ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਰਾਜ ਵਿੱਚ ਧਾਰਾ 35 A ਹਟਾਉਣ ਦੀ ਕੋਸਿ਼ਸ਼ ਕਰੇਗੀ ਤਾਂ ਬਗਾਵਤ ਤੇ ਉਤਰੀ ਜਨਤਾ ਸਰਕਾਰ ਤੋਂ ਸੰਭਾਲੀ ਨਹੀਂ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਝ ਸਾਲ ਪਹਿਲਾਂ ਅਮਰਨਾਥ ਯਾਤਰਾ ਨੂੰ ਜ਼ਮੀਨ ਦੇਣ ਦਾ ਵਿਰੋਧ ਕਿਸ ਤਰ੍ਹਾਂ ਹੋਇਆ ਸੀ। ਧਾਰਾ 35 A ਜਮੂੰ-ਕਸ਼ਮੀਰ ਦੇ ਲੋਕਾਂ ਨੂੰ ਇਸ ਰਾਜ ਦੇ ਪਰਮਾਨੈਂਟ ਰੈਜੀਡੈਂਟਸ ਹੋਣ ਦਾ ਦਰਜਾ ਦਿੰਦੀ ਹੈ। ਹਾਲ ਹੀ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਕੇਂਦਰ ਸਰਕਾਰ ਇਸ ਧਾਰਾ ਨੂੰ ਹਟਾਉਣ ਤੇ ਵਿਚਾਰ ਕਰ ਰਹੀ ਹੈ।
ਸਾਬਕਾ ਸੀਐਮ ਨੇ ਕਿਹਾ ਕਿ ਰਾਜ ਦੀ ਜਨਤਾ ਧਾਰਾ 35A ਨੂੰ ਹਟਾਉਣ ਦੇ ਕਿਸੇ ਵੀ ਫੈਂਸਲੇ ਦਾ ਵਿਰੋਧ ਕਰੇਗੀ। ਉਨ੍ਹਾਂ ਨੇ ਕਿਹਾ, ‘ਧਾਰਾ 35A ਨੂੰ ਹਟਾਉਣ ਦੇ ਲਈ ਬੀਜੇਪੀ ਅਤੇ ਆਰਐਸਐਸ ਸਾਜਿਸ਼ ਰਚ ਰਹੇ ਹਨ। ਉਹ ਰਾਜ ਦਾ ਆਟੋਨੋਮਸ ਸਟਰਕਚਰ ਸਮਾਪਤ ਕਰਨਾ ਚਾਹੁੰਦੇ ਹਨ। ਪਰ ਅਸੀਂ ਵੀ ਇੱਕਠੇ ਨਾਲ-ਨਾਲ ਖੜ੍ਹੇ ਹਾਂ। ਉਨ੍ਹਾਂ ਨੂੰ ਦੱਸ ਦੇਵਾਂਗੇ ਕਿ ਇਸ ਦੇ ਕੀ ਨਤੀਜੇ ਹੋ ਸਕਦੇ ਹਨ।’
ਫਾਰੂਕ ਨੇ ਇਹ ਵੀ ਕਿਹਾ, “ਅਗਰ ਇਸ ਧਾਰਾ ਨੂੰ ਹਟਾਉਣ ਦੀ ਕੋਸਿ਼ਸ਼ ਹੁੰਦੀ ਹੈ ਤਾਂ ਤੁਸੀਂ ਵੇਖੋਂਗੇ ਕਿ ਜਨਤਾ ਕੀ ਸਟੈਂਡ ਲਵੇਗੀ। ਅਮਰਨਾਥ ਯਾਤਰਾ ਨੂੰ ਜ਼ਮੀਨ ਦੇਣ ਦੇ ਵਿਵਾਦ ਨੂੰ ਯਾਦ ਕਰੋ। ਕੀ ਹੋਇਆ ਸੀ? ਇਸ ਧਾਰਾ 35A ਨੂੰ ਹਟਾਇਆ ਗਿਆ ਤਾਂ ਇਸ ਤੋਂ ਵੀ ਵੱਡੀ ਬਗਾਵਤ ਹੋਵੇਗੀ ਅਤੇ ਸਰਕਾਰ ਇਸ ਨੂੰ ਸੰਭਾਲ ਵੀ ਨਹੀਂ ਪਾਵੇਗੀ।”
ਉਨ੍ਹਾਂ ਅਨੁਸਾਰ “ਇਸ ਮਾਮਲੇ ਤੇ ਵਿਰੋਧੀ ਦਲ ਇੱਕਜੁੱਟ ਹਨ। ਅਸੀਂ ਸੱਭ ਇੱਕਠੇ ਬੈਠ ਕੇ ਚਰਚਾ ਕਰਾਂਗੇ ਕਿਉਂਕਿ ਇਸ ਦਾ ਪ੍ਰਭਾਵ ਪੂਰੇ ਰਾਜ ਦੇ ਇਲਾਵਾ ਲਦਾਖ ਤੇ ਵੀ ਪਵੇਗਾ। ਸਰਕਾਰ ਸਾਨੂੰ ਬੁਨਿਆਦੀ ਚੀਜ਼ਾਂ ਅਤੇ ਜਰੂਰਤਾਂ ਤੋਂ ਹੀ ਦੂਰ ਕਰਨ ਦੀ ਕੋਸਿ਼ਸ਼ ਕਰ ਰਹੀ ਹੈ।”
ਅਬਦੁੱਲਾ ਨੇ ਕਿਹਾ ਕਿ ਧਾਰਾ 35A ਦਾ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਅਜੇ ਤੱਕ ਇਸ ਦਾ ਫੈਂਸਲਾ ਨਹੀਂ ਆਇਆ। ਇਸ ਲਈ ਅਸੀਂ ਰਾਜ ਦੀ ਜਨਤਾ ਕੋਲ ਜਾਵਾਂਗੇ ਅਤੇ ਇਸ ਧਾਰਾ ਦੇ ਹਟਾਉਣ ਦੇ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਦੇਵਾਂਗੇ। ਇਹ ਕੰਮ ਅਸੀਂ ਜੀਐਸਟੀ ਦੇ ਮਾਮਲੇ ਵਿੱਚ ਵੀ ਕਰ ਚੁੱਕੇ ਹਾਂ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਕਾਨੂੰਨੀ ਤੌਰ ਤੇ ਅੱਗੇ ਲਿਜਾ ਰਹੇ ਹਾਂ। ਰਾਜ ਸਰਕਾਰ ਵੀ ਸੁਪਰੀਮ ਕੋਰਟ ਵਿੱਚ ਆਣਾ ਪੱਖ ਰੱਖ ਰਹੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਜੇ ਧਾਰਾ 35A ਨੂੰ ਹਟਾਇਆ ਤਾਂ ਉਹ ਅਸਤੀਫ਼ਾ ਦੇ ਦੇਵੇਗੀ। ਸਾਨੂੰ ਉਮੀਦ ਹੈ ਕਿ ਉਹ ਆਪਣੇ ਬਿਆਨ ਤੇ ਕਾਇਮ ਰਹੇਗੀ।