ਦਿੱਲੀ ਕਮੇਟੀ ਨੇ ਯੂ. ਕੇ. ਦੇ ਪਹਿਲੇ ਸਿੱਖ ਸਾਂਸਦ ਢੇਸੀ ਦਾ ਕੀਤਾ ਸਨਮਾਨ

ਨਵੀਂ ਦਿੱਲੀ : ਇੰਗਲੈਂਡ ’ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੁੰਦੜ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ ਅਤੇ ਭਾਜਪਾ ਆਗੂ ਆਰ.ਪੀ.ਸਿੰਘ ਵੱਲੋਂ ਸ਼ਾਲ, ਸ਼੍ਰੀ ਸਾਹਿਬ ਅਤੇ ਕਿਤਾਬਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਿਰਸਾ ਨੇ ਸਿੱਖ ਪੱਛਾਣ ਨਾਲ ਜੁੜੀਆਂ ਵਸਤੂਆਂ ਨੂੰ ਲੈ ਕੇ ਵਿਦੇਸ਼ਾਂ ’ਚ ਸਿੱਖਾਂ ਦੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਢੇਸੀ ਦਾ ਸਹਿਯੋਗ ਮੰਗਿਆ। ਸਿਰਸਾ ਨੇ ਇਸ ਮਸਲੇ ’ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸੰਬੰਧੀ ਭੇਜੇ ਗਏ ਮਾਮਲੇ ਦੀ ਜਾਣਕਾਰੀ ਦਿੱਤੀ।

ਸਿਰਸਾ ਨੇ ਕਿਹਾ ਕਿ ਪੰਜ ਕਕਾਰ ਅਤੇ ਦਸਤਾਰ ਨੂੰ ਲੈ ਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵੱਖਰੇ -ਵੱਖਰੇ ਕਾਨੂੰਨਾਂ ਕਰਕੇ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਇਸ ਕਰਕੇ ਕਮੇਟੀ ਨੇ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਰੱਖਿਆ ਹੈ। ਸਿਰਸਾ ਨੇ ਕਮੇਟੀ ਦੇ ਪੱਖ ਨੂੰ ਮਜਬੂਤ ਕਰਨ ਲਈ ਢੇਸੀ ਨੂੰ ਮਾਮਲੇ ਦੇ ਸਮਰਥਨ ਵਿਚ ਪੱਤਰ ਦੇਣ ਦੀ ਅਪੀਲ ਕਰਦੇ ਹੋਏ ਇੰਗਲੈਂਡ ਦੇ ਵਿਦੇਸ਼ ਮੰਤਰੀ ਪਾਸੋਂ ਵੀ ਅਜਿਹਾ ਪੱਤਰ ਕਮੇਟੀ ਨੂੰ ਦਿਵਾਉਣ ਦੀ ਬੇਨਤੀ ਕੀਤੀ ਤਾਂਕਿ ਸੰਯੁਕਤ ਰਾਸ਼ਟਰ ਦੇ ਸਾਹਮਣੇ ਮਜਬੂਤੀ ਨਾਲ ਸਿੱਖਾਂ ਦਾ ਪੱਖ ਰੱਖਿਆ ਜਾ ਸਕੇ। ਸੰਯੁਕਤ ਰਾਸ਼ਟਰ ਦੇ ਅਗਲੇ ਇਜਲਾਸ਼ ’ਚ ਇਸ ਮਸਲੇ ’ਤੇ ਸੁਣਵਾਈ ਹੋਣ ਦੀ ਆਸ਼ ਜਤਾਉਂਦੇ ਹੋਏ ਸਿਰਸਾ ਨੇ ਸੰਯੁਕਤ ਰਾਸ਼ਟਰ ਵੱਲੋਂ ਕਾਨੂੰਨ ਬਣਨ ਉਪਰੰਤ ਸਿੱਖਾਂ ਦੀ ਧਾਰਮਿਕ ਤੌਰ ਤੇ ਹੋਣ ਵਾਲੀ ਖੱਜਲ ਖੁਆਰੀ ਰੁਕਣ ਦਾ ਦਾਅਵਾ ਕੀਤਾ।

