ ਉਸ ਦੀ ਭਰਪਾਈ ਹੋਣੀ ਬਹੁਤ ਮੁਸ਼ਕਲ ਹੈ। ਅੱਜ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਲਾ ਸੰਕਲਪ ਖਤਮ ਹੋ ਚੁੱਕਾ ਹੈ ਤੇ ਧਰਮ ਪ੍ਰਚਾਰ ਕਾਰਜ ਵੀ ਪਰ ਲਗਾ ਕੇ ਉੱਡ ਚੁੱਕਾ ਹੈ । ਅੱਜ ਸ਼੍ਰੋਮਣੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਨੂੰ ਬਚਾਇਆ ਜਾਣਾ ਬਹੁਤ ਜਰੂਰੀ ਹੈ।

ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਸਰਨਾ ਭਰਾ ਸਿੱਖੀ ਨੂੰ ਸਮੱਰਪਿੱਤ ਹਨ ਤੇ ਸਿੱਖੀ ਦਾ ਦਰਦ ਸਾਰਾ ਪਰਿਵਾਰ ਆਪਣੇ ਹਿਰਦੇ ਵਿੱਚ ਸਮੋਈ ਬੈਠਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਫਤਵਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦਿੱਤਾ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਅੱਜ ਦਾ ਭਾਰੀ ਇਕੱਠ ਇਹ ਦਰਸਾਉਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਾਲ ਨਾਲ ਦਿੱਲੀ ਦੇ ਵੀ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਕੈਪਟਨ ਸਿੰਘ ਨੇ ਕਾਂਗਰਸ ਦੀ ਵਾਪਸੀ ਦਾ ਮੁੱਢ ਬੰਨ ਦਿੱਤਾ ਹੈ ਤੇ 2019 ਵਿੱਚ ਕਾਂਗਰਸ ਮੁੜ ਕੇਂਦਰ ਵਿੱਚ ਸਰਕਾਰ ਬਣਾਏਗੀ।

ਪ੍ਰਸਿੱਧ ਕਨੂੰਨਦਾਨ ਕੇ. ਟੀ. ਐਸ ਤੁਲਸੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਨਣ ਨਾਲ ਪੰਜਾਬ ਦੇ ਲੋਕ ਸੁਖ ਦਾ ਸਾਹ ਲੈਣ ਲੱਗ ਪਏ ਹਨ ਤੇ ਅਕਾਲੀਆਂ ਦੇ ਸਾਮਰਾਜ ਤੋ ਉਹਨਾਂ ਨੂੰ ਛੁਟਕਾਰਾ ਮਿਲ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਸਰਨਾ ਨੇ ਬਾਖੂਬੀ ਨਿਭਾਈ। ਇਸ ਸਮੇਂ ਅੰਮ੍ਰਿਤਸਰ ਤੋ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ, ਵਿਜੇ ਇੰਦਰ ਸਿੰਗਲਾ, ਸਾਬਕਾ ਡੀ ਜੀ ਪੀ ਸਰਬਦੀਪ ਸਿੰਘ ਵਿਰਕ, ਪਰਦੀਪ ਸਿੰਘ ਵਾਲੀਆ, ਨਿਰਮਾਣ ਸਿੰਘ, ਇੰਦਰਜੀਤ ਸਿੰਘ ਸੰਤਗੜ੍ਰ, ਦਮਨਦੀਪ ਸਿੰਘ ਯੂਥ ਆਗੂ, ਜਸਬੀਰ ਸਿੰਘ ਖੰਗੂੜਾ, ਤਰਸੇਮ ਸਿੰਘ ਖਾਲਸਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਹਰਪਾਲ ਸਿੰਘ ਸਰਨਾ, ਪ੍ਰਭਜੀਤ ਸਿੰਘ ਸਰਨਾ, ਪ੍ਰਿਤਪਾਲ ਸਿੰਘ ਸਰਨਾ, ਬੀਬੀ ਜਸਪਾਲ ਕੌਰ ਸਰਨਾ, ਜਸਦੀਪ ਕੌਰ ਚੱਢਾ, ਹਰਮੋਹਿੰਦਰ ਸਿੰਘ ਰੰਗੜ, ਐਸ.ਪੀ.ਐਸ ਉਬਰਾਏ, ਮਨਿੰਦਰ ਸਿੰਘ ਧੁੰਨਾਂ, ਬਲਦੇਵ ਸਿੰਘ ਰਾਣੀ ਬਾਗ, ਗਿਆਨ ਸਿੰਘ, ਕੁਲਤਾਰਨ ਸਿੰਘ, ਸ਼ਾਹ ਜੀ, ਰਾਣਾ ਗੁਰਜੀਤ ਸਿੰਘ ਸੋਢੀ, ਮਨਜੀਤ ਸਿੰਘ ਸਰਨਾ, ਕੁਲਬੀਰ ਸਿੰਘ ਪੰਜਾਬ ਐੰਡ ਸਿੰਘ ਬੈਂਕ, ਗੁਰਪਾਲ ਸਿੰਘ, ਕੇ ਐਲ ਵਧਵਾ, ਹਰਮਨ .ਯੂਸਫ, ਨਾਮਧਾਰੀ ਆਗੂ ਅਰਵਿੰਦਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆ ਤੇ ਸਰਨਾ ਪਰਿਵਾਰ ਹਾਜਰ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>