ਕੇਂਦਰ ਸਰਕਾਰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਤੁਰੰਤ ਵਾਪਸ ਕਰੇ – ਬਡੂੰਗਰ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਬਤ ਕੀਤਾ ਗਿਆ ਸਮਾਨ ਤੁਰੰਤ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਾਇਬ੍ਰੇਰੀ ਵਿਚੋਂ ਚੁੱਕਿਆ ਗਿਆ ਕੀਮਤੀ ਸਾਹਿਤਕ ਖਜ਼ਾਨਾ ਅਤੇ ਹੋਰ ਸਮਾਨ ਵਾਪਸ ਕਰ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਏ, ਤਾਂ ਜੋ ਲਾਇਬ੍ਰੇਰੀ ਦੀ ਸ਼ਾਨ ਮੁੜ ਤੋਂ ਬਹਾਲ ਹੋ ਸਕੇ। ਪ੍ਰੋ: ਬਡੂੰਗਰ ਨੇ ਆਖਿਆ ਕਿ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਜੂਨ ੧੯੮੪ ਦੇ ਫੌਜੀ ਹਮਲੇ ਦੌਰਾਨ ਕਿਵੇਂ ਲਾਇਬ੍ਰੇਰੀ ਨੂੰ ਤਬਾਹ ਕਰਨ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਆਖਿਆ ਕਿ ਸਮਾਨ ਵਾਪਸ ਕਰਨ ਦੀ ਥਾਂ ਸਮਾਨ ਨਾ ਹੋਣ ਦੀ ਗੱਲ ਤਰਕਸੰਗਤ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮਿਲ ਕੇ ਉਠਾਏ ਸਿੱਖ ਮਸਲਿਆਂ ਵਿਚ ਲਾਇਬ੍ਰੇਰੀ ਦਾ ਸਮਾਨ ਵਾਪਸ ਕਰਨ ਸਬੰਧੀ ਵੀ ਮੰਗ ਰੱਖੀ ਸੀ, ਜਿਸ ਪ੍ਰਤੀ ਉਨ੍ਹਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਸੀ।

ਪ੍ਰੋ: ਬਡੂੰਗਰ ਨੇ ਕਾਲੇਪਾਣੀ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿਚ ਸਿੱਖਾਂ ਦੇ ਇਤਿਹਾਸ ਨੂੰ ਘਟਾ ਕੇ ਪੇਸ਼ ਕਰਨ ਦੀ ਪੜਤਾਲ ਲਈ ਬਣਾਈ ਗਈ ਕਮੇਟੀ ਵੱਲੋਂ ਦਿੱਤੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸੰਜੀਦਾ ਮਸਲੇ ਪ੍ਰਤੀ ਸ਼੍ਰੋਮਣੀ ਕਮੇਟੀ ਗੰਭੀਰ ਹੈ ਅਤੇ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਲਈ ਇਕ ਸਬ-ਕਮੇਟੀ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਭਾਈ ਰਾਮ ਸਿੰਘ ਅੰਤ੍ਰਿੰਗ ਮੈਂਬਰ, ਸ. ਜਗਤਾਰ ਸਿੰਘ ਸੀਨੀਅਰ ਪੱਤਰਕਾਰ ਅਤੇ ਸ. ਹਰਭਜਨ ਸਿੰਘ ਮਨਾਵਾ ਐਡੀਸ਼ਨਲ ਸਕੱਤਰ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਜੰਗੇ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਤੇ ਖਾਸਕਰ ਸਿੱਖਾਂ ਨੂੰ ਕਾਲੇਪਾਣੀ ਜੇਲ੍ਹ ਵਿਚ ਦਿੱਤੇ ਗਏ ਤਸੀਹਿਆਂ ਦੀ ਦਾਸਤਾਨ ਨੂੰ ਖਤਮ ਕਰਨ ਦਾ ਯਤਨ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਸਿੱਖਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਇਸ ਸਬੰਧੀ ਕਿਤਾਬ ਸੰਗ੍ਰਹਿਤ ਕੀਤੀ ਜਾ ਸਕੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾਣਗੇ। ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਅਤੇ ਮੁਕੰਮਲ ਵਿਉਂਤਬੰਦੀ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਕੱਤਰ ਸ. ਅਵਤਾਰ ਸਿੰਘ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਸ. ਮਹਿੰਦਰ ਸਿੰਘ ਆਹਲੀ ‘ਤੇ ਅਧਾਰਤ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਲਈ ਮੁਬਾਰਕ ਦਿਹਾੜਾ ਹੈ ਜਿਸਨੂੰ ਯਾਦਗਾਰੀ ਢੰਗ ਨਾਲ ਮਨਾਇਆ ਜਾਵੇਗਾ। ਪ੍ਰੋ: ਬਡੂੰਗਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਸੰਦੇਸ਼ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕਿਤਾਬਚੇ ਛਾਪ ਕੇ ਮੁਫਤ ਵੰਡੇ ਜਾਣਗੇ। ਇਸ ਕਾਰਜ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਵੰਤ ਸਿੰਘ ਢਿੱਲੋਂ ਅਤੇ ਡਾ. ਪਰਮਵੀਰ ਸਿੰਘ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਾਰਾਗੜ੍ਹੀ ਦੀ ਜੰਗ ਵਿਚ ਸ਼ਹੀਦ ਹੋਏ ੨੧ ਫੌਜੀਆਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ, ਇਹ ਸਮਾਗਮ ਗੁਰਦੁਆਰਾ ਗੁਰੂਸਰ ਬਜੀਦਪੁਰ (ਫਿਰੋਜ਼ਪੁਰ) ਵਿਖੇ ੧੨ ਸਤੰਬਰ ੨੦੧੭ ਨੂੰ ਕਰਵਾ ਕੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਬਰਤਾਨੀਆਂ ਦੇ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣਨ ‘ਤੇ ਸ. ਰਬਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬੀਆਂ ਦੇ ਮਾਣ ਵਿਚ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ. ਰਬਿੰਦਰ ਸਿੰਘ ਦੇ ਪੰਜਾਬ ਆਉਣ ‘ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਸਵਾਗਤ ਕਰੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ ਤੇ ਸ. ਬਲਵਿੰਦਰ ਸਿੰਘ ਵੇਈਂਪੂਈਂ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਭਲਾਈਪੁਰ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਮਹਿੰਦਰ ਸਿੰਘ ਆਹਲੀ ਤੇ ਸ. ਹਰਭਜਨ ਸਿੰਘ ਮਨਾਵਾ, ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>