ਢੇਸੀ ਨੇ ਸਨਮਾਨ ਲਈ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਿਕ ਸਥਾਨ ’ਤੇ ਉਨ੍ਹਾਂ ਦਾ ਸਨਮਾਨ ਕੀਤੇ ਜਾਣ ਨੂੰ ਮਾਣ ਵਾਲੀ ਗੱਲ ਦੱਸਿਆ। ਬਤੌਰ ਸਿੱਖ ਹੋਣ ਕਰਕੇ ਬਰਤਾਨੀਆ, ਪੰਜਾਬ ਅਤੇ ਸਿੱਖੀ ਮਸਲਿਆਂ ’ਤੇ ਡੱਟ ਕੇ ਕੌਮ ਦੀ ਅਵਾਜ ਬਣਨ ਦਾ ਭਰੋਸਾ ਦਿੰਦੇ ਹੋਏ ਢੇਸੀ ਨੇ ਉਨ੍ਹਾਂ ਨੂੰ ਸਾਂਸਦ ਬਣਾਉਣ ’ਚ ਸਹਿਯੋਗ ਦੇਣ ਵਾਲੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ। ਸਿਰਸਾ ਵੱਲੋਂ ਸਿੱਖ ਪੱਛਾਣ ਨਾਲ ਜੁੜੇ ਮਸਲੇ ’ਤੇ ਮੰਗੀ ਗਈ ਸਹਾਇਤਾ ਨੂੰ ਢੇਸੀ ਨੇ ਪੂਰਣ ਤੌਰ ਤੇ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਕੌਮ ਲਈ ਕੰਮ ਨਹੀਂ ਕੀਤੇ ਤਾਂ ਫਿਰ ਕਿਸ ਤੋਂ ਉਮੀਦ ਕਰਾਂਗੇ।

ਭੁੰਦੜ ਨੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਦਿੱਲੀ ਕਮੇਟੀ ਅਤੇ ਢੇਸੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ। ਭੁੰਦੜ ਨੇ ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ’ਚ ਭਾਰਤ ਸਰਕਾਰ ਦੇ ਸਹਿਯੋਗੀ ਦੇ ਤੌਰ ’ਤੇ ਬਰਤਾਨੀਆਂ ਸਰਕਾਰ ਦੀ ਭੂਮਿਕਾ ਬਾਰੇ ਵੀ ਆਪਣੇ ਵਿਚਾਰ ਰੱਖੇ। ਇਥੇ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਲਿਖੇ ਇਕ ਵਿਸਥਾਰਿਤ ਪੱਤਰ ਵਿਚ ਸਿਰਸਾ ਉਹਨਾਂ ਨੂੰ ਸਿੱਖ ਗੁਰੂ ਸਾਹਿਬਾਨ ਵੱਲੋਂ ਦੱਸੇ ਪੰਜ ਕੱਕਾਰਾਂ ਦੀ ਅਹਿਮੀਅਤ ਦੀ ਜਾਣਕਾਰੀ ਦਿੰਦੀਆਂ ਦੱਸਿਆ ਹੈ ਕਿ ਹਰ ਸਿੱਖ ਲਈ ਇਹ ਧਾਰਨ ਕਰਨੇ ਲਾਜ਼ਮੀ ਹਨ।

ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਵਾਚਿਆ ਹੈ ਕਿ ਵੱਖ ਵੱਖ ਮੁਲਕਾਂ ਵਿਚ ਸਿੱਖਾਂ ਨੂੰ ਇਸ ਲਈ ਮੁਸ਼ਕਿਲਾਂ ਦਰਪੇਸ਼ ਹਨ ਕਿਉਂਕਿ ਉਹਨਾਂ ਮੁਲਕਾਂ ਵਿਚ ਅਜਿਹੇ ਕਾਨੂੰਨ ਲਾਗੂ ਹਨ ਅਤੇ ਉਥੇ ਦੀਆਂ ਅਦਾਲਤਾਂ ਤੈਅਸ਼ੁਦਾ ਕਾਨੂੰਨਾਂ ਦੇ ਦਾਇਰੇ ਵਿਚ ਰਹਿ ਕੇ ਕੇਸਾਂ ਦਾ ਨਿਪਟਾਰਾ ਕਰਦੀਆਂ ਹਨ। ਉਹਨਾਂ ਕਿਹਾ ਕਿ ਬਿਨਾਂ ਕੋਈ ਕਸੂਰ ਕੀਤਿਆਂ ਹੀ ਸਿੱਖਾਂ ਨੂੰ ਕੱਕਾਰ ਧਾਰਨ ਕਰਨ ’ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸਿੱਖ ਧਾਰਮਿਕ ਚਿੰਨਾਂ ਦੀ ਅਹਿਮੀਅਤ ਨਾ ਪਤਾ ਹੋਣ ਕਾਰਨ ਵਾਪਰ ਰਿਹਾ ਹੈ।ਸਿਰਸਾ ਨੇ ਕਿਹਾ ਕਿ ਭਾਵੇਂ ਭਾਈਚਾਰੇ ਦੇ ਮੈਂਬਰਾਂ ਦੀ ਗਿਣਤੀ ਘੱਟ ਹੈ ਪਰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਿਕਾਸ ਤੇ ਆਰਥਿਕ ਤਰੱਕੀ ਦੀ ਪ੍ਰਕਿਰਿਆ ਵਿਚ ਇਹਨਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅਨੇਕਾਂ ਵਾਰ ਇਹ ਸਾਬਤ ਹੋਇਆ ਹੈ ਜਿਸ ਸਮਾਜ ਵਿਚ ਇਹ ਰਹਿੰਦੇ ਹਨ, ਉਸ ਵਾਸਤੇ ਇਹ ਗਹਿਣਾ ਹੁੰਦੇ ਹਨ। ਉਹਨਾਂ ਕਿਹਾ ਕਿ ਗੁਰ ਸਾਹਿਬਾਨ ਦੇ ਹੁਕਮਾਂ ਅਨੁਸਾਰ ਸਮਾਜ ਦੀ ਬੇਹਤਰੀ ਵਾਸਤੇ ਕੰਮ ਕਰਨਾ ਹਰ ਸਿੱਖ ਦਾ ਫਰਜ਼ ਹੈ।

ਸਿਰਸਾ ਨੇ ਕਿਹਾ ਕਿ ਧਾਰਮਿਕ ਚਿੰਨਾਂ ਯਾਨੀ ਪੰਜ ਕੱਕਾਰਾਂ ਤੋਂ ਇਲਾਵਾ ਸਿੱਖ ਪੁਰਸ਼ਾਂ ਲਈ ਦਸਤਾਰ ਸਜਾਉਣਾ ਲਾਜ਼ਮੀ ਹੈ ਜਦਕਿ ਗੁਰੂ ਸਾਹਿਬ ਨੇ ਟੋਪੀਆਂ ਜਾਂ  ਹੈਲਮੈਟ ਪਹਿਨਣ ’ਤੇ ਰੋਕ ਲਗਾਈ ਹੈ।ਕਮੇਟੀ ਦੇ ਜਨਰਲ ਸਕੱਤਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਚੇਤੇ ਕਰਵਾਇਆ ਕਿ ਸੰਸਥਾ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਹਰ ਕੋਈ ਜਨਮ ਤੋਂ ਮੁਕਤ ਹੈ ਤੇ ਉਸਨੂੰ ਮਾਣ ਸਤਿਕਾਰ ਅਤੇ ਅਧਿਕਾਰ ਦੀ ਬਰਾਬਰੀ ਹਾਸਲ ਹੈ। ਭਾਵੇਂ ਵਿਅਕਤੀ ਦੀ ਰਾਸ਼ਟਰੀਅਤਾ, ਰਹਿਣ ਦਾ ਸਥਾਨ, ਲਿੰਗ, ਦੇਸ਼ ਜਾਂ ਨਸਲੀ ਜਨਮ, ਪਾਸ਼ਾ ਜਾਂ ਕੋਈ ਵੀ ਰੁਤਬਾ ਹੋਵੇ, ਅੰਤਰ ਰਾਸ਼ਟਰੀ ਭਾਈਚਾਰੇ ਨੇ 10 ਦਸੰਬਰ 1948 ਨੂੰ ਇਹ ਸੰਕਲਪ ਲਿਆ ਸੀ ਕਿ ਉਹ ਸਾਰਿਆਂ ਲਈ ਮਾਣ ਸਤਿਕਾਰ ਤੇ ਨਿਆਂ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਇਸ ਅਨੁਸਾਰ ਸਿੱਖਾਂ ਨੂੰ ਵੀ ਆਪਣੀ ਮਰਜ਼ੀ ਅਨੁਸਾਰ ਜਿਉਣ ਤੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ।

ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਇਕ ਢੁਕਵਾਂ ਮਤਾ ਪਾਸ ਕਰਨ ਦੀ ਅਪੀਲ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਮਤੇ ਰਾਹੀਂ ਸਾਰੇ ਮੈਂਬਰ ਰਾਜਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਮੌਜੂਦਾ ਕਾਨੂੰਨਾਂ ਵਿਚ ਸੋਧ ਕਰ ਕੇ ਜਾਂ ਨਵੇਂ ਕਾਨੂੰਨ ਬਣਾ ਕੇ ਸਿੱਖਾਂ ਨੂੰ  ਆਪੋ ਆਪਣੇ ਮੁਲਕ ਵਿਚ ਪੰਜ ਕੱਕਾਰ ਤੇ ਦਸਤਾਰ ਧਾਰਨ ਕਰਨ ਦੀ ਖੁਲ ਦੇਣ। ਉਹਨਾਂ ਕਿਹਾ ਕਿ ਅਜਿਹਾ ਮਤਾ ਪਾਸ ਹੋਣ ਨਾਲ ਇਹ ਮਸਲਾ ਸਥਾਈ ਤੌਰ ’ਤੇ ਹੱਲ ਹੋਣ ਦਾ ਰਾਹ ਖੁਲ ਜਾਵੇਗਾ।ਸਿਰਸਾ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਸੰਯੁਕਤ ਰਾਸ਼ਟਰ  ਵਿਚ ਢੁਕਵੀਂ ਅਥਾਰਟੀ ਠੀਕ ਸਮੇ ਤਾਂ ਡੀ ਐਸ ਜੀ ਐਮ ਸੀ ਆਪਣੀ ਵਿਸਥਾਰਿਤ ਪੇਸ਼ਕਾਰੀ ਦੇਣ ਵਾਸਤੇ ਤਿਆਰ ਹੈ ਜਿਸ ਸਦਕਾ ਮੈਂਬਰ ਇਸ ਜਟਿਲ ਸਮੱਸਿਆ ਨੂੰ ਸਮਝ ਸਕਣਗੇ ਅਤੇ ਸਿੱਖ ਭਾਈਚਾਰੇ ਦੀ ਗੈਰ ਲੋੜੀਂਦੀ ਮੁਸ਼ਕਿਲ ਹੱਲ ਹੋ ਸਕੇਗੀ।ਉਹਨਾਂ ਕਿਹਾ ਕਿ ਉਹ ਇਹ ਮਤਾ ਪਾਸ ਕਰਵਾਉਣ ਲਈ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾਉਣਵਾ ਸਤੇ ਵੱਖ ਵੱਖ ਮੁਲਕਾਂ ਦੇ ਸਿੱਖ ਸੰਗਠਨਾਂ ਤੇ ਸਿੱਖ ਪ੍ਰਤੀਨਿਧਾਂ ਨਾਲ ਵੀ ਸੰਪਰਕ ਬਣਾਉਣਗੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